Bible 2 India Mobile
[VER] : [PUNJABI]     [PL]  [PB] 
 <<  1 Corinthians 12 >> 

1ਹੇ ਭਰਾਵੋ, ਮੈਂ ਨਹੀਂ ਚਾਹੁੰਦਾ ਜੋ ਤੁਸੀਂ ਆਤਮਕ ਦਾਤਾਂ ਦੇ ਬਾਰੇ ਅਣਜਾਣ ਰਹੋ ।

2ਤੁਸੀਂ ਜਾਣਦੇ ਹੋ, ਕਿ ਜਦੋਂ ਤੁਸੀਂ ਵਿਸ਼ਵਾਸ ਵਿੱਚ ਨਹੀਂ ਸੀ, ਤਦ ਗੂੰਗੀਆਂ ਮੂਰਤੀਆਂ ਦੀ ਵੱਲ ਜਿਵੇਂ ਤੋਰੇ ਜਾਂਦੇ ਤਿਵੇਂ ਤੁਰਦੇ ਸੀ ।

3ਇਸ ਲਈ ਮੈਂ ਤੁਹਾਨੂੰ ਇਹ ਦੱਸਦਾ ਹਾਂ ਕਿ ਪਰਮੇਸ਼ੁਰ ਦੇ ਆਤਮਾ ਰਾਹੀਂ ਬੋਲ ਕੇ ਕੋਈ ਨਹੀਂ ਆਖ ਸਕਦਾ, “ਯਿਸੂ ਸਰਾਪਤ ਹੈ,” ਨਾ ਕੋਈ ਕਹਿ ਸਕਦਾ ਹੈ, “ਯਿਸੂ ਪ੍ਰਭੂ ਹੈ,” ਪਰ ਕੇਵਲ ਪਵਿੱਤਰ ਆਤਮਾ ਦੇ ਰਾਹੀਂ ।

4ਦਾਤਾਂ ਅਨੇਕ ਪ੍ਰਕਾਰ ਦੀਆਂ ਹਨ, ਪਰ ਆਤਮਾ ਇੱਕੋ ਹੈ ।

5ਅਤੇ ਸੇਵਾ ਕਈ ਪ੍ਰਕਾਰ ਦੀ ਹੈ, ਪਰ ਪ੍ਰਭੂ ਇੱਕੋ ਹੈ ।

6ਅਤੇ ਕਾਰਜ ਅਨੇਕ ਪ੍ਰਕਾਰ ਦੇ ਹਨ, ਪਰ ਪਰੰਤੂ ਪਰਮੇਸ਼ੁਰ ਇੱਕੋ ਹੈ ਜੋ ਸਭਨਾਂ ਵਿੱਚ ਕਾਰਜ ਕਰਦਾ ਹੈ ।

7ਪਰ ਆਤਮਾ ਦਾ ਪਰਕਾਸ਼ ਜੋ ਸਭਨਾਂ ਦੇ ਲਾਭ ਲਈ ਹੈ ਹਰ ਇੱਕ ਨੂੰ ਦਿੱਤਾ ਜਾਂਦਾ ਹੈ ।

8ਇੱਕ ਨੂੰ ਤਾਂ ਆਤਮਾ ਦੇ ਰਾਹੀਂ ਗਿਆਨ ਦੀ ਗੱਲ ਪ੍ਰਾਪਤ ਹੁੰਦੀ ਹੈ, ਦੂਜੇ ਨੂੰ ਉਸੇ ਆਤਮਾ ਦੇ ਅਨੁਸਾਰ ਵਿੱਦਿਆ ਦੀ ਗੱਲ,

9ਹੋਰ ਨੂੰ ਉਸੇ ਆਤਮਾ ਤੋਂ ਵਿਸ਼ਵਾਸ, ਹੋਰ ਕਿਸੇ ਨੂੰ ਉਸੇ ਇੱਕੋ ਆਤਮਾ ਤੋਂ ਚੰਗਾ ਕਰਨ ਦੀਆਂ ਦਾਤਾਂ ।

10ਅਤੇ ਹੋਰ ਕਿਸੇ ਨੂੰ ਕਰਾਮਾਤਾਂ ਵਿਖਾਉਣ ਦੀ ਸਮਰੱਥਾ, ਹੋਰ ਕਿਸੇ ਨੂੰ ਭਵਿੱਖਬਾਣੀ ਅਤੇ ਹੋਰ ਕਿਸੇ ਨੂੰ ਆਤਮਿਆਂ ਦੀ ਪਛਾਣ, ਹੋਰ ਨੂੰ ਅਨੇਕ ਪ੍ਰਕਾਰ ਦੀਆਂ ਭਾਸ਼ਾ, ਹੋਰ ਕਿਸੇ ਨੂੰ ਭਾਸ਼ਾ ਦਾ ਅਰਥ ਕਰਨਾ ।

11ਪਰ ਉਹ ਇੱਕੋ ਆਤਮਾ ਹੀ ਸਭ ਕੁੱਝ ਕਰਦਾ ਹੈ ਅਤੇ ਉਹ ਜਿਸ ਤਰ੍ਹਾਂ ਚਾਹੁੰਦਾ ਹੈ ਹਰੇਕ ਨੂੰ ਇੱਕ-ਇੱਕ ਕਰਕੇ ਵੰਡ ਦਿੰਦਾ ਹੈ ।

12ਜਿਸ ਤਰ੍ਹਾਂ ਸਰੀਰ ਇੱਕ ਹੈ ਅਤੇ ਉਹ ਦੇ ਅੰਗ ਬਹੁਤੇ ਹਨ, ਅਤੇ ਸਰੀਰ ਦੇ ਸਾਰੇ ਅੰਗ ਭਾਵੇਂ ਬਹੁਤੇ ਹਨ ਪਰ ਤਾਂ ਵੀ ਮਿਲ ਕੇ ਇੱਕੋ ਸਰੀਰ ਹੋਇਆ ਸੋ ਇਸੇ ਤਰ੍ਹਾਂ ਮਸੀਹ ਵੀ ਹੈ ।

13ਕਿਉਂ ਜੋ ਸਾਨੂੰ ਸਾਰਿਆਂ ਨੂੰ ਕੀ ਯਹੂਦੀ, ਕੀ ਯੂਨਾਨੀ, ਕੀ ਗੁਲਾਮ, ਕੀ ਅਜ਼ਾਦ, ਇੱਕ ਸਰੀਰ ਬਣਨ ਲਈ ਇੱਕੋ ਆਤਮਾ ਨਾਲ ਬਪਤਿਸਮਾ ਦਿੱਤਾ ਗਿਆ ਅਤੇ ਸਾਨੂੰ ਸਾਰਿਆਂ ਨੂੰ ਇੱਕ ਆਤਮਾ ਪਿਆਇਆ ਗਿਆ ।

14ਇਸ ਲਈ ਸਰੀਰ ਇੱਕੋ ਅੰਗ ਨਹੀਂ, ਸਗੋਂ ਬਹੁਅੰਗਾ ਹੈ ।

15ਜੇ ਪੈਰ ਆਖੇ ਕਿ ਮੈਂ ਹੱਥ ਨਹੀਂ, ਇਸ ਲਈ ਸਰੀਰ ਦਾ ਨਹੀਂ ਹਾਂ ਤਾਂ ਭਲਾ, ਉਹ ਇਸ ਕਾਰਨ ਸਰੀਰ ਦਾ ਨਹੀਂ ਹੈ ?

16ਅਤੇ ਜੇ ਕੰਨ ਆਖੇ ਕਿ ਮੈਂ ਅੱਖ ਨਹੀਂ ਇਸ ਲਈ ਸਰੀਰ ਦਾ ਨਹੀਂ ਹਾਂ, ਤਾਂ ਭਲਾ, ਉਹ ਇਸ ਕਾਰਨ ਸਰੀਰ ਦਾ ਨਹੀਂ ਹੈ ?

17ਜੇ ਸਾਰਾ ਸਰੀਰ ਅੱਖ ਹੀ ਹੁੰਦਾ ਤਾਂ ਸੁਣਨਾ ਕਿੱਥੇ ਹੁੰਦਾ ? ਜੇ ਸਾਰਾ ਸੁਣਨਾ ਹੀ ਹੁੰਦਾ ਤਾਂ ਸੁੰਘਣਾ ਕਿੱਥੇ ਹੁੰਦਾ ?

18ਪਰ ਹੁਣ ਪਰਮੇਸ਼ੁਰ ਨੇ ਜਿਸ ਪ੍ਰਕਾਰ ਉਹ ਨੂੰ ਭਾਉਂਦਾ ਸੀ, ਅੰਗਾਂ ਨੂੰ ਇੱਕ-ਇੱਕ ਕਰਕੇ ਸਰੀਰ ਵਿੱਚ ਰੱਖਿਆ ਹੈ ।

19ਪਰ ਜੇ ਉਹ ਸਾਰੇ ਇੱਕੋ ਹੀ ਅੰਗ ਹੁੰਦੇ ਤਾਂ ਸਰੀਰ ਕਿੱਥੇ ਹੁੰਦਾ ?

20ਪਰ ਹੁਣ ਤਾਂ ਬਹੁਤੇ ਅੰਗ ਹਨ, ਪਰ ਸਰੀਰ ਇੱਕੋ ਹੈ ।

21ਅੱਖ ਹੱਥ ਨੂੰ ਨਹੀਂ ਆਖ ਸਕਦੀ ਕਿ ਮੈਨੂੰ ਤੇਰੀ ਕੋਈ ਲੋੜ ਨਹੀਂ, ਨਾ ਸਿਰ ਪੈਰ ਨੂੰ ਕਿ ਮੈਨੂੰ ਤੁਹਾਡੀ ਕੋਈ ਲੋੜ ਨਹੀਂ l

22ਪਰ ਸਰੀਰ ਦੇ ਜਿਹੜੇ ਅੰਗ ਹੋਰਨਾਂ ਨਾਲੋਂ ਕਮਜ਼ੋਰ ਦਿਸਦੇ ਹਨ ਉਹ ਅਤੇ ਜ਼ਰੂਰੀ ਹਨ ।

23ਅਤੇ ਸਰੀਰ ਦਿਆਂ ਜਿਹਨਾਂ ਅੰਗਾਂ ਨੂੰ ਅਸੀਂ ਹੋਰਨਾਂ ਨਾਲੋਂ ਨਿਰਾਦਰ ਸਮਝਦੇ ਹਾਂ ਉਹਨਾਂ ਦਾ ਬਹੁਤ ਵੱਧਕੇ ਆਦਰ ਕਰਦੇ ਹਾਂ ਅਤੇ ਸਾਡੇ ਲਈ ਉਹ ਸੋਹਣੇ ਹੋ ਜਾਂਦੇ ਹਨ l

24ਪਰ ਸਾਡੇ ਅੰਗਾਂ ਨੂੰ ਕੋਈ ਲੋੜ ਨਹੀਂ ਪਰੰਤੂ ਜਿਹੜੇ ਅੰਗਾਂ ਨੂੰ ਕੁੱਝ ਘਾਟਾ ਸੀ, ਉਨ੍ਹਾਂ ਨੂੰ ਪਰਮੇਸ਼ੁਰ ਨੇ ਹੋਰ ਆਦਰ ਦੇ ਕੇ ਸਰੀਰ ਨੂੰ ਜੋੜਿਆ ।

25ਤਾਂ ਜੋ ਸਰੀਰ ਵਿੱਚ ਫੁੱਟ ਨਾ ਪਵੇ ਸਗੋਂ ਇੱਕ ਦੂਜੇ ਦੇ ਲਈ ਇੱਕ ਸਮਾਨ ਚਿੰਤਾ ਕਰਨ ।

26ਅਤੇ ਜੇ ਇੱਕ ਅੰਗ ਨੂੰ ਦੁੱਖ ਲੱਗੇ ਤਾਂ ਸਾਰੇ ਅੰਗ ਉਸ ਦੇ ਨਾਲ ਦੁੱਖੀ ਹੁੰਦੇ ਹਨ ਅਤੇ ਜੇ ਇੱਕ ਅੰਗ ਦਾ ਆਦਰ ਹੋਵੇ ਤਾਂ ਸਾਰੇ ਉਹ ਦੇ ਨਾਲ ਅਨੰਦ ਹੁੰਦੇ ਹਨ ।

27ਹੁਣ ਤੁਸੀਂ ਰਲ ਕੇ ਮਸੀਹ ਦੇ ਸਰੀਰ ਹੋ ਅਤੇ ਇੱਕ-ਇੱਕ ਕਰਕੇ ਉਸ ਦੇ ਅੰਗ ਹੋ ।

28ਅਤੇ ਕਲੀਸਿਯਾ ਵਿੱਚ ਪਰਮੇਸ਼ੁਰ ਨੇ ਕਈਆਂ ਨੂੰ ਨਿਯੁਕਤ ਕੀਤਾ ਹੋਇਆ ਹੈ, ਪਹਿਲਾਂ ਰਸੂਲਾਂ ਨੂੰ, ਦੂਜਾ ਨਬੀਆਂ ਨੂੰ, ਤੀਜੇ ਉਪਦੇਸ਼ਕਾਂ ਨੂੰ, ਫੇਰ ਕਰਾਮਾਤੀਆਂ ਨੂੰ, ਫੇਰ ਨਰੋਇਆਂ ਕਰਨ ਦੀਆਂ ਦਾਤਾਂ ਵਾਲਿਆਂ ਨੂੰ, ਉਪਕਾਰੀਆਂ ਨੂੰ, ਹਾਕਮਾਂ ਨੂੰ ਅਤੇ ਅਨੇਕ ਪ੍ਰਕਾਰ ਦੀਆਂ ਭਾਸ਼ਾ ਬੋਲਣ ਵਾਲਿਆਂ ਨੂੰ ।

29ਕੀ ਸਾਰੇ ਰਸੂਲ ਹਨ ? ਕੀ ਸਾਰੇ ਨਬੀ ਹਨ ? ਕੀ ਸਾਰੇ ਉਪਦੇਸ਼ਕ ਹਨ ? ਕੀ ਸਾਰੇ ਕਰਾਮਾਤੀ ਹਨ ?

30ਕੀ ਸਭ ਨੂੰ ਨਰੋਇਆਂ ਕਰਨ ਦੀਆਂ ਦਾਤਾਂ ਮਿਲੀਆਂ ਹਨ ? ਕੀ ਸਾਰੇ ਅਨੇਕ ਪ੍ਰਕਾਰ ਦੀਆਂ ਭਾਸ਼ਾ ਬੋਲਦੇ ਹਨ ? ਕੀ ਸਾਰੇ ਅਰਥ ਕਰਦੇ ਹਨ ?

31ਪਰ ਤੁਸੀਂ ਚੰਗੀਆਂ ਦਾਤਾਂ ਦੀ ਭਾਲ ਕਰੋ, ਨਾਲੇ ਮੈਂ ਤੁਹਾਨੂੰ ਇੱਕ ਬਹੁਤ ਹੀ ਉੱਤਮ ਮਾਰਗ ਦੱਸਦਾ ਹਾਂ ।


  Share Facebook  |  Share Twitter

 <<  1 Corinthians 12 >> 


Bible2india.com
© 2010-2025
Help
Dual Panel

Laporan Masalah/Saran