1ਬੁੱਧਵਾਨ ਇਸਤਰੀ ਤਾਂ ਆਪਣਾ ਘਰ ਬਣਾਉਂਦੀ ਹੈ, ਪਰ ਮੂਰਖ ਆਪਣੇ ਹੱਥੀਂ ਹੀ ਉਹ ਨੂੰ ਢਾਹ ਦਿੰਦੀ ਹੈ ।
2ਜਿਹੜਾ ਸਿੱਧੀ ਚਾਲ ਚੱਲਦਾ ਹੈ ਉਹ ਯਹੋਵਾਹ ਦਾ ਭੈ ਮੰਨਦਾ ਹੈ, ਪਰ ਜਿਹੜਾ ਟੇਢੀ ਚਾਲ ਚੱਲਦਾ ਹੈ, ਉਹ ਉਸ ਨੂੰ ਤੁੱਛ ਜਾਣਦਾ ਹੈ ।
3ਮੂਰਖ ਦੇ ਮੂੰਹ ਵਿੱਚ ਹੰਕਾਰ ਦੀ ਲਾਠੀ ਹੈ, ਪਰ ਬੁੱਧਵਾਨਾਂ ਦੇ ਬੋਲ ਉਹਨਾਂ ਦੀ ਰੱਖਿਆ ਕਰਦੇ ਹਨ ।
4ਜਿੱਥੇ ਬਲਦ ਨਹੀਂ ਉੱਥੇ ਖੁਰਲੀ ਸੁਥਰੀ ਰਹਿੰਦੀ ਹੈ, ਪਰ ਬਲਦ ਦੇ ਜ਼ੋਰ ਨਾਲ ਬਹੁਤਾ ਅਨਾਜ ਪੈਦਾ ਹੁੰਦਾ ਹੈ ।
5ਭਰੋਸੇਮੰਦ ਗਵਾਹ ਝੂਠ ਨਹੀਂ ਬੋਲਦਾ, ਪਰ ਝੂਠਾ ਗਵਾਹ ਝੂਠ ਹੀ ਮਾਰਦਾ ਹੈ ।
6ਠੱਠਾ ਕਰਨ ਵਾਲਾ ਬੁੱਧ ਨੂੰ ਭਾਲਦਾ ਹੈ ਪਰ ਉਹ ਉਸ ਨੂੰ ਨਹੀਂ ਲੱਭਦੀ, ਪਰੰਤੂ ਸਮਝ ਵਾਲੇ ਨੂੰ ਗਿਆਨ ਸਹਿਜ ਨਾਲ ਹੀ ਮਿਲ ਜਾਂਦਾ ਹੈ ।
7ਮੂਰਖ ਤੋਂ ਦੂਰ ਹੋ ਜਾ, ਕਿਉਂ ਜੋ ਤੂੰ ਉਹ ਦੇ ਬੁੱਲ੍ਹਾਂ ਤੋਂ ਗਿਆਨ ਨਾ ਪਾਏਂਗਾ ।
8ਸਿਆਣੇ ਦੀ ਬੁੱਧ ਆਪਣੇ ਰਾਹ ਨੂੰ ਸਮਝਣਾ ਹੈ, ਪਰ ਮੂਰਖ ਦੀ ਮੂਰਖਤਾਈ ਛਲ ਹੀ ਹੈ ।
9ਮੂਰਖ ਪਾਪ ਕਰ ਕੇ ਹੱਸਦੇ ਹਨ, ਪਰ ਸਚਿਆਰਾਂ ਦੇ ਵਿਚਕਾਰ ਰਜ਼ਾਮੰਦੀ ਹੁੰਦੀ ਹੈ ।
10ਮਨ ਆਪ ਹੀ ਆਪਣੀ ਕੁੜੱਤਣ ਜਾਣਦਾ ਹੈ, ਉਹ ਦੀ ਖੁਸ਼ੀ ਵਿੱਚ ਕੋਈ ਪਰਾਇਆ ਲੱਤ ਅੜਾ ਨਹੀਂ ਸਕਦਾ ।
11ਦੁਸ਼ਟਾਂ ਦਾ ਘਰ ਉੱਜੜ ਜਾਵੇਗਾ, ਪਰ ਸਚਿਆਰਾਂ ਦਾ ਤੰਬੂ ਅਬਾਦ ਰਹੇਗਾ ।
12ਅਜਿਹਾ ਵੀ ਰਾਹ ਹੈ ਜੋ ਮਨੁੱਖ ਨੂੰ ਸਿੱਧਾ ਜਾਪਦਾ ਹੈ, ਪਰ ਉਹ ਦੇ ਅੰਤ ਵਿੱਚ ਮੌਤ ਮਿਲਦੀ ਹੈ ।
13ਹਾਸੇ ਵਿੱਚ ਵੀ ਦਿਲ ਉਦਾਸ ਰਹਿੰਦਾ ਹੈ, ਅਤੇ ਅਨੰਦ ਦੇ ਅੰਤ ਵਿੱਚ ਦੁੱਖ ਹੁੰਦਾ ਹੈ ।
14ਜਿਸਦਾ ਮਨ ਪਰਮੇਸ਼ੁਰ ਵੱਲੋਂ ਮੁੜ ਜਾਂਦਾ ਹੈ, ਉਹ ਆਪਣੀ ਚਾਲ ਦਾ ਫਲ ਭੋਗਦਾ ਹੈ, ਪਰ ਭਲਾ ਮਨੁੱਖ ਆਪਣੇ ਆਪ ਵਿੱਚ ਤ੍ਰਿਪਤ ਰਹਿੰਦਾ ਹੈ ।
15ਭੋਲਾ ਹਰੇਕ ਗੱਲ ਨੂੰ ਸੱਚ ਮੰਨਦਾ ਹੈ, ਪਰ ਸਿਆਣਾ ਸੋਚ ਸਮਝ ਕੇ ਚੱਲਦਾ ਹੈ ।
16ਬੁੱਧਵਾਨ ਤਾਂ ਡਰ ਕੇ ਬੁਰਿਆਈ ਤੋਂ ਦੂਰ ਰਹਿੰਦਾ ਹੈ, ਪਰ ਮੂਰਖ ਢੀਠ ਹੋ ਕੇ ਨਿਡਰ ਰਹਿੰਦਾ ਹੈ ।
17ਜਿਹੜਾ ਛੇਤੀ ਗੁੱਸੇ ਹੋ ਜਾਂਦਾ ਹੈ ਉਹ ਮੂਰਖਤਾਈ ਕਰਦਾ ਹੈ, ਅਤੇ ਬੁਰੇ ਮਤੇ ਪਕਾਉਣ ਵਾਲੇ ਨਾਲ ਵੈਰ ਕੀਤਾ ਜਾਂਦਾ ਹੈ ।
18ਭੋਲਿਆਂ ਲੋਕਾਂ ਦੇ ਹਿੱਸੇ ਵਿੱਚ ਤਾਂ ਮੂਰਖਤਾਈ ਆਉਂਦੀ ਹੈ, ਪਰ ਸਿਆਣਿਆਂ ਦੇ ਸਿਰ ਉੱਤੇ ਗਿਆਨ ਦਾ ਮੁਕਟ ਰੱਖਿਆ ਜਾਂਦਾ ਹੈ ।
19ਬੁਰੇ ਲੋਕ ਭਲਿਆਂ ਦੇ ਅੱਗੇ ਅਤੇ ਦੁਸ਼ਟ ਧਰਮੀਆਂ ਦੇ ਫਾਟਕਾਂ ਦੇ ਅੱਗੇ ਝੁਕਦੇ ਹਨ ।
20ਕੰਗਾਲ ਦਾ ਗੁਆਂਢੀ ਵੀ ਉਸ ਤੋਂ ਘਿਰਣਾ ਕਰਦਾ ਹੈ, ਪਰ ਧਨਵਾਨ ਦੇ ਬਹੁਤ ਸਾਰੇ ਪ੍ਰੇਮੀ ਹੁੰਦੇ ਹਨ ।
21ਜਿਹੜਾ ਆਪਣੇ ਗੁਆਂਢੀ ਨੂੰ ਤੁੱਛ ਜਾਣਦਾ ਹੈ ਉਹ ਪਾਪ ਕਰਦਾ ਹੈ, ਅਤੇ ਜੋ ਕੰਗਾਲਾਂ ਉੱਤੇ ਤਰਸ ਖਾਂਦਾ ਹੈ ਉਹ ਧੰਨ ਹੈ ।
22ਜਿਹੜੇ ਬੁਰੀਆਂ ਜੁਗਤਾਂ ਕੱਢਦੇ ਹਨ ਭਲਾ, ਉਹ ਭੁੱਲ ਨਹੀਂ ਕਰਦੇ ? ਪਰ ਜਿਹੜੇ ਭਲੀਆਂ ਜੁਗਤਾਂ ਕਰਦੇ ਹਨ ਉਨ੍ਹਾਂ ਨਾਲ ਦਯਾ ਅਤੇ ਸਚਿਆਈ ਹੁੰਦੀ ਹੈ ।
23ਮਿਹਨਤ ਨਾਲ ਸਦਾ ਲਾਭ ਹੁੰਦਾ ਹੈ, ਪਰ ਬੁੱਲ੍ਹਾਂ ਦੀ ਬਕਵਾਸ ਨਾਲ ਥੁੜ ਹੀ ਰਹਿੰਦੀ ਹੈ ।
24ਬੁੱਧਵਾਨਾਂ ਦਾ ਧਨ ਉਨ੍ਹਾਂ ਦਾ ਮੁਕਟ ਹੈ, ਪਰ ਮੂਰਖਾਂ ਦੀ ਮੂਰਖਤਾ ਨਿਰੀ ਮੂਰਖਤਾ ਹੀ ਹੈ ।
25ਸੱਚਾ ਗਵਾਹ ਤਾਂ ਪ੍ਰਾਣਾਂ ਨੂੰ ਬਚਾ ਲੈਂਦਾ ਹੈ, ਪਰ ਧੋਖੇਬਾਜ਼ ਗਵਾਹ ਝੂਠ ਹੀ ਝੂਠ ਮਾਰਦਾ ਹੈ ।
26ਯਹੋਵਾਹ ਦੇ ਭੈ ਮੰਨਣ ਵਿੱਚ ਪੱਕਾ ਭਰੋਸਾ ਹੈ, ਅਤੇ ਉਹ ਦੇ ਪੁੱਤਰਾਂ ਲਈ ਵੀ ਪਨਾਹ ਦਾ ਸਥਾਨ ਹੈ ।
27ਯਹੋਵਾਹ ਦਾ ਭੈ ਜੀਵਨ ਦਾ ਸੋਤਾ ਹੈ, ਜੋ ਮੌਤ ਦੀ ਫਾਹੀ ਤੋਂ ਪਰੇ ਰੱਖਦਾ ਹੈ ।
28ਪਰਜਾ ਦੇ ਵਾਧੇ ਨਾਲ ਰਾਜੇ ਦੀ ਸ਼ਾਨ ਹੁੰਦੀ ਹੈ, ਪਰ ਪਰਜਾ ਦੇ ਘੱਟਣ ਨਾਲ ਹਾਕਮ ਦੀ ਤਬਾਹੀ ਹੁੰਦੀ ਹੈ ।
29ਜਿਹੜਾ ਛੇਤੀ ਕ੍ਰੋਧ ਨਹੀਂ ਕਰਦਾ ਉਹ ਵੱਡਾ ਸਮਝ ਵਾਲਾ ਹੈ, ਪਰ ਜਿਹੜਾ ਛੇਤੀ ਕ੍ਰੋਧ ਕਰਦਾ ਹੈ ਉਹ ਮੂਰਖਤਾਈ ਨੂੰ ਉੱਚਾ ਕਰਦਾ ਹੈ ।
30ਸ਼ਾਂਤ ਮਨ ਸਰੀਰ ਦਾ ਜੀਵਨ ਹੈ, ਪਰ ਈਰਖਾ ਹੱਡੀਆਂ ਨੂੰ ਸਾੜ ਦਿੰਦੀ ਹੈ ।
31ਜਿਹੜਾ ਗਰੀਬ ਉੱਤੇ ਹਨੇਰ ਕਰਦਾ ਹੈ, ਉਹ ਆਪਣੇ ਸਿਰਜਣਹਾਰ ਦੀ ਨਿੰਦਿਆ ਕਰਦਾ ਹੈ, ਪਰ ਜਿਹੜਾ ਕੰਗਾਲ ਉੱਤੇ ਦਯਾ ਕਰਦਾ ਹੈ ਉਹ ਉਸ ਦੀ ਮਹਿਮਾ ਕਰਦਾ ਹੈ ।
32ਦੁਸ਼ਟ ਤਾਂ ਬੁਰਿਆਈ ਕਰਦਾ-ਕਰਦਾ ਨਾਸ਼ ਹੋ ਜਾਂਦਾ ਹੈ, ਪਰ ਧਰਮੀ ਆਪਣੀ ਮੌਤ ਵਿੱਚ ਵੀ ਪਨਾਹ ਪਾਉਂਦਾ ਹੈ ।
33ਸਮਝ ਵਾਲੇ ਦੇ ਮਨ ਵਿੱਚ ਬੁੱਧ ਵਾਸ ਕਰਦੀ ਹੈ, ਪਰ ਮੂਰਖ ਦੇ ਅੰਦਰ ਜੋ ਕੁਝ ਹੈ ਉਹ ਪ੍ਰਗਟ ਹੋ ਜਾਂਦਾ ਹੈ ।
34ਧਾਰਮਿਕਤਾ ਕੌਮ ਦੀ ਤਰੱਕੀ ਕਰਦੀ ਹੈ, ਪਰ ਪਾਪ ਉੱਮਤਾਂ ਲਈ ਨਿਰਾਦਰ ਦਾ ਕਾਰਨ ਹੁੰਦਾ ਹੈ ।
35ਬੁੱਧਵਾਨ ਨੌਕਰ ਤੋਂ ਰਾਜਾ ਪ੍ਰਸੰਨ ਹੁੰਦਾ ਹੈ, ਪਰ ਲੱਜਿਆਵਾਨ ਕਰਨ ਵਾਲੇ ਉੱਤੇ ਉਹ ਕਰੋਪੀ ਹੁੰਦਾ ਹੈ ।