Bible 2 India Mobile
[VER] : [PUNJABI]     [PL]  [PB] 
 <<  1 Samuel 7 >> 

1ਤਦ ਕਿਰਯਥ ਯਾਰੀਮ ਦੇ ਲੋਕ ਆਏ ਅਤੇ ਯਹੋਵਾਹ ਦੇ ਸੰਦੂਕ ਨੂੰ ਲੈ ਜਾ ਕੇ ਅਬੀਨਾਦਾਬ ਦੇ ਘਰ ਵਿੱਚ ਰੱਖ ਦਿੱਤਾ ਜੋ ਟਿੱਲੇ ਦੇ ਉੱਤੇ ਸੀ ਅਤੇ ਉਹ ਦੇ ਪੁੱਤਰ ਅਲਆਜ਼ਾਰ ਨੂੰ ਪਵਿੱਤਰ ਕੀਤਾ ਤਾਂ ਜੋ ਉਹ ਯਹੋਵਾਹ ਦੇ ਸੰਦੂਕ ਦੀ ਦੇਖਭਾਲ ਕਰੇ ।

2ਅਤੇ ਅਜਿਹਾ ਹੋਇਆ ਜੋ ਉਸ ਵੇਲੇ ਤੋਂ ਜਦ ਸੰਦੂਕ ਕਿਰਯਥ ਯਾਰੀਮ ਵਿੱਚ ਰਿਹਾ ਕਾਫ਼ੀ ਸਮਾਂ ਬੀਤ ਗਿਆ, ਕਿਉਂ ਜੋ ਉਸ ਨੂੰ ਵੀਹ ਸਾਲ ਹੋ ਗਏ ਅਤੇ ਇਸਰਾਏਲ ਦੇ ਸਾਰੇ ਟੱਬਰ ਨੇ ਵਿਰਲਾਪ ਕਰਦੇ ਹੋਏ ਯਹੋਵਾਹ ਦੀ ਭਾਲ ਕੀਤੀ ।

3ਸਮੂਏਲ ਨੇ ਇਸਰਾਏਲ ਦੇ ਸਾਰੇ ਟੱਬਰ ਨੂੰ ਸੱਦ ਕੇ ਆਖਿਆ, ਜੇ ਕਦੀ ਤੁਸੀਂ ਆਪਣੇ ਸਾਰੇ ਮਨ ਨਾਲ ਯਹੋਵਾਹ ਦੀ ਵੱਲ ਮੁੜੋ ਤਾਂ ਉਨ੍ਹਾਂ ਓਪਰਿਆਂ ਦੇਵਤਿਆਂ ਅਤੇ ਅਸ਼ਤਾਰੋਥ ਦੇਵੀਆਂ ਨੂੰ ਆਪਣੇ ਵਿਚਕਾਰੋਂ ਕੱਢ ਸੁੱਟੋ ਅਤੇ ਯਹੋਵਾਹ ਦੀ ਵੱਲ ਆਪਣੇ ਮਨਾਂ ਨੂੰ ਸੁਧਾਰੋ ਅਤੇ ਉਸੇ ਇੱਕ ਦੀ ਸੇਵਾ ਕਰੋ ਤਾਂ ਉਹ ਫ਼ਲਿਸਤੀਆਂ ਦੇ ਹੱਥੋਂ ਤੁਹਾਡਾ ਛੁਟਕਾਰਾ ਕਰੇਗਾ ।

4ਤਦ ਇਸਰਾਏਲੀਆਂ ਨੇ ਬਆਲ ਤੇ ਅਸ਼ਤਾਰੋਥ ਨੂੰ ਕੱਢ ਸੁੱਟਿਆ ਅਤੇ ਸਿਰਫ਼ ਯਹੋਵਾਹ ਦੀ ਹੀ ਸੇਵਾ ਕੀਤੀ ।

5ਫੇਰ ਸਮੂਏਲ ਨੇ ਆਖਿਆ, ਮਿਸਫਾਹ ਵਿੱਚ ਸਾਰੇ ਇਸਰਾਏਲ ਨੂੰ ਇਕੱਠਿਆਂ ਕਰੋ ਤਾਂ ਮੈਂ ਤੁਹਾਡੇ ਲਈ ਯਹੋਵਾਹ ਦੇ ਅੱਗੇ ਬੇਨਤੀ ਕਰਾਂਗਾ ।

6ਸੋ ਉਹ ਸਾਰੇ ਮਿਸਫਾਹ ਵਿੱਚ ਇਕੱਠੇ ਹੋਏ ਅਤੇ ਪਾਣੀ ਭਰ ਕੇ ਯਹੋਵਾਹ ਦੇ ਅੱਗੇ ਡੋਲ੍ਹ ਦਿੱਤਾ ਅਤੇ ਉਸ ਦਿਨ ਵਰਤ ਰੱਖਿਆ ਅਤੇ ਉੱਥੇ ਬੋਲੇ, ਅਸੀਂ ਯਹੋਵਾਹ ਦੇ ਵਿਰੁੱਧ ਪਾਪ ਕੀਤਾ ਹੈ ! ਅਤੇ ਸਮੂਏਲ ਨੇ ਮਿਸਫਾਹ ਵਿੱਚ ਇਸਰਾਏਲੀਆਂ ਦਾ ਨਿਆਂ ਕੀਤਾ ।

7ਜਦ ਫ਼ਲਿਸਤੀਆਂ ਨੇ ਸੁਣਿਆ ਕਿ ਇਸਰਾਏਲੀ ਮਿਸਫਾਹ ਵਿੱਚ ਇਕੱਠੇ ਹੋਏ ਹਨ ਤਾਂ ਉਨ੍ਹਾਂ ਦੇ ਸਰਦਾਰਾਂ ਨੇ ਇਸਰਾਏਲ ਉੱਤੇ ਹਮਲਾ ਕਰ ਦਿੱਤਾ ਸੋ ਇਸਰਾਏਲੀ ਇਹ ਸੁਣ ਕੇ ਫ਼ਲਿਸਤੀਆਂ ਕੋਲੋਂ ਡਰ ਗਏ ।

8ਅਤੇ ਇਸਰਾਏਲੀਆਂ ਨੇ ਸਮੂਏਲ ਨੂੰ ਆਖਿਆ, ਚੁਪ ਨਾ ਰਹਿ ਪਰ ਯਹੋਵਾਹ ਸਾਡੇ ਪਰਮੇਸ਼ੁਰ ਦੇ ਅੱਗੇ ਸਾਡੇ ਲਈ ਤਰਲਾ ਕਰ ਜੋ ਉਹ ਸਾਨੂੰ ਫ਼ਲਿਸਤੀਆਂ ਦੇ ਹੱਥੋਂ ਬਚਾਵੇ ।

9ਸਮੂਏਲ ਨੇ ਇੱਕ ਦੁੱਧ ਚੁੰਘਦਾ ਮੇਮਨਾ ਲੈ ਕੇ ਉਹ ਨੂੰ ਪੂਰੀ ਹੋਮ ਦੀ ਬਲੀ ਕਰਕੇ ਯਹੋਵਾਹ ਦੇ ਅੱਗੇ ਚੜ੍ਹਾਇਆ ਅਤੇ ਸਮੂਏਲ ਨੇ ਇਸਰਾਏਲ ਦੇ ਲਈ ਯਹੋਵਾਹ ਦੇ ਅੱਗੇ ਤਰਲੇ ਕੀਤੇ ਤਾਂ ਯਹੋਵਾਹ ਨੇ ਉਹ ਦੀ ਸੁਣ ਲਈ ।

10ਜਿਸ ਵੇਲੇ ਸਮੂਏਲ ਉਸ ਹੋਮ ਦੀ ਬਲੀ ਨੂੰ ਚੜ੍ਹਾ ਰਿਹਾ ਸੀ ਤਦ ਫ਼ਲਿਸਤੀ ਇਸਰਾਏਲ ਦੇ ਸਾਹਮਣੇ ਲੜਨ ਲਈ ਨੇੜੇ ਆਏ ਤਦ ਯਹੋਵਾਹ ਫ਼ਲਿਸਤੀਆਂ ਦੇ ਉੱਤੇ ਉਸੇ ਦਿਨ ਵੱਡੀ ਗੜ੍ਹਕ ਨਾਲ ਗੱਜਿਆ ਅਤੇ ਉਨ੍ਹਾਂ ਨੂੰ ਘਬਰਾਹਟ ਵਿੱਚ ਪਾ ਦਿੱਤਾ ਅਤੇ ਉਹ ਇਸਰਾਏਲ ਅੱਗੇ ਹਾਰ ਗਏ ।

11ਅਤੇ ਇਸਰਾਏਲ ਦੇ ਲੋਕਾਂ ਨੇ ਮਿਸਫਾਹ ਤੋਂ ਨਿੱਕਲ ਕੇ ਫ਼ਲਿਸਤੀਆਂ ਦਾ ਪਿੱਛਾ ਕੀਤਾ ਅਤੇ ਬੈਤਕਰ ਦੇ ਹੇਠ ਤੱਕ ਉਨ੍ਹਾਂ ਨੂੰ ਮਾਰਦੇ ਗਏ ।

12ਤਦ ਸਮੂਏਲ ਨੇ ਇੱਕ ਪੱਥਰ ਲੈ ਕੇ ਉਹ ਨੂੰ ਮਿਸਫਾਹ ਅਤੇ ਸ਼ੇਨ ਦੇ ਵਿਚਕਾਰ ਖੜ੍ਹਾ ਕੀਤਾ ਅਤੇ ਉਹ ਦਾ ਨਾਮ ਅਬਨਅਜ਼ਰ ਧਰਿਆ ਅਤੇ ਬੋਲਿਆ ਜੋ ਇੱਥੋਂ ਤੱਕ ਯਹੋਵਾਹ ਨੇ ਸਾਡੀ ਸਹਾਇਤਾ ਕੀਤੀ ।

13ਸੋ ਫ਼ਲਿਸਤੀ ਹਾਰ ਗਏ ਅਤੇ ਇਸਰਾਏਲ ਦੀਆਂ ਹੱਦਾਂ ਵਿੱਚ ਫੇਰ ਕਦੀ ਨਾ ਆਏ ਅਤੇ ਯਹੋਵਾਹ ਦਾ ਹੱਥ ਸਮੂਏਲ ਦੇ ਜੀਵਨ ਭਰ ਫ਼ਲਿਸਤੀਆਂ ਦੇ ਵਿਰੁੱਧ ਰਿਹਾ ।

14ਅਤੇ ਉਹ ਸ਼ਹਿਰ ਜੋ ਫ਼ਲਿਸਤੀਆਂ ਨੇ ਇਸਰਾਏਲ ਤੋਂ ਖੋਹ ਲਏ ਸਨ ਅਕਰੋਨ ਤੋਂ ਲੈ ਕੇ ਗਥ ਤੱਕ ਫੇਰ ਇਸਰਾਏਲ ਦੇ ਹੱਥ ਵਿੱਚ ਆ ਗਏ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਇਲਾਕੇ ਵੀ ਇਸਰਾਏਲ ਨੇ ਫ਼ਲਿਸਤੀਆਂ ਦੇ ਹੱਥੋਂ ਛੁਡਾਏ ਅਤੇ ਇਸਰਾਏਲ ਅਤੇ ਅਮੋਰੀਆਂ ਵਿੱਚ ਮੇਲ ਹੋਇਆ ।

15ਜਦ ਤੱਕ ਸਮੂਏਲ ਜੀਉਂਦਾ ਰਿਹਾ ਇਸਰਾਏਲ ਦਾ ਨਿਆਂ ਕਰਦਾ ਰਿਹਾ ।

16ਅਤੇ ਹਰੇਕ ਸਾਲ ਬੈਤੇਲ ਅਤੇ ਗਿਲਗਾਲ ਅਤੇ ਮਿਸਫਾਹ ਵਿੱਚ ਫੇਰਾ ਕਰਦਾ ਸੀ ਅਤੇ ਉਨ੍ਹਾਂ ਸਾਰਿਆਂ ਥਾਵਾਂ ਵਿੱਚ ਇਸਰਾਏਲ ਦਾ ਨਿਆਂ ਕਰਦਾ ਸੀ ।

17ਫੇਰ ਰਾਮਾਹ ਵਿੱਚ ਮੁੜ ਆਉਂਦਾ ਸੀ ਕਿਉਂ ਜੋ ਉੱਥੇ ਉਹ ਦਾ ਘਰ ਸੀ ਅਤੇ ਉੱਥੇ ਇਸਰਾਏਲ ਦਾ ਨਿਆਂ ਕਰਦਾ ਸੀ ਅਤੇ ਉੱਥੇ ਉਹ ਨੇ ਯਹੋਵਾਹ ਦੇ ਲਈ ਇੱਕ ਜਗਵੇਦੀ ਬਣਾਈ ।


  Share Facebook  |  Share Twitter

 <<  1 Samuel 7 >> 


Bible2india.com
© 2010-2025
Help
Dual Panel

Laporan Masalah/Saran