Bible 2 India Mobile
[VER] : [PUNJABI]     [PL]  [PB] 
 <<  Proverbs 1 >> 

1ਦਾਊਦ ਦੇ ਪੁੱਤਰ ਇਸਰਾਏਲ ਦੇ ਰਾਜੇ ਸੁਲੇਮਾਨ ਦੀਆਂ ਕਹਾਉਤਾਂ,

2ਬੁੱਧ ਅਤੇ ਸਿੱਖਿਆ ਜਾਣਨ ਲਈ ਅਤੇ ਸਮਝ ਦੀਆਂ ਗੱਲਾਂ ਬੁੱਝਣ ਲਈ,

3ਚਤਰਾਈ ਦੀ ਸਿੱਖਿਆ ਪ੍ਰਾਪਤ ਕਰਨ ਲਈ, ਨਾਲੇ ਧਰਮ, ਨਿਆਂ ਅਤੇ ਇਨਸਾਫ਼ ਵੀ,

4ਭੋਲਿਆਂ ਨੂੰ ਸਿਆਣਪ ਅਤੇ ਜੁਆਨਾਂ ਨੂੰ ਗਿਆਨ ਅਤੇ ਮੱਤ ਦੇਣ ਲਈ,

5ਤਾਂ ਜੋ ਬੁੱਧਵਾਨ ਸੁਣ ਕੇ ਆਪਣੇ ਗਿਆਨ ਨੂੰ ਵਧਾਵੇ ਅਤੇ ਸਮਝ ਵਾਲਾ ਬੁੱਧ ਦੀਆਂ ਜੁਗਤਾਂ ਪ੍ਰਾਪਤ ਕਰੇ,

6ਤਾਂ ਜੋ ਉਹ ਕਹਾਉਤਾਂ, ਦ੍ਰਿਸ਼ਟਾਂਤਾਂ ਅਤੇ ਬੁੱਧਵਾਨਾਂ ਦੀਆਂ ਗੱਲਾਂ ਅਤੇ ਬੁਝਾਰਤਾਂ ਨੂੰ ਸਮਝਣ ।

7ਯਹੋਵਾਹ ਦਾ ਭੈ ਮੰਨਣਾ ਗਿਆਨ ਦਾ ਮੂਲ ਹੈ, ਮੂਰਖ ਹੀ ਬੁੱਧ ਅਤੇ ਸਿੱਖਿਆ ਨੂੰ ਤੁੱਛ ਜਾਣਦੇ ਹਨ

8ਹੇ ਮੇਰੇ ਪੁੱਤਰ, ਤੂੰ ਆਪਣੇ ਪਿਤਾ ਦਾ ਉਪਦੇਸ਼ ਸੁਣ ਅਤੇ ਆਪਣੀ ਮਾਂ ਦੀ ਸਿੱਖਿਆ ਤਾਲੀਮ ਨੂੰ ਨਾ ਛੱਡੀਂ,

9ਕਿਉਂ ਜੋ ਉਹ ਤੇਰੇ ਸਿਰ ਲਈ ਸ਼ਿੰਗਾਰਨ ਵਾਲਾ ਸਿਹਰਾ ਅਤੇ ਤੇਰੇ ਗਲ ਦੇ ਲਈ ਕੈਂਠਾ ਹੋਣਗੀਆਂ ।

10ਹੇ ਮੇਰੇ ਪੁੱਤਰ, ਜੇ ਕਦੀ ਪਾਪੀ ਤੈਨੂੰ ਫ਼ੁਸਲਾਉਣ, ਤਾਂ ਤੂੰ ਉਨ੍ਹਾਂ ਦੀ ਗੱਲ ਨਾ ਮੰਨੀ ।

11ਜੇ ਉਹ ਆਖਣ ਕਿ ਤੂੰ ਸਾਡੇ ਨਾਲ ਚੱਲ, ਅਸੀਂ ਖ਼ੂਨ ਕਰਨ ਲਈ ਘਾਤ ਲਾਈਏ, ਆਪਾਂ ਬੇਦੋਸ਼ਾਂ ਨੂੰ ਮਾਰਨ ਲਈ ਘਾਤ ਵਿੱਚ ਲੁੱਕ ਕੇ ਬੈਠੀਏ,

12ਅਸੀਂ ਉਹਨਾਂ ਨੂੰ ਪਤਾਲ ਵਾਂਗੂੰ ਅਤੇ ਕਬਰ ਵਿੱਚ ਪਏ ਹੋਇਆਂ ਵਾਂਗੂੰ ਜੀਉਂਦਾ ਅਤੇ ਸਾਬਤਾ ਹੀ ਨਿਗਲ ਲਈਏ ।

13ਸਾਨੂੰ ਸਭ ਪਰਕਾਰ ਦੇ ਅਣਮੁੱਲੇ ਪਦਾਰਥ ਮਿਲਣਗੇ, ਅਸੀਂ ਲੁੱਟ ਦੇ ਮਾਲ ਨਾਲ ਆਪਣੇ ਘਰ ਭਰ ਲਵਾਂਗੇ !

14ਤੂੰ ਸਾਡੇ ਨਾਲ ਭਾਈਵਾਲ ਹੋ ਜਾ, ਸਾਡਾ ਸਾਰਿਆਂ ਦਾ ਇੱਕੋ ਹੀ ਬਟੂਆ ਹੋਵੇਗਾ ।

15ਹੇ ਮੇਰੇ ਪੁੱਤਰ, ਤੂੰ ਉਨ੍ਹਾਂ ਦੇ ਨਾਲ ਉਸ ਰਾਹ ਵਿੱਚ ਨਾ ਤੁਰੀਂ, ਉਨ੍ਹਾਂ ਦੇ ਮਾਰਗ ਤੋਂ ਆਪਣੇ ਪੈਰ ਨੂੰ ਰੋਕ ਰੱਖੀਂ,

16ਕਿਉਂ ਜੋ ਉਨ੍ਹਾਂ ਦੇ ਪੈਰ ਬੁਰਿਆਈ ਕਰਨ ਨੂੰ ਭੱਜਦੇ ਅਤੇ ਖ਼ੂਨ ਕਰਨ ਨੂੰ ਫ਼ੁਰਤੀ ਕਰਦੇ ਹਨ !

17ਕਿਸੇ ਪੰਛੀ ਦੇ ਵੇਖਦਿਆਂ ਜਾਲ ਵਿਛਾਉਣਾ ਵਿਅਰਥ ਹੈ ।

18ਉਹ ਆਪਣਾ ਹੀ ਖ਼ੂਨ ਕਰਨ ਲਈ ਘਾਤ ਲਾਉਂਦੇ ਹਨ, ਉਹ ਆਪਣੀਆਂ ਹੀ ਜਾਨਾਂ ਦੇ ਲਈ ਲੁਕ ਕੇ ਜਾਲ ਵਿਛਾਉਂਦੇ ਹਨ ।

19ਨਫ਼ੇ ਦੇ ਸਾਰੇ ਲੋਭੀਆਂ ਦੀ ਚਾਲ ਅਜਿਹੀ ਹੀ ਹੁੰਦੀ ਹੈ, ਉਹ ਆਪਣੇ ਮਾਲਕਾਂ ਦੀ ਜਾਨ ਲੈ ਲੈਂਦਾ ਹੈ ।

20ਬੁੱਧ ਗਲੀਆਂ ਵਿੱਚ ਉੱਚੀ-ਉੱਚੀ ਪੁਕਾਰਦੀ ਹੈ, ਉਹ ਚੌਂਕਾਂ ਵਿੱਚ ਹਾਕਾਂ ਮਾਰਦੀ ਹੈ ।

21ਉਹ ਬਜ਼ਾਰਾਂ ਦੇ ਸਿਰਿਆਂ ਉੱਤੇ ਹੋਕਾ ਦਿੰਦੀ ਹੈ, ਉਹ ਫਾਟਕਾਂ ਦੇ ਲਾਂਘਿਆਂ ਉੱਤੇ ਅਤੇ ਸ਼ਹਿਰ ਵਿੱਚ ਇਹ ਗੱਲਾਂ ਆਖਦੀ ਹੈ,

22ਹੇ ਭੋਲਿਓ, ਤੁਸੀਂ ਕਦੋਂ ਤੱਕ ਭੋਲੇਪਣ ਨਾਲ ਪ੍ਰੀਤ ਰੱਖੋਗੇ ? ਕਦੋਂ ਤੱਕ ਮਖ਼ੌਲੀਏ ਆਪਣੇ ਮਖ਼ੌਲਾਂ ਤੋਂ ਪਰਸੰਨ ਹੋਣਗੇ ਅਤੇ ਮੂਰਖ ਕਦੋਂ ਤੱਕ ਗਿਆਨ ਨਾਲ ਵੈਰ ਰੱਖਣਗੇ ?

23ਮੇਰੀ ਝਿੜਕ ਸੁਣ ਕੇ ਮੁੜੋ ! ਵੇਖੋ, ਮੈਂ ਆਪਣਾ ਆਤਮਾ ਤੁਹਾਡੇ ਉੱਤੇ ਵਹਾ ਦਿਆਂਗੀ, ਮੈਂ ਆਪਣੇ ਬਚਨ ਤੁਹਾਨੂੰ ਸਮਝਾਵਾਂਗੀ ।

24ਮੈਂ ਤਾਂ ਪੁਕਾਰਿਆ ਪਰ ਤੁਸੀਂ ਨਾ ਸੁਣਿਆ, ਮੈਂ ਹੱਥ ਪਸਾਰਿਆ ਪਰ ਕਿਸੇ ਨੇ ਵੀ ਧਿਆਨ ਨਾ ਕੀਤਾ,

25ਸਗੋਂ ਤੁਸੀਂ ਮੇਰੀਆਂ ਸਾਰੀਆਂ ਮੱਤਾਂ ਨੂੰ ਵਿਸਾਰ ਦਿੱਤਾ, ਅਤੇ ਮੇਰੀ ਤਾੜ ਦੀ ਕੁਝ ਚਾਹ ਨਾ ਕੀਤੀ ।

26ਮੈਂ ਵੀ ਤੁਹਾਡੀ ਬਿਪਤਾ ਉੱਤੇ ਹੱਸਾਂਗੀ ਅਤੇ ਜਦ ਤੁਹਾਡੇ ਉੱਤੇ ਭੈ ਆ ਪਵੇਗਾ ਤਾਂ ਮੈਂ ਤੁਹਾਡਾ ਮਖ਼ੌਲ ਉਡਾਵਾਂਗੀ,

27ਜਿਸ ਵੇਲੇ ਤੂਫ਼ਾਨ ਵਾਂਗੂੰ ਤੁਹਾਡੇ ਉੱਤੇ ਭੈ ਆ ਪਵੇਗਾ ਅਤੇ ਵਾਵਰੋਲੇ ਦੀ ਤਰ੍ਹਾਂ ਬਿਪਤਾ ਤੁਹਾਡੇ ਉੱਤੇ ਆਵੇਗੀ ਅਤੇ ਤੁਹਾਨੂੰ ਕਸ਼ਟ ਤੇ ਸੰਕਟ ਹੋਵੇਗਾ,

28ਉਸ ਵੇਲੇ ਉਹ ਮੇਰੀਆਂ ਦੁਹਾਈਆਂ ਦੇਣਗੇ, ਪਰ ਮੈਂ ਉੱਤਰ ਨਹੀਂ ਦਿਆਂਗੀ, ਉਹ ਮਨ ਲਾ ਕੇ ਮੈਨੂੰ ਭਾਲਣਗੇ, ਪਰ ਮੈਂ ਉਨ੍ਹਾਂ ਨੂੰ ਨਾ ਲੱਭਾਂਗੀ,

29ਕਿਉਂ ਜੋ ਉਨ੍ਹਾਂ ਨੇ ਗਿਆਨ ਨਾਲ ਵੈਰ ਰੱਖਿਆ ਅਤੇ ਯਹੋਵਾਹ ਦਾ ਭੈ ਮੰਨਣਾ ਪਸੰਦ ਨਾ ਕੀਤਾ,

30ਉਨ੍ਹਾਂ ਨੇ ਮੇਰੀ ਮੱਤ ਦੀ ਕੁਝ ਲੋੜ ਨਾ ਸਮਝੀ ਅਤੇ ਮੇਰੀ ਸਾਰੀ ਤਾੜ ਨੂੰ ਤੁੱਛ ਜਾਣਿਆ,

31ਇਸ ਲਈ ਉਹ ਆਪਣੀ ਕਰਨੀ ਦਾ ਫਲ ਭੋਗਣਗੇ ਅਤੇ ਆਪਣੀਆਂ ਜੁਗਤਾਂ ਨਾਲ ਰੱਜਣਗੇ,

32ਕਿਉਂ ਜੋ ਭੋਲੇ ਲੋਕ ਭਟਕ ਜਾਣ ਦੇ ਕਾਰਨ ਮਾਰੇ ਜਾਣਗੇ ਅਤੇ ਮੂਰਖਾਂ ਦੀ ਲਾਪਰਵਾਹੀ ਉਹਨਾਂ ਦਾ ਨਾਸ਼ ਕਰੇਗੀ ।

33ਪਰ ਜੋ ਮੇਰੀ ਸੁਣਦਾ ਹੈ, ਉਹ ਸੁੱਖ ਨਾਲ ਰਹੇਗਾ ਅਤੇ ਬਿਪਤਾ ਤੋਂ ਨਿਰਭੈ ਹੋ ਕੇ ਸ਼ਾਂਤੀ ਨਾਲ ਵੱਸੇਗਾ ।


  Share Facebook  |  Share Twitter

 <<  Proverbs 1 >> 


Bible2india.com
© 2010-2025
Help
Dual Panel

Laporan Masalah/Saran