Bible 2 India Mobile
[VER] : [PUNJABI]     [PL]  [PB] 
 <<  2 Chronicles 7 >> 

1ਜਦ ਸੁਲੇਮਾਨ ਪ੍ਰਾਰਥਨਾ ਕਰ ਚੁੱਕਿਆ, ਤਾਂ ਆਕਾਸ਼ ਉੱਤੋਂ ਅੱਗ ਉੱਤਰੀ ਅਤੇ ਹੋਮ ਦੀ ਭੇਟ ਤੇ ਬਲੀਆਂ ਨੂੰ ਭੱਖ ਲਿਆ ਅਤੇ ਉਹ ਭਵਨ ਯਹੋਵਾਹ ਦੇ ਪਰਤਾਪ ਨਾਲ ਭਰ ਗਿਆ

2ਤਾਂ ਜਾਜਕ ਯਹੋਵਾਹ ਦੇ ਭਵਨ ਦੇ ਅੰਦਰ ਨਾ ਜਾ ਸਕੇ ਕਿਉਂ ਜੋ ਯਹੋਵਾਹ ਦਾ ਭਵਨ ਯਹੋਵਾਹ ਦੇ ਪਰਤਾਪ ਨਾਲ ਭਰ ਗਿਆ ਸੀ ।

3ਜਦੋਂ ਅੱਗ ਉੱਤਰੀ ਅਤੇ ਯਹੋਵਾਹ ਦਾ ਪਰਤਾਪ ਉਸ ਭਵਨ ਉੱਤੇ ਸੀ ਤਾਂ ਸਾਰੇ ਇਸਰਾਏਲੀ ਵੇਖ ਰਹੇ ਸਨ ਸੋ ਉਨ੍ਹਾਂ ਨੇ ਉੱਥੇ ਹੀ ਧਰਤੀ ਉੱਤੇ ਮੂੰਹ ਪਰਨੇ ਫਰਸ਼ ਤੇ ਡਿੱਗ ਕੇ ਮੱਥਾ ਟੇਕਿਆ ਅਤੇ ਯਹੋਵਾਹ ਦਾ ਧੰਨਵਾਦ ਕੀਤਾ ਕਿ ਉਹ ਭਲਾ ਹੈ, ਉਸ ਦੀ ਦਯਾ ਜੋ ਸਦਾ ਦੀ ਹੈ !

4ਤਦ ਪਾਤਸ਼ਾਹ ਤੇ ਸਾਰੀ ਪਰਜਾ ਨੇ ਯਹੋਵਾਹ ਦੇ ਸਾਹਮਣੇ ਬਲੀਆਂ ਚੜ੍ਹਾਈਆਂ

5ਅਤੇ ਸੁਲੇਮਾਨ ਪਾਤਸ਼ਾਹ ਨੇ ਬਾਈ ਹਜ਼ਾਰ ਬਲ਼ਦਾਂ ਤੇ ਇੱਕ ਲੱਖ ਵੀਹ ਹਜ਼ਾਰ ਭੇਡਾਂ ਬੱਕਰੀਆਂ ਦੀ ਭੇਟ ਚੜ੍ਹਾਈ ਐਉਂ ਪਾਤਸ਼ਾਹ ਨੇ ਅਤੇ ਸਾਰੀ ਪਰਜਾ ਨੇ ਪਰਮੇਸ਼ੁਰ ਦੇ ਭਵਨ ਨੂੰ ਅਰਪਣ ਕੀਤਾ

6ਅਤੇ ਜਾਜਕ ਆਪਣੇ ਆਪਣੇ ਕੰਮਾਂ ਅਨੁਸਾਰ ਖੜ੍ਹੇ ਸਨ ਅਤੇ ਲੇਵੀ ਵੀ ਯਹੋਵਾਹ ਲਈ ਗਾਉਣ ਵਜਾਉਣ ਦੇ ਸਾਜ਼ ਲੈ ਕੇ ਖੜ੍ਹੇ ਸਨ ਜਿਨ੍ਹਾਂ ਨੂੰ ਦਾਊਦ ਪਾਤਸ਼ਾਹ ਨੇ ਯਹੋਵਾਹ ਦਾ ਧੰਨਵਾਦ ਕਰਨ ਲਈ ਬਣਾਇਆ ਸੀ ਤਾਂ ਜੋ ਉਨ੍ਹਾਂ ਸਲਾਹੁਤਾਂ ਦੇ ਰਾਹੀਂ ਪਰਮੇਸ਼ੁਰ ਦਾ ਧੰਨਵਾਦ ਕੀਤਾ ਜਾਵੇ ਕਿਉਂ ਜੋ ਉਸ ਦੀ ਦਯਾ ਸਦਾ ਦੀ ਹੈ ਅਤੇ ਜਾਜਕ ਉਨ੍ਹਾਂ ਦੇ ਅੱਗੇ ਨਰਸਿੰਗੇ ਫੂਕਦੇ ਰਹੇ ਅਤੇ ਸਾਰੇ ਇਸਰਾਏਲੀ ਖੜ੍ਹੇ ਰਹੇ

7ਤਾਂ ਸੁਲੇਮਾਨ ਨੇ ਉਸ ਵਿਹੜੇ ਦੇ ਵਿਚਲੇ ਹਿੱਸੇ ਨੂੰ ਜੋ ਯਹੋਵਾਹ ਦੇ ਭਵਨ ਦੇ ਸਾਹਮਣੇ ਸੀ ਪਵਿੱਤਰ ਕੀਤਾ ਕਿਉਂ ਜੋ ਉਸ ਨੇ ਉੱਥੇ ਹੋਮ ਦੀਆਂ ਬਲੀਆਂ ਤੇ ਸੁੱਖ ਸਾਂਦ ਦੀਆਂ ਭੇਟਾਂ ਦੀ ਚਰਬੀ ਚੜ੍ਹਾਈ ਇਸ ਲਈ ਜੋ ਉਸ ਪਿੱਤਲ ਦੀ ਜਗਵੇਦੀ ਉੱਤੇ ਜਿਸ ਨੂੰ ਸੁਲੇਮਾਨ ਨੇ ਬਣਾਇਆ ਸੀ ਹੋਮ ਬਲੀ ਅਤੇ ਮੈਦੇ ਦੀ ਭੇਟ ਅਤੇ ਚਰਬੀ ਲਈ ਥਾਂ ਨਹੀਂ ਸੀ

8ਐਉਂ ਸੁਲੇਮਾਨ ਨੇ ਉਸ ਵੇਲੇ ਸਾਰੇ ਇਸਰਾਏਲ ਸਣੇ ਜੋ ਇੱਕ ਬਹੁਤ ਵੱਡੀ ਸਭਾ ਸੀ ਹਮਾਥ ਦੇ ਲਾਂਘੇ ਤੋਂ ਮਿਸਰ ਦੀ ਨਦੀ ਤੱਕ ਉਸ ਪਰਬ ਨੂੰ ਸੱਤਾਂ ਦਿਨਾਂ ਤੱਕ ਮਨਾਇਆ

9ਅਤੇ ਅੱਠਵੇਂ ਦਿਨ ਉਨ੍ਹਾਂ ਨੇ ਸ਼੍ਰੋਮਣੀ ਸਭਾ ਕੀਤੀ ਇਸ ਲਈ ਜੋ ਉਹ ਸੱਤ ਦਿਨਾਂ ਤੱਕ ਉਸ ਜਗਵੇਦੀ ਦਾ ਅਰਪਣ ਕਰਦੇ ਰਹੇ ਅਤੇ ਪਰਬ ਮਨਾਉਂਦੇ ਰਹੇ

10ਅਤੇ ਸੱਤਵੇਂ ਮਹੀਨੇ ਦੀ ਤੇਈਵੀਂ ਤਰੀਖ ਨੂੰ ਉਸ ਨੇ ਲੋਕਾਂ ਨੂੰ ਉਨ੍ਹਾਂ ਦੇ ਤੰਬੂਆਂ ਨੂੰ ਤੋਰ ਦਿੱਤਾ ਸੋ ਉਹ ਉਸ ਭਲਿਆਈ ਦੇ ਕਾਰਨ ਜੋ ਯਹੋਵਾਹ ਨੇ ਦਾਊਦ ਅਤੇ ਸੁਲੇਮਾਨ ਅਤੇ ਆਪਣੀ ਪਰਜਾ ਇਸਰਾਏਲ ਨਾਲ ਕੀਤੀ ਸੀ ਖੁਸ਼ ਤੇ ਪਰਸੰਨ ਹੋਏ ।

11ਇਸ ਤਰ੍ਹਾਂ ਸੁਲੇਮਾਨ ਨੇ ਯਹੋਵਾਹ ਦੇ ਭਵਨ ਅਤੇ ਪਾਤਸ਼ਾਹ ਦੇ ਮਹਿਲ ਨੂੰ ਸੰਪੂਰਨ ਕੀਤਾ ਅਤੇ ਜੋ ਕੁਝ ਸੁਲੇਮਾਨ ਦੇ ਦਿਲ ਵਿੱਚ ਆਇਆ ਕਿ ਯਹੋਵਾਹ ਦੇ ਭਵਨ ਅਤੇ ਆਪਣੇ ਮਹਿਲ ਲਈ ਬਣਾਵੇ ਸੋ ਚੰਗੀ ਤਰ੍ਹਾਂ ਸਫ਼ਲ ਹੋਇਆ

12ਤਾਂ ਯਹੋਵਾਹ ਨੇ ਰਾਤ ਨੂੰ ਸੁਲੇਮਾਨ ਨੂੰ ਦਰਸ਼ਣ ਦਿੱਤਾ ਅਤੇ ਉਸ ਨੂੰ ਆਖਿਆ ਕਿ ਮੈਂ ਤੇਰੀ ਪ੍ਰਾਰਥਨਾ ਸੁਣ ਲਈ ਅਤੇ ਇਸ ਥਾਂ ਨੂੰ ਆਪਣੇ ਲਈ ਚੁਣ ਲਿਆ ਹੈ ਕਿ ਇਹ ਬਲੀਦਾਨ ਲਈ ਭਵਨ ਹੋਵੇ

13ਜੇ ਮੈਂ ਆਕਾਸ਼ ਨੂੰ ਕਦੀ ਬੰਦ ਕਰ ਦੇਵਾਂ ਕਿ ਮੀਂਹ ਨਾ ਪਵੇ ਜਾਂ ਟਿੱਡੀਆਂ ਨੂੰ ਹੁਕਮ ਦੇਵਾਂ ਕਿ ਦੇਸ ਨੂੰ ਚੱਟ ਲਵੇ ਜਾਂ ਆਪਣੀ ਪਰਜਾ ਦੇ ਵਿੱਚ ਬਿਮਾਰੀ ਭੇਜਾਂ

14ਅਤੇ ਜੇ ਮੇਰੀ ਪਰਜਾ ਜੋ ਮੇਰੇ ਨਾਮ ਤੇ ਕਹਾਉਂਦੀ ਹੈ ਅਧੀਨ ਹੋ ਕੇ ਪ੍ਰਾਰਥਨਾ ਕਰੇ ਅਤੇ ਮੇਰੇ ਦਰਸ਼ਣ ਦੀ ਚਾਹਵੰਦ ਹੋਵੇ ਅਤੇ ਆਪਣੇ ਭੈੜੇ ਰਾਹ ਤੋਂ ਮੁੜੇ ਤਾਂ ਮੈਂ ਸਵਰਗ ਉੱਤੋਂ ਸੁਣ ਕੇ ਉਨ੍ਹਾਂ ਦੇ ਪਾਪ ਮਾਫ਼ ਕਰਾਂਗਾ ਅਤੇ ਉਨ੍ਹਾਂ ਦੇ ਦੇਸ ਨੂੰ ਬਹਾਲ ਕਰ ਦਿਆਂਗਾ

15ਹੁਣ ਜਿਹੜੀ ਪ੍ਰਾਰਥਨਾ ਇਸ ਥਾਂ ਕੀਤੀ ਜਾਵੇਗੀ ਉਸ ਉੱਤੇ ਮੇਰੀਆਂ ਅੱਖਾਂ ਖੁੱਲ੍ਹੀਆਂ ਰਹਿਣਗੀਆਂ ਅਤੇ ਮੇਰੇ ਕੰਨ ਲੱਗੇ ਰਹਿਣਗੇ

16ਕਿਉਂ ਜੋ ਹੁਣ ਮੈਂ ਇਸ ਭਵਨ ਨੂੰ ਚੁਣਿਆ ਤੇ ਪਵਿੱਤਰ ਕੀਤਾ ਹੈ ਤਾਂ ਜੋ ਮੇਰਾ ਨਾਮ ਸਦਾ ਉੱਥੇ ਰਹੇ ਅਤੇ ਮੇਰੀਆਂ ਅੱਖਾਂ ਅਤੇ ਮੇਰਾ ਦਿਲ ਸਾਰੇ ਦਿਨਾਂ ਤੱਕ ਉੱਥੇ ਲੱਗੇ ਰਹਿਣਗੇ

17ਅਤੇ ਜੇ ਤੂੰ ਮੇਰੇ ਸਨਮੁਖ ਉਸੇ ਤਰ੍ਹਾਂ ਚੱਲੇਂਗਾ ਜਿਵੇਂ ਤੇਰਾ ਪਿਤਾ ਦਾਊਦ ਚੱਲਦਾ ਰਿਹਾ ਅਤੇ ਜੋ ਹੁਕਮ ਮੈਂ ਤੈਨੂੰ ਦਿੱਤਾ ਉਸ ਦੇ ਅਨੁਸਾਰ ਕੰਮ ਕਰੇਂ ਅਤੇ ਮੇਰੀਆਂ ਬਿਧੀਆਂ ਅਤੇ ਨਿਆਵਾਂ ਦੀ ਪਾਲਣਾ ਕਰੇਂ

18ਤਾਂ ਮੈਂ ਤੇਰੀ ਰਾਜ ਗੱਦੀ ਨੂੰ ਕਾਇਮ ਰੱਖਾਂਗਾ ਜਿਵੇਂ ਮੈਂ ਤੇਰੇ ਪਿਤਾ ਦਾਊਦ ਨਾਲ ਨੇਮ ਕੀਤਾ ਕਿ ਇਸਰਾਏਲ ਵਿੱਚ ਹਾਕਮ ਬਣਨ ਲਈ ਤੈਨੂੰ ਮਨੁੱਖ ਦੀ ਥੁੜ ਕਦੇ ਨਾ ਹੋਵੇਗੀ

19ਪਰ ਜੇ ਤੁਸੀਂ ਬੇਮੁੱਖ ਹੋ ਜਾਓ ਅਤੇ ਮੇਰੀਆਂ ਬਿਧੀਆਂ ਤੇ ਹੁਕਮਾਂ ਨੂੰ ਜੋ ਮੈਂ ਤੁਹਾਡੇ ਅੱਗੇ ਰੱਖੇ ਹਨ ਛੱਡ ਦਿਓ ਅਤੇ ਜਾ ਕੇ ਦੂਜੇ ਦੇਵਤਿਆਂ ਦੀ ਪੂਜਾ ਕਰੋ ਅਤੇ ਉਨ੍ਹਾਂ ਨੂੰ ਮੱਥਾ ਟੇਕੋ

20ਤਾਂ ਮੈਂ ਉਨ੍ਹਾਂ ਨੂੰ ਮੇਰੀ ਭੂਮੀ ਉੱਤੋਂ ਜੋ ਮੈਂ ਉਨ੍ਹਾਂ ਨੂੰ ਦਿੱਤੀ ਜੜ੍ਹ ਤੋਂ ਪੁੱਟ ਸੁੱਟਾਂਗਾ ਅਤੇ ਇਸ ਭਵਨ ਨੂੰ ਜਿਸ ਨੂੰ ਮੈਂ ਆਪਣੇ ਨਾਮ ਦੇ ਲਈ ਪਵਿੱਤਰ ਕੀਤਾ ਆਪਣੀ ਨਿਗਾਹ ਤੋਂ ਲਾਹ ਸੁੱਟਾਂਗਾ ਅਤੇ ਇਸ ਨੂੰ ਸਾਰਿਆਂ ਲੋਕਾਂ ਵਿੱਚ ਇੱਕ ਕਹਾਉਤ ਤੇ ਮਖੌਲ ਬਣਾ ਦਿਆਂਗਾ

21ਭਾਵੇਂ ਇਹ ਭਵਨ ਅੱਤ ਉੱਚਾ ਹੈ ਪਰ ਹਰ ਲੰਘਣ ਵਾਲਾ ਅਚਰਜ ਹੋ ਕੇ ਆਖੇਗਾ ਕਿ ਯਹੋਵਾਹ ਨੇ ਇਸ ਭਵਨ ਅਤੇ ਇਸ ਦੇਸ ਨਾਲ ਇਹੋ ਜਿਹਾ ਕਿਉਂ ਕੀਤਾ ?

22ਤਦ ਉਹ ਆਖਣਗੇ, ਇਸ ਲਈ ਉਨ੍ਹਾਂ ਨੇ ਯਹੋਵਾਹ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨੂੰ ਜੋ ਉਨ੍ਹਾਂ ਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ ਸੀ ਛੱਡ ਦਿੱਤਾ ਅਤੇ ਦੂਜੇ ਦੇਵਤਿਆਂ ਦੇ ਮਗਰ ਲੱਗੇ ਅਤੇ ਉਹਨਾਂ ਨੂੰ ਮੱਥਾ ਟੇਕਿਆ ਅਤੇ ਉਹਨਾਂ ਦੀ ਪੂਜਾ ਕੀਤੀ, ਇਸ ਲਈ ਯਹੋਵਾਹ ਉਨ੍ਹਾਂ ਉੱਤੇ ਇਹ ਸਾਰੀ ਬੁਰਿਆਈ ਲਿਆਇਆ ਹੈ ।


  Share Facebook  |  Share Twitter

 <<  2 Chronicles 7 >> 


Bible2india.com
© 2010-2025
Help
Dual Panel

Laporan Masalah/Saran