1ਤਾਂ ਪਰਮੇਸ਼ੁਰ ਦਾ ਆਤਮਾ ਓਦੇਦ ਦੇ ਪੁੱਤਰ ਅਜ਼ਰਯਾਹ ਉੱਤੇ ਉਤਰਿਆ
2ਉਹ ਆਸਾ ਨੂੰ ਮਿਲਣ ਲਈ ਗਿਆ ਅਤੇ ਉਹ ਨੂੰ ਆਖਿਆ, ਹੇ ਆਸਾ ਅਤੇ ਸਾਰੇ ਯਹੂਦਾਹ ਅਤੇ ਬਿਨਯਾਮੀਨ, ਮੇਰੀ ਸੁਣੋ । ਯਹੋਵਾਹ ਤੁਹਾਡੇ ਨਾਲ ਹੈ ਜਦ ਤੱਕ ਤੁਸੀਂ ਉਸ ਨੇ ਨਾਲ ਹੋ । ਜੇ ਤੁਸੀਂ ਉਸ ਦੇ ਚਾਹਵੰਦ ਹੋ ਤਾਂ ਉਹ ਤੁਹਾਨੂੰ ਮਿਲੇਗਾ ਪਰ ਜੇ ਤੁਸੀਂ ਉਸ ਨੂੰ ਛੱਡ ਦਿਓ ਤਾਂ ਉਹ ਤੁਹਾਨੂੰ ਛੱਡ ਦੇਵੇਗਾ
3ਹੁਣ ਬਹੁਤ ਸਮੇਂ ਤੋਂ ਇਸਰਾਏਲ ਬਿਨ੍ਹਾਂ ਸੱਚੇ ਪਰਮੇਸ਼ੁਰ ਅਤੇ ਬਿਨ੍ਹਾਂ ਸਿਖਾਉਣ ਵਾਲੇ ਜਾਜਕ ਅਤੇ ਬਿਨ੍ਹਾਂ ਬਿਵਸਥਾ ਦੇ ਰਹੇ ਹਨ
4ਪਰ ਜਦ ਉਹ ਆਪਣੇ ਦੁੱਖ ਵਿੱਚ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਵੱਲ ਮੁੜ ਕੇ ਉਸ ਦੇ ਚਾਹਵੰਦ ਹੋਏ ਤਾਂ ਉਹ ਉਹਨਾਂ ਨੂੰ ਲੱਭ ਪਿਆ
5ਅਤੇ ਉਨ੍ਹਾਂ ਦਿਨਾਂ ਵਿੱਚ ਬਾਹਰ ਜਾਣ ਵਾਲੇ ਨੂੰ ਅਤੇ ਦੇਸ ਵਿੱਚ ਆਉਣ ਵਾਲੇ ਨੂੰ ਕੁਝ ਸੁੱਖ ਨਹੀਂ ਸੀ ਸਗੋਂ ਦੇਸਾਂ ਦੇ ਸਾਰੇ ਵਾਸੀਆਂ ਉੱਤੇ ਬੜੀਆਂ ਔਕੜਾਂ ਸਨ
6ਜਾਤੀ ਜਾਤੀ ਦੇ ਟਾਕਰੇ ਵਿੱਚ ਅਤੇ ਸ਼ਹਿਰ ਸ਼ਹਿਰ ਦੇ ਟਾਕਰੇ ਵਿੱਚ ਮਲੀਆਮੇਟ ਹੋ ਗਏ ਕਿਉਂ ਜੋ ਪਰਮੇਸ਼ੁਰ ਨੇ ਉਨ੍ਹਾਂ ਨੂੰ ਹਰ ਪਰਕਾਰ ਦੇ ਦੁੱਖ ਨਾਲ ਤੰਗ ਕਰ ਛੱਡਿਆ ਸੀ
7ਪਰ ਤੁਸੀਂ ਤਕੜੇ ਹੋਵੋ ਅਤੇ ਤੁਹਾਡੇ ਹੱਥ ਢਿੱਲੇ ਨਾ ਹੋਣ ਕਿਉਂ ਜੋ ਤੁਹਾਡੇ ਕੰਮ ਦਾ ਬਦਲਾ ਮਿਲੇਗਾ !
8ਜਦ ਆਸਾ ਨੇ ਇਨ੍ਹਾਂ ਗੱਲਾਂ ਅਤੇ ਓਦੇਦ ਨਬੀ ਦੇ ਅਗੰਮ ਵਾਕਾਂ ਦੀ ਖ਼ਬਰ ਸੁਣੀ ਤਾਂ ਉਸ ਨੇ ਹੌਂਸਲਾ ਕਰ ਕੇ ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਦੇਸ ਵਿੱਚੋਂ ਅਤੇ ਉਨ੍ਹਾਂ ਸ਼ਹਿਰਾਂ ਵਿੱਚੋਂ ਜਿਹੜੇ ਉਸ ਨੇ ਅਫ਼ਰਾਈਮ ਦੇ ਪਹਾੜੀ ਭਾਗ ਵਿੱਚੋਂ ਲੈ ਲਏ ਸਨ ਘਿਣਾਉਣੀਆਂ ਚੀਜ਼ਾਂ ਨੂੰ ਕੱਢ ਦਿੱਤਾ ਅਤੇ ਯਹੋਵਾਹ ਦੀ ਜਗਵੇਦੀ ਨੂੰ ਜੋ ਯਹੋਵਾਹ ਦੀ ਡਿਉੜੀ ਦੇ ਸਾਹਮਣੇ ਸੀ ਫੇਰ ਬਣਵਾਇਆ
9ਉਸ ਨੇ ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਲੋਕਾਂ ਨੂੰ ਅਤੇ ਉਨ੍ਹਾਂ ਪਰਦੇਸੀਆਂ ਨੂੰ ਜੋ ਅਫ਼ਰਾਈਮ ਅਤੇ ਮਨੱਸ਼ਹ ਅਤੇ ਸ਼ਿਮਓਨ ਦੇ ਵਿੱਚ ਸਨ ਇਕੱਠਾ ਕੀਤਾ ਕਿਉਂ ਜੋ ਜਦ ਉਨ੍ਹਾਂ ਨੇ ਵੇਖਿਆ ਕਿ ਯਹੋਵਾਹ ਉਹ ਦਾ ਪਰਮੇਸ਼ੁਰ ਉਹ ਦੇ ਨਾਲ ਹੈ ਤਾਂ ਉਹ ਇਸਰਾਏਲ ਵਿੱਚੋਂ ਬਹੁਤ ਗਿਣਤੀ ਵਿੱਚ ਉਹ ਦੇ ਕੋਲ ਆਏ
10ਉਹ ਆਸਾ ਦੀ ਪਾਤਸ਼ਾਹੀ ਦੇ ਪੰਦਰਵੇਂ ਸਾਲ ਦੇ ਤੀਜੇ ਮਹੀਨੇ ਯਰੂਸ਼ਲਮ ਵਿੱਚ ਇਕੱਠੇ ਹੋਏ
11ਅਤੇ ਉਹਨਾਂ ਨੇ ਉਸ ਵੇਲੇ ਉਸ ਲੁੱਟ ਵਿੱਚੋਂ ਜਿਹੜੀ ਉਹ ਲਿਆਏ ਸਨ ਯਹੋਵਾਹ ਦੇ ਹਜ਼ੂਰ ਸੱਤ ਸੌ ਬਲ਼ਦਾਂ ਅਤੇ ਸੱਤ ਹਜ਼ਾਰ ਭੇਡਾਂ ਦੀ ਬਲੀ ਚੜ੍ਹਾਈ
12ਅਤੇ ਉਹ ਇੱਕ ਨੇਮ ਵਿੱਚ ਸ਼ਾਮਲ ਹੋ ਗਏ ਕਿ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਾਨ ਨਾਲ ਯਹੋਵਾਹ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨੂੰ ਭਾਲਣ
13ਅਤੇ ਜੋ ਕੋਈ, ਕੀ ਛੋਟਾ ਕੀ ਵੱਡਾ, ਕੀ ਮਨੁੱਖ ਕੀ ਔਰਤ, ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦਾ ਸ਼ਰਧਾਲੂ ਨਾ ਹੋਵੇ ਉਸ ਨੂੰ ਮਾਰ ਦਿੱਤਾ ਜਾਵੇ
14ਅਤੇ ਉਹਨਾਂ ਨੇ ਯਹੋਵਾਹ ਦੇ ਸਾਹਮਣੇ ਉੱਚੀ ਆਵਾਜ਼ ਨਾਲ ਲਲਕਾਰ ਕੇ ਤੁਰ੍ਹੀਆਂ ਅਤੇ ਨਰਸਿੰਗਿਆਂ ਦੇ ਨਾਲ ਸਹੁੰ ਖਾਧੀ ।
15ਸਾਰਾ ਯਹੂਦਾਹ ਉਸ ਸਹੁੰ ਤੋਂ ਬਾਗ ਬਾਗ ਹੋ ਗਿਆ ਕਿਉਂ ਜੋ ਉਹਨਾਂ ਨੇ ਆਪਣੇ ਸਾਰੇ ਦਿਲ ਦੇ ਨਾਲ ਸਹੁੰ ਖਾਧੀ ਸੀ ਅਤੇ ਆਪਣੀ ਪੂਰੀ ਇੱਛਾ ਨਾਲ ਯਹੋਵਾਹ ਦੇ ਸ਼ਰਧਾਲੂ ਹੋਏ ਸਨ ਅਤੇ ਉਹ ਉਹਨਾਂ ਨੂੰ ਮਿਲ ਗਿਆ ਅਤੇ ਯਹੋਵਾਹ ਨੇ ਉਹਨਾਂ ਨੂੰ ਚੁਫੇਰਿਓਂ ਅਰਾਮ ਦਿੱਤਾ
16ਅਤੇ ਆਸਾ ਪਾਤਸ਼ਾਹ ਨੇ ਆਪਣੀ ਦਾਦੀ ਮਅਕਾਹ ਨੂੰ ਵੀ ਦਾਦੀ ਰਾਣੀ ਦੀ ਪਦਵੀ ਤੋਂ ਹਟਾ ਦਿੱਤਾ ਕਿਉਂ ਜੋ ਉਸ ਨੇ ਅਸ਼ੇਰਾਹ ਦੇਵੀ ਦੀ ਇੱਕ ਘਿਣਾਉਣੀ ਮੂਰਤ ਬਣਾਈ ਸੀ ਜਿਹੜੀ ਘਿਣਾਉਣੀ ਮੂਰਤ ਨੂੰ ਆਸਾ ਨੇ ਵੱਢ ਕੇ ਚੂਰ ਚੂਰ ਕਰ ਦਿੱਤਾ ਅਤੇ ਕਿਦਰੋਨ ਦੀ ਵਾਦੀ ਵਿੱਚ ਸਾੜ ਦਿੱਤਾ
17ਪਰ ਇਸਰਾਏਲ ਵਿੱਚੋਂ ਉੱਚੇ ਥਾਂ ਢਾਹੇ ਨਾ ਗਏ, ਤਾਂ ਵੀ ਆਸਾ ਦਾ ਮਨ ਸਾਰੀ ਉਮਰ ਪੂਰੀ ਤਰ੍ਹਾਂ ਦੇ ਨਾਲ ਪਰਮੇਸ਼ੁਰ ਨੂੰ ਸਮਰਪਿਤ ਰਿਹਾ ।
18ਉਹ ਪਰਮੇਸ਼ੁਰ ਦੇ ਭਵਨ ਵਿੱਚ ਉਨ੍ਹਾਂ ਚੀਜ਼ਾਂ ਨੂੰ ਜੋ ਉਸ ਦੇ ਪਿਤਾ ਨੇ ਪਵਿੱਤਰ ਠਹਿਰਾਈਆਂ ਸਨ ਨਾਲੇ ਉਨ੍ਹਾਂ ਨੂੰ ਜੋ ਉਸ ਨੇ ਆਪ ਪਵਿੱਤਰ ਠਹਿਰਾਈਆਂ ਸਨ ਅੰਦਰ ਲਿਆਇਆ ਅਰਥਾਤ ਚਾਂਦੀ, ਸੋਨਾ ਅਤੇ ਭਾਂਡੇ
19ਅਤੇ ਆਸਾ ਦੇ ਰਾਜ ਦੇ ਪੈਂਤੀਵੇਂ ਸਾਲ ਤੱਕ ਕੋਈ ਲੜਾਈ ਨਾ ਹੋਈ ।