1ਇਸਰਾਏਲ ਦੇ ਰਾਜਾ ਯਾਰਾਬੁਆਮ ਦੇ ਸਤਾਈਵੇਂ ਸਾਲ ਯਹੂਦਾਹ ਦੇ ਰਾਜਾ ਅਮਸਯਾਹ ਦਾ ਪੁੱਤਰ ਅਜ਼ਰਯਾਹ ਰਾਜ ਕਰਨ ਲੱਗਾ ।
2ਜਦ ਉਹ ਰਾਜ ਕਰਨ ਲੱਗਾ ਤਾਂ ਸੋਲ਼ਾਂ ਸਾਲਾਂ ਦਾ ਸੀ ਅਤੇ ਉਸ ਨੇ ਯਰੂਸ਼ਲਮ ਵਿੱਚ ਬਵੰਜਾ ਸਾਲ ਰਾਜ ਕੀਤਾ, ਉਸ ਦੀ ਮਾਤਾ ਦਾ ਨਾਮ ਯਕਾਲਯਾਹ ਸੀ ਜੋ ਯਰੂਸ਼ਲਮ ਦੀ ਸੀ ।
3ਜਿਵੇਂ ਉਸ ਦੇ ਪਿਤਾ ਅਮਸਯਾਹ ਨੇ ਕੀਤਾ ਸੀ, ਉਸ ਨੇ ਵੀ ਉਹ ਹੀ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ।
4ਤਾਂ ਵੀ ਉੱਚੇ ਥਾਂ ਢਾਏ ਨਾ ਗਏ । ਅਜੇ ਤੱਕ ਲੋਕ ਉੱਚਿਆਂ ਥਾਵਾਂ ਤੇ ਬਲੀਆਂ ਚੜ੍ਹਾਉਂਦੇ ਅਤੇ ਧੂਪ ਧੁਖਾਉਂਦੇ ਸਨ ।
5ਯਹੋਵਾਹ ਨੇ ਰਾਜਾ ਨੂੰ ਅਜਿਹਾ ਮਾਰਿਆ ਕਿ ਉਹ ਆਪਣੇ ਮਰਨ ਦੇ ਦਿਨ ਤੱਕ ਕੋੜ੍ਹੀ ਰਿਹਾ ਅਤੇ ਇੱਕ ਅਲੱਗ ਘਰ ਵਿੱਚ ਰਹਿੰਦਾ ਸੀ, ਰਾਜਾ ਦਾ ਪੁੱਤਰ ਯੋਥਾਮ ਘਰ ਦੀ ਦੇਖ-ਭਾਲ ਅਤੇ ਦੇਸ ਦੇ ਲੋਕਾਂ ਦਾ ਨਿਆਂ ਕਰਦਾ ਸੀ ।
6ਅਜ਼ਰਯਾਹ ਦੀ ਬਾਕੀ ਘਟਨਾ ਅਤੇ ਸਭ ਕੁਝ ਜੋ ਉਸ ਨੇ ਕੀਤਾ ਕੀ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ ?
7ਅਜ਼ਰਯਾਹ ਆਪਣੇ ਪਿਉ-ਦਾਦਿਆਂ ਦੇ ਨਾਲ ਸੌਂ ਗਿਆ ਉਹਨਾਂ ਨੇ ਉਸ ਨੂੰ ਉਸ ਦੇ ਪਿਉ-ਦਾਦਿਆਂ ਨਾਲ ਦਾਊਦ ਦੇ ਸ਼ਹਿਰ ਵਿੱਚ ਦੱਬ ਦਿੱਤਾ, ਉਸ ਦਾ ਪੁੱਤਰ ਯੋਥਾਮ ਉਸ ਦੇ ਥਾਂ ਰਾਜ ਕਰਨ ਲੱਗਾ ।
8ਯਹੂਦਾਹ ਦੇ ਰਾਜਾ ਅਜ਼ਰਯਾਹ ਦੇ ਅਠੱਤੀਵੇਂ ਸਾਲ ਯਾਰਾਬੁਆਮ ਦਾ ਪੁੱਤਰ ਜ਼ਕਰਯਾਹ ਸਾਮਰਿਯਾ ਵਿੱਚ ਇਸਰਾਏਲ ਉੱਤੇ ਰਾਜ ਕਰਨ ਲੱਗਾ, ਉਸ ਨੇ ਛੇ ਮਹੀਨੇ ਤੱਕ ਰਾਜ ਕੀਤਾ ।
9ਉਸ ਨੇ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ, ਜਿਵੇਂ ਉਸ ਦੇ ਪਿਉ-ਦਾਦਿਆਂ ਨੇ ਵੀ ਕੀਤਾ ਸੀ । ਉਸ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਉਨ੍ਹਾਂ ਪਾਪਾਂ ਤੋਂ ਮੂੰਹ ਨਾ ਮੋੜਿਆ, ਜੋ ਉਹ ਨੇ ਇਸਰਾਏਲ ਤੋਂ ਕਰਵਾਏ ਸਨ ।
10ਤਦ ਯਾਬੇਸ਼ ਦੇ ਪੁੱਤਰ ਸ਼ੱਲੁਮ ਨੇ ਉਸ ਦੇ ਵਿਰੁੱਧ ਯੋਜਨਾ ਬਣਾਈ ਅਤੇ ਲੋਕਾਂ ਦੇ ਸਾਹਮਣੇ ਉਸ ਨੂੰ ਕੁੱਟ-ਕੁੱਟ ਕੇ ਮਾਰ ਛੱਡਿਆ ਅਤੇ ਉਸ ਦੇ ਥਾਂ ਰਾਜ ਕਰਨ ਲੱਗਾ ।
11ਵੇਖੋ, ਜ਼ਕਰਯਾਹ ਦੀ ਬਾਕੀ ਘਟਨਾ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੀ ਹੋਈ ਹੈ ।
12ਯਹੋਵਾਹ ਦਾ ਉਹ ਬਚਨ ਜਿਹੜਾ ਉਸ ਨੇ ਯੇਹੂ ਨਾਲ ਕੀਤਾ ਸੀ, ਇਹ ਹੀ ਸੀ ਕਿ ਤੇਰੇ ਪੁੱਤਰ ਚੌਥੀ ਪੀੜ੍ਹੀ ਤੱਕ ਇਸਰਾਏਲ ਦੀ ਰਾਜ ਗੱਦੀ ਉੱਤੇ ਬੈਠਣਗੇ ਅਤੇ ਉਸੇ ਤਰ੍ਹਾਂ ਹੀ ਹੋਇਆ ।
13ਯਹੂਦਾਹ ਦੇ ਰਾਜਾ ਉੱਜ਼ੀਯਾਹ ਦੇ ਉੱਨਤਾਲੀਵੇਂ ਸਾਲ ਯਾਬੇਸ਼ ਦਾ ਪੁੱਤਰ ਸ਼ੱਲੁਮ ਰਾਜ ਕਰਨ ਲੱਗਾ ਅਤੇ ਉਸ ਨੇ ਸਾਮਰਿਯਾ ਵਿੱਚ ਮਹੀਨਾ ਭਰ ਰਾਜ ਕੀਤਾ ।
14ਤਦ ਗਾਦੀ ਦਾ ਪੁੱਤਰ ਮਨਹੇਮ ਤਿਰਸਾਹ ਤੋਂ ਆਇਆ ਅਤੇ ਸਾਮਰਿਯਾ ਵਿੱਚ ਪਹੁੰਚ ਗਿਆ, ਯਾਬੇਸ਼ ਦੇ ਪੁੱਤਰ ਸ਼ੱਲੁਮ ਨੂੰ ਸਾਮਰਿਯਾ ਵਿੱਚ ਮਾਰਿਆ ਅਤੇ ਉਸ ਨੂੰ ਘਾਤ ਕਰਕੇ ਉਸ ਦੇ ਥਾਂ ਰਾਜ ਕਰਨ ਲੱਗ ਪਿਆ ।
15ਸ਼ੱਲੁਮ ਦੀ ਬਾਕੀ ਘਟਨਾ ਅਤੇ ਜੋ ਯੋਜਨਾ ਉਸ ਨੇ ਬਣਾਈ, ਵੇਖੋ, ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ ।
16ਤਦ ਮਨਹੇਮ ਨੇ ਤਿਰਸਾਹ ਤੋਂ ਜਾ ਕੇ ਤਿਫਸਹ ਨੂੰ ਅਤੇ ਉਨ੍ਹਾਂ ਸਭਨਾਂ ਨੂੰ ਜੋ ਉਹ ਦੇ ਵਿੱਚ ਸਨ, ਉਹ ਦੀਆਂ ਹੱਦਾਂ ਨੂੰ ਮਾਰਿਆ ਕਿਉਂ ਜੋ ਉਨ੍ਹਾਂ ਨੇ ਫਾਟਕ ਨਾ ਖੋਲ੍ਹੇ, ਇਸ ਲਈ ਉਹ ਨੇ ਉਨ੍ਹਾਂ ਨੂੰ ਮਾਰਿਆ ਅਤੇ ਉਹ ਨੇ ਉੱਥੇ ਦੀਆਂ ਸਾਰੀਆਂ ਗਰਭਵਤੀ ਔਰਤਾਂ ਨੂੰ ਚੀਰ ਦਿੱਤਾ ।
17ਯਹੂਦਾਹ ਦੇ ਰਾਜਾ ਅਜ਼ਰਯਾਹ ਦੇ ਉੱਨਤਾਲੀਵੇਂ ਸਾਲ ਗਾਦੀ ਦਾ ਪੁੱਤਰ ਮਨਹੇਮ ਇਸਰਾਏਲ ਉੱਤੇ ਰਾਜ ਕਰਨ ਲੱਗਾ । ਉਹ ਨੇ ਸਾਮਰਿਯਾ ਵਿੱਚ ਦਸ ਸਾਲ ਰਾਜ ਕੀਤਾ ।
18ਉਸ ਨੇ ਉਹ ਕੰਮ ਕੀਤਾ, ਜਿਹੜਾ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ । ਉਹ ਨੇ ਨਾਬਾਟ ਦੇ ਪੁੱਤਰ ਯਾਰਾਬੁਆਮ ਦੇ ਉਨ੍ਹਾਂ ਪਾਪਾਂ ਤੋਂ ਜੋ ਉਸ ਨੇ ਇਸਰਾਏਲ ਤੋਂ ਕਰਵਾਏ ਸਨ, ਸਾਰੀ ਉਮਰ ਮੂੰਹ ਨਾ ਮੋੜਿਆ ।
19ਅੱਸ਼ੂਰ ਦਾ ਰਾਜਾ ਪੂਲ ਉਸ ਦੇਸ ਉੱਤੇ ਹਮਲਾ ਕੀਤਾ, ਮਨਹੇਮ ਨੇ ਪੂਲ ਨੂੰ ਇੱਕ ਹਜ਼ਾਰ ਤੋੜੇ ਚਾਂਦੀ ਦਿੱਤੀ ਤਾਂ ਜੋ ਉਹ ਉਸ ਦੀ ਸਹਾਇਤਾ ਕਰੇ ਅਤੇ ਰਾਜ ਨੂੰ ਉਹ ਦੇ ਹੱਥਾਂ ਵਿੱਚ ਸਥਿਰ ਕਰ ਦੇਵੇ ।
20ਮਨਹੇਮ ਨੇ ਉਹ ਚਾਂਦੀ ਇਸਰਾਏਲ ਦੇ ਸਾਰਿਆਂ ਧਨੀ ਪੁਰਸ਼ਾਂ ਕੋਲੋਂ ਇੱਕ ਮਨੁੱਖ ਪਿੱਛੇ ਪੰਜਾਹ ਰੁਪਏ ਧੱਕੇ ਨਾਲ ਲਏ ਤਾਂ ਜੋ ਉਹ ਅੱਸ਼ੂਰ ਦੇ ਰਾਜਾ ਨੂੰ ਦੇਵੇ । ਅੱਸ਼ੂਰ ਦੇ ਰਾਜਾ ਨੇ ਪਿੱਠ ਮੋੜੀ ਅਤੇ ਉਸ ਦੇਸ ਵਿੱਚ ਨਾ ਠਹਿਰਿਆ ।
21ਮਨਹੇਮ ਦੀ ਬਾਕੀ ਘਟਨਾ ਅਤੇ ਸਭ ਕੁਝ ਜੋ ਉਹ ਨੇ ਕੀਤਾ, ਕੀ ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ ?
22ਮਨਹੇਮ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ, ਉਹ ਦਾ ਪੁੱਤਰ ਪਕਹਯਾਹ ਉਹ ਦੇ ਥਾਂ ਰਾਜ ਕਰਨ ਲੱਗਾ ।
23ਯਹੂਦਾਹ ਦੇ ਰਾਜਾ ਅਜ਼ਰਯਾਹ ਦੇ ਪੰਜਾਹਵੇਂ ਸਾਲ ਮਨਹੇਮ ਦਾ ਪੁੱਤਰ ਪਕਹਯਾਹ ਸਾਮਰਿਯਾ ਵਿੱਚ ਇਸਰਾਏਲ ਉੱਤੇ ਰਾਜ ਕਰਨ ਲੱਗਾ, ਉਸ ਨੇ ਦੋ ਸਾਲ ਰਾਜ ਕੀਤਾ ।
24ਉਸ ਨੇ ਉਹ ਕੰਮ ਕੀਤਾ, ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ । ਉਹ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਉਨ੍ਹਾਂ ਪਾਪਾਂ ਤੋਂ ਮੂੰਹ ਨਾ ਮੋੜਿਆ, ਜੋ ਉਸ ਨੇ ਇਸਰਾਏਲ ਤੋਂ ਕਰਵਾਏ ਸਨ ।
25ਰਮਲਯਾਹ ਦੇ ਪੁੱਤਰ ਪਕਹ ਨੇ ਜੋ ਉਹ ਦਾ ਇੱਕ ਅਹੁਦੇਦਾਰ ਸੀ, ਉਸ ਦੇ ਵਿਰੁੱਧ ਮਤਾ ਪਕਾਇਆ ਅਤੇ ਸਾਮਰਿਯਾ ਵਿੱਚ ਰਾਜਾ ਦੇ ਆਪਣੇ ਮਹਿਲ ਵਿੱਚ ਉਸ ਨੂੰ ਅਰਗੋਬ ਅਤੇ ਅਰਯੇਹ ਦੇ ਨਾਲ ਮਾਰਿਆ, ਗਿਲਆਦੀਆਂ ਦੇ ਪੁੱਤਰਾਂ ਵਿੱਚੋਂ ਪੰਜਾਹ ਮਨੁੱਖ ਉਸ ਦੇ ਨਾਲ ਸਨ, ਉਸ ਨੇ ਉਹ ਨੂੰ ਮਾਰ ਛੱਡਿਆ ਅਤੇ ਉਹ ਦੇ ਥਾਂ ਰਾਜ ਕਰਨ ਲੱਗਾ ।
26ਪਕਹਯਾਹ ਦੀ ਬਾਕੀ ਘਟਨਾ ਅਤੇ ਸਭ ਕੁਝ ਜੋ ਉਹ ਨੇ ਕੀਤਾ, ਵੇਖੋ, ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ ।
27ਯਹੂਦਾਹ ਦੇ ਰਾਜਾ ਅਜ਼ਰਯਾਹ ਦੇ ਬਵੰਜਵੇਂ ਸਾਲ ਰਮਲਯਾਹ ਦਾ ਪੁੱਤਰ ਪਕਹ, ਸਾਮਰਿਯਾ ਵਿੱਚ ਇਸਰਾਏਲ ਉੱਤੇ ਰਾਜ ਕਰਨ ਲੱਗਾ ਅਤੇ ਉਸ ਨੇ ਵੀਹ ਸਾਲ ਰਾਜ ਕੀਤਾ ।
28ਉਸ ਨੇ ਉਹ ਕੰਮ ਕੀਤਾ, ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ । ਉਸ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਉਨ੍ਹਾਂ ਪਾਪਾਂ ਤੋਂ ਮੂੰਹ ਨਾ ਮੋੜਿਆ ਜੋ ਉਸ ਨੇ ਇਸਰਾਏਲ ਤੋਂ ਕਰਵਾਏ ਸਨ ।
29ਇਸਰਾਏਲ ਦੇ ਰਾਜਾ ਪਕਹ ਦੇ ਦਿਨਾਂ ਵਿੱਚ ਅੱਸ਼ੂਰ ਦੇ ਰਾਜਾ ਤਿਗਲਥ ਪਿਲਸਰ ਨੇ ਆ ਕੇ ਈਯੋਨ, ਆਬੇਲ-ਬੈਤ-ਮਆਕਾਹ, ਯਾਨੋਆਹ, ਕਦਸ਼, ਹਾਸੋਰ, ਗਿਲਆਦ, ਗਾਲੀਲ ਅਤੇ ਨਫਤਾਲੀ ਦੇ ਸਾਰੇ ਦੇਸ ਨੂੰ ਲੈ ਲਿਆ ਅਤੇ ਉਹਨਾਂ ਨੂੰ ਗੁਲਾਮ ਕਰਕੇ ਅੱਸ਼ੂਰ ਨੂੰ ਲੈ ਗਿਆ ।
30ਏਲਾਹ ਦੇ ਪੁੱਤਰ ਹੋਸ਼ੇਆ ਨੇ ਰਮਲਯਾਹ ਦੇ ਪੁੱਤਰ ਪਕਹ ਦੇ ਵਿਰੁੱਧ ਯੋਜਨਾ ਬਣਾਈ ਅਤੇ ਉਸ ਨੂੰ ਮਾਰਿਆ, ਉਸ ਨੂੰ ਘਾਤ ਕਰਕੇ ਉੱਜ਼ੀਯਾਹ ਦੇ ਪੁੱਤਰ ਯੋਥਾਮ ਦੇ ਵੀਹਵੇਂ ਸਾਲ ਉਸ ਦੇ ਥਾਂ ਰਾਜ ਕਰਨ ਲੱਗਾ ।
31ਪਕਹ ਦੀ ਬਾਕੀ ਘਟਨਾ ਅਤੇ ਸਭ ਕੁਝ ਜੋ ਉਸ ਨੇ ਕੀਤਾ, ਵੇਖੋ, ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ ।
32ਰਮਲਯਾਹ ਦਾ ਪੁੱਤਰ ਪਕਹ, ਜੋ ਇਸਰਾਏਲ ਦਾ ਰਾਜਾ ਸੀ, ਉਸ ਦੇ ਦੂਜੇ ਸਾਲ ਯਹੂਦਾਹ ਦੇ ਰਾਜਾ ਉੱਜ਼ੀਯਾਹ ਦਾ ਪੁੱਤਰ ਯੋਥਾਮ ਰਾਜ ਕਰਨ ਲੱਗਾ ।
33ਜਦ ਉਹ ਪੱਚੀ ਸਾਲਾਂ ਦਾ ਸੀ, ਉਸ ਸਮੇ ਰਾਜ ਕਰਨ ਲੱਗਾ ਅਤੇ ਉਸ ਨੇ ਸੋਲ਼ਾਂ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ, ਉਸ ਦੀ ਮਾਤਾ ਦਾ ਨਾਮ ਯਰੂਸ਼ਾ ਸੀ, ਜੋ ਸਾਦੋਕ ਦੀ ਧੀ ਸੀ ।
34ਉਹ ਸਭ ਕੁਝ ਜੋ ਉਸ ਦੇ ਪਿਉ ਉੱਜ਼ੀਯਾਹ ਨੇ ਕੀਤਾ ਸੀ, ਉਸੇ ਤਰ੍ਹਾਂ ਹੀ ਉਸ ਨੇ ਵੀ ਕੀਤਾ, ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ ।
35ਕੇਵਲ ਉਨ੍ਹਾਂ ਨੇ ਉੱਚੀਆਂ ਥਾਵਾਂ ਨੂੰ ਨਾ ਢਾਹਿਆ । ਅੱਜ ਤੱਕ ਲੋਕ ਉੱਚਿਆਂ ਥਾਵਾਂ ਤੇ ਬਲੀਆਂ ਚੜ੍ਹਾਉਂਦੇ ਅਤੇ ਧੂਪ ਧੁਖਾਉਂਦੇ ਸਨ । ਉਸ ਨੇ ਯਹੋਵਾਹ ਦੇ ਘਰ ਦਾ ਉੱਪਰਲਾ ਫਾਟਕ ਬਣਾਇਆ ।
36ਯੋਥਾਮ ਦੀ ਬਾਕੀ ਘਟਨਾ ਅਤੇ ਜੋ ਕੁਝ ਉਸ ਨੇ ਕੀਤਾ, ਕੀ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ ?
37ਉਹਨਾਂ ਦਿਨਾਂ ਵਿੱਚ ਯਹੋਵਾਹ ਅਰਾਮ ਦੇ ਰਾਜਾ ਰਸੀਨ ਨੂੰ ਅਤੇ ਰਮਲਯਾਹ ਦੇ ਪੁੱਤਰ ਪਕਹ ਨੂੰ ਯਹੂਦਾਹ ਦੇ ਵਿਰੁੱਧ ਭੇਜਣ ਲੱਗਾ ।
38ਯੋਥਾਮ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ, ਆਪਣੇ ਪਿਤਾ ਦਾਊਦ ਦੇ ਸ਼ਹਿਰ ਵਿੱਚ ਆਪਣੇ ਪਿਉ-ਦਾਦਿਆਂ ਨਾਲ ਦੱਬਿਆ ਗਿਆ ਅਤੇ ਉਸ ਦਾ ਪੁੱਤਰ ਆਹਾਜ਼ ਉਸ ਦੇ ਥਾਂ ਰਾਜ ਕਰਨ ਲੱਗਾ ।