Bible 2 India Mobile
[VER] : [PUNJABI]     [PL]  [PB] 
 <<  1 Thessalonians 1 >> 

1ਪੌਲੁਸ, ਸਿਲਵਾਨੁਸ ਅਤੇ ਤਿਮੋਥਿਉਸ ਵਲੋਂ ਥੱਸਲੁਨੀਕੀਆ ਦੀ ਕਲੀਸਿਯਾ ਨੂੰ ਜੋ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਵਿੱਚ ਹੈ, ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ ।

2ਅਸੀਂ ਆਪਣੀਆਂ ਪ੍ਰਾਰਥਨਾਂਵਾਂ ਵਿੱਚ ਤੁਹਾਨੂੰ ਯਾਦ ਕਰਦਿਆਂ ਤੁਹਾਡੇ ਸਾਰਿਆਂ ਦੇ ਲਈ ਸਦਾ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ ।

3ਅਤੇ ਤੁਹਾਡੇ ਵਿਸ਼ਵਾਸ ਦੇ ਕੰਮ, ਪਿਆਰ ਦੀ ਮਿਹਨਤ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਉੱਤੇ ਤੁਹਾਡੀ ਆਸ ਦਾ ਧੀਰਜ ਆਪਣੇ ਪਿਤਾ ਪਰਮੇਸ਼ੁਰ ਦੇ ਅੱਗੇ ਹਰ ਰੋਜ਼ ਚੇਤੇ ਕਰਦੇ ਹਾਂ ।

4ਹੇ ਭਰਾਵੋ, ਪਰਮੇਸ਼ੁਰ ਦੇ ਪਿਆਰਿਓ, ਅਸੀਂ ਜਾਣਦੇ ਹਾਂ ਕਿ ਤੁਸੀਂ ਚੁਣੇ ਹੋਏ ਹੋ ।

5ਇਸ ਲਈ ਜੋ ਸਾਡੀ ਖੁਸ਼ਖਬਰੀ ਸਿਰਫ਼ ਗੱਲਾਂ ਨਾਲ ਹੀ ਨਹੀਂ ਸੀ, ਸਗੋਂ ਸਮਰੱਥਾ, ਪਵਿੱਤਰ ਆਤਮਾ ਅਤੇ ਪੂਰੇ ਵਿਸ਼ਵਾਸ ਨਾਲ ਤੁਹਾਡੇ ਕੋਲ ਪਹੁੰਚੀ ਜਿਵੇਂ ਤੁਸੀਂ ਜਾਣਦੇ ਹੋ ਕਿ ਤੁਹਾਡੇ ਨਾਲ ਸਾਡਾ ਕਿਹੋ ਜਿਹਾ ਵਰਤਾਵਾ ਸੀ ।

6ਅਤੇ ਤੁਸੀਂ ਉਸ ਬਚਨ ਨੂੰ ਪਵਿੱਤਰ ਆਤਮਾ ਦੇ ਅਨੰਦ ਨਾਲ ਕਬੂਲ ਕਰ ਕੇ, ਵੱਡੀ ਬਿਪਤਾ ਵਿੱਚ ਵੀ ਸਾਡੀ ਅਤੇ ਪ੍ਰਭੂ ਦੀ ਰੀਸ ਕੀਤੀ ।

7ਇਥੋਂ ਤੱਕ ਕਿ ਤੁਸੀਂ ਉਨ੍ਹਾਂ ਸਾਰਿਆਂ ਵਿਸ਼ਵਾਸੀਆਂ ਲਈ ਜਿਹੜੇ ਮਕਦੂਨਿਯਾ ਅਤੇ ਅਖਾਯਾ ਵਿੱਚ ਹਨ, ਚੰਗਾ ਨਮੂਨਾ ਬਣੇ ।

8ਕਿਉਂ ਜੋ ਤੁਹਾਡੇ ਕੋਲੋਂ ਪ੍ਰਭੂ ਦੇ ਬਚਨ ਦੀ ਧੁੰਮ ਨਾ ਕੇਵਲ ਮਕਦੂਨਿਯਾ ਅਤੇ ਅਖਾਯਾ ਵਿੱਚ ਪਈ ਹੈ ਸਗੋਂ ਤੁਹਾਡਾ ਵਿਸ਼ਵਾਸ ਜੋ ਪਰਮੇਸ਼ੁਰ ਉੱਤੇ ਹੈ ਸਭ ਥਾਵਾਂ ਤੇ ਉਜਾਗਰ ਹੋ ਗਿਆ, ਇਸ ਕਰਕੇ ਸਾਡੇ ਆਖਣ ਦੀ ਕੋਈ ਲੋੜ ਨਹੀਂ ।

9ਉਹ ਤਾਂ ਆਪ ਸਾਡੇ ਬਾਰੇ ਦੱਸਦੇ ਹਨ ਕਿ ਸਾਡਾ ਤੁਹਾਡੇ ਕੋਲ ਆਉਣਾ ਕਿਸ ਪ੍ਰਕਾਰ ਦਾ ਹੋਇਆ ਅਤੇ ਤੁਸੀਂ ਕਿਵੇਂ ਮੂਰਤੀਆਂ ਨੂੰ ਛੱਡ ਕੇ ਪਰਮੇਸ਼ੁਰ ਦੀ ਵੱਲ ਮੁੜੇ ਕਿ ਜਿਉਂਦੇ ਤੇ ਸੱਚੇ ਪਰਮੇਸ਼ੁਰ ਦੀ ਸੇਵਾ ਕਰੋ ।

10ਅਤੇ ਉਹ ਦੇ ਪੁੱਤਰ ਦੇ ਸਵਰਗੋਂ ਆਉਣ ਦੀ ਉਡੀਕ ਕਰਦੇ ਰਹੋ, ਜਿਸ ਨੂੰ ਉਸ ਨੇ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਅਰਥਾਤ ਪ੍ਰਭੂ ਯਿਸੂ ਦੀ, ਜਿਹੜਾ ਸਾਨੂੰ ਆਉਣ ਵਾਲੇ ਕ੍ਰੋਧ ਤੋਂ ਬਚਾਵੇਗਾ ।



 <<  1 Thessalonians 1 >> 


Bible2india.com
© 2010-2025
Help
Single Panel

Laporan Masalah/Saran