Bible 2 India Mobile
[VER] : [PUNJABI]     [PL]  [PB] 
 <<  2 Kings 14 >> 

1ਇਸਰਾਏਲ ਦੇ ਰਾਜਾ ਯਹੋਆਹਾਜ਼ ਦੇ ਪੁੱਤਰ ਯੋਆਸ਼ ਦੇ ਦੂਜੇ ਸਾਲ ਯਹੂਦਾਹ ਦੇ ਰਾਜਾ ਯੋਆਸ਼ ਦਾ ਪੁੱਤਰ ਅਮਸਯਾਹ ਰਾਜ ਕਰਨ ਲੱਗਾ ।

2ਜਦ ਉਹ ਰਾਜ ਕਰਨ ਲੱਗਾ ਤਦ ਉਹ ਪੱਚੀ ਸਾਲਾਂ ਦਾ ਸੀ ਅਤੇ ਉਸ ਨੇ ਉਨੱਤੀ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ, ਉਹ ਦੀ ਮਾਤਾ ਦਾ ਨਾਮ ਯਹੋਅੱਦੀਨ ਸੀ, ਜੋ ਯਰੂਸ਼ਲਮ ਦੀ ਸੀ ।

3ਜੋ ਯਹੋਵਾਹ ਦੀ ਨਿਗਾਹ ਵਿੱਚ ਚੰਗਾ ਸੀ, ਉਸ ਨੇ ਕੀਤਾ ਪਰ ਆਪਣੇ ਪਿਤਾ ਦਾਊਦ ਵਾਂਗੂੰ ਨਹੀਂ । ਜਿਵੇਂ ਉਹ ਦੇ ਪਿਤਾ ਯੋਆਸ਼ ਨੇ ਕੀਤਾ ਉਸੇ ਤਰ੍ਹਾਂ ਉਹ ਨੇ ਸਭ ਕੁਝ ਕੀਤਾ ।

4ਉਨ੍ਹਾਂ ਨੇ ਉੱਚਿਆਂ ਥਾਵਾਂ ਨੂੰ ਨਾ ਢਾਹਿਆ । ਅਜੇ ਤੱਕ ਲੋਕ ਉੱਚਿਆਂ ਥਾਵਾਂ ਤੇ ਬਲੀਆਂ ਚੜ੍ਹਾਉਂਦੇ ਅਤੇ ਧੂਪ ਧੁਖਾਉਂਦੇ ਸਨ ।

5ਅਜਿਹਾ ਹੋਇਆ ਕਿ ਜਿਵੇਂ ਹੀ ਰਾਜ ਉਹ ਦੇ ਹੱਥ ਵਿੱਚ ਸਥਿਰ ਹੋ ਗਿਆ ਉਸੇ ਤਰ੍ਹਾਂ ਹੀ ਉਹ ਨੇ ਆਪਣਿਆਂ ਉਨ੍ਹਾਂ ਸੇਵਕਾਂ ਨੂੰ ਮਾਰ ਛੱਡਿਆ, ਜਿਨ੍ਹਾਂ ਨੇ ਉਹ ਦੇ ਪਿਤਾ ਨੂੰ ਮਾਰਿਆ ਸੀ, ਜੋ ਰਾਜਾ ਸੀ ।

6ਪਰ ਉਹ ਦੇ ਮਾਰਨ ਵਾਲਿਆਂ ਦੇ ਪੁੱਤਰਾਂ ਨੂੰ ਉਹ ਨੇ ਨਾ ਮਾਰਿਆ ਕਿਉਂ ਜੋ ਮੂਸਾ ਦੀ ਬਿਵਸਥਾ ਦੀ ਪੋਥੀ ਵਿੱਚ ਜਿਵੇਂ ਯਹੋਵਾਹ ਨੇ ਆਗਿਆ ਦਿੱਤੀ, ਅਜਿਹਾ ਲਿਖਿਆ ਹੈ ਕਿ ਪੁੱਤਰਾਂ ਦੇ ਬਦਲੇ ਪਿਤਾ ਨਾ ਮਾਰੇ ਜਾਣ ਅਤੇ ਨਾ ਪਿਤਾਵਾਂ ਦੇ ਬਦਲੇ ਪੁੱਤਰ ਮਾਰੇ ਜਾਣ ਪਰ ਹਰ ਆਦਮੀ ਆਪਣੇ ਹੀ ਪਾਪ ਦੇ ਕਾਰਨ ਮਾਰਿਆ ਜਾਵੇ ।

7ਉਹ ਨੇ ਲੂਣ ਦੀ ਘਾਟੀ ਵਿੱਚ ਦਸ ਹਜ਼ਾਰ ਅਦੋਮੀ ਮਾਰੇ ਅਤੇ ਸਲਾ ਨੂੰ ਜੁੱਧ ਕਰਕੇ ਲੈ ਲਿਆ ਅਤੇ ਉਹ ਦਾ ਨਾਮ ਯਾਕਤੇਲ ਰੱਖਿਆ, ਜਿਹੜਾ ਅੱਜ ਦੇ ਦਿਨ ਤੱਕ ਹੈ ।

8ਤਦ ਅਮਸਯਾਹ ਨੇ ਇਸਰਾਏਲ ਦੇ ਰਾਜਾ ਯਹੋਆਸ਼ ਦੇ ਕੋਲ ਜੋ ਯੇਹੂ ਦਾ ਪੋਤਾ ਅਤੇ ਯਹੋਆਹਾਜ਼ ਦਾ ਪੁੱਤਰ ਸੀ, ਸੰਦੇਸ਼ਵਾਹਕਾਂ ਨੂੰ ਸੁਨੇਹਾ ਭੇਜਿਆ ਕਿ ਹੁਣ ਆ ਅਸੀਂ ਇੱਕ ਦੂਜੇ ਦੇ ਆਹਮੋ ਸਾਹਮਣੇ ਵੇਖੀਏ ।

9ਤਦ ਇਸਰਾਏਲ ਦੇ ਰਾਜਾ ਯਹੋਆਸ਼ ਨੇ ਯਹੂਦਾਹ ਦੇ ਰਾਜਾ ਅਮਸਯਾਹ ਨੂੰ ਇਹ ਸੁਨੇਹਾ ਭੇਜਿਆ ਕਿ ਲਬਾਨੋਨ ਦੇ ਕੰਡਿਆਲੇ ਨੇ ਲਬਾਨੋਨ ਦੇ ਦਿਆਰ ਨੂੰ ਸੁਨੇਹਾ ਭੇਜਿਆ ਕਿ ਆਪਣੀ ਧੀ ਨੂੰ ਮੇਰੇ ਪੁੱਤਰ ਨਾਲ ਵਿਆਹ ਦੇ ਅਤੇ ਇੱਕ ਜੰਗਲੀ ਜਨੌਰ ਜੋ ਲਬਾਨੋਨ ਵਿੱਚ ਸੀ, ਕੋਲੋਂ ਦੀ ਲੰਘਿਆ ਅਤੇ ਕੰਡਿਆਲੇ ਨੂੰ ਮਿੱਧ ਛੱਡਿਆ ।

10ਤੂੰ ਅਦੋਮ ਨੂੰ ਮਾਰਿਆ ਹੈ ਅਤੇ ਤੇਰੇ ਮਨ ਦਾ ਘੁਮੰਡ ਤੈਨੂੰ ਚੁੱਕਦਾ ਹੈ । ਘਰ ਵਿੱਚ ਰਹਿ ਕੇ ਘੁਮੰਡ ਕਰ । ਭਲਾ, ਤੂੰ ਕਿਉਂ ਬਿਪਤਾ ਨੂੰ ਛੇੜੇਂ ਤੇ ਡਿੱਗੇਂ ਅਤੇ ਤੇਰੇ ਨਾਲ ਹੀ ਯਹੂਦਾਹ ਵੀ ?

11ਪਰ ਅਮਸਯਾਹ ਨੇ ਧਿਆਨ ਨਾ ਕੀਤਾ ਤਦ ਇਸਰਾਏਲ ਦੇ ਰਾਜਾ ਯਹੋਆਸ਼ ਨੇ ਚੜ੍ਹਾਈ ਕੀਤੀ ਅਤੇ ਉਸ ਤੇ ਯਹੂਦਾਹ ਦਾ ਰਾਜਾ ਅਮਸਯਾਹ ਬੈਤ-ਸ਼ਮਸ਼ ਵਿੱਚ ਜੋ ਯਹੂਦਾਹ ਦਾ ਹੈ, ਆਹਮੋ ਸਾਹਮਣੇ ਹੋਏ ।

12ਤਦ ਯਹੂਦਾਹ ਇਸਰਾਏਲ ਦੇ ਅੱਗੋਂ ਹਾਰ ਗਿਆ ਅਤੇ ਉਨ੍ਹਾਂ ਵਿੱਚੋਂ ਹਰੇਕ ਆਪਣੇ ਤੰਬੂ ਨੂੰ ਭੱਜਾ ।

13ਇਸਰਾਏਲ ਦੇ ਰਾਜਾ ਯਹੋਆਸ਼ ਨੇ ਯਹੂਦਾਹ ਦੇ ਰਾਜਾ ਅਮਸਯਾਹ ਨੂੰ ਜੋ ਅਹਜ਼ਯਾਹ ਦਾ ਪੋਤਾ ਅਤੇ ਯਹੋਆਸ਼ ਦਾ ਪੁੱਤਰ ਸੀ ਬੈਤ-ਸ਼ਮਸ਼ ਵਿੱਚ ਫੜ ਲਿਆ ਅਤੇ ਯਰੂਸ਼ਲਮ ਵਿੱਚ ਵੜਿਆ ਅਤੇ ਯਰੂਸ਼ਲਮ ਦੀ ਸ਼ਹਿਰਪਨਾਹ ਇਫਰਾਈਮ ਦੇ ਫਾਟਕ ਤੋਂ ਲੈ ਕੇ ਖੂੰਜੇ ਵਾਲੇ ਫਾਟਕ ਤੱਕ ਚਾਰ ਸੌ ਹੱਥ ਢਾਹ ਦਿੱਤੀ ।

14ਉਸ ਨੇ ਸਾਰਾ ਸੋਨਾ, ਚਾਂਦੀ ਅਤੇ ਸਾਰੇ ਭਾਂਡੇ ਜੋ ਯਹੋਵਾਹ ਦੇ ਭਵਨ ਵਿੱਚ ਅਤੇ ਰਾਜਾ ਦੇ ਮਹਿਲ ਦੇ ਖਜ਼ਾਨਿਆਂ ਵਿੱਚ ਮਿਲੇ, ਗੁਲਾਮ ਪੁਰਸ਼ਾਂ ਨੂੰ ਨਾਲ ਲੈ ਕੇ ਸਾਮਰਿਯਾ ਨੂੰ ਮੁੜਿਆ ।

15ਯਹੋਆਸ਼ ਦੀ ਬਾਕੀ ਘਟਨਾਵਾਂ ਜੋ ਕੁਝ ਉਸ ਨੇ ਕੀਤਾ ਉਸ ਦੀ ਸਾਮਰਥ ਜਿਸ ਤਰ੍ਹਾਂ ਉਹ ਯਹੂਦਾਹ ਦੇ ਰਾਜਾ ਅਮਸਯਾਹ ਨਾਲ ਲੜਿਆ, ਕੀ ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ ?

16ਯਹੋਆਸ਼ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ, ਸਾਮਰਿਯਾ ਵਿੱਚ ਇਸਰਾਏਲ ਦੇ ਰਾਜਿਆਂ ਨਾਲ ਦੱਬਿਆ ਗਿਆ ਅਤੇ ਉਹ ਦਾ ਪੁੱਤਰ ਯਾਰਾਬੁਆਮ ਉਹ ਦੇ ਥਾਂ ਰਾਜ ਕਰਨ ਲੱਗਾ ।

17ਯਹੂਦਾਹ ਦੇ ਰਾਜਾ ਯੋਆਸ਼ ਦਾ ਪੁੱਤਰ ਅਮਸਯਾਹ ਇਸਰਾਏਲ ਦੇ ਰਾਜਾ ਯਹੋਆਹਾਜ਼ ਦੇ ਪੁੱਤਰ ਯਹੋਆਸ਼ ਦੇ ਮਰਨ ਦੇ ਪਿੱਛੋਂ ਪੰਦਰਾਂ ਸਾਲ ਜੀਉਂਦਾ ਰਿਹਾ ।

18ਅਮਸਯਾਹ ਦੀ ਬਾਕੀ ਘਟਨਾ, ਕੀ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖੀ ਹੋਈ ਨਹੀਂ ਹੈ ?

19ਜਦ ਉਨ੍ਹਾਂ ਨੇ ਉਹ ਦੇ ਵਿਰੁੱਧ ਯਰੂਸ਼ਲਮ ਵਿੱਚ ਯੋਜਨਾ ਬਣਾਈ ਤਦ ਉਹ ਲਕੀਸ਼ ਨੂੰ ਭੱਜਿਆ ਪਰ ਉਨ੍ਹਾਂ ਨੇ ਲਕੀਸ਼ ਨੂੰ ਉਹ ਦੇ ਪਿੱਛੇ ਆਦਮੀ ਭੇਜੇ ਅਤੇ ਉੱਥੇ ਉਹ ਨੂੰ ਮਾਰ ਛੱਡਿਆ ।

20ਉਹ ਉਸ ਨੂੰ ਘੋੜਿਆਂ ਉੱਤੇ ਲੈ ਆਏ ਅਤੇ ਉਹ ਯਰੂਸ਼ਲਮ ਦਾਊਦ ਦੇ ਸ਼ਹਿਰ ਵਿੱਚ ਆਪਣੇ ਪਿਉ-ਦਾਦਿਆਂ ਨਾਲ ਦੱਬਿਆ ਗਿਆ ।

21ਯਹੂਦਾਹ ਦੇ ਸਾਰਿਆਂ ਲੋਕਾਂ ਨੇ ਅਜ਼ਰਯਾਹ ਨੂੰ ਜੋ ਸੋਲ਼ਾਂ ਸਾਲਾਂ ਦਾ ਸੀ ਉਹ ਦੇ ਪਿਤਾ ਅਮਸਯਾਹ ਦੇ ਥਾਂ ਰਾਜਾ ਬਣਾਇਆ ।

22ਰਾਜਾ ਦੇ ਆਪਣੇ ਪਿਉ-ਦਾਦਿਆਂ ਨਾਲ ਸੌਂ ਜਾਣ ਦੇ ਮਗਰੋਂ ਉਸ ਨੇ ਏਲਥ ਨੂੰ ਬਣਾਇਆ ਅਤੇ ਉਹ ਨੂੰ ਫੇਰ ਯਹੂਦਾਹ ਵਿੱਚ ਮਿਲਾ ਲਿਆ ।

23ਯਹੂਦਾਹ ਦੇ ਰਾਜਾ ਯੋਆਸ਼ ਦੇ ਪੁੱਤਰ ਅਮਸਯਾਹ ਦੇ ਪੰਦਰਵੇਂ ਸਾਲ ਵਿੱਚ ਇਸਰਾਏਲ ਦੇ ਰਾਜਾ ਯੋਆਸ਼ ਦਾ ਪੁੱਤਰ ਯਾਰਾਬੁਆਮ ਸਾਮਰਿਯਾ ਵਿੱਚ ਰਾਜ ਕਰਨ ਲੱਗਾ ਅਤੇ ਉਸ ਨੇ ਇੱਕਤਾਲੀ ਸਾਲ ਰਾਜ ਕੀਤਾ ।

24ਉਸ ਨੇ ਉਹ ਕੰਮ ਕੀਤਾ ਜਿਹੜਾ ਯਹੋਵਾਹ ਦੀ ਨਿਗਾਹ ਵਿੱਚ ਬੁਰਾ ਸੀ । ਉਹ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਉਨ੍ਹਾਂ ਸਾਰਿਆਂ ਪਾਪਾਂ ਵਿੱਚੋਂ ਕਿਸੇ ਤੋਂ ਮੂੰਹ ਨਾ ਮੋੜਿਆ, ਜੋ ਉਸ ਨੇ ਇਸਰਾਏਲ ਤੋਂ ਕਰਵਾਏ ਸਨ ।

25ਉਸ ਨੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੇ ਉਸ ਬਚਨ ਦੇ ਅਨੁਸਾਰ, ਜੋ ਉਸ ਨੇ ਅਮਿੱਤਈ ਦੇ ਪੁੱਤਰ ਆਪਣੇ ਦਾਸ ਯੂਨਾਹ ਨਬੀ ਦੇ ਰਾਹੀਂ, ਜੋ ਗਥ ਹੇਫਰ ਦਾ ਸੀ ਆਖਿਆ ਸੀ, ਇਸਰਾਏਲ ਦੀ ਹੱਦ ਨੂੰ ਹਮਾਥ ਦੇ ਕੋਲੋਂ ਲੈ ਕੇ ਅਰਾਬਾਹ ਦੇ ਸਮੁੰਦਰ ਤੱਕ ਫਿਰ ਪੁਚਾ ਦਿੱਤਾ ।

26ਇਸ ਲਈ ਜੋ ਯਹੋਵਾਹ ਨੇ ਇਸਰਾਏਲ ਦੇ ਦੁੱਖ ਨੂੰ ਵੇਖਿਆ ਕਿ ਉਹ ਸੱਚ-ਮੁੱਚ ਬਹੁਤ ਕੌੜਾ ਹੈ ਕਿਉਂ ਜੋ ਨਾ ਤਾਂ ਕੋਈ ਗੁਲਾਮ ਨਾ ਨਿਰਬੰਧ ਰਿਹਾ ਅਤੇ ਨਾ ਕੋਈ ਇਸਰਾਏਲ ਦਾ ਸਹਾਇਕ ਸੀ ।

27ਯਹੋਵਾਹ ਨੇ ਇਹ ਵੀ ਨਹੀਂ ਆਖਿਆ ਕਿ ਮੈਂ ਅਕਾਸ਼ ਦੇ ਹੇਠੋਂ ਇਸਰਾਏਲ ਦਾ ਨਾਮ ਮਿਟਾ ਦਿਆਂਗਾ । ਉਸ ਨੇ ਉਨ੍ਹਾਂ ਨੂੰ ਯੋਆਸ਼ ਦੇ ਪੁੱਤਰ ਯਾਰਾਬੁਆਮ ਦੇ ਹੱਥੀਂ ਛੁਟਕਾਰਾ ਦਿੱਤਾ ।

28ਯਾਰਾਬੁਆਮ ਦੀ ਬਾਕੀ ਘਟਨਾ ਅਤੇ ਸਭ ਕੁਝ ਜੋ ਉਹ ਨੇ ਕੀਤਾ, ਉਹ ਦੀ ਸਾਮਰਥ ਜਦ ਉਹ ਨੇ ਯੁੱਧ ਕੀਤਾ ਅਤੇ ਕਿਵੇਂ ਦੰਮਿਸਕ ਅਤੇ ਹਮਾਥ ਨੂੰ ਜੋ ਯਹੂਦਾਹ ਦੇ ਸਨ, ਫੇਰ ਇਸਰਾਏਲ ਦੇ ਲਈ ਮੋੜ ਲਿਆ ਕੀ ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ ?

29ਅਤੇ ਯਾਰਾਬੁਆਮ ਆਪਣੇ ਪਿਉ-ਦਾਦਿਆਂ ਇਸਰਾਏਲ ਦੇ ਰਾਜਿਆਂ ਨਾਲ ਸੌਂ ਗਿਆ ਅਤੇ ਉਸ ਦਾ ਪੁੱਤਰ ਜ਼ਕਰਯਾਹ ਉਹ ਦੇ ਥਾਂ ਰਾਜ ਕਰਨ ਲੱਗਾ ।


  Share Facebook  |  Share Twitter

 <<  2 Kings 14 >> 


Bible2india.com
© 2010-2025
Help
Dual Panel

Laporan Masalah/Saran