1ਸੋ ਜਦੋਂ ਮਸੀਹ ਨੇ ਸਰੀਰ ਵਿੱਚ ਦੁੱਖ ਝੱਲਿਆ ਤਾਂ ਤੁਸੀਂ ਵੀ ਉਸੇ ਮਨਸ਼ਾ ਦੇ ਹਥਿਆਰ ਬੰਨੋ, ਕਿਉਂਕਿ ਜਿਸ ਨੇ ਸਰੀਰ ਵਿੱਚ ਦੁੱਖ ਝੱਲਿਆ ਉਹ ਪਾਪ ਤੋਂ ਰਹਿਤ ਹੋਇਆ
2ਭਈ ਤੁਸੀਂ ਅਗਾਹਾਂ ਨੂੰ ਮਨੁੱਖਾਂ ਦੀਆਂ ਕਾਮਨਾ ਦੇ ਅਨੁਸਾਰ ਨਹੀਂ ਸਗੋਂ ਪਰਮੇਸ਼ੁਰ ਦੀ ਮਰਜ਼ੀ ਦੇ ਅਨੁਸਾਰ ਸਰੀਰ ਵਿੱਚ ਆਪਣੀ ਬਾਕੀ ਦੀ ਉਮਰ ਕੱਟੀਏ
3ਕਿਉਂ ਜੋ ਬੀਤਿਆ ਹੋਇਆ ਸਮਾਂ ਪਰਾਈਆਂ ਕੌਮਾਂ ਦੀ ਮਨਸ਼ਾ ਪੂਰੀ ਕਰਨ ਲਈ ਬਥੇਰਾ ਸੀ ਜਦੋਂ ਅਸੀਂ ਲੁੱਚਪੁਣਿਆਂ, ਕਾਮਨਾ, ਸ਼ਰਾਬ ਪੀਣ, ਨਾਚ ਰੰਗਾਂ, ਨਸ਼ੇ ਬਾਜੀਆਂ ਅਤੇ ਘਿਣਾਉਣੇ ਮੂਰਤੀ ਪੂਜਕਾਂ ਵਿੱਚ ਚੱਲਦੇ ਸੀ
4ਉਹ ਇਸ ਨੂੰ ਅਚਰਜ ਮੰਨਦੇ ਹਨ ਕਿ ਤੁਸੀਂ ਉਸ ਬਦਚਲਣੀ ਵਿੱਚ ਉਹਨਾਂ ਦਾ ਸਾਥ ਨਹੀਂ ਦਿੰਦੇ, ਇਸ ਲਈ ਉਹ ਤੁਹਾਡੀ ਨਿੰਦਿਆ ਕਰਦੇ ਹਨ l
5ਉਹ ਉਸ ਨੂੰ ਲੇਖਾ ਦੇਣਗੇ ਜਿਹੜਾ ਜਿਉਂਦਿਆਂ ਅਤੇ ਮੁਰਦਿਆਂ ਦਾ ਨਿਆਂ ਕਰਨ ਨੂੰ ਤਿਆਰ ਹੈ
6ਕਿਉਂ ਜੋ ਮੁਰਦਿਆਂ ਨੂੰ ਵੀ ਖੁਸ਼ਖਬਰੀ ਇਸੇ ਲਈ ਸੁਣਾਈ ਗਈ ਕਿ ਸਰੀਰ ਕਰਕੇ ਉਹਨਾਂ ਦਾ ਨਿਆਂ ਤਾਂ ਮਨੁੱਖਾਂ ਦੇ ਅਨੁਸਾਰ ਹੋਵੇ ਪਰ ਆਤਮਾ ਕਰਕੇ ਉਹ ਪਰਮੇਸ਼ੁਰ ਵਾਂਗੂੰ ਜਿਉਂਦੇ ਰਹਿਣ ।
7ਪਰ ਸਭਨਾਂ ਵਸਤਾਂ ਦਾ ਅੰਤ ਨੇੜੇ ਹੈ । ਇਸ ਕਾਰਨ ਤੁਸੀਂ ਸੁਰਤ ਵਾਲੇ ਹੋਵੋ ਅਤੇ ਪ੍ਰਾਰਥਨਾ ਕਰਨ ਲਈ ਸੁਚੇਤ ਰਹੋ
8ਸਭ ਤੋਂ ਪਹਿਲਾਂ ਇਹ ਹੈ ਕਿ ਤੁਸੀਂ ਇੱਕ ਦੂਜੇ ਨਾਲ ਗੂੜ੍ਹਾ ਪਿਆਰ ਰੱਖੋ, ਕਿਉਂ ਜੋ ਪਿਆਰ ਬਹੁਤੇ ਪਾਪਾਂ ਨੂੰ ਢੱਕ ਲੈਂਦਾ ਹੈ
9ਮੱਥੇ ਵੱਟ ਪਾਏ ਬਿਨ੍ਹਾਂ ਇੱਕ ਦੂਸਰੇ ਦੀ ਪ੍ਰਾਹੁਣਚਾਰੀ ਕਰੋ
10ਹਰੇਕ ਨੂੰ ਜੋ ਜੋ ਦਾਤ ਮਿਲੀ ਹੈ ਉਸ ਨਾਲ ਇੱਕ ਦੂਜੇ ਦੀ ਟਹਿਲ ਸੇਵਾ ਕਰੋ, ਜਿਵੇਂ ਪਰਮੇਸ਼ੁਰ ਦੀ ਬਹੁਰੰਗੀ ਕਿਰਪਾ ਦੇ ਮੁਖ਼ਤਿਆਰਾਂ ਨੂੰ ਉੱਚਿਤ ਹੈ
11ਜੇ ਕੋਈ ਗੱਲ ਕਰੇ ਤਾਂ ਉਹ ਪਰਮੇਸ਼ੁਰ ਦੇ ਬਚਨ ਅਨੁਸਾਰ ਕਰੇ, ਜੇ ਕੋਈ ਟਹਿਲ ਸੇਵਾ ਕਰੇ ਤਾਂ ਉਹ ਸਮਰੱਥਾ ਦੇ ਅਨੁਸਾਰ ਕਰੇ ਜੋ ਪਰਮੇਸ਼ੁਰ ਦਿੰਦਾ ਹੈ ਭਈ ਸਭਨਾਂ ਗੱਲਾਂ ਵਿੱਚ ਯਿਸੂ ਮਸੀਹ ਦੇ ਰਾਹੀਂ ਪਰਮੇਸ਼ੁਰ ਦੀ ਮਹਿਮਾਂ ਕੀਤੀ ਜਾਵੇ, ਜਿਸ ਦੀ ਮਹਿਮਾ ਅਤੇ ਪਰਾਕਰਮ ਜੁੱਗੋ-ਜੁੱਗ ਹਨ । ਆਮੀਨ ।
12ਹੁਣ ਹੇ ਪਿਆਰਿਓ, ਜਿਹੜੀ ਬਿਪਤਾ ਦਾ ਲਾਂਬੂ ਤੁਹਾਨੂੰ ਪਰਖਣ ਲਈ ਤੁਹਾਡੇ ਉੱਤੇ ਪਿਆ ਹੋਇਆ ਹੈ, ਉਹ ਨੂੰ ਅਚਰਜ ਨਾ ਮੰਨੋ ਕਿ ਜਿਵੇਂ ਤੁਹਾਡੇ ਨਾਲ ਕੋਈ ਅਨੋਖੀ ਗੱਲ ਬੀਤਦੀ ਹੈ
13ਸਗੋਂ ਜਿੰਨੇ ਕੁ ਤੁਸੀਂ ਮਸੀਹ ਦੇ ਦੁੱਖਾਂ ਵਿੱਚ ਸਾਂਝੀ ਹੋ ਓਨਾ ਕੁ ਆਨੰਦ ਕਰੋ ਤਾਂ ਕਿ ਉਹ ਦੇ ਤੇਜ ਦੇ ਪ੍ਰਕਾਸ਼ ਹੋਣ ਦੇ ਵੇਲੇ ਵੀ ਤੁਸੀਂ ਬਹੁਤ ਆਨੰਦ ਨਾਲ ਨਿਹਾਲ ਹੋਵੋ
14ਜੇ ਮਸੀਹ ਦੇ ਨਾਮ ਦੇ ਕਾਰਨ ਤੁਹਾਨੂੰ ਬੋਲੀਆਂ ਵੱਜਣ ਤਾਂ ਧੰਨ ਹੋ, ਕਿਉਂਕਿ ਤੇਜ ਦਾ ਅਤੇ ਪਰਮੇਸ਼ੁਰ ਦਾ ਆਤਮਾ ਤੁਹਾਡੇ ਉੱਤੇ ਠਹਿਰਦਾ ਹੈ
15ਪਰ ਇਸ ਤਰ੍ਹਾਂ ਨਾ ਹੋਵੇ ਜੋ ਤੁਹਾਡੇ ਵਿੱਚੋਂ ਕੋਈ ਖੂਨੀ ਜਾਂ ਚੋਰ ਜਾਂ ਬੁਰਾ ਜਾਂ ਹੋਰਨਾਂ ਦੇ ਕੰਮਾਂ ਵਿੱਚ ਲੱਤ ਫਸਾਉਣ ਵਾਲਾ ਹੋ ਕੇ ਦੁੱਖ ਪਾਵੇ
16ਪਰ ਜੇ ਕੋਈ ਮਸੀਹੀ ਹੋਣ ਕਰਕੇ ਦੁੱਖ ਪਾਵੇ ਤਾਂ ਲੱਜਿਆਵਾਨ ਨਾ ਹੋਵੇ ਸਗੋਂ ਇਸ ਨਾਮ ਦੇ ਕਾਰਨ ਪਰਮੇਸ਼ੁਰ ਦੀ ਵਡਿਆਈ ਕਰੋ
17ਕਿਉਂ ਜੋ ਸਮਾਂ ਆ ਪਹੁੰਚਿਆ ਕਿ ਪਰਮੇਸ਼ੁਰ ਦੇ ਘਰੋਂ ਨਿਆਂ ਸ਼ੁਰੂ ਹੋਵੇ ਅਤੇ ਜੇ ਉਹ ਪਹਿਲਾਂ ਸਾਡੇ ਤੋਂ ਸ਼ੁਰੂ ਹੋਵੇ ਤਾਂ ਉਹਨਾਂ ਦਾ ਅੰਤ ਕੀ ਹੋਵੇਗਾ ਜਿਹੜੇ ਪਰਮੇਸ਼ੁਰ ਦੀ ਖੁਸ਼ਖਬਰੀ ਨੂੰ ਨਹੀਂ ਮੰਨਦੇ
18ਜੇ ਧਰਮੀ ਮਰ ਮਰ ਕੇ ਬਚਦਾ ਹੈ, ਤਾਂ ਭਗਤੀਹੀਣ ਅਤੇ ਪਾਪੀ ਦਾ ਕੀ ਠਿਕਾਣਾ ?
19ਇਸ ਲਈ ਜਿਹੜੇ ਪਰਮੇਸ਼ੁਰ ਦੀ ਮਰਜ਼ੀ ਦੇ ਅਨੁਸਾਰ ਦੁੱਖ ਭੋਗਦੇ ਹਨ, ਉਹ ਸ਼ੁਭ ਕੰਮ ਕਰਦੇ ਹੋਏ ਆਪਣੀਆਂ ਜਾਨਾਂ ਨੂੰ ਉਸ ਵਿਸ਼ਵਾਸਯੋਗ ਸਿਰਜਣਹਾਰ ਦੇ ਹੱਥਾਂ ਵਿੱਚ ਸੌਪ ਦੇਣ l