1ਯਹੋਵਾਹ ਨੇ ਸਮੂਏਲ ਨੂੰ ਆਖਿਆ, ਕਦੋਂ ਤੱਕ ਤੂੰ ਸ਼ਾਊਲ ਲਈ ਸੋਗ ਕਰਦਾ ਰਹੇਗਾਂ ਜਦ ਕਿ ਮੈਂ ਉਹ ਨੂੰ ਇਸਰਾਏਲ ਰਾਜਾ ਹੋਣ ਤੋਂ ਤਿਆਗ ਦਿੱਤਾ ਹੈ ? ਤੂੰ ਆਪਣੇ ਸਿੰਗ ਵਿੱਚ ਤੇਲ ਭਰ ਅਤੇ ਜਾ । ਮੈਂ ਤੈਨੂੰ ਬੈਤਲਹਮ ਵਿੱਚ ਯੱਸੀ ਦੇ ਕੋਲ ਭੇਜਦਾ ਹਾਂ ਕਿਉਂ ਜੋ ਉਹ ਦੇ ਪੁੱਤਰਾਂ ਵਿੱਚੋਂ ਇੱਕ ਨੂੰ ਮੈਂ ਰਾਜਾ ਹੋਣ ਲਈ ਚੁਣਿਆ ਹੈ ।
2ਸਮੂਏਲ ਬੋਲਿਆ, ਮੈਂ ਕਿਸ ਤਰ੍ਹਾਂ ਜਾਂਵਾਂ ? ਜੇਕਰ ਸ਼ਾਊਲ ਇਹ ਸੁਣੇਗਾ ਤਾਂ ਮੈਨੂੰ ਮਾਰ ਸੁੱਟੇਗਾ । ਯਹੋਵਾਹ ਨੇ ਆਖਿਆ, ਇੱਕ ਵੱਛੀ ਆਪਣੇ ਨਾਲ ਲੈ ਜਾ ਅਤੇ ਇਸ ਤਰ੍ਹਾਂ ਆਖ ਕਿ ਮੈਂ ਯਹੋਵਾਹ ਦੇ ਅੱਗੇ ਭੇਟ ਚੜ੍ਹਾਉਣ ਆਇਆ ਹਾਂ ।
3ਜਦ ਤੂੰ ਬਲੀ ਚੜ੍ਹਾਵੇਂ ਤਾਂ ਯੱਸੀ ਨੂੰ ਸੱਦਾ ਦੇ ਅਤੇ ਫੇਰ ਜੋ ਤੈਨੂੰ ਕਰਨਾ ਹੋਵੇਗਾ ਉਹ ਮੈਂ ਤੈਨੂੰ ਦੱਸਾਂਗਾ ਅਤੇ ਜਿਸ ਦਾ ਨਾਮ ਮੈਂ ਤੈਨੂੰ ਦੱਸਾਂ ਉਸ ਨੂੰ ਮੇਰੇ ਲਈ ਅਭਿਸ਼ੇਕ ਕਰ ।
4ਤਦ ਜਿਵੇਂ ਯਹੋਵਾਹ ਨੇ ਆਖਿਆ ਸੀ ਸਮੂਏਲ ਨੇ ਉਸੇ ਤਰ੍ਹਾਂ ਕੀਤਾ ਅਤੇ ਬੈਤਲਹਮ ਵਿੱਚ ਆਇਆ । ਸ਼ਹਿਰ ਦੇ ਬਜ਼ੁਰਗ ਉਹ ਦੇ ਆਉਣ ਤੋਂ ਕੰਬ ਕੇ ਬੋਲੇ, ਤੂੰ ਸ਼ਾਂਤੀ ਨਾਲ ਆਇਆ ਹੈ ਜਾਂ ਨਹੀਂ ?
5ਉਹ ਬੋਲਿਆ, ਹਾਂ, ਮੈਂ ਸ਼ਾਂਤੀ ਨਾਲ ਆਇਆ ਹਾਂ । ਮੈਂ ਯਹੋਵਾਹ ਦੇ ਅੱਗੇ ਭੇਟ ਚੜ੍ਹਾਉਣ ਆਇਆ ਹਾਂ । ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਮੇਰੇ ਨਾਲ ਭੇਟ ਚੜ੍ਹਾਉਣ ਲਈ ਆਓ ਅਤੇ ਉਸ ਨੇ ਯੱਸੀ ਨੂੰ ਉਹ ਦੇ ਪੁੱਤਰਾਂ ਸਮੇਤ ਪਵਿੱਤਰ ਕੀਤਾ ਅਤੇ ਉਨ੍ਹਾਂ ਨੂੰ ਭੇਟ ਚੜ੍ਹਾਉਣ ਲਈ ਸੱਦਿਆ ।
6ਜਦ ਉਹ ਆਏ ਤਦ ਸਮੂਏਲ ਨੇ ਅਲੀਆਬ ਨੂੰ ਵੇਖਿਆ ਅਤੇ ਸੋਚਿਆ, ਯਕੀਨਨ ਜੋ ਯਹੋਵਾਹ ਦੇ ਅੱਗੇ ਹੈ ਉਹੀ ਉਸ ਦਾ ਅਭਿਸ਼ੇਕ ਕੀਤਾ ਹੋਇਆ ਹੈ ।
7ਪਰ ਯਹੋਵਾਹ ਨੇ ਸਮੂਏਲ ਨੂੰ ਆਖਿਆ, ਉਹ ਦੇ ਮੂੰਹ ਉੱਤੇ ਅਤੇ ਉਹ ਦੇ ਕੱਦ ਵੱਲ ਨਾ ਵੇਖ ਕਿਉਂ ਜੋ ਉਸ ਨੂੰ ਮੈਂ ਸਵੀਕਾਰ ਨਹੀਂ ਕੀਤਾ, ਯਹੋਵਾਹ ਦਾ ਵੇਖਣਾ ਮਨੁੱਖਾਂ ਵਰਗਾ ਨਹੀਂ । ਮਨੁੱਖ ਤਾਂ ਬਾਹਰਲਾ ਰੂਪ ਵੇਖਦਾ ਹੈ ਪਰ ਯਹੋਵਾਹ ਦਿਲ ਨੂੰ ਵੇਖਦਾ ਹੈ ।
8ਤਦ ਯੱਸੀ ਨੇ ਅਬੀਨਾਦਾਬ ਨੂੰ ਸੱਦਿਆ ਅਤੇ ਉਹ ਨੂੰ ਸਮੂਏਲ ਦੇ ਅੱਗੇ ਕੀਤਾ । ਉਹ ਬੋਲਿਆ, ਇਹ ਨੂੰ ਵੀ ਯਹੋਵਾਹ ਨੇ ਨਹੀਂ ਚੁਣਿਆ ।
9ਫੇਰ ਯੱਸੀ ਨੇ ਸ਼ੰਮਾਹ ਨੂੰ ਅੱਗੇ ਕੀਤਾ ਪਰ ਉਹ ਬੋਲਿਆ, ਇਹ ਨੂੰ ਵੀ ਯਹੋਵਾਹ ਨੇ ਨਹੀਂ ਚੁਣਿਆ ।
10ਯੱਸੀ ਨੇ ਆਪਣੇ ਸੱਤਾਂ ਹੀ ਪੁੱਤਰਾਂ ਨੂੰ ਸਮੂਏਲ ਦੇ ਅੱਗੇ ਕਰ ਦਿੱਤਾ ਸੋ ਸਮੂਏਲ ਨੇ ਯੱਸੀ ਨੂੰ ਆਖਿਆ, ਯਹੋਵਾਹ ਨੇ ਇਹਨਾਂ ਨੂੰ ਨਹੀਂ ਚੁਣਿਆ ।
11ਸਮੂਏਲ ਨੇ ਯੱਸੀ ਨੂੰ ਪੁੱਛਿਆ, ਕੀ ਤੇਰੇ ਸਾਰੇ ਪੁੱਤਰ ਇਹੋ ਹੀ ਹਨ ? ਉਹ ਬੋਲਿਆ ਸਭ ਤੋਂ ਛੋਟਾ ਅਜੇ ਰਹਿੰਦਾ ਹੈ । ਉਹ ਇੱਜੜ ਨੂੰ ਚਰਾਉਂਦਾ ਹੈ । ਤਦ ਸਮੂਏਲ ਨੇ ਯੱਸੀ ਨੂੰ ਆਖਿਆ, ਉਹ ਨੂੰ ਸੱਦਾ ਭੇਜ ਕਿਉਂ ਜੋ ਜਦ ਤੱਕ ਉਹ ਇੱਥੇ ਨਾ ਆਵੇ ਅਸੀਂ ਨਹੀਂ ਬੈਠਾਂਗੇ ।
12ਇਸ ਲਈ ਉਸ ਨੂੰ ਸੱਦਾ ਭੇਜਿਆ ਅਤੇ ਉਸ ਨੂੰ ਅੰਦਰ ਲੈ ਆਇਆ । ਉਸ ਦਾ ਰੰਗ ਲਾਲ, ਸੋਹਣੀਆਂ ਅੱਖਾਂ ਅਤੇ ਵੇਖਣ ਵਿੱਚ ਚੰਗਾ ਸੀ ਅਤੇ ਯਹੋਵਾਹ ਨੇ ਆਖਿਆ, ਉੱਠ ਅਤੇ ਇਹ ਨੂੰ ਅਭਿਸ਼ੇਕ ਕਰ ਕਿਉਂ ਜੋ ਇਹੋ ਹੀ ਹੈ ।
13ਤਦ ਸਮੂਏਲ ਨੇ ਤੇਲ ਦਾ ਸਿੰਗ ਲੈ ਕੇ ਉਹ ਦੇ ਭਰਾਵਾਂ ਦੇ ਵਿੱਚ ਉਹ ਨੂੰ ਅਭਿਸ਼ੇਕ ਕੀਤਾ ਅਤੇ ਉਸ ਦਿਨ ਤੋਂ ਯਹੋਵਾਹ ਦਾ ਆਤਮਾ ਸਦਾ ਦਾਊਦ ਉੱਤੇ ਆਉਂਦਾ ਰਿਹਾ ਅਤੇ ਸਮੂਏਲ ਉੱਠ ਕੇ ਰਾਮਾਹ ਨੂੰ ਵਿਦਾ ਹੋਇਆ ।
14ਪਰ ਸ਼ਾਊਲ ਉੱਤੋਂ ਯਹੋਵਾਹ ਦਾ ਆਤਮਾ ਅਲੱਗ ਹੋ ਗਿਆ ਅਤੇ ਯਹੋਵਾਹ ਵੱਲੋਂ ਇੱਕ ਦੁਸ਼ਟ-ਆਤਮਾ ਉਹ ਨੂੰ ਘਬਰਾਉਣ ਲੱਗਾ ।
15ਤਦ ਸ਼ਾਊਲ ਦੇ ਸੇਵਕਾਂ ਨੇ ਉਹ ਨੂੰ ਆਖਿਆ, ਵੇਖੋ, ਹੁਣ ਪਰਮੇਸ਼ੁਰ ਵੱਲੋਂ ਇੱਕ ਦੁਸ਼ਟ-ਆਤਮਾ ਤੁਹਾਨੂੰ ਘਬਰਾਉਂਦਾ ਹੈ ।
16ਸਾਡਾ ਸੁਆਮੀ ਹੁਣ ਆਪਣੇ ਸੇਵਕਾਂ ਨੂੰ ਜੋ ਤੁਹਾਡੇ ਸਾਹਮਣੇ ਹਨ ਆਗਿਆ ਦੇਵੇ ਕਿ ਜੋ ਉਹ ਇੱਕ ਅਜਿਹਾ ਮਨੁੱਖ ਲੱਭਣ ਜਿਹੜਾ ਬਰਬਤ ਵਜਾਉਣ ਵਿੱਚ ਕੁਸ਼ਲ ਹੋਵੇ ਅਤੇ ਅਜਿਹਾ ਹੋਵੇਗਾ ਕਿ ਜਿਸ ਵੇਲੇ ਪਰਮੇਸ਼ੁਰ ਵੱਲੋਂ ਇਹ ਦੁਸ਼ਟ-ਆਤਮਾ ਤੁਹਾਡੇ ਉੱਤੇ ਆਵੇ ਤਾਂ ਉਹ ਆਪਣੇ ਹੱਥ ਨਾਲ ਵਜਾਵੇਗਾ ਤਾਂ ਤੁਸੀਂ ਚੰਗੇ ਹੋ ਜਾਓਗੇ ।
17ਸ਼ਾਊਲ ਨੇ ਆਪਣੇ ਸੇਵਕਾਂ ਨੂੰ ਆਖਿਆ, ਠੀਕ ਹੈ, ਮੇਰੇ ਲਈ ਕਿਸੇ ਵਧੀਆ ਬਰਬਤ ਵਜਾਉਣ ਵਾਲੇ ਨੂੰ ਲੱਭੋ ਅਤੇ ਉਸ ਨੂੰ ਮੇਰੇ ਕੋਲ ਲੈ ਆਉ ।
18ਸੋ ਉਸ ਵੇਲੇ ਉਹ ਦੇ ਸੇਵਕਾਂ ਵਿੱਚੋਂ ਇੱਕ ਨੇ ਕਿਹਾ, ਵੇਖ, ਮੈਂ ਬੈਤਲਹਮ ਦੇ ਯੱਸੀ ਦਾ ਇੱਕ ਪੁੱਤਰ ਵੇਖਿਆ ਹੈ ਜੋ ਵਜਾਉਣ ਵਿੱਚ ਕੁਸ਼ਲ ਹੈ, ਨਾਲੇ ਵੱਡਾ ਸੂਰਬੀਰ ਹੈ, ਜੋਧਾ ਹੈ, ਗੱਲਾਂ ਵਿੱਚ ਬਹੁਤ ਸਿਆਣਾ ਹੈ, ਸੋਹਣਾ ਹੈ ਅਤੇ ਯਹੋਵਾਹ ਉਹ ਦੇ ਨਾਲ ਹੈ ।
19ਸੋ ਸ਼ਾਊਲ ਨੇ ਦੂਤਾਂ ਦੇ ਹੱਥ ਯੱਸੀ ਨੂੰ ਸੱਦਾ ਭੇਜਿਆ ਕਿ ਆਪਣੇ ਪੁੱਤਰ ਦਾਊਦ ਨੂੰ ਜੋ ਇੱਜੜ ਦੇ ਨਾਲ ਹੈ ਮੇਰੇ ਕੋਲ ਭੇਜ ਦੇ ।
20ਤਦ ਯੱਸੀ ਨੇ ਇੱਕ ਗਧਾ ਜਿਸ ਦੇ ਉੱਤੇ ਰੋਟੀਆਂ ਲੱਦੀਆਂ ਸਨ ਅਤੇ ਇੱਕ ਮਸ਼ਕ ਮੈਅ ਦੀ ਅਤੇ ਬੱਕਰੀ ਦਾ ਇੱਕ ਬੱਚਾ ਲੈ ਕੇ ਆਪਣੇ ਪੁੱਤਰ ਦਾਊਦ ਦੇ ਹੱਥੀਂ ਸ਼ਾਊਲ ਕੋਲ ਭੇਜਿਆ ।
21ਦਾਊਦ ਸ਼ਾਊਲ ਕੋਲ ਆਇਆ ਅਤੇ ਉਸ ਦੇ ਸਾਹਮਣੇ ਆ ਖੜ੍ਹਾ ਹੋਇਆ ਅਤੇ ਉਸ ਨੇ ਦਾਊਦ ਦੇ ਨਾਲ ਬਹੁਤ ਪਿਆਰ ਕੀਤਾ ਅਤੇ ਉਹ ਉਸ ਦੇ ਸ਼ਸਤਰ ਚੁੱਕਣ ਵਾਲਾ ਬਣ ਗਿਆ ।
22ਸ਼ਾਊਲ ਨੇ ਯੱਸੀ ਨੂੰ ਆਖ ਭੇਜਿਆ ਦਾਊਦ ਨੂੰ ਮੇਰੀ ਸੇਵਾ ਵਿੱਚ ਰਹਿਣ ਦੇ ਕਿਉਂ ਜੋ ਮੈਂ ਉਸ ਤੋਂ ਬਹੁਤ ਪ੍ਰਸੰਨ ਹਾਂ ।
23ਤਾਂ ਇਸ ਤਰ੍ਹਾਂ ਹੋਇਆ ਕਿ ਜਿਸ ਵੇਲੇ ਦੁਸ਼ਟ-ਆਤਮਾ ਪਰਮੇਸ਼ੁਰ ਵੱਲੋਂ ਸ਼ਾਊਲ ਉੱਤੇ ਆਉਂਦਾ ਸੀ ਤਾਂ ਦਾਊਦ ਬਰਬਤ ਲੈ ਕੇ ਵਜਾਉਂਦਾ ਸੀ ਅਤੇ ਸ਼ਾਊਲ ਨੂੰ ਤਾਜ਼ਗੀ ਮਿਲਦੀ ਸੀ ਅਤੇ ਉਹ ਚੰਗਾ ਹੋ ਜਾਂਦਾ ਸੀ ਤਾਂ ਉਹ ਦੁਸ਼ਟ-ਆਤਮਾ ਉਹ ਦੇ ਉੱਤੋਂ ਹੱਟ ਜਾਂਦਾ ਸੀ ।