Bible 2 India Mobile
[VER] : [PUNJABI]     [PL]  [PB] 
 <<  Psalms 33 >> 

1ਹੇ ਧਰਮੀਓ, ਯਹੋਵਾਹ ਦੀ ਜੈ-ਜੈ ਕਾਰ ਕਰੋ, ਖਰਿਆਂ ਨੂੰ ਉਸਤਤ ਕਰਨੀ ਫੱਬਦੀ ਹੈ ।

2ਬਰਬਤ ਵਜਾ ਕੇ ਯਹੋਵਾਹ ਦਾ ਧੰਨਵਾਦ ਕਰੋ, ਦਸ ਤਾਰ ਦੀ ਸਿਤਾਰ ਵਜਾ ਕੇ ਉਹ ਦੀ ਉਸਤਤ ਗਾਓ ।

3ਉਸ ਦੇ ਲਈ ਇੱਕ ਨਵਾ ਗੀਤ ਗਾਓ, ਉੱਚੀ ਸੁਰ ਉੱਤੇ ਸੁਰ ਤਾਲ ਨਾਲ ਵਜਾਓ ।

4ਯਹੋਵਾਹ ਦਾ ਬਚਨ ਸੱਚ ਹੈ, ਅਤੇ ਉਹ ਦੇ ਸਾਰੇ ਕੰਮ ਵਫ਼ਾਦਾਰੀ ਨਾਲ ਹੁੰਦੇ ਹਨ ।

5ਉਹ ਧਰਮ ਅਤੇ ਨਿਆਂ ਨਾਲ ਪ੍ਰੀਤ ਰੱਖਦਾ ਹੈ, ਯਹੋਵਾਹ ਦੀ ਦਯਾ ਨਾਲ ਧਰਤੀ ਭਰਪੂਰ ਹੈ ।

6ਯਹੋਵਾਹ ਦੇ ਸ਼ਬਦ ਨਾਲ ਅਕਾਸ਼ ਬਣਾਏ ਗਏ, ਅਤੇ ਉਹਨਾਂ ਦੀ ਸਾਰੀ ਵੱਸੋਂ ਉਹ ਦੇ ਮੂੰਹ ਦੇ ਸਵਾਸ ਨਾਲ

7ਉਹ ਸਮੁੰਦਰ ਦੇ ਪਾਣੀ ਨੂੰ ਢੇਰਾਂ ਵਿੱਚ ਇਕੱਠਿਆਂ ਕਰਦਾ ਹੈ, ਉਹ ਡੂੰਘਿਆ ਪਾਣੀਆਂ ਨੂੰ ਭੰਡਾਰ ਵਿੱਚ ਰੱਖਦਾ ਹੈ ।

8ਸਾਰੀ ਧਰਤੀ ਯਹੋਵਾਹ ਤੋਂ ਡਰੇ, ਜਗਤ ਦੇ ਸਾਰੇ ਵਸਨੀਕ ਉਸ ਦਾ ਡਰ ਮੰਨਣ,

9ਕਿਉਂ ਜੋ ਉਸ ਨੇ ਆਖਿਆ ਅਤੇ ਉਹ ਹੋ ਗਿਆ, ਉਸ ਨੇ ਹੁਕਮ ਦਿੱਤਾ ਤਾਂ ਉਹ ਬਣ ਗਿਆ ।

10ਯਹੋਵਾਹ ਕੌਮਾਂ ਦੀ ਸਲਾਹ ਨੂੰ ਅਕਾਰਥ ਕਰਦਾ, ਲੋਕਾਂ ਦੀਆਂ ਜੁਗਤਾਂ ਨੂੰ ਵਿਅਰਥ ਕਰ ਦਿੰਦਾ ਹੈ ।

11ਯਹੋਵਾਹ ਦੀ ਸਲਾਹ ਸਦਾ ਅਟੱਲ ਰਹਿੰਦੀ ਹੈ, ਅਤੇ ਉਸ ਦੇ ਮਨ ਦੀਆਂ ਸੋਚਾਂ ਪੀੜੀਓ ਪੀੜ੍ਹੀ ।

12ਧੰਨ ਉਹ ਕੌਮ ਹੈ ਜਿਸ ਦਾ ਪਰਮੇਸ਼ੁਰ ਯਹੋਵਾਹ ਹੈ, ਉਹ ਪਰਜਾ ਜਿਸ ਨੂੰ ਉਹ ਨੇ ਆਪਣੇ ਵਿਰਸੇ ਲਈ ਚੁਣ ਲਿਆ ਹੈ !

13ਯਹੋਵਾਹ ਸਵਰਗ ਤੋਂ ਨਿਗਾਹ ਮਾਰਦਾ ਹੈ, ਉਹ ਸਾਰੇ ਆਦਮ ਵੰਸੀਆ ਨੂੰ ਵੇਖਦਾ ਹੈ ।

14ਉਹ ਆਪਣੇ ਵਸੇਬੇ ਤੋਂ ਧਰਤੀ ਦੇ ਸਾਰੇ ਵਸਨੀਕਾਂ ਨੂੰ ਤੱਕਦਾ ਹੈ ।

15ਉਨ੍ਹਾਂ ਸਭਨਾਂ ਦੇ ਦਿਲਾਂ ਨੂੰ ਉਹੋ ਰਚਦਾ ਹੈ, ਉਹੋ ਉਨ੍ਹਾਂ ਦੇ ਸਾਰਿਆਂ ਕੰਮਾਂ ਨੂੰ ਸਮਝਦਾ ਹੈ ।

16ਫੌਜ ਦੇ ਵਾਧੇ ਦੇ ਕਾਰਨ ਕਿਸੇ ਰਾਜੇ ਦਾ ਬਚਾਓ ਨਹੀਂ ਹੁੰਦਾ, ਨਾ ਸੂਰਮਾ ਬਹੁਤੇ ਬਲ ਦੇ ਕਾਰਨ ਛੁੱਟ ਸਕਦਾ ਹੈ ।

17ਬਚਾਓ ਦੇ ਲਈ ਘੋੜਾ ਤਾਂ ਬੇਕਾਰ ਹੈ, ਨਾ ਉਹ ਆਪਣੇ ਵੱਡੇ ਬਲ ਨਾਲ ਕਿਸੇ ਨੂੰ ਛੁਡਾ ਸਕਦਾ ਹੈ ।

18ਵੇਖੋ, ਯਹੋਵਾਹ ਦੀ ਨਜ਼ਰ ਆਪਣੇ ਭੈ ਮੰਨਣ ਵਾਲਿਆਂ ਦੇ ਉੱਤੇ ਹੈ, ਉਨ੍ਹਾਂ ਉੱਤੇ ਜਿਹੜੇ ਉਸ ਦੀ ਦਯਾ ਨੂੰ ਉਡੀਕਦੇ ਹਨ,

19ਕਿ ਉਨ੍ਹਾਂ ਦੀ ਜਾਨ ਮੌਤ ਤੋਂ ਛੁਡਾਵੇ,ਅਤੇ ਕਾਲ ਵਿੱਚ ਉਹਨਾਂ ਨੂੰ ਜੀਉਂਦਿਆ ਰੱਖੇ ।

20ਸਾਡਾ ਮਨ ਯਹੋਵਾਹ ਦੀ ਉਡੀਕ ਕਰਦਾ ਹੈ, ਉਹੋ ਸਾਡਾ ਸਹਾਇਕ ਅਤੇ ਸਾਡੀ ਢਾਲ ਹੈ ।

21ਸਾਡਾ ਮਨ ਤਾਂ ਉਸ ਵਿੱਚ ਆਨੰਦ ਰਹੇਗਾ, ਕਿਉਂ ਜੋ ਅਸੀਂ ਉਹ ਦੇ ਪਵਿੱਤਰ ਨਾਮ ਉੱਤੇ ਭਰੋਸਾ ਰੱਖਿਆ ਹੈ ।

22ਜਿਵੇਂ ਅਸੀਂ ਤੇਰੀ ਉਡੀਕ ਰੱਖੀ ਹੈ, ਤਿਵੇਂ ਹੇ ਯਹੋਵਾਹ, ਤੇਰੀ ਦਯਾ ਸਾਡੇ ਉੱਤੇ ਹੋਵੇ ।



 <<  Psalms 33 >> 


Bible2india.com
© 2010-2025
Help
Single Panel

Laporan Masalah/Saran