Bible 2 India Mobile
[VER] : [PUNJABI]     [PL]  [PB] 
 <<  2 Kings 16 >> 

1ਰਮਲਯਾਹ ਦੇ ਪੁੱਤਰ ਪਕਹ ਦੇ ਸਤਾਰਵੇਂ ਸਾਲ ਯਹੂਦਾਹ ਦੇ ਰਾਜਾ ਯੋਥਾਮ ਦਾ ਪੁੱਤਰ ਆਹਾਜ਼ ਰਾਜ ਕਰਨ ਲੱਗਾ ।

2ਆਹਾਜ਼ ਵੀਹ ਸਾਲਾਂ ਦਾ ਸੀ, ਜਦ ਰਾਜ ਕਰਨ ਲੱਗਾ ਅਤੇ ਉਹ ਨੇ ਯਰੂਸ਼ਲਮ ਵਿੱਚ ਸੋਲ਼ਾਂ ਸਾਲ ਰਾਜ ਕੀਤਾ । ਉਸ ਨੇ ਉਹ ਕੰਮ ਨਾ ਕੀਤਾ ਜੋ ਯਹੋਵਾਹ ਉਹ ਦੇ ਪਰਮੇਸ਼ੁਰ ਦੀ ਨਿਗਾਹ ਵਿੱਚ ਠੀਕ ਸੀ ਜਿਵੇਂ ਉਹ ਦੇ ਪਿਤਾ ਦਾਊਦ ਨੇ ਕੀਤਾ ਸੀ ।

3ਪਰ ਉਹ ਇਸਰਾਏਲ ਦੇ ਰਾਜਿਆਂ ਦੇ ਰਾਹ ਉੱਤੇ ਤੁਰਿਆ, ਸਗੋਂ ਉਨ੍ਹਾਂ ਕੌਮਾਂ ਦੀਆਂ ਘਿਣਾਉਣੀਆਂ ਰੀਤਾਂ ਅਨੁਸਾਰ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਦੇ ਅੱਗੋਂ ਕੱਢ ਦਿੱਤਾ ਸੀ, ਉਸ ਨੇ ਆਪਣੇ ਪੁੱਤਰ ਨੂੰ ਅੱਗ ਵਿੱਚੋਂ ਲੰਘਵਾਇਆ ।

4ਉਹ ਉੱਚਿਆਂ ਥਾਵਾਂ, ਟਿੱਲਿਆਂ ਅਤੇ ਹਰ ਹਰੇ ਰੁੱਖ ਦੇ ਹੇਠਾਂ ਬਲੀਆਂ ਚੜ੍ਹਾਉਂਦਾ ਅਤੇ ਧੂਪ ਧੁਖਾਉਂਦਾ ਰਿਹਾ ।

5ਤਦ ਅਰਾਮ ਦੇ ਰਾਜਾ ਰਸੀਨ ਅਤੇ ਇਸਰਾਏਲ ਦੇ ਰਾਜਾ ਰਮਲਯਾਹ ਦੇ ਪੁੱਤਰ ਪਕਹ ਨੇ ਲੜਨ ਲਈ ਯਰੂਸ਼ਲਮ ਉੱਤੇ ਚੜ੍ਹਾਈ ਕੀਤੀ ਅਤੇ ਉਨ੍ਹਾਂ ਨੇ ਆਹਾਜ਼ ਨੂੰ ਘੇਰ ਲਿਆ ਪਰ ਉਸ ਨੂੰ ਜਿੱਤ ਨਾ ਸਕੇ ।

6ਉਸ ਵੇਲੇ ਅਰਾਮ ਦੇ ਰਾਜਾ ਰਸੀਨ ਨੇ ਏਲਥ ਨੂੰ ਫਿਰ ਲੈ ਕੇ ਅਰਾਮ ਵਿੱਚ ਮਿਲਾ ਦਿੱਤਾ ਅਤੇ ਏਲਥ ਵਿੱਚੋਂ ਯਹੂਦੀਆਂ ਨੂੰ ਪੂਰੀ ਤਰ੍ਹਾਂ ਹੀ ਕੱਢ ਛੱਡਿਆ ਅਤੇ ਆਰਮੀ ਏਲਥ ਵਿੱਚ ਆ ਪਹੁੰਚੇ, ਅੱਜ ਦੇ ਦਿਨ ਤੱਕ ਉਹ ਉੱਥੇ ਹੀ ਵੱਸਦੇ ਹਨ ।

7ਤਦ ਆਹਾਜ਼ ਨੇ ਅੱਸ਼ੂਰ ਦੇ ਰਾਜਾ ਤਿਗਲਥ ਪਿਲਸਰ ਕੋਲ ਇਹ ਕਹਿ ਕੇ ਸੰਦੇਸ਼ਵਾਹਕ ਭੇਜੇ ਕਿ ਮੈਂ ਤੇਰਾ ਦਾਸ ਅਤੇ ਤੇਰਾ ਪੁੱਤਰ ਹਾਂ, ਅਰਾਮ ਦੇ ਰਾਜਾ ਦੇ ਹੱਥੋਂ ਅਤੇ ਇਸਰਾਏਲ ਦੇ ਰਾਜਾ ਦੇ ਹੱਥੋਂ ਮੈਨੂੰ ਆ ਕੇ ਬਚਾ, ਜੋ ਮੇਰੇ ਉੱਤੇ ਚੜ੍ਹ ਆਏ ਹਨ ।

8ਆਹਾਜ਼ ਨੇ ਉਹ ਚਾਂਦੀ ਅਤੇ ਸੋਨਾ ਜੋ ਯਹੋਵਾਹ ਦੇ ਭਵਨ ਅਤੇ ਰਾਜਾ ਦੇ ਮਹਿਲ ਦੇ ਖਜਾਨਿਆਂ ਵਿੱਚ ਮਿਲਿਆ, ਨੂੰ ਲੈ ਕੇ ਅੱਸ਼ੂਰ ਦੇ ਰਾਜਾ ਨੂੰ ਰਿਸ਼ਵਤ ਭੇਜੀ ।

9ਅੱਸ਼ੂਰ ਦੇ ਰਾਜਾ ਨੇ ਉਸ ਦੀ ਮੰਨ ਲਈ ਅਤੇ ਉਸ ਨੇ ਦੰਮਿਸ਼ਕ ਉੱਤੇ ਚੜ੍ਹਾਈ ਕਰ ਕੇ ਉਸ ਨੂੰ ਜਿੱਤ ਲਿਆ ਅਤੇ ਉੱਥੋਂ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਕੀਰ ਨੂੰ ਲੈ ਗਿਆ ਅਤੇ ਰਸੀਨ ਨੂੰ ਮਾਰ ਦਿੱਤਾ ।

10ਆਹਾਜ਼ ਰਾਜਾ ਦੰਮਿਸ਼ਕ ਵਿੱਚ ਅੱਸ਼ੂਰ ਦੇ ਰਾਜਾ ਤਿਗਲਥ ਪਿਲਸਰ ਨੂੰ ਮਿਲਣ ਲਈ ਗਿਆ ਅਤੇ ਉਸ ਨੇ ਉਹ ਜਗਵੇਦੀ ਵੇਖੀ, ਜੋ ਦੰਮਿਸ਼ਕ ਵਿੱਚ ਸੀ ਅਤੇ ਆਹਾਜ਼ ਰਾਜਾ ਨੇ ਉਸ ਜਗਵੇਦੀ ਦੀ ਸਮਾਨਤਾ ਦਾ ਨਮੂਨਾ ਉਸ ਦੀ ਸਾਰੀ ਕਾਰੀਗਰੀ ਦੇ ਅਨੁਸਾਰ ਊਰੀਯਾਹ ਜਾਜਕ ਦੇ ਕੋਲ ਭੇਜਿਆ ।

11ਊਰੀਯਾਹ ਜਾਜਕ ਨੇ ਆਹਾਜ਼ ਰਾਜਾ ਦੀ ਦੰਮਿਸ਼ਕ ਤੋਂ ਭੇਜੀ ਹੋਈ ਆਗਿਆ ਦੇ ਅਨੁਸਾਰ ਇੱਕ ਜਗਵੇਦੀ ਬਣਾਈ ਅਤੇ ਆਹਾਜ਼ ਰਾਜਾ ਦੇ ਦੰਮਿਸ਼ਕ ਤੋਂ ਵਾਪਸ ਆਉਣ ਤੱਕ ਊਰੀਯਾਹ ਜਾਜਕ ਨੇ ਉਸ ਨੂੰ ਬਣਾ ਲਿਆ ।

12ਜਦ ਰਾਜਾ ਦੰਮਿਸ਼ਕ ਤੋਂ ਮੁੜਿਆ ਤਾਂ ਰਾਜਾ ਨੇ ਜਗਵੇਦੀ ਵੇਖੀ ਅਤੇ ਰਾਜਾ ਨੇ ਜਗਵੇਦੀ ਦੇ ਨੇੜੇ ਜਾ ਕੇ ਉਸ ਦੇ ਉੱਤੇ ਬਲੀ ਚੜ੍ਹਾਈ ।

13ਉਸ ਨੇ ਉਸ ਜਗਵੇਦੀ ਉੱਤੇ ਆਪਣੀ ਹੋਮ ਦੀ ਬਲੀ ਅਤੇ ਆਪਣੇ ਮੈਦੇ ਦੀ ਬਲੀ ਸਾੜੀ ਅਤੇ ਆਪਣੀ ਪੀਣ ਦੀ ਭੇਂਟ ਡੋਹਲ ਕੇ ਆਪਣੀ ਸੁੱਖ-ਸਾਂਦ ਦੀਆਂ ਬਲੀਆਂ ਦਾ ਲਹੂ ਜਗਵੇਦੀ ਉੱਤੇ ਛਿੜਕਿਆ ।

14ਪਿੱਤਲ ਦੀ ਉਸ ਜਗਵੇਦੀ ਨੂੰ, ਜੋ ਯਹੋਵਾਹ ਦੇ ਅੱਗੇ ਸੀ ਉਸ ਨੇ ਹੈਕਲ ਦੇ ਸਾਹਮਣਿਓਂ ਯਹੋਵਾਹ ਦੇ ਭਵਨ ਤੇ ਆਪਣੀ ਜਗਵੇਦੀ ਦੇ ਵਿਚਕਾਰ ਹਟਾ ਕੇ ਆਪਣੀ ਜਗਵੇਦੀ ਦੇ ਉੱਤਰ ਵੱਲ ਰੱਖ ਦਿੱਤਾ ।

15ਆਹਾਜ਼ ਰਾਜਾ ਨੇ ਇਹ ਆਖ ਕੇ ਊਰੀਯਾਹ ਜਾਜਕ ਨੂੰ ਆਗਿਆ ਦਿੱਤੀ ਕਿ ਸਵੇਰ ਦੀ ਹੋਮ ਬਲੀ, ਸ਼ਾਮ ਦੀ ਮੈਦੇ ਦੀ ਭੇਂਟ, ਰਾਜਾ ਦੀ ਹੋਮ ਬਲੀ ਅਤੇ ਉਸ ਦੀ ਮੈਦੇ ਦੀ ਭੇਂਟ, ਦੇਸ ਦੇ ਸਾਰੇ ਲੋਕਾਂ ਦੀ ਹੋਮ ਬਲੀ ਅਤੇ ਉਨ੍ਹਾਂ ਦੀ ਮੈਦੇ ਦੀ ਭੇਂਟ ਅਤੇ ਉਨ੍ਹਾਂ ਦੀਆਂ ਪੀਣ ਦੀਆਂ ਭੇਂਟਾਂ ਵੱਡੀ ਜਗਵੇਦੀ ਤੇ ਚੜ੍ਹਾਇਆ ਕਰ । ਹੋਮ ਬਲੀ ਦਾ ਸਾਰਾ ਲਹੂ ਅਤੇ ਕੁਰਬਾਨੀ ਦਾ ਸਾਰਾ ਲਹੂ ਉਸ ਦੇ ਉੱਤੇ ਛਿੜਕਿਆ ਕਰ ਪਰ ਪਿੱਤਲ ਦੀ ਜਗਵੇਦੀ ਮੇਰੇ ਪੁੱਛਗਿੱਛ ਕਰਨ ਦੇ ਲਈ ਹੋਵੇਗੀ ।

16ਊਰੀਯਾਹ ਜਾਜਕ ਨੇ ਆਹਾਜ਼ ਰਾਜਾ ਦੀ ਆਗਿਆ ਦੇ ਅਨੁਸਾਰ ਸਭ ਕੁਝ ਕੀਤਾ ।

17ਤਦ ਆਹਾਜ਼ ਰਾਜਾ ਨੇ ਕੁਰਸੀਆਂ ਦੀਆਂ ਪਟੜੀਆਂ ਨੂੰ ਕੱਟ ਕੇ ਉਹਨਾਂ ਦੇ ਉੱਪਰਲੇ ਹੌਦ ਨੂੰ ਲਾਹ ਦਿੱਤਾ ਅਤੇ ਸਾਗਰੀ ਹੌਦ ਨੂੰ ਪਿੱਤਲ ਦੇ ਬਲਦਾਂ ਉੱਤੋਂ ਜੋ ਉਹ ਦੇ ਥੱਲੇ ਸਨ, ਲਾਹ ਕੇ ਪੱਥਰਾਂ ਦੇ ਫ਼ਰਸ਼ ਉੱਤੇ ਰੱਖ ਦਿੱਤਾ ।

18ਉਸ ਨੇ ਉਹ ਛੱਤਿਆ ਹੋਇਆ ਰਾਹ, ਜਿਸ ਨੂੰ ਉਨ੍ਹਾਂ ਨੇ ਸਬਤ ਦੇ ਲਈ ਹੈਕਲ ਦੇ ਵਿੱਚ ਬਣਾਇਆ ਸੀ ਅਤੇ ਰਾਜਾ ਦੇ ਬਾਹਰਲੇ ਫਾਟਕ ਨੂੰ ਅੱਸ਼ੂਰ ਦੇ ਰਾਜਾ ਦੇ ਕਾਰਨ ਯਹੋਵਾਹ ਦੇ ਭਵਨ ਤੋਂ ਹਟਾ ਦਿੱਤਾ ।

19ਆਹਾਜ਼ ਦੀ ਬਾਕੀ ਘਟਨਾ ਅਤੇ ਜੋ ਕੁਝ ਉਹ ਨੇ ਕੀਤਾ, ਕੀ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ ?

20ਆਹਾਜ਼ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਆਪਣੇ ਪਿਉ-ਦਾਦਿਆਂ ਨਾਲ ਦਾਊਦ ਦੇ ਸ਼ਹਿਰ ਵਿੱਚ ਦੱਬਿਆ ਗਿਆ ਫਿਰ ਉਸ ਦਾ ਪੁੱਤਰ ਹਿਜ਼ਕੀਯਾਹ ਉਸ ਦੇ ਥਾਂ ਰਾਜ ਕਰਨ ਲੱਗਾ ।


  Share Facebook  |  Share Twitter

 <<  2 Kings 16 >> 


Bible2india.com
© 2010-2025
Help
Dual Panel

Laporan Masalah/Saran