Bible 2 India Mobile
[VER] : [PUNJABI]     [PL]  [PB] 
 <<  Proverbs 21 >> 

1ਰਾਜੇ ਦਾ ਮਨ ਯਹੋਵਾਹ ਦੇ ਹੱਥ ਵਿੱਚ ਪਾਣੀ ਦੀਆਂ ਖਾਲਾਂ ਵਾਂਗੂੰ ਹੈ, ਉਹ ਜਿੱਧਰ ਚਾਹੁੰਦਾ ਹੈ ਉਹ ਨੂੰ ਮੋੜਦਾ ਹੈ ।

2ਮਨੁੱਖ ਦੀ ਸਾਰੀ ਚਾਲ ਉਹ ਦੀ ਆਪਣੀ ਨਿਗਾਹ ਵਿੱਚ ਸਿੱਧੀ ਜਾਪਦੀ ਹੈ, ਪਰ ਯਹੋਵਾਹ ਮਨ ਨੂੰ ਜਾਚਦਾ ਹੈ ।

3ਬਲੀਦਾਨ ਨਾਲੋਂ ਧਰਮ ਅਤੇ ਨਿਆਂ ਕਰਨਾ ਯਹੋਵਾਹ ਨੂੰ ਚੰਗਾ ਲਗਦਾ ਹੈ ।

4ਘਮੰਡੀ ਅੱਖਾਂ ਹੰਕਾਰੀ ਮਨ ਅਤੇ ਦੁਸ਼ਟਾਂ ਦਾ ਦੀਵਾ, ਪਾਪ ਹਨ ।

5ਮਿਹਨਤੀ ਦੀਆਂ ਯੋਜਨਾਵਾਂ ਕੇਵਲ ਲਾਭ ਦੀਆਂ ਹੁੰਦੀਆਂ ਹਨ, ਪਰ ਕਾਹਲੀ ਦਾ ਅੰਤ ਨਿਰੀ ਥੁੜ ਹੈ ।

6ਝੂਠ ਦੁਆਰਾ ਪ੍ਰਾਪਤ ਕੀਤਾ ਧਨ ਹਵਾ ਨਾਲ ਉੱਡ ਜਾਣ ਵਾਲੀ ਧੂੜ ਵਰਗਾ ਹੈ, ਉਹਨੂੰ ਲੱਭਣ ਵਾਲੇ ਮੌਤ ਨੂੰ ਲੱਭਦੇ ਹਨ ।

7ਦੁਸ਼ਟਾਂ ਦੀ ਹਿੰਸਾ ਉਹਨਾਂ ਨੂੰ ਹੂੰਝ ਲੈ ਜਾਵੇਗੀ, ਕਿਉਂ ਜੋ ਉਹ ਨਿਆਂ ਕਰਨ ਤੋਂ ਮੁੱਕਰਦੇ ਹਨ ।

8ਦੋਸ਼ੀ ਮਨੁੱਖ ਦਾ ਰਾਹ ਟੇਢਾ ਹੈ, ਪਰ ਸਚਿਆਰ ਦਾ ਕੰਮ ਸਿੱਧਾ ਹੁੰਦਾ ਹੈ ।

9ਝਗੜਾਲੂ ਪਤਨੀ ਦੇ ਨਾਲ ਖੁੱਲੇ ਡੁੱਲੇ ਘਰ ਵਿੱਚ ਵੱਸਣ ਨਾਲੋਂ, ਛੱਤ ਉੱਤੇ ਇੱਕ ਨੁੱਕਰ ਵਿੱਚ ਰਹਿਣਾ ਚੰਗਾ ਹੈ ।

10ਦੁਸ਼ਟ ਦਾ ਮਨ ਬੁਰਿਆਈ ਨੂੰ ਚਾਹੁੰਦਾ ਹੈ, ਉਹ ਦੀ ਨਿਗਾਹ ਵਿੱਚ ਆਪਣੇ ਗੁਆਂਢੀ ਲਈ ਕਿਰਪਾ ਨਹੀਂ ।

11ਜਦੋਂ ਠੱਠਾ ਕਰਨ ਵਾਲੇ ਨੂੰ ਸਜ਼ਾ ਦਿੱਤੀ ਜਾਂਦੀ ਹੈ ਤਾਂ ਭੋਲਾ ਬੁੱਧਵਾਨ ਹੋ ਜਾਂਦਾ ਹੈ ਅਤੇ ਜਦ ਬੁੱਧਵਾਨ ਨੂੰ ਉਪਦੇਸ਼ ਦਿੱਤਾ ਜਾਂਦਾ ਹੈ ਤਾਂ ਉਹ ਨੂੰ ਗਿਆਨ ਪ੍ਰਾਪਤ ਹੁੰਦਾ ਹੈ

12ਧਰਮੀ ਦੁਸ਼ਟ ਦੇ ਘਰ ਨੂੰ ਧਿਆਨ ਨਾਲ ਵੇਖਦਾ ਹੈ, ਅਤੇ ਦੁਸ਼ਟ ਤਾਂ ਵਿਨਾਸ਼ ਲਈ ਢਹਿ ਪੈਂਦੇ ਹਨ ।

13ਜਿਹੜਾ ਗਰੀਬ ਦੀ ਦੁਹਾਈ ਉੱਤੇ ਕੰਨ ਬੰਦ ਕਰ ਲਵੇ, ਉਹ ਆਪ ਵੀ ਪੁਕਾਰੇਗਾ ਪਰ ਉਹ ਨੂੰ ਉੱਤਰ ਨਾ ਮਿਲੇਗਾ ।

14ਗੁਪਤ ਵਿੱਚ ਦਿੱਤੀ ਹੋਈ ਭੇਟ ਨਾਲ ਕ੍ਰੋਧ, ਅਤੇ ਬੁੱਕਲ ਵਿੱਚ ਦਿੱਤੀ ਹੋਈ ਵੱਢੀ ਨਾਲ ਡਾਢਾ ਗੁੱਸਾ ਠੰਡਾ ਪੈ ਜਾਂਦਾ ਹੈ ।

15ਨਿਆਂ ਕਰਨਾ ਧਰਮੀ ਲਈ ਖੁਸ਼ੀ ਹੈ, ਪਰ ਕੁਕਰਮੀ ਲਈ ਘਬਰਾਹਟ ਹੈ ।

16ਜਿਹੜਾ ਆਦਮੀ ਸਮਝ ਦੇ ਰਾਹ ਤੋਂ ਭਟਕਦਾ ਹੈ, ਉਹ ਦਾ ਟਿਕਾਣਾ ਭੂਤਨਿਆਂ ਵਿੱਚ ਹੋਵੇਗਾ ।

17ਜਿਹੜਾ ਰਾਗ ਰੰਗ ਨੂੰ ਪਿਆਰ ਕਰਦਾ ਹੈ ਉਹ ਨੂੰ ਥੁੜ ਰਹੇਗੀ, ਜਿਹੜਾ ਮੈਅ ਅਤੇ ਤੇਲ ਨੂੰ ਪਿਆਰ ਕਰਦਾ ਹੈ ਉਹ ਧਨੀ ਨਹੀਂ ਹੋਵੇਗਾ ।

18ਦੁਸ਼ਟ ਧਰਮੀ ਦੀ ਰਿਹਾਈ ਦੇ ਲਈ ਹੁੰਦਾ ਹੈ, ਅਤੇ ਧੋਖੇਬਾਜ਼ ਸਿੱਧੇ ਲੋਕਾਂ ਦੇ ਥਾਂ ਸਜ਼ਾ ਪਾਉਂਦੇ ਹਨ ।

19ਝਗੜਾਲੂ ਅਤੇ ਚਿੜਨ ਪਤਨੀ ਦੇ ਕੋਲ ਰਹਿਣ ਨਾਲੋਂ ਉਜਾੜ ਦੇਸ ਵਿੱਚ ਵੱਸਣਾ ਚੰਗਾ ਹੈ ।

20ਬੁੱਧਵਾਨ ਦੇ ਘਰ ਵਿੱਚ ਕੀਮਤੀ ਖ਼ਜ਼ਾਨਾ ਅਤੇ ਤੇਲ ਹੁੰਦਾ ਹੈ, ਪਰ ਮੂਰਖ ਆਦਮੀ ਉਹ ਨੂੰ ਉਡਾ ਦਿੰਦਾ ਹੈ ।

21ਜਿਹੜਾ ਧਰਮ ਅਤੇ ਦਯਾ ਦਾ ਪਿੱਛਾ ਕਰਦਾ ਹੈ, ਉਹ ਜੀਉਣ, ਧਰਮ ਅਤੇ ਆਦਰ ਪਾਉਂਦਾ ਹੈ ।

22ਬੁੱਧਵਾਨ ਮਨੁੱਖ ਬਲਵਾਨਾਂ ਦੇ ਨਗਰ ਉੱਤੇ ਚੜਾਈ ਕਰਦਾ ਹੈ, ਅਤੇ ਉਹ ਦੇ ਭਰੋਸੇ ਦੇ ਬਲ ਨੂੰ ਨਸ਼ਟ ਕਰ ਦਿੰਦਾ ਹੈ ।

23ਜਿਹੜਾ ਆਪਣੇ ਮੂੰਹ ਅਤੇ ਆਪਣੀ ਜੀਭ ਦੀ ਰਾਖੀ ਕਰਦਾ ਹੈ, ਉਹ ਆਪਣੀ ਜਾਨ ਦੀ ਬਿਪਤਾ ਤੋਂ ਰਾਖੀ ਕਰਦਾ ਹੈ ।

24ਜੋ ਡਾਢੇ ਹੰਕਾਰ ਨਾਲ ਕੰਮ ਕਰਦਾ ਹੈ, ਉਸ ਦਾ ਨਾਮ ਹੰਕਾਰੀ, ਅਭਮਾਨੀ ਅਤੇ ਠੱਠਾ ਕਰਨ ਵਾਲਾ ਰੱਖਿਆ ਜਾਂਦਾ ਹੈ ।

25ਆਲਸੀ ਦੀ ਇੱਛਿਆ ਉਹ ਨੂੰ ਮਾਰ ਸੁੱਟਦੀ ਹੈ, ਉਹ ਦੇ ਹੱਥ ਕੰਮ ਕਰਨ ਤੋਂ ਨਾਂਹ ਜੋ ਕਰਦੇ ਹਨ ।

26ਕੋਈ ਹੈ ਜੋ ਦਿਨ ਭਰ ਲੋਭ ਹੀ ਕਰਦਾ ਰਹਿੰਦਾ ਹੈ, ਪਰ ਧਰਮੀ ਦਿੰਦਾ ਅਤੇ ਰੁਕਦਾ ਨਹੀਂ ।

27ਦੁਸ਼ਟ ਦਾ ਬਲੀਦਾਨ ਘਿਣਾਉਣਾ ਹੈ, ਕਿੰਨਾ ਵਧੀਕ ਜਦ ਉਹ ਬੁਰੀ ਨੀਤ ਨਾਲ ਉਹ ਨੂੰ ਲਿਆਉਂਦਾ ਹੈ ।

28ਝੂਠੇ ਗਵਾਹ ਦਾ ਨਾਸ਼ ਹੁੰਦਾ ਹੈ, ਜਿਸ ਨੇ ਜੋ ਸੁਣਿਆ ਓਹੀ ਕਹਿਣ ਨਾਲ ਸਥਿਰ ਰਹੇਗਾ ।

29ਦੁਸ਼ਟ ਮਨੁੱਖ ਆਪਣਾ ਮੁੱਖ ਕਰੜਾ ਬਣਾਉਂਦਾ ਹੈ, ਪਰ ਸਚਿਆਰ ਆਪਣੇ ਚਾਲ ਚੱਲਣ ਬਾਰੇ ਸੋਚ ਵਿਚਾਰ ਕਰਦਾ ਹੈ ।

30ਕੋਈ ਬੁੱਧ, ਕੋਈ ਮੱਤ, ਕੋਈ ਸਲਾਹ ਨਹੀਂ, ਜੋ ਯਹੋਵਾਹ ਦੇ ਵਿਰੁੱਧ ਚੱਲੇ ।

31ਜੁੱਧ ਦੇ ਦਿਨ ਲਈ ਘੋੜਾ ਤਿਆਰ ਕਰੀਦਾ ਹੈ, ਪਰ ਜਿੱਤ ਯਹੋਵਾਹ ਦੀ ਵੱਲੋ ਹੁੰਦੀ ਹੈ ।


  Share Facebook  |  Share Twitter

 <<  Proverbs 21 >> 


Bible2india.com
© 2010-2025
Help
Dual Panel

Laporan Masalah/Saran