Bible 2 India Mobile
[VER] : [PUNJABI]     [PL]  [PB] 
 <<  Esther 5 >> 

1ਫਿਰ ਅਜਿਹਾ ਹੋਇਆ ਕਿ ਤੀਸਰੇ ਦਿਨ ਅਸਤਰ ਸ਼ਾਹੀ ਬਸਤਰ ਪਹਿਨ ਕੇ ਮਹਿਲ ਦੇ ਅੰਦਰਲੇ ਵਿਹੜੇ ਵਿੱਚ, ਦਰਬਾਰ ਦੇ ਸਾਹਮਣੇ ਜਾ ਕੇ ਖੜ੍ਹੀ ਹੋ ਗਈ ਅਤੇ ਰਾਜਾ ਮਹਿਲ ਵਿੱਚ ਆਪਣੀ ਰਾਜ ਗੱਦੀ ਉੱਤੇ ਮਹਿਲ ਦੇ ਦਰਵਾਜੇ ਦੇ ਸਾਹਮਣੇ ਬੈਠਾ ਸੀ ।

2ਅਤੇ ਜਦ ਰਾਜਾ ਨੇ ਰਾਣੀ ਅਸਤਰ ਨੂੰ ਅੰਦਰਲੇ ਵਿਹੜੇ ਵਿੱਚ ਖੜ੍ਹੀ ਹੋਈ ਵੇਖਿਆ ਤਾਂ ਉਸ ਤੋਂ ਪ੍ਰਸੰਨ ਹੋ ਕੇ ਸੋਨੇ ਦਾ ਆੱਸਾ ਜਿਹੜਾ ਉਹ ਦੇ ਹੱਥ ਵਿੱਚ ਸੀ, ਅਸਤਰ ਵੱਲ ਵਧਾਇਆ । ਤਦ ਅਸਤਰ ਨੇ ਨਜ਼ਦੀਕ ਜਾ ਕੇ ਆੱਸੇ ਦੀ ਨੋਕ ਨੂੰ ਛੂਹਿਆ ।

3ਫਿਰ ਰਾਜਾ ਨੇ ਉਸ ਨੂੰ ਪੁੱਛਿਆ, "ਹੇ ਰਾਣੀ ਅਸਤਰ ! ਤੈਨੂੰ ਕੀ ਚਾਹੀਦਾ ਹੈ ? ਤੂੰ ਕੀ ਮੰਗਦੀ ਹੈਂ ? ਤੇਰੇ ਆਉਣ ਦਾ ਕੀ ਕਾਰਨ ਹੈ ? ਮੰਗ ਅਤੇ ਅੱਧਾ ਰਾਜ ਤੱਕ ਤੈਨੂੰ ਦੇ ਦਿੱਤਾ ਜਾਵੇਗਾ ।"

4ਅਸਤਰ ਨੇ ਕਿਹਾ, "ਜੇਕਰ ਰਾਜਾ ਨੂੰ ਸਵੀਕਾਰ ਹੋਵੇ ਤਾਂ ਅੱਜ ਰਾਜਾ ਅਤੇ ਹਾਮਾਨ ਉਹ ਭੋਜਨ ਕਰਨ ਲਈ ਆਉਣ ਜਿਹੜਾ ਮੈਂ ਰਾਜਾ ਦੇ ਲਈ ਤਿਆਰ ਕੀਤਾ ਹੈ ।"

5ਤਦ ਰਾਜਾ ਨੇ ਹੁਕਮ ਦਿੱਤਾ, "ਹਾਮਾਨ ਨੂੰ ਛੇਤੀ ਨਾਲ ਲੈ ਆਉ ਤਾਂ ਜੋ ਅਸੀਂ ਅਸਤਰ ਦੇ ਕਹਿਣ ਅਨੁਸਾਰ ਕਰੀਏ ।" ਇਸ ਤਰ੍ਹਾਂ ਰਾਜਾ ਅਤੇ ਹਾਮਾਨ ਉਹ ਭੋਜਨ ਕਰਨ ਲਈ ਆਏ ਜਿਹੜਾ ਅਸਤਰ ਨੇ ਤਿਆਰ ਕੀਤਾ ਸੀ ।

6ਭੋਜਨ ਦੇ ਸਮੇਂ ਮਧ ਪੀਂਦੇ ਹੋਏ ਰਾਜਾ ਨੇ ਅਸਤਰ ਨੂੰ ਕਿਹਾ, "ਤੇਰੀ ਕੀ ਬੇਨਤੀ ਹੈ ? ਉਹ ਪੂਰੀ ਕੀਤੀ ਜਾਵੇਗੀ ਅਤੇ ਤੂੰ ਕੀ ਮੰਗਦੀ ਹੈ ? ਮੰਗ, ਅਤੇ ਅੱਧਾ ਰਾਜ ਤੱਕ ਤੈਨੂੰ ਦਿੱਤਾ ਜਾਵੇਗਾ !"

7ਅਸਤਰ ਨੇ ਉੱਤਰ ਦੇ ਕੇ ਕਿਹਾ, "ਮੇਰੀ ਬੇਨਤੀ ਅਤੇ ਜੋ ਮੈਂ ਮੰਗਦੀ ਹਾਂ ਉਹ ਇਹ ਹੈ,

8ਜੇਕਰ ਰਾਜਾ ਮੇਰੇ ਤੋਂ ਪ੍ਰਸੰਨ ਹੈ ਅਤੇ ਜੇ ਮੇਰੀ ਬੇਨਤੀ ਸੁਣਨਾ ਅਤੇ ਜੋ ਮੈਂ ਮੰਗਾਂ ਉਹ ਮੈਨੂੰ ਦੇਣਾ ਰਾਜਾ ਨੂੰ ਸਵੀਕਾਰ ਹੋਵੇ ਤਾਂ ਰਾਜਾ ਅਤੇ ਹਾਮਾਨ ਕੱਲ ਫਿਰ ਉਸ ਭੋਜ ਲਈ ਆਉਣ ਜਿਹੜਾ ਮੈਂ ਉਨ੍ਹਾਂ ਲਈ ਤਿਆਰ ਕਰਾਂਗੀ, ਅਤੇ ਕੱਲ ਮੈਂ ਰਾਜਾ ਦੇ ਬਚਨ ਅਨੁਸਾਰ ਆਪਣੀ ਬੇਨਤੀ ਦੱਸਾਂਗੀ ।"

9ਉਸ ਦਿਨ ਹਾਮਾਨ ਬਹੁਤ ਹੀ ਅਨੰਦ ਅਤੇ ਮਗਨ ਹੋ ਕੇ ਬਾਹਰ ਨਿੱਕਲਿਆ ਪਰ ਜਦ ਉਸ ਨੇ ਮਾਰਦਕਈ ਨੂੰ ਸ਼ਾਹੀ ਫਾਟਕ ਉੱਤੇ ਵੇਖਿਆ ਕਿ ਨਾ ਤਾਂ ਉਹ ਉੱਠ ਕੇ ਖੜ੍ਹਾ ਹੋਇਆ ਅਤੇ ਨਾ ਹੀ ਹਟਿਆ ਤਾਂ ਹਾਮਾਨ ਮਾਰਦਕਈ ਦੇ ਵਿਰੁੱਧ ਗੁੱਸੇ ਨਾਲ ਭਰ ਗਿਆ ।

10ਤਾਂ ਵੀ ਹਾਮਾਨ ਨੇ ਆਪਣੇ ਆਪ ਨੂੰ ਰੋਕਿਆ ਅਤੇ ਜਦੋਂ ਆਪਣੇ ਘਰ ਆਇਆ ਤਾਂ ਉਸ ਨੇ ਆਪਣੇ ਮਿੱਤਰਾਂ ਨੂੰ ਅਤੇ ਆਪਣੀ ਪਤਨੀ ਜਰਸ਼ ਨੂੰ ਬੁਲਵਾਇਆ ।

11ਤਾਂ ਹਾਮਾਨ ਨੇ ਉਨ੍ਹਾਂ ਨੂੰ ਆਪਣੀ ਅਮੀਰੀ ਦਾ ਠਾਠ-ਬਾਠ ਅਤੇ ਆਪਣੇ ਪੁੱਤਰਾਂ ਦੇ ਵਾਧੇ ਬਾਰੇ ਅਤੇ ਉਹ ਸਾਰੀਆਂ ਗੱਲਾਂ ਦੱਸੀਆਂ ਕਿ ਕਿਵੇਂ ਪਾਤਸ਼ਾਹ ਨੇ ਉਸ ਨੂੰ ਵੱਡਾ ਬਣਾਇਆ ਅਤੇ ਆਪਣੇ ਸਾਰੇ ਹਾਕਮਾਂ ਅਤੇ ਸ਼ਾਹੀ ਕਰਮਚਾਰੀਆਂ ਤੋਂ ਉੱਚੀ ਪਦਵੀ ਉਸ ਨੂੰ ਦਿੱਤੀ ।

12ਹਾਮਾਨ ਨੇ ਇਹ ਵੀ ਕਿਹਾ, ਰਾਣੀ ਅਸਤਰ ਨੇ ਵੀ ਰਾਜਾ ਦੇ ਨਾਲ ਭੋਜਨ ਕਰਨ ਲਈ ਜਿਹੜਾ ਉਸ ਨੇ ਤਿਆਰ ਕੀਤਾ ਸੀ, ਮੇਰੇ ਬਿਨ੍ਹਾਂ ਕਿਸੇ ਹੋਰ ਨੂੰ ਨਹੀਂ ਬੁਲਾਇਆ, ਅਤੇ ਕੱਲ ਵੀ ਉਸ ਨੇ ਰਾਜਾ ਦੇ ਨਾਲ ਮੈਨੂੰ ਬੁਲਾਇਆ ਹੈ ।

13ਪਰ ਇਨ੍ਹਾਂ ਸਾਰੀਆਂ ਗੱਲਾਂ ਤੋਂ ਮੈਨੂੰ ਕੋਈ ਖੁਸ਼ੀ ਨਹੀਂ ਮਿਲਦੀ ਜਦ ਮੈਂ ਉਸ ਯਹੂਦੀ ਮਾਰਦਕਈ ਨੂੰ ਸ਼ਾਹੀ ਫਾਟਕ ਉੱਤੇ ਬੈਠਿਆ ਹੋਇਆ ਵੇਖਦਾ ਹਾਂ ।

14ਤਦ ਉਸ ਦੀ ਪਤਨੀ ਜਰਸ਼ ਅਤੇ ਉਸ ਦੇ ਮਿੱਤਰਾਂ ਨੇ ਉਸ ਨੂੰ ਕਿਹਾ, "ਪੰਜਾਹ ਹੱਥ ਉੱਚਾ ਫਾਂਸੀ ਦਾ ਇੱਕ ਥੰਮ੍ਹ ਬਣਵਾਇਆ ਜਾਵੇ ਅਤੇ ਕੱਲ ਸਵੇਰੇ ਨੂੰ ਰਾਜਾ ਨੂੰ ਆਖੀਂ ਕਿ ਮਾਰਦਕਈ ਨੂੰ ਉਸ ਉੱਤੇ ਚੜ੍ਹਾ ਦਿੱਤਾ ਜਾਵੇ, ਤਦ ਰਾਜਾ ਦੇ ਨਾਲ ਭੋਜਨ ਕਰਨ ਲਈ ਖੁਸ਼ੀ ਨਾਲ ਜਾਵੀਂ ।" ਇਹ ਗੱਲ ਹਾਮਾਨ ਨੂੰ ਚੰਗੀ ਲੱਗੀ ਅਤੇ ਉਸ ਨੇ ਫਾਂਸੀ ਲਾਉਣ ਦਾ ਇੱਕ ਥੰਮ੍ਹ ਬਣਵਾਇਆ ।



 <<  Esther 5 >> 


Bible2india.com
© 2010-2025
Help
Single Panel

Laporan Masalah/Saran