Bible 2 India Mobile
[VER] : [PUNJABI]     [PL]  [PB] 
 <<  Revelation 15 >> 

1ਮੈਂ ਸਵਰਗ ਉੱਤੇ ਇੱਕ ਹੋਰ ਨਿਸ਼ਾਨ ਵੱਡਾ ਅਤੇ ਅਚਰਜ ਦੇਖਿਆ, ਅਰਥਾਤ ਸੱਤ ਦੂਤ ਸੱਤ ਮਹਾਂਮਾਰੀਆਂ ਲਏ ਹੋਏ ਖੜ੍ਹੇ ਸਨ, ਜਿਹੜੀਆਂ ਆਖਰੀ ਹਨ, ਕਿਉਂ ਜੋ ਉਹਨਾਂ ਨਾਲ ਪਰਮੇਸ਼ੁਰ ਦਾ ਕ੍ਰੋਧ ਸੰਪੂਰਨ ਹੋਇਆ ।

2ਅਤੇ ਮੈਂ ਇੱਕ ਕੱਚ ਦੇ ਸਮੁੰਦਰ ਵਰਗਾ ਵੇਖਿਆ, ਜਿਹ ਦੇ ਵਿੱਚ ਅੱਗ ਮਿਲੀ ਹੋਈ ਸੀ, ਅਤੇ ਜਿਨ੍ਹਾਂ ਨੇ ਉਸ ਦਰਿੰਦੇ, ਉਹ ਦੀ ਮੂਰਤੀ ਅਤੇ ਉਹ ਦੇ ਨਾਮ ਦੇ ਅੰਗ ਉੱਤੇ ਜਿੱਤ ਪਾਈ, ਮੈਂ ਉਹਨਾਂ ਨੂੰ ਪਰਮੇਸ਼ੁਰ ਦੇ ਰਬਾਬ ਫੜੀ ਕੱਚ ਦੇ ਸਮੁੰਦਰ ਕੋਲ ਖੜ੍ਹੇ ਵੇਖਿਆ ।

3ਅਤੇ ਉਹ ਪਰਮੇਸ਼ੁਰ ਦੇ ਦਾਸ ਮੂਸਾ ਦਾ ਗੀਤ ਅਤੇ ਲੇਲੇ ਦਾ ਗੀਤ ਗਾਉਂਦੇ ਹੋਏ ਆਖਦੇ ਹਨ, ਹੇ ਪ੍ਰਭੂ ਪਰਮੇਸ਼ੁਰ, ਸਰਬ ਸ਼ਕਤੀਮਾਨ, ਵੱਡੇ ਅਤੇ ਅਚਰਜ ਕੰਮ ਤੇਰੇ ਹਨ ! ਹੇ ਕੌਮਾਂ ਦੇ ਪਾਤਸ਼ਾਹ, ਤੇਰੇ ਮਾਰਗ ਠੀਕ ਅਤੇ ਸੱਚੇ ਹਨ !

4ਹੇ ਪ੍ਰਭੂ, ਕੌਣ ਤੇਰੇ ਕੋਲੋਂ ਨਾ ਡਰੇਗਾ ਅਤੇ ਤੇਰੇ ਨਾਮ ਦੀ ਮਹਿਮਾ ਨਾ ਕਰੇਗਾ ? ਤੂੰ ਹੀ ਤਾਂ ਇਕੱਲਾ ਪਵਿੱਤਰ ਹੈਂ, ਸੋ ਸਾਰੀਆਂ ਕੌਮਾਂ ਆਉਣਗੀਆਂ, ਅਤੇ ਤੇਰੇ ਅੱਗੇ ਮੱਥਾ ਟੇਕਣਗੀਆਂ, ਇਸ ਲਈ ਜੋ ਤੇਰੇ ਨਿਆਂ ਦੇ ਕੰਮ ਪਰਗਟ ਹੋ ਗਏ ਹਨ !

5ਇਸ ਤੋਂ ਬਾਅਦ ਮੈਂ ਦੇਖਿਆ ਅਤੇ ਗਵਾਹੀ ਦੇ ਤੰਬੂ ਦੀ ਹੈਕਲ ਜਿਹੜੀ ਸਵਰਗ ਵਿੱਚ ਹੈ, ਖੋਲ੍ਹੀ ਗਈ ।

6ਅਤੇ ਉਹ ਸੱਤ ਦੂਤ ਜਿਨ੍ਹਾਂ ਕੋਲ ਸੱਤ ਮਹਾਂਮਾਰੀਆਂ ਸਨ ਸਾਫ਼ ਅਤੇ ਚਮਕਦੀ ਕਤਾਨ ਪਹਿਨੇ ਅਤੇ ਸੋਨੇ ਦੀ ਪੇਟੀ ਛਾਤੀ ਦੁਆਲੇ ਬੰਨ੍ਹੇਂ ਹੈਕਲ ਵਿੱਚੋਂ ਨਿੱਕਲੇ ।

7ਅਤੇ ਚਾਰਾਂ ਪ੍ਰਾਣੀਆਂ ਵਿੱਚੋਂ ਇੱਕ ਨੇ ਉਹਨਾਂ ਸੱਤਾਂ ਦੂਤਾਂ ਨੂੰ ਸੋਨੇ ਦੇ ਸੱਤ ਕਟੋਰੇ ਫੜਾਏ ਜਿਹੜੇ ਜੁੱਗੋ-ਜੁੱਗ ਜਿਉਂਦੇ ਪਰਮੇਸ਼ੁਰ ਦੇ ਕ੍ਰੋਧ ਨਾਲ ਭਰੇ ਹੋਏ ਸਨ ।

8ਅਤੇ ਪਰਮੇਸ਼ੁਰ ਦੇ ਤੇਜ ਤੋਂ ਅਤੇ ਉਹ ਦੀ ਸਮਰੱਥਾ ਤੋਂ ਹੈਕਲ ਧੂੰਏਂ ਨਾਲ ਭਰ ਗਈ ਅਤੇ ਜਿਨ੍ਹਾਂ ਸਮਾਂ ਉਹਨਾਂ ਸੱਤਾਂ ਦੂਤਾਂ ਦੀਆਂ ਸੱਤ ਮਹਾਂਮਾਰੀਆਂ ਪੂਰੀਆਂ ਨਾ ਹੋਈਆਂ ਓਨਾ ਸਮਾਂ ਹੈਕਲ ਵਿੱਚ ਕੋਈ ਜਾ ਨਾ ਸਕਿਆ ।



 <<  Revelation 15 >> 


Bible2india.com
© 2010-2025
Help
Single Panel

Laporan Masalah/Saran