Bible 2 India Mobile
[VER] : [PUNJABI]     [PL]  [PB] 
 <<  1 Corinthians 9 >> 

1ਕੀ ਮੈਂ ਅਜ਼ਾਦ ਨਹੀਂ ? ਕੀ ਮੈਂ ਰਸੂਲ ਨਹੀਂ ? ਕੀ ਮੈਂ ਯਿਸੂ ਸਾਡੇ ਪ੍ਰਭੂ ਨੂੰ ਨਹੀਂ ਵੇਖਿਆ ? ਕੀ ਤੁਸੀਂ ਪ੍ਰਭੂ ਵਿੱਚ ਮੇਰਾ ਕੰਮ ਨਹੀਂ ਹੋ ?

2ਭਾਵੇਂ ਮੈਂ ਹੋਰਨਾਂ ਲਈ ਰਸੂਲ ਨਹੀਂ, ਪਰ ਤੁਹਾਡੇ ਲਈ ਤਾਂ ਹਾਂ ਕਿਉਂ ਜੋ ਤੁਸੀਂ ਪ੍ਰਭੂ ਦੇ ਵਿੱਚ ਮੇਰੀ ਰਸੂਲਗੀ ਦੀ ਮੋਹਰ ਹੋ ।

3ਉਨ੍ਹਾਂ ਨੂੰ ਜਿਹੜੇ ਮੇਰੀ ਜਾਂਚ ਕਰਦੇ ਹਨ, ਇਹੋ ਮੇਰਾ ਉੱਤਰ ਹੈ ।

4ਭਲਾ, ਸਾਨੂੰ ਖਾਣ-ਪੀਣ ਦਾ ਹੱਕ ਨਹੀਂ ?

5ਭਲਾ, ਸਾਨੂੰ ਅਧਿਕਾਰ ਨਹੀਂ ਜੋ ਕਿਸੇ ਮਸੀਹੀ ਭੈਣ ਨਾਲ ਵਿਆਹ ਕਰਕੇ ਨਾਲ ਲਈ ਫਿਰੀਏ, ਜਿਵੇਂ ਹੋਰ ਰਸੂਲ ਅਤੇ ਪ੍ਰਭੂ ਦੇ ਭਰਾ ਅਤੇ ਕੈਫ਼ਾਸ ਕਰਦੇ ਹਨ ?

6ਅਥਵਾ ਕੀ ਸਿਰਫ਼ ਮੈਨੂੰ ਅਤੇ ਬਰਨਬਾਸ ਨੂੰ ਹੀ ਹੱਕ ਨਹੀਂ ਕਿ ਮਿਹਨਤ ਕਰਨੀ ਛੱਡ ਦੇਈਏ ?

7ਆਪਣੇ ਕੋਲੋਂ ਕੌਣ ਖ਼ਰਚ ਕਰਕੇ ਫੌਜ ਦੀ ਨੌਕਰੀ ਕਰਦਾ ਹੈ ? ਕੌਣ ਅੰਗੂਰੀ ਬਾਗ ਲਾ ਕੇ ਉਹ ਦਾ ਫਲ ਨਹੀਂ ਖਾਂਦਾ ਅਥਵਾ ਕੌਣ ਇੱਜੜ ਦੀ ਪਾਲਨਾ ਕਰ ਕੇ ਇੱਜੜ ਦਾ ਕੁੱਝ ਦੁੱਧ ਨਹੀਂ ਪੀਂਦਾ ?

8ਕੀ ਮੈਂ ਲੋਕਾਂ ਵਾਂਗੂੰ ਇਹ ਗੱਲਾਂ ਆਖਦਾ ਹਾਂ ਅਥਵਾ ਕੀ ਬਿਵਸਥਾ ਵੀ ਇਹੋ ਨਹੀਂ ਕਹਿੰਦੀ ?

9ਕਿਉਂ ਜੋ ਮੂਸਾ ਦੀ ਬਿਵਸਥਾ ਵਿੱਚ ਇਹ ਲਿਖਿਆ ਹੋਇਆ ਹੈ, ਜੋ ਤੂੰ ਗਾਹੁੰਦੇ ਬਲਦ ਦੇ ਮੂੰਹ ਨੂੰ ਛਿੱਕਲੀ ਨਾ ਚਾੜ੍ਹ । ਕੀ ਪਰਮੇਸ਼ੁਰ ਬਲ਼ਦਾਂ ਦੀ ਹੀ ਚਿੰਤਾ ਕਰਦਾ ਹੈ ?

10ਅਥਵਾ ਉਹ ਸਾਡੇ ਲਈ ਹੀ ਇਹ ਆਖਦਾ ਹੈ ? ਖ਼ਾਸ ਕਰਕੇ ਸਾਡੇ ਲਈ ਇਹ ਲਿਖਿਆ ਗਿਆ ਸੀ ਕਿਉਂਕਿ ਚਾਹੀਦਾ ਹੈ ਕਿ ਜਿਹੜਾ ਵਾਹੀ ਕਰਦਾ ਹੈ ਉਹ ਆਸ ਨਾਲ ਵਾਹੀ ਕਰੇ ਅਤੇ ਜਿਹੜਾ ਗਾਹੁੰਦਾ ਹੈ ਉਹ ਹਿੱਸਾ ਲੈਣ ਦੀ ਆਸ ਨਾਲ ਗਾਹੇ ।

11ਜੇ ਅਸੀਂ ਤੁਹਾਡੇ ਲਈ ਆਤਮਕ ਪਦਾਰਥ ਬੀਜੇ ਤਾਂ ਕੀ ਇਹ ਕੋਈ ਵੱਡੀ ਗੱਲ ਹੈ ਜੋ ਅਸੀਂ ਤੁਹਾਡੇ ਸਰੀਰਕ ਪਦਾਰਥ ਵੱਢੀਏ ?

12ਜੇ ਹੋਰਨਾਂ ਲੋਕਾਂ ਨੂੰ ਤੁਹਾਡੇ ਉੱਤੇ ਇਹ ਹੱਕ ਹੈ ਤਾਂ ਕੀ ਸਾਨੂੰ ਇਸ ਤੋਂ ਵੱਧ ਕੇ ਨਹੀਂ ? ਪਰ ਅਸੀਂ ਆਪਣੇ ਇਸ ਅਧਿਕਾਰ ਨੂੰ ਵਰਤਿਆ ਨਹੀਂ ਪਰੰਤੂ ਸਭ ਕੁੱਝ ਝੱਲ ਲੈਂਦੇ ਹਾਂ ਤਾਂ ਜੋ ਅਸੀਂ ਮਸੀਹ ਦੀ ਖੁਸ਼ਖਬਰੀ ਵਿੱਚ ਕੋਈ ਰੁਕਾਵਟ ਨਾ ਪਾਈਏ ।

13ਕੀ ਤੁਸੀਂ ਇਹ ਨਹੀਂ ਜਾਣਦੇ, ਜਿਹੜੇ ਪਵਿੱਤਰ ਸੇਵਾ ਕਰਦੇ ਹਨ ਉਹ ਹੈਕਲ ਦੇ ਚੜ੍ਹਾਵੇ ਵਿੱਚੋਂ ਹੀ ਖਾਂਦੇ ਹਨ ਅਤੇ ਜਿਹੜੇ ਜਗਵੇਦੀ ਦੀ ਸੇਵਾ ਕਰਦੇ ਹਨ ਉਹ ਜਗਵੇਦੀ ਵਿੱਚ ਹਿੱਸੇਦਾਰ ਹਨ ।

14ਇਸੇ ਪ੍ਰਕਾਰ ਪ੍ਰਭੂ ਨੇ ਖੁਸ਼ਖਬਰੀ ਦੇ ਪ੍ਰਚਾਰਕਾਂ ਲਈ ਵੀ ਇਹ ਠਹਿਰਾਇਆ ਹੈ, ਜੋ ਉਹ ਖੁਸ਼ਖਬਰੀ ਤੋਂ ਹੀ ਗੁਜ਼ਾਰਾ ਕਰਨ ।

15ਪਰ ਮੈਂ ਇਨ੍ਹਾਂ ਰੀਤਾਂ ਵਿੱਚੋਂ ਕਿਸੇ ਨੂੰ ਵਰਤਿਆ ਨਹੀਂ ਅਤੇ ਮੈਂ ਇਹ ਗੱਲਾਂ ਇਸ ਕਰਕੇ ਨਹੀਂ ਲਿਖੀਆਂ ਜੋ ਮੇਰੇ ਲਈ ਇਉਂ ਹੋਵੇ ਕਿਉਂ ਜੋ ਮੇਰੇ ਲਈ ਇਸ ਨਾਲੋਂ ਮਰਨਾ ਹੀ ਚੰਗਾ ਹੈ ਜੋ ਮੇਰੇ ਇਸ ਘਮੰਡ ਨੂੰ ਕੋਈ ਵਿਅਰਥ ਕਰੇ ।

16ਭਾਵੇਂ ਮੈਂ ਖੁਸ਼ਖਬਰੀ ਸੁਣਾਵਾਂ ਤਾਂ ਵੀ ਮੇਰਾ ਕੋਈ ਘਮੰਡ ਨਹੀਂ ਇਸ ਕਰਕੇ ਜੋ ਇਹ ਤਾਂ ਮੇਰੇ ਲਈ ਜ਼ਰੂਰੀ ਹੈ । ਹਾਏ ਮੇਰੇ ਉੱਤੇ ਜੇ ਮੈਂ ਖੁਸ਼ਖਬਰੀ ਨਾ ਸੁਣਾਵਾਂ !

17ਇਸ ਲਈ ਕੀ ਜੇ ਮੈਂ ਇਹ ਕੰਮ ਆਪਣੀ ਹੀ ਮਰਜ਼ੀ ਨਾਲ ਕਰਦਾ ਹਾਂ ਤਾਂ ਮੇਰੇ ਲਈ ਫਲ ਹੈ ਪਰ ਜੇ ਆਪਣੀ ਮਰਜ਼ੀ ਤੋਂ ਬਿਨ੍ਹਾਂ ਤਾਂ ਭੰਡਾਰੀਪਣ ਮੈਨੂੰ ਸੌਂਪਿਆ ਗਿਆ ਹੈ ।

18ਤਾਂ ਮੇਰੇ ਲਈ ਕੀ ਫਲ ਹੈ ? ਇਹ, ਕਿ ਜਦ ਮੈਂ ਖੁਸ਼ਖਬਰੀ ਸੁਣਾਵਾਂ ਤਾਂ ਖੁਸ਼ਖਬਰੀ ਨੂੰ ਮੁਫ਼ਤ ਰੱਖਾਂ ਤਾਂ ਜੋ ਖੁਸ਼ਖਬਰੀ ਵਿੱਚ ਜੋ ਮੇਰਾ ਹੱਕ ਹੈ ਮੈਂ ਉਹ ਨੂੰ ਪੂਰਾ ਨਾ ਕਰਾਂ ।

19ਭਾਵੇਂ ਮੈਂ ਸਭਨਾਂ ਤੋਂ ਅਜ਼ਾਦ ਸੀ ਤਾਂ ਵੀ ਆਪਣੇ ਆਪ ਨੂੰ ਸਭਨਾਂ ਦਾ ਦਾਸ ਕੀਤਾ ਤਾਂ ਜੋ ਮੈਂ ਬਹੁਤਿਆਂ ਨੂੰ ਪ੍ਰਭੂ ਵੱਲ ਖਿੱਚ ਲਿਆਵਾਂ ।

20ਅਤੇ ਯਹੂਦੀਆਂ ਲਈ ਮੈਂ ਯਹੂਦੀ ਜਿਹਾ ਬਣਿਆ ਤਾਂ ਜੋ ਯਹੂਦੀ ਨੂੰ ਖਿੱਚ ਲਿਆਵਾਂ ਅਤੇ ਭਾਵੇਂ ਆਪ ਬਿਵਸਥਾ ਅਧੀਨ ਨਹੀਂ ਹਾਂ ਤਾਂ ਵੀ ਬਿਵਸਥਾ ਅਧੀਨਾਂ ਲਈ ਮੈਂ ਅਧੀਨ ਜਿਹਾ ਬਣਿਆ ਤਾਂ ਜੋ ਮੈਂ ਬਿਵਸਥਾ ਅਧੀਨਾਂ ਨੂੰ ਖਿੱਚ ਲਿਆਵਾਂ ।

21ਮੈਂ ਜੋ ਪਰਮੇਸ਼ੁਰ ਦੇ ਭਾਣੇ ਬਿਵਸਥਾ ਹੀਣ ਨਹੀਂ ਹਾਂ ਸਗੋਂ ਮਸੀਹ ਦੇ ਭਾਣੇ ਬਿਵਸਥਾ ਅਧੀਨ ਹਾਂ ਬਿਵਸਥਾ ਹੀਣਾਂ ਲਈ ਮੈਂ ਬਿਵਸਥਾ ਹੀਣ ਜਿਹਾ ਬਣਿਆ ਤਾਂ ਜੋ ਮੈਂ ਬਿਵਸਥਾ ਹੀਣਾਂ ਨੂੰ ਖਿੱਚ ਲਿਆਵਾਂ ।

22ਮੈਂ ਕਮਜ਼ੋਰਾਂ ਲਈ ਕਮਜ਼ੋਰ ਬਣਿਆ ਤਾਂ ਜੋ ਕਮਜ਼ੋਰਾਂ ਨੂੰ ਖਿੱਚ ਲਿਆਵਾਂ । ਮੈਂ ਸਭਨਾਂ ਲਈ ਸਭ ਕੁੱਝ ਬਣਿਆ ਹਾਂ ਤਾਂ ਜੋ ਮੈਂ ਹਰ ਤਰ੍ਹਾਂ ਨਾਲ ਕਈਆਂ ਨੂੰ ਬਚਾਵਾਂ ।

23ਅਤੇ ਮੈਂ ਸਭ ਕੁੱਝ ਖੁਸ਼ਖਬਰੀ ਦੇ ਨਮਿੱਤ ਕਰਦਾ ਹਾਂ ਤਾਂ ਜੋ ਮੈਂ ਹੋਰਨਾਂ ਨਾਲ ਰਲ ਕੇ ਉਸ ਵਿੱਚ ਸਾਂਝੀ ਹੋ ਜਾਂਵਾਂ ।

24ਕੀ ਤੁਸੀਂ ਇਹ ਨਹੀਂ ਜਾਣਦੇ ਕਿ ਦੌੜ ਵਿੱਚ ਜਿਹੜੇ ਦੌੜਦੇ ਹਨ ਤਾਂ ਸਭ ਦੌੜਦੇ ਹਨ ਪਰ ਇਨਾਮ ਇੱਕੋ ਲੈ ਜਾਂਦਾ ਹੈ ? ਇਉਂ ਤੁਸੀਂ ਵੀ ਦੌੜੋ ਤਾਂ ਜੋ ਤੁਸੀਂ ਹੀ ਇਨਾਮ ਲੈ ਜਾਓ ।

25ਹਰੇਕ ਪਹਿਲਵਾਨ ਸਭਨੀਂ ਗੱਲੀਂ ਸੰਜਮੀ ਹੁੰਦਾ ਹੈ । ਸੋ ਉਹ ਤਾਂ ਨਾਸਵਾਨ ਇਨਾਮ ਨੂੰ, ਪਰ ਅਸੀਂ ਅਵਿਨਾਸ਼ੀ ਇਨਾਮ ਨੂੰ ਲੈਣ ਲਈ ਇਹ ਕਰਦੇ ਹਾਂ ।

26ਸੋ ਮੈਂ ਆਪਣੇ ਨਿਸ਼ਾਨੇ ਦੇ ਵੱਲ ਦੌੜਦਾ ਹਾਂ, ਮੈਂ ਅਜਿਹਾ ਨਹੀਂ ਲੜਦਾ ਜਿਵੇਂ ਹਵਾ ਵਿੱਚ ਮੁੱਕੇ ਮਾਰਦਾ ਹੋਵੇ ।

27ਸਗੋਂ ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਅਤੇ ਉਹ ਨੂੰ ਆਪਣੇ ਵੱਸ ਵਿੱਚ ਲਿਆਉਂਦਾ ਹਾਂ ਭਈ ਅਜਿਹਾ ਨਾ ਹੋਵੇ ਜੋ ਕਿਤੇ ਮੈਂ ਹੋਰਨਾਂ ਨੂੰ ਉਪਦੇਸ਼ ਕਰ ਕੇ ਆਪ ਪਰਮੇਸ਼ੁਰ ਅੱਗੇ ਨਿਕੰਮਾ ਹੋ ਜਾਂਵਾਂ ।


  Share Facebook  |  Share Twitter

 <<  1 Corinthians 9 >> 


Bible2india.com
© 2010-2025
Help
Dual Panel

Laporan Masalah/Saran