Bible 2 India Mobile
[VER] : [PUNJABI]     [PL]  [PB] 
 <<  Amos 3 >> 

1ਹੇ ਇਸਰਾਏਲੀਓ, ਇਹ ਬਚਨ ਸੁਣੋ ਜਿਹੜਾ ਯਹੋਵਾਹ ਨੇ ਤੁਹਾਡੇ ਵਿਰੁੱਧ ਅਰਥਾਤ ਉਸ ਸਾਰੇ ਘਰਾਣੇ ਦੇ ਵਿਰੁੱਧ ਬੋਲਿਆ ਹੈ ਜਿਸ ਨੂੰ ਮੈਂ ਮਿਸਰ ਦੇਸ਼ ਤੋਂ ਕੱਢ ਲਿਆਇਆ,

2"ਧਰਤੀ ਦੇ ਸਾਰੇ ਘਰਾਣਿਆਂ ਵਿੱਚੋਂ ਮੈਂ ਸਿਰਫ਼ ਤੁਹਾਨੂੰ ਹੀ ਚੁਣਿਆ ਹੈ, ਇਸ ਲਈ ਮੈਂ ਤੁਹਾਡੇ ਸਾਰੇ ਅਪਰਾਧਾਂ ਦੀ ਸਜ਼ਾ ਤੁਹਾਡੇ ਉੱਤੇ ਲਿਆਵਾਂਗਾ !"

3"ਭਲਾ, ਦੋ ਮਨੁੱਖ ਇਕੱਠੇ ਚੱਲ ਸਕਦੇ ਹਨ, ਜੇ ਉਹ ਸਹਿਮਤ ਨਾ ਹੋਣ ?

4ਕੀ ਬੱਬਰ ਸ਼ੇਰ ਬਿਨ੍ਹਾਂ ਕੋਈ ਸ਼ਿਕਾਰ ਮਿਲੇ ਜੰਗਲ ਵਿੱਚ ਗੱਜੇਗਾ ? ਕੀ ਜੁਆਨ ਸ਼ੇਰ ਬਿਨ੍ਹਾਂ ਕੁਝ ਫੜ੍ਹੇ ਆਪਣੀ ਗੁਫ਼ਾ ਵਿੱਚੋਂ ਅਵਾਜ਼ ਕੱਢੇਗਾ ?

5ਭਲਾ, ਪੰਛੀ ਧਰਤੀ ਉੱਤੇ ਬਿਨ੍ਹਾਂ ਜਾਲ ਵਿਛਾਏ ਉਸ ਵਿੱਚ ਫਸੇਗਾ ? ਕੀ ਬਿਨ੍ਹਾਂ ਕੁਝ ਫੜ੍ਹੇ ਜਾਲ ਧਰਤੀ ਉੱਤੋਂ ਉੱਛਲੇਗਾ ?

6ਭਲਾ, ਸ਼ਹਿਰ ਵਿੱਚ ਤੁਰ੍ਹੀ ਫੂਕੀ ਜਾਵੇ ਅਤੇ ਲੋਕ ਨਾ ਡਰਨ ? ਭਲਾ, ਜੇ ਯਹੋਵਾਹ ਨਾ ਭੇਜੇ ਤਾਂ ਕੀ ਕੋਈ ਬਿਪਤਾ ਕਿਸੇ ਸ਼ਹਿਰ ਉੱਤੇ ਆਵੇਗੀ ?

7ਸੱਚ-ਮੁੱਚ ਪ੍ਰਭੂ ਯਹੋਵਾਹ ਆਪਣੇ ਸੇਵਕ ਨਬੀਆਂ ਉੱਤੇ ਆਪਣਾ ਭੇਤ ਪਰਗਟ ਕੀਤੇ ਬਿਨ੍ਹਾਂ ਕੋਈ ਕੰਮ ਨਹੀਂ ਕਰੇਗਾ ।

8ਬੱਬਰ ਸ਼ੇਰ ਗੱਜਿਆ ਹੈ, ਕੌਣ ਨਾ ਡਰੇਗਾ ? ਪ੍ਰਭੂ ਯਹੋਵਾਹ ਬੋਲਿਆ, ਕੌਣ ਭਵਿੱਖਬਾਣੀ ਨਾ ਕਰੇਗਾ ? "

9ਅਸ਼ਦੋਦ ਦੇ ਗੜ੍ਹਾਂ ਨੂੰ ਅਤੇ ਮਿਸਰ ਦੇਸ਼ ਦੇ ਸ਼ਾਹੀ ਮਹਿਲਾਂ ਨੂੰ ਪ੍ਰਚਾਰ ਕਰਕੇ ਆਖੋ, "ਸਾਮਰਿਯਾ ਦੇ ਪਹਾੜਾਂ ਉੱਤੇ ਇਕੱਠੇ ਹੋ ਜਾਓ ਅਤੇ ਵੇਖੋ ਕਿ ਉਸ ਵਿੱਚ ਕਿੰਨਾਂ ਰੌਲਾ ਹੈ ਅਤੇ ਉਸ ਦੇ ਵਿਚਕਾਰ ਕਿੰਨਾਂ ਜ਼ੁਲਮ ਹੈ !"

10ਯਹੋਵਾਹ ਦਾ ਬਚਨ ਹੈ, "ਜਿਹੜੇ ਆਪਣੇ ਗੜ੍ਹਾਂ ਵਿੱਚ ਹਨੇਰ ਅਤੇ ਲੁੱਟ ਦਾ ਮਾਲ ਜਮ੍ਹਾਂ ਕਰਦੇ ਹਨ, ਉਹ ਨੇਕੀ ਕਰਨਾ ਨਹੀਂ ਜਾਣਦੇ ।"

11ਇਸ ਲਈ ਪ੍ਰਭੂ ਯਹੋਵਾਹ ਇਹ ਫ਼ਰਮਾਉਂਦਾ ਹੈ, "ਇੱਕ ਵਿਰੋਧੀ ਦੇਸ਼ ਨੂੰ ਘੇਰ ਲਵੇਗਾ ਅਤੇ ਤੇਰੀ ਸ਼ਕਤੀ ਤੇਰੇ ਤੋਂ ਖੋਹ ਲਵੇਗਾ ਅਤੇ ਤੇਰੇ ਗੜ੍ਹ ਲੁੱਟੇ ਜਾਣਗੇ ।"

12ਯਹੋਵਾਹ ਇਹ ਫ਼ਰਮਾਉਂਦਾ ਹੈ, "ਜਿਵੇਂ ਅਯਾਲੀ ਬੱਬਰ ਸ਼ੇਰ ਦੇ ਮੂੰਹੋਂ ਦੋ ਲੱਤਾਂ ਜਾਂ ਕੰਨ ਦਾ ਟੁੱਕੜਾ ਛੁਡਾ ਲੈਂਦਾ ਹੈ, ਉਸੇ ਤਰ੍ਹਾਂ ਹੀ ਇਸਰਾਏਲੀ ਜਿਹੜੇ ਸਾਮਰਿਯਾ ਵਿੱਚ ਮੰਜੀਆਂ ਦੇ ਸਿਰ੍ਹਿਆਂ ਉੱਤੇ ਅਤੇ ਪਲੰਘਾਂ ਦੇ ਰੇਸ਼ਮੀ ਗੱਦਿਆਂ ਉੱਤੇ ਬੈਠਦੇ ਹਨ, ਉਹ ਵੀ ਛੁਡਾਏ ਜਾਣਗੇ ।"

13ਸੈਨਾਂ ਦੇ ਪਰਮੇਸ਼ੁਰ, ਪ੍ਰਭੂ ਯਹੋਵਾਹ ਦਾ ਵਾਕ ਹੈ, "ਸੁਣੋ ਅਤੇ ਯਾਕੂਬ ਦੇ ਘਰਾਣੇ ਦੇ ਵਿਰੁੱਧ ਇਹ ਗਵਾਹੀ ਦਿਓ,

14ਜਿਸ ਦਿਨ ਮੈਂ ਇਸਰਾਏਲ ਦੇ ਅਪਰਾਧਾਂ ਦੀ ਸਜ਼ਾ ਉਸ ਉੱਤੇ ਲਿਆਵਾਂਗਾ, ਉਸੇ ਦਿਨ ਮੈਂ ਬੈਤਏਲ ਦੀਆਂ ਜਗਵੇਦੀਆਂ ਨੂੰ ਵੀ ਨਾਸ਼ ਕਰਾਂਗਾ ਅਤੇ ਜਗਵੇਦੀ ਦੇ ਸਿੰਗ ਕੱਟੇ ਜਾਣਗੇ ਅਤੇ ਉਹ ਧਰਤੀ ਉੱਤੇ ਡਿੱਗ ਪੈਣਗੇ ।

15ਮੈਂ ਸਰਦੀ ਦੇ ਮਹਿਲਾਂ ਅਤੇ ਗਰਮੀ ਦੇ ਮਹਿਲਾਂ ਨੂੰ ਢਾਹ ਦਿਆਂਗਾ, ਹਾਥੀ ਦੰਦ ਨਾਲ ਬਣਾਏ ਹੋਏ ਮਹਿਲ ਵੀ ਬਰਬਾਦ ਹੋ ਜਾਣਗੇ ਅਤੇ ਵੱਡੇ-ਵੱਡੇ ਭਵਨ ਵੀ ਨਾਸ਼ ਹੋਣਗੇ !" ਪ੍ਰਭੂ ਯਹੋਵਾਹ ਦਾ ਵਾਕ ਹੈ ।


  Share Facebook  |  Share Twitter

 <<  Amos 3 >> 


Bible2india.com
© 2010-2025
Help
Dual Panel

Laporan Masalah/Saran