Bible 2 India Mobile
[VER] : [PUNJABI]     [PL]  [PB] 
 <<  1 Corinthians 14 >> 

1ਪਿਆਰ ਵਿੱਚ ਚੱਲੋ । ਆਤਮਕ ਦਾਤਾਂ ਦੀ ਵੀ ਭਾਲ ਕਰੋ, ਪਰ ਭਵਿੱਖਬਾਣੀ ਨੂੰ ਵਧੇਰੇ ਭਾਲੋ ।

2ਜਿਹੜਾ ਪਰਾਈ ਭਾਸ਼ਾ ਬੋਲਦਾ ਹੈ, ਉਹ ਮਨੁੱਖਾਂ ਨਾਲ ਨਹੀਂ ਸਗੋਂ ਪਰਮੇਸ਼ੁਰ ਨਾਲ ਬੋਲਦਾ ਹੈ, ਇਸ ਲਈ ਕੋਈ ਨਹੀਂ ਸਮਝਦਾ ਹੈ ਪਰ ਉਹ ਆਤਮਾ ਵਿੱਚ ਭੇਤ ਦੀਆਂ ਗੱਲਾਂ ਕਰਦਾ ਹੈ ।

3ਪਰ ਜਿਹੜਾ ਭਵਿੱਖਬਾਣੀ ਕਰਦਾ ਹੈ, ਉਹ ਲਾਭ ਅਤੇ ਉਪਦੇਸ਼ ਅਤੇ ਤਸੱਲੀ ਦੀਆਂ ਗੱਲਾਂ ਮਨੁੱਖ ਨਾਲ ਕਰਦਾ ਹੈ ।

4ਜਿਹੜਾ ਪਰਾਈ ਭਾਸ਼ਾ ਬੋਲਦਾ ਹੈ ਉਹ ਆਪ ਹੀ ਲਾਭ ਲੈਂਦਾ ਹੈ, ਪਰ ਜਿਹੜਾ ਭਵਿੱਖਬਾਣੀ ਕਰਦਾ ਹੈ ਉਹ ਕਲੀਸਿਯਾ ਨੂੰ ਲਾਭ ਦਿੰਦਾ ਹੈ ।

5ਹੁਣ ਮੈਂ ਚਾਹੁੰਦਾ ਹਾਂ ਜੋ ਤੁਸੀਂ ਸਾਰੇ ਪਰਾਈਆਂ ਭਾਸ਼ਾ ਬੋਲੋ ਪਰ ਇਸ ਤੋਂ ਵੱਧ ਕੇ ਇਹ, ਜੋ ਤੁਸੀਂ ਭਵਿੱਖਬਾਣੀ ਕਰੋ । ਜਿਹੜਾ ਪਰਾਈਆਂ ਭਾਸ਼ਾ ਬੋਲਣ ਵਾਲਾ ਹੈ ਜੇਕਰ ਉਹ ਅਰਥ ਨਾ ਕਰੇ, ਜਿਸ ਤੋਂ ਕਲੀਸਿਯਾ ਲਾਭ ਉੱਠਾਵੇ ਤਾਂ ਭਵਿੱਖਬਾਣੀ ਕਰਨ ਵਾਲਾ ਉਸ ਨਾਲੋਂ ਉੱਤਮ ਹੈ ।

6ਪਰ ਹੁਣ ਭਰਾਵੋ, ਜੇ ਮੈਂ ਪਰਾਈ ਭਾਸ਼ਾ ਬੋਲਦਾ ਹੋਇਆ ਤੁਹਾਡੇ ਕੋਲ ਆਵਾਂ ਅਤੇ ਪਰਕਾਸ਼ ਜਾਂ ਗਿਆਨ ਜਾਂ ਭਵਿੱਖਬਾਣੀ ਜਾਂ ਸਿੱਖਿਆ ਦੀ ਗੱਲ, ਤੁਹਾਡੇ ਨਾਲ ਨਾ ਕਰਾਂ ਤਾਂ ਮੇਰੇ ਤੋਂ ਤੁਹਾਨੂੰ ਕੀ ਲਾਭ ਹੋਵੇਗਾ ?

7ਬੇ ਜਾਨ ਵਸਤਾਂ ਵੀ ਜਿਹੜੀਆਂ ਆਵਾਜ਼ ਦਿੰਦੀਆਂ ਹਨ ਭਾਵੇਂ ਵੰਜਲੀ ਭਾਵੇਂ ਰਬਾਬ ਜੇ ਉਨ੍ਹਾਂ ਦੀਆਂ ਸੁਰਾਂ ਵਿੱਚ ਭੇਦ ਨਾ ਹੋਵੇ ਤਾਂ ਕੀ ਪਤਾ ਲੱਗੇ ਜੋ ਕੀ ਵਜਾਇਆ ਜਾਂਦਾ ਹੈ ?

8ਜੇ ਤੁਰੀ ਬੇ ਠਿਕਾਣੇ ਆਵਾਜ਼ ਦੇਵੇ ਤਾਂ ਕੌਣ ਲੜਾਈ ਲਈ ਲੱਕ ਬੰਨੇਗਾ ?

9ਇਸੇ ਤਰ੍ਹਾਂ ਤੁਸੀਂ ਵੀ ਜੇ ਸਾਫ਼ ਗੱਲ ਆਪਣੀ ਜ਼ੁਬਾਨੀ ਨਾ ਬੋਲੋ ਤਾਂ ਜੋ ਬੋਲਿਆ ਜਾਂਦਾ ਹੈ ਕਿਵੇਂ ਸਮਝਿਆ ਜਾਂਦਾ ਹੈ ? ਤੁਸੀਂ ਹਵਾ ਨਾਲ ਗੱਲਾਂ ਕਰਨ ਵਾਲੇ ਹੋਵੋਗੇ ।

10ਕੀ ਜਾਣੀਏ ਜੋ ਸੰਸਾਰ ਵਿੱਚ ਕਿੰਨੇ ਪ੍ਰਕਾਰ ਦੀਆਂ ਬੋਲੀਆਂ ਹਨ ਅਤੇ ਕੋਈ ਵਿਅਰਥ ਨਹੀਂ ਹੈ ।

11ਉਪਰੰਤ ਜੇ ਉਹ ਬੋਲੀ ਮੇਰੀ ਸਮਝ ਵਿੱਚ ਨਾ ਆਉਂਦੀ ਹੋਵੇ ਤਾਂ ਮੈਂ ਬੋਲਣ ਵਾਲੇ ਦੇ ਲਈ ਅਜ਼ੀਬ ਬਣਾਂਗਾ ਅਤੇ ਬੋਲਣ ਵਾਲਾ ਮੇਰੇ ਲਈ ਅਜ਼ੀਬ ਬਣੇਗਾ ।

12ਇਸੇ ਤਰ੍ਹਾਂ ਤੁਸੀਂ ਵੀ ਜਦ ਆਤਮਕ ਦਾਤਾਂ ਦੀ ਭਾਲ ਕਰਦੇ ਹੋ ਤਾਂ ਜਤਨ ਕਰੋ ਜੋ ਕਲੀਸਿਯਾ ਦੇ ਲਾਭ ਲਈ ਤੁਹਾਨੂੰ ਵਾਧਾ ਹੋਵੇ ।

13ਇਸ ਕਰਕੇ ਜੋ ਪਰਾਈ ਭਾਸ਼ਾ ਬੋਲਦਾ ਹੈ, ਉਹ ਪ੍ਰਾਰਥਨਾ ਕਰੇ ਜੋ ਅਰਥ ਵੀ ਕਰ ਸਕੇ ।

14ਜੇ ਮੈਂ ਪਰਾਈ ਭਾਸ਼ਾ ਵਿੱਚ ਪ੍ਰਾਰਥਨਾ ਕਰਾਂ ਤਾਂ ਮੇਰਾ ਆਤਮਾ ਪ੍ਰਾਰਥਨਾ ਕਰਦਾ ਹੈ ਪਰ ਮੇਰੀ ਸਮਝ ਨਿਸ਼ਫਲ ਹੈ ।

15ਮੈਂ ਆਤਮਾ ਨਾਲ ਗਾਵਾਂਗਾ ਅਤੇ ਸਮਝ ਨਾਲ ਵੀ ਗਾਵਾਂਗਾ ।

16ਨਹੀਂ ਤਾਂ ਜੇ ਤੂੰ ਆਤਮਾ ਨਾਲ ਹੀ ਉਸਤਤ ਕਰੇਂ ਤਾਂ ਜਿਹੜਾ ਅਨਜਾਣ ਕੋਲ ਬੈਠਾ ਹੋਇਆ ਹੈ ਜਦੋਂ ਉਹ ਨਹੀਂ ਜਾਣਦਾ ਜੋ ਤੂੰ ਕੀ ਆਖਦਾ ਹੈਂ ਉਹ ਤੇਰੇ ਧੰਨਵਾਦ ਕਰਨ ਉੱਤੇ ਆਮੀਨ ਕਿਵੇਂ ਆਖੇ ?

17ਤੂੰ ਤਾਂ ਧੰਨਵਾਦ ਚੰਗੀ ਤਰ੍ਹਾਂ ਨਾਲ ਕਰਦਾ ਹੈਂ ਪਰ ਦੂਜੇ ਨੂੰ ਕੁੱਝ ਲਾਭ ਨਹੀਂ ਹੁੰਦਾ ।

18ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਜੋ ਮੈਂ ਤੁਹਾਡੇ ਸਾਰਿਆਂ ਤੋਂ ਵਧੇਰੇ ਪਰਾਈ ਭਾਸ਼ਾ ਬੋਲਦਾ ਹਾਂ ।

19ਤਾਂ ਵੀ ਕਲੀਸਿਯਾ ਵਿੱਚ ਪੰਜ ਗੱਲਾਂ ਆਪਣੀ ਸਮਝ ਨਾਲ ਬੋਲਣੀਆਂ ਕਿ ਹੋਰਨਾਂ ਨੂੰ ਵੀ ਸਿਖਾਵਾਂ ਇਹ ਮੈਨੂੰ ਇਸ ਨਾਲੋਂ ਬਹੁਤ ਪਸੰਦ ਆਉਂਦਾ ਹੈ ਜੋ ਦਸ ਹਜ਼ਾਰ ਗੱਲਾਂ ਪਰਾਈ ਭਾਸ਼ਾ ਵਿੱਚ ਬੋਲਾਂ ।

20ਹੇ ਭਰਾਵੋ, ਤੁਸੀਂ ਬੁੱਧ ਵਿੱਚ ਬਾਲਕ ਨਾ ਬਣੋ ਤਾਂ ਵੀ ਬੁਰਿਆਈ ਵਿੱਚ ਨਿਆਣੇ ਬਣੇ ਰਹੋ ਪਰ ਬੁੱਧ ਵਿੱਚ ਸਿਆਣੇ ਹੋਵੋ ।

21ਬਿਵਸਥਾ ਵਿੱਚ ਲਿਖਿਆ ਹੋਇਆ ਹੈ ਜੋ ਪ੍ਰਭੂ ਆਖਦਾ ਹੈ ਕਿ ਮੈਂ ਪਰਾਈ ਭਾਸ਼ਾ ਦੇ ਬੋਲਣ ਵਾਲਿਆਂ ਅਤੇ ਓਪਰਿਆਂ ਦੇ ਬੁੱਲ੍ਹਾਂ ਦੇ ਰਾਹੀਂ ਇਨ੍ਹਾਂ ਲੋਕਾਂ ਨਾਲ ਬੋਲਾਂਗਾ ਅਤੇ ਇਉਂ ਵੀ ਉਹ ਮੇਰੀ ਨਾ ਸੁਣਨਗੇ ।

22ਸੋ ਪਰਾਈ ਭਾਸ਼ਾ ਵਿਸ਼ਵਾਸੀਆਂ ਲਈ ਨਹੀਂ ਸਗੋਂ ਅਵਿਸ਼ਵਾਸੀਆਂ ਦੇ ਲਈ ਇੱਕ ਨਿਸ਼ਾਨੀ ਹਨ, ਪਰ ਭਵਿੱਖਬਾਣੀ ਨਿਹਚਾਹੀਣਾਂ ਲਈ ਨਹੀਂ ਸਗੋਂ ਵਿਸ਼ਵਾਸੀਆਂ ਲਈ ਹੈ ।

23ਉਪਰੰਤ ਜੇ ਸਾਰੀ ਕਲੀਸਿਯਾ ਇੱਕ ਥਾਂ ਇਕੱਠੀ ਹੋਵੇ ਅਤੇ ਸਾਰੇ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਣ ਅਤੇ ਨਾ ਵਾਕਫ਼ ਅਥਵਾ ਅਵਿਸ਼ਵਾਸੀ ਲੋਕ ਅੰਦਰ ਆਉਣ ਤਾਂ ਭਲਾ, ਉਹ ਨਹੀਂ ਆਖਣਗੇ, ਭਲਾ, ਤੁਸੀਂ ਪਾਗਲ ਹੋ ?

24ਪਰ ਜੇ ਸਾਰੇ ਭਵਿੱਖਬਾਣੀ ਬੋਲਣ ਅਤੇ ਕੋਈ ਅਵਿਸ਼ਵਾਸੀ ਅਥਵਾ ਅਜਨਬੀ ਅੰਦਰ ਆਵੇ ਤਾਂ ਸਭਨਾਂ ਤੋਂ ਕਾਇਲ ਕੀਤਾ ਜਾਵੇਗਾ, ਸਭਨਾਂ ਤੋਂ ਜਾਂਚਿਆ ਜਾਵੇਗਾ ।

25ਉਹ ਦੇ ਮਨ ਦੀਆਂ ਗੁਪਤ ਗੱਲਾਂ ਪ੍ਰਗਟ ਹੋਣਗੀਆਂ ਅਤੇ ਉਹ ਪਰਮੇਸ਼ੁਰ ਨੂੰ ਮੱਥਾ ਟੇਕੇਗਾ ਅਤੇ ਆਖੇਗਾ ਭਈ ਸੱਚੀ ਮੁੱਚੀ ਪਰਮੇਸ਼ੁਰ ਇਹਨਾਂ ਦੇ ਵਿੱਚ ਹੈ !

26ਸੋ ਭਰਾਵੋ, ਗੱਲ ਕੀ ਹੈ ? ਜਦੋਂ ਤੁਸੀਂ ਇਕੱਠੇ ਹੁੰਦੇ ਹੋ ਤਾਂ ਕਿਸੇ ਦੇ ਕੋਲ ਭਜਨ, ਕਿਸੇ ਦੇ ਕੋਲ ਸਿੱਖਿਆ, ਕਿਸੇ ਦੇ ਕੋਲ ਅਗੰਮ ਗਿਆਨ, ਕਿਸੇ ਦੇ ਕੋਲ ਪਰਾਈ ਭਾਸ਼ਾ ਕਿਸੇ ਦੇ ਕੋਲ ਅਰਥ ਹੈ । ਸਭ ਕੁੱਝ ਲਾਭ ਦੇ ਲਈ ਹੋਣਾ ਚਾਹੀਦਾ ਹੈ ।

27ਜੇ ਕੋਈ ਪਰਾਈ ਭਾਸ਼ਾ ਬੋਲੇ ਤਾਂ ਦੋ-ਦੋ ਅਥਵਾ ਵੱਧ ਤੋਂ ਵੱਧ ਤਿੰਨ ਤਿੰਨ ਕਰਕੇ ਬੋਲਣ ਸੋ ਵਾਰੋ-ਵਾਰੀ ਅਤੇ ਇੱਕ ਜਣਾ ਅਰਥ ਕਰੇ ।

28ਪਰ ਜੇ ਕੋਈ ਅਰਥ ਕਰਨ ਵਾਲਾ ਨਾ ਹੋਵੇ ਤਾਂ ਉਹ ਕਲੀਸਿਯਾ ਵਿੱਚ ਚੁੱਪ ਰਹੇ ਅਤੇ ਆਪਣੇ ਨਾਲ ਅਤੇ ਪਰਮੇਸ਼ੁਰ ਨਾਲ ਬੋਲੇ ।

29ਅਤੇ ਨਬੀਆਂ ਵਿੱਚੋਂ ਦੋ ਅਥਵਾ ਤਿੰਨ ਬੋਲਣ ਅਤੇ ਬਾਕੀ ਦੇ ਪਰਖਣ ।

30ਪਰ ਜੇ ਦੂਜੇ ਉੱਤੇ ਜੋ ਕੋਲ ਬੈਠਾ ਹੋਇਆ ਹੈ ਕਿਸੇ ਗੱਲ ਦਾ ਪਰਕਾਸ਼ ਹੋਇਆ ਹੋਵੇ ਤਾਂ ਪਹਿਲਾਂ ਚੁੱਪ ਰਹੇ ।

31ਕਿਉਂ ਜੋ ਤੁਸੀਂ ਸਾਰੇ ਇੱਕ-ਇੱਕ ਕਰਕੇ ਭਵਿੱਖਬਾਣੀ ਕਰ ਸਕਦੇ ਹੋ ਤਾਂ ਜੋ ਸਾਰੇ ਸਿੱਖਣ ਅਤੇ ਸਾਰੇ ਦਿਲਾਸਾ ਪਾਉਣ ।

32ਅਤੇ ਨਬੀਆਂ ਦੇ ਆਤਮੇ ਨਬੀਆਂ ਦੇ ਵੱਸ ਵਿੱਚ ਹਨ ।

33ਕਿਉਂ ਜੋ ਪਰਮੇਸ਼ੁਰ ਗੜਬੜੀ ਦਾ ਨਹੀਂ ਸਗੋਂ ਸ਼ਾਂਤੀ ਦਾ ਪਰਮੇਸ਼ੁਰ ਹੈ । ਜਿਵੇਂ ਸੰਤਾਂ ਦੀਆਂ ਸਾਰੀਆਂ ਕਲੀਸਿਯਾਂਵਾ ਵਿੱਚ ਹੈ ।

34ਕਲੀਸਿਯਾਵਾਂ ਵਿੱਚ ਔਰਤਾਂ ਚੁੱਪ ਰਹਿਣ ਕਿਉਂ ਜੋ ਉਹਨਾਂ ਨੂੰ ਬੋਲਣ ਦੀ ਆਗਿਆ ਨਹੀਂ ਹੈ ਸਗੋਂ ਉਹ ਅਧੀਨ ਰਹਿਣ ਜਿਵੇਂ ਬਿਵਸਥਾ ਵੀ ਕਹਿੰਦੀ ਹੈ ।

35ਅਤੇ ਜੇ ਕੁੱਝ ਸਿੱਖਣਾ ਚਾਹੁੰਦੀਆਂ ਹਨ ਤਾਂ ਘਰ ਵਿੱਚ ਆਪੋ ਆਪਣੇ ਪਤੀਆਂ ਨੂੰ ਪੁੱਛਣ ਕਿਉਂ ਜੋ ਔਰਤ ਦੇ ਲਈ ਕਲੀਸਿਯਾ ਵਿੱਚ ਬੋਲਣਾ ਸ਼ਰਮ ਦੀ ਗੱਲ ਹੈ ।

36ਭਲਾ, ਪਰਮੇਸ਼ੁਰ ਦਾ ਬਚਨ ਤੁਹਾਡੇ ਵਿੱਚੋਂ ਹੀ ਤੋਂ ਨਿੱਕਲਿਆ ਅਥਵਾ ਨਿਰਾ ਤੁਹਾਡੇ ਹੀ ਤੱਕ ਪਹੁੰਚਿਆ ?

37ਜੇ ਕੋਈ ਆਪਣੇ ਆਪ ਨੂੰ ਨਬੀ ਜਾਂ ਆਤਮਕ ਸਮਝੇ ਤਾਂ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਲਿਖਦਾ ਹਾਂ ਉਹ ਉਹਨਾਂ ਨੂੰ ਜਾਣ ਲਵੇ ਕਿ ਉਹ ਪ੍ਰਭੂ ਦੇ ਹੁਕਮ ਹਨ ।

38ਪਰ ਜੇ ਕੋਈ ਨਾ ਜਾਣੇ ਤਾਂ ਨਾ ਜਾਣੇ ।

39ਗੱਲ ਕਾਹਦੀ, ਮੇਰੇ ਭਰਾਵੋ, ਭਵਿੱਖਬਾਣੀ ਕਰਨ ਨੂੰ ਭਾਲੋ ਅਤੇ ਪਰਾਈ ਭਾਸ਼ਾਵਾਂ ਬੋਲਣ ਤੋਂ ਨਾ ਰੋਕੋ ।

40ਪਰ ਸਾਰੀਆਂ ਗੱਲਾਂ ਢੰਗ ਸਿਰ ਅਤੇ ਜੁਗਤੀ ਨਾਲ ਹੋਣ ।


  Share Facebook  |  Share Twitter

 <<  1 Corinthians 14 >> 


Bible2india.com
© 2010-2025
Help
Dual Panel

Laporan Masalah/Saran