1ਨਰਮ ਉੱਤਰ ਗੁੱਸੇ ਨੂੰ ਠੰਡਾ ਕਰ ਦਿੰਦਾ ਹੈ, ਪਰ ਕਠੋਰ ਬਚਨ ਕ੍ਰੋਧ ਨੂੰ ਭੜਕਾਉਂਦਾ ਹੈ ।
2ਬੁੱਧਵਾਨ ਦੀ ਜੀਭ ਗਿਆਨ ਦਾ ਸਹੀ ਇਸਤੇਮਾਲ ਕਰਦੀ ਹੈ, ਪਰ ਮੂਰਖਾਂ ਦੇ ਮੂੰਹੋ ਬੱਸ ਮੂਰਖਤਾਈ ਨਿੱਕਲਦੀ ਹੈ ।
3ਯਹੋਵਾਹ ਦੀਆਂ ਅੱਖਾਂ ਸਾਰੇ ਸਥਾਨਾਂ ਉੱਤੇ ਲੱਗੀਆਂ ਰਹਿੰਦੀਆਂ ਹਨ, ਅਤੇ ਬੁਰੇ ਭਲੇ ਦੋਹਾਂ ਨੂੰ ਤੱਕਦੀਆਂ ਹਨ ।
4ਸ਼ਾਂਤੀ ਦੇਣ ਵਾਲੀ ਗੱਲਬਾਤ ਜੀਵਨ ਦਾ ਰੁੱਖ ਹੈ, ਪਰ ਪੁੱਠੀਆਂ ਗੱਲਾਂ ਆਤਮਾ ਨੂੰ ਤੋੜਦੀਆਂ ਹਨ ।
5ਮੂਰਖ ਆਪਣੇ ਪਿਉ ਦੀ ਸਿੱਖਿਆ ਨੂੰ ਤੁੱਛ ਜਾਣਦਾ ਹੈ, ਪਰ ਜਿਹੜਾ ਤਾੜਨਾ ਨੂੰ ਮੰਨਦਾ ਹੈ ਉਹ ਸਿਆਣਾ ਹੈ ।
6ਧਰਮੀ ਦੇ ਘਰ ਵਿੱਚ ਵੱਡਾ ਧਨ ਹੈ, ਪਰ ਦੁਸ਼ਟ ਦੀ ਕਮਾਈ ਨਾਲ ਕਸ਼ਟ ਹੁੰਦਾ ਹੈ ।
7ਬੁੱਧਵਾਨ ਲੋਕ ਗਿਆਨ ਨੂੰ ਫੈਲਾਉਂਦੇ ਹਨ, ਪਰ ਮੂਰਖਾਂ ਦਾ ਮਨ ਇਸ ਤਰ੍ਹਾਂ ਨਹੀਂ ਕਰਦਾ ।
8ਦੁਸ਼ਟ ਦੀ ਭੇਂਟ ਤੋਂ ਯਹੋਵਾਹ ਘਿਣ ਕਰਦਾ ਹੈ, ਪਰ ਸਚਿਆਰਾਂ ਦੀ ਪ੍ਰਾਰਥਨਾ ਤੋਂ ਉਹ ਅਨੰਦ ਹੁੰਦਾ ਹੈ ।
9ਦੁਸ਼ਟ ਦੀ ਚਾਲ ਤੋਂ ਯਹੋਵਾਹ ਘਿਣ ਕਰਦਾ ਹੈ, ਪਰ ਧਰਮ ਦਾ ਪਿੱਛਾ ਕਰਨ ਵਾਲੇ ਨਾਲ ਉਹ ਪ੍ਰੇਮ ਰੱਖਦਾ ਹੈ ।
10ਜਿਹੜਾ ਰਾਹ ਨੂੰ ਤਿਆਗ ਦਿੰਦਾ ਹੈ ਉਹ ਨੂੰ ਸਖ਼ਤ ਤਾੜਨਾ ਮਿਲਦੀ ਹੈ, ਅਤੇ ਝਿੜਕ ਨੂੰ ਬੁਰਾ ਜਾਣਨ ਵਾਲਾ ਮਰੇਗਾ ।
11ਪਤਾਲ ਅਤੇ ਵਿਨਾਸ਼ ਲੋਕ ਵੀ ਯਹੋਵਾਹ ਦੇ ਅੱਗੇ ਖੁੱਲ੍ਹੇ ਪਏ ਹਨ, ਤਾਂ ਭਲਾ, ਆਦਮ ਵੰਸ਼ੀਆਂ ਦੇ ਮਨ ਕਿਵੇਂ ਖੁੱਲ੍ਹੇ ਨਾ ਹੋਣਗੇ ?
12ਠੱਠਾ ਕਰਨ ਵਾਲਾ ਤਾੜਨਾ ਨੂੰ ਪਸੰਦ ਨਹੀਂ ਕਰਦਾ, ਤੇ ਨਾ ਉਹ ਬੁੱਧਵਾਨਾਂ ਦੇ ਕੋਲ ਜਾਂਦਾ ਹੈ ।
13ਮਨ ਅਨੰਦ ਹੋਵੇ ਤਾਂ ਮੁਖ ਉੱਤੇ ਵੀ ਖੁਸ਼ੀ ਹੁੰਦੀ ਹੈ, ਪਰ ਮਨ ਦੇ ਸੋਗ ਨਾਲ ਆਤਮਾ ਨਿਰਾਸ਼ ਹੁੰਦਾ ਹੈ ।
14ਸਮਝ ਵਾਲੇ ਦਾ ਮਨ ਗਿਆਨ ਦੀ ਖੋਜ ਕਰਦਾ ਹੈ, ਪਰ ਮੂਰਖ ਲੋਕ ਮੂਰਖਤਾ ਦੇ ਨਾਲ ਪੇਟ ਭਰਦੇ ਹਨ ।
15ਦੁੱਖੀ ਦੇ ਸਾਰੇ ਦਿਨ ਬੁਰੇ ਹੁੰਦੇ ਹਨ, ਪਰ ਚੰਗੇ ਮਨ ਵਾਲਾ ਸਦਾ ਦਾਵਤਾਂ ਤੇ ਜਾਣ ਵਾਲੇ ਵਰਗਾ ਹੁੰਦਾ ਹੈ ।
16ਉਹ ਥੋੜਾ ਜਿਹਾ ਜੋ ਯਹੋਵਾਹ ਦੇ ਭੈ ਨਾਲ ਹੋਵੇ, ਉਸ ਵੱਡੇ ਖਜ਼ਾਨੇ ਨਾਲੋਂ ਚੰਗਾ ਹੈ ਜਿਹ ਦੇ ਨਾਲ ਘਬਰਾਹਟ ਹੋਵੇ ।
17ਸਾਗ ਪਤ ਦਾ ਖਾਣਾ ਜਿੱਥੇ ਪ੍ਰੇਮ ਹੈ, ਪਲੇ ਹੋਏ ਬਲਦ ਨਾਲੋਂ ਜਿੱਥੇ ਵੈਰ ਹੈ, ਚੰਗਾ ਹੈ ।
18ਕ੍ਰੋਧੀ ਛੇੜਖਾਨੀ ਕਰਦਾ ਹੈ, ਪਰ ਜਿਹੜਾ ਗੁੱਸੇ ਵਿੱਚ ਧੀਮਾ ਹੈ ਉਹ ਝਗੜੇ ਨੂੰ ਮਿਟਾਉਂਦਾ ਹੈ ।
19ਆਲਸੀ ਦਾ ਰਾਹ ਕੰਡਿਆਂ ਦੀ ਬਾੜ ਜਿਹਾ ਹੈ, ਪਰ ਸਚਿਆਰਾਂ ਦਾ ਮਾਰਗ ਰਾਜ ਮਾਰਗ ਹੈ ।
20ਬੁੱਧਵਾਨ ਪੁੱਤਰ ਆਪਣੇ ਪਿਉ ਨੂੰ ਅਨੰਦ ਰੱਖਦਾ ਹੈ, ਪਰ ਮੂਰਖ ਆਦਮੀ ਆਪਣੀ ਮਾਂ ਨੂੰ ਨੀਚ ਸਮਝਦਾ ਹੈ ।
21ਨਿਰਬੁੱਧ ਮੂਰਖਤਾਈ ਤੋਂ ਅਨੰਦ ਹੁੰਦਾ ਹੈ, ਅਤੇ ਸਮਝ ਵਾਲਾ ਪੁਰਸ਼ ਸਿੱਧੀ ਚਾਲ ਚੱਲਦਾ ਹੈ ।
22ਜੇ ਸਲਾਹ ਨਾ ਮਿਲੇ ਤਾਂ ਮਕਸਦ ਰੁਕ ਜਾਂਦੇ ਹਨ, ਪਰ ਜੇ ਸਲਾਹ ਦੇਣ ਵਾਲੇ ਬਹੁਤੇ ਹੋਣ ਤਾਂ ਉਹ ਕਾਇਮ ਹੋ ਜਾਂਦੇ ਹਨ ।
23ਮਨੁੱਖ ਆਪਣੇ ਮੂੰਹ ਦੇ ਉੱਤਰ ਤੋਂ ਪਰਸੰਨ ਹੁੰਦਾ ਹੈ, ਅਤੇ ਜਿਹੜਾ ਬਚਨ ਵੇਲੇ ਸਿਰ ਕਹੀਦਾ ਹੈ ਉਹ ਕਿਹਾ ਚੰਗਾ ਲੱਗਦਾ ਹੈ ।
24ਸਿਆਣੇ ਦੇ ਲਈ ਜੀਵਨ ਦਾ ਰਾਹ ਉਤਾਹਾਂ ਹੋ ਜਾਂਦਾ ਹੈ, ਤਾਂ ਜੋ ਉਹ ਪਤਾਲ ਦੇ ਹੇਠੋਂ ਪਰੇ ਰਹੇ ।
25ਹੰਕਾਰੀਆਂ ਦੇ ਘਰ ਨੂੰ ਯਹੋਵਾਹ ਢਾਹ ਦਿੰਦਾ ਹੈ, ਪਰ ਵਿਧਵਾ ਦੇ ਬੰਨਿਆ ਨੂੰ ਕਾਇਮ ਕਰਦਾ ਹੈ ।
26ਬੁਰਿਆਰ ਦੇ ਖ਼ਿਆਲ ਯਹੋਵਾਹ ਨੂੰ ਘਿਣਾਉਣੇ ਲੱਗਦੇ ਹਨ, ਪਰ ਸ਼ੁਭ ਬਚਨ ਸੁੱਧ ਹਨ ।
27ਨਫ਼ੇ ਦਾ ਲੋਭੀ ਆਪਣੇ ਹੀ ਟੱਬਰ ਨੂੰ ਦੁੱਖ ਦਿੰਦਾ ਹੈ, ਪਰ ਜਿਹੜਾ ਵੱਢੀ ਤੋਂ ਘਿਣ ਕਰਦਾ ਹੈ ਉਹ ਜੀਉਂਦਾ ਰਹੇਗਾ ।
28ਧਰਮੀ ਦਾ ਮਨ ਸੋਚ ਕੇ ਉੱਤਰ ਦਿੰਦਾ ਹੈ, ਪਰ ਦੁਸ਼ਟ ਦੇ ਮੂੰਹੋ ਬੁਰੀਆਂ ਗੱਲਾਂ ਨਿੱਕਲਦੀਆਂ ਹਨ ।
29ਦੁਸ਼ਟਾਂ ਕੋਲੋਂ ਯਹੋਵਾਹ ਦੂਰ ਹੈ, ਪਰ ਉਹ ਧਰਮੀਆਂ ਦੀ ਪ੍ਰਾਰਥਨਾਂ ਸੁਣਦਾ ਹੈ ।
30ਅੱਖਾਂ ਦਾ ਚਾਨਣ ਦਿਲ ਨੂੰ ਖੁਸ਼ ਕਰਦਾ ਹੈ, ਅਤੇ ਚੰਗੀ ਖਬਰ ਹੱਡੀਆਂ ਨੂੰ ਪੁਸ਼ਟ ਕਰਦੀ ਹੈ ।
31ਜਿਹੜਾ ਜੀਵਨ ਦੇਣ ਵਾਲੀ ਤਾੜਨਾ ਨੂੰ ਕੰਨ ਲਾ ਕੇ ਸੁਣਦਾ ਹੈ, ਉਹ ਬੁੱਧਵਾਨਾਂ ਦੇ ਵਿਚਕਾਰ ਵੱਸੇਗਾ ।
32ਸਿੱਖਿਆ ਨੂੰ ਅਣਸੁਣਿਆ ਕਰਨ ਵਾਲਾ ਆਪਣੀ ਹੀ ਜਾਨ ਨੂੰ ਤੁੱਛ ਜਾਣਦਾ ਹੈ, ਪਰ ਜੋ ਤਾੜਨਾ ਵੱਲ ਕੰਨ ਲਾਉਂਦਾ ਹੈ ਉਹ ਸਮਝ ਪ੍ਰਾਪਤ ਕਰਦਾ ਹੈ ।
33ਯਹੋਵਾਹ ਦਾ ਭੈ ਮੰਨਣ ਨਾਲ ਸਿੱਖਿਆ ਪ੍ਰਾਪਤ ਹੁੰਦੀ ਹੈ, ਅਤੇ ਮਹਿਮਾ ਤੋਂ ਪਹਿਲਾਂ ਨਮਰਤਾ ਆਉਂਦੀ ਹੈ ।