1ਹੁਣ ਹੇ ਭਰਾਵੋ, ਮੈਂ ਤੁਹਾਨੂੰ ਉਹ ਖੁਸ਼ਖਬਰੀ ਯਾਦ ਦਿਲਾਉਂਦਾ ਹਾਂ ਜਿਹੜੀ ਮੈਂ ਤੁਹਾਨੂੰ ਸੁਣਾਈ ਸੀ, ਜਿਸ ਨੂੰ ਤੁਸੀਂ ਕਬੂਲ ਵੀ ਕੀਤਾ ਅਤੇ ਜਿਸ ਨੂੰ ਤੁਸੀਂ ਮਜ਼ਬੂਤੀ ਨਾਲ ਫੜੀ ਵੀ ਰੱਖਿਆ ਹੈ ।
2ਅਤੇ ਜਿਸ ਦੇ ਰਾਹੀਂ ਤੁਸੀਂ ਬਚਾਏ ਵੀ ਜਾਂਦੇ ਹੋ, ਜੇ ਤੁਸੀਂ ਉਸ ਖੁਸ਼ਖਬਰੀ ਦੇ ਬਚਨ ਨੂੰ ਜਿਹੜਾ ਮੈਂ ਤੁਹਾਨੂੰ ਸੁਣਾਇਆ ਸੀ ਫੜ੍ਹੀ ਰੱਖੋ, ਨਹੀਂ ਤਾਂ ਤੁਹਾਡਾ ਵਿਸ਼ਵਾਸ ਵਿਅਰਥ ਗਿਆ ।
3ਕਿਉਂ ਜੋ ਮੈਂ ਮੁੱਖ ਗੱਲਾਂ ਵਿੱਚੋਂ ਉਹ ਗੱਲ ਤੁਹਾਨੂੰ ਸੌਂਪ ਦਿੱਤੀ ਜਿਹੜੀ ਮੈਨੂੰ ਪ੍ਰਾਪਤ ਹੋਈ ਜੋ ਮਸੀਹ ਪਵਿੱਤਰ ਗ੍ਰੰਥਾਂ ਦੇ ਅਨੁਸਾਰ ਸਾਡੇ ਪਾਪਾਂ ਦੇ ਕਾਰਨ ਮਰਿਆ ।
4ਅਤੇ ਉਹ ਦਫ਼ਨਾਇਆ ਗਿਆ ਅਤੇ ਪਵਿੱਤਰ ਗ੍ਰੰਥ ਦੇ ਅਨੁਸਾਰ ਤੀਜੇ ਦਿਨ ਜੀ ਉੱਠਿਆ ।
5ਅਤੇ ਇਹ ਜੋ ਕੈਫ਼ਾ ਨੂੰ ਅਤੇ ਫੇਰ ਉਨ੍ਹਾਂ ਬਾਰਾਂ ਨੂੰ ਦਰਸ਼ਣ ਦਿੱਤਾ ।
6ਅਤੇ ਮਗਰੋਂ ਪੰਜ ਸੌ ਜ਼ਿਆਦਾ ਭਰਾਵਾਂ ਨੂੰ ਇੱਕੋ ਵਾਰੀ ਦਰਸ਼ਣ ਦਿੱਤਾ ਅਤੇ ਉਹਨਾਂ ਵਿੱਚੋਂ ਬਹੁਤੇ ਅਜੇ ਜਿਉਂਦੇ ਹਨ ਪਰ ਕਈ ਸੌ ਗਏ ।
7ਪਿੱਛੋਂ ਯਾਕੂਬ ਨੂੰ ਦਰਸ਼ਣ ਦਿੱਤਾ ਅਤੇ ਫੇਰ ਸਭਨਾਂ ਰਸੂਲਾਂ ਨੂੰ ।
8ਅਤੇ ਸਭ ਦੇ ਪਿੱਛੋਂ ਮੈਨੂੰ ਵੀ ਦਰਸ਼ਣ ਦਿੱਤਾ ਜਿਵੇਂ ਇੱਕ ਅਧੂਰੇ ਜੰਮੇ ਨੂੰ ।
9ਮੈਂ ਤਾਂ ਸਭਨਾਂ ਰਸੂਲਾਂ ਨਾਲੋਂ ਛੋਟਾ ਹਾਂ, ਰਸੂਲ ਸਦਾਉਣ ਦੇ ਯੋਗ ਨਹੀਂ ਕਿਉਂ ਜੋ ਮੈਂ ਪਰਮੇਸ਼ੁਰ ਦੀ ਕਲੀਸਿਯਾ ਨੂੰ ਸਤਾਇਆ ਸੀ ।
10ਪਰ ਮੈਂ ਜੋ ਕੁੱਝ ਹਾਂ, ਪਰਮੇਸ਼ੁਰ ਦੀ ਕਿਰਪਾ ਨਾਲ ਹੀ ਹਾਂ ਅਤੇ ਉਹ ਦੀ ਕਿਰਪਾ ਜੋ ਮੇਰੇ ਉੱਤੇ ਹੋਈ, ਸੋ ਅਕਾਰਥ ਨਾ ਹੋਈ ਪਰ ਮੈਂ ਉਨ੍ਹਾਂ ਸਭਨਾਂ ਨਾਲੋਂ ਵਧੀਕ ਮਿਹਨਤ ਕੀਤੀ ਪਰੰਤੂ ਮੈਂ ਤਾਂ ਨਹੀਂ ਸਗੋਂ ਪਰਮੇਸ਼ੁਰ ਦੀ ਕਿਰਪਾ ਨੇ ਜੋ ਮੇਰੇ ਨਾਲ ਸੀ ।
11ਭਾਵੇਂ ਅਸੀਂ ਤੁਹਾਨੂੰ ਪ੍ਰਚਾਰ ਕੀਤਾ ਜਾਂ ਦੂਸਰੇ ਰਸੂਲਾਂ ਨੇ ਬਚਨ ਸੁਣਾਇਆ ਪਰ ਤੁਸੀਂ ਵਿਸ਼ਵਾਸ ਕੀਤੀ ।
12ਹੁਣ ਜੇ ਮਸੀਹ ਦਾ ਇਹ ਪ੍ਰਚਾਰ ਕਰਦੇ ਹਾਂ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਤਾਂ ਕਈ ਤੁਹਾਡੇ ਵਿੱਚੋਂ ਕਿਵੇਂ ਆਖਦੇ ਹਨ ਕਿ ਮੁਰਦਿਆਂ ਦਾ ਜੀ ਉੱਠਣਾ ਹੈ ਹੀ ਨਹੀਂ ।
13ਪਰ ਜੇ ਮੁਰਦਿਆਂ ਦਾ ਜੀ ਉੱਠਣਾ ਨਹੀਂ ਹੈ ਤਾਂ ਮਸੀਹ ਵੀ ਨਹੀਂ ਜੀ ਉੱਠਿਆ ।
14ਅਤੇ ਜੇ ਮਸੀਹ ਨਹੀਂ ਜੀ ਉੱਠਿਆ ਤਾਂ ਸਾਡਾ ਪ੍ਰਚਾਰ ਵਿਅਰਥ ਹੈ ਅਤੇ ਤੁਹਾਡੀ ਵਿਸ਼ਵਾਸ ਬੇਕਾਰ ਹੈ ।
15ਨਾਲੇ ਅਸੀਂ ਵੀ ਪਰਮੇਸ਼ੁਰ ਦੇ ਝੂਠੇ ਗਵਾਹ ਠਹਿਰੇ ਕਿਉਂ ਜੋ ਅਸੀਂ ਪਰਮੇਸ਼ੁਰ ਦੀ ਸਾਖੀ ਦਿੱਤੀ ਜੋ ਉਹ ਨੇ ਮਸੀਹ ਨੂੰ ਜਿੰਦਾ ਕੀਤਾ, ਜਿਸ ਨੂੰ ਉਸ ਨੇ ਨਹੀਂ ਜਿੰਦਾ ਕੀਤਾ ਤਾਂ ਫਿਰ ਮੁਰਦੇ ਨਹੀਂ ਜੀ ਉੱਠਦੇ ।
16ਕਿਉਂਕਿ ਜੇ ਮੁਰਦੇ ਨਹੀਂ ਜੀ ਉੱਠਦੇ ਤਾਂ ਮਸੀਹ ਨਹੀਂ ਜੀ ਉੱਠਿਆ ਹੈ ।
17ਅਤੇ ਜੇ ਮਸੀਹ ਨਹੀਂ ਜੀ ਉੱਠਿਆ ਤਾਂ ਤੁਹਾਡੀ ਵਿਸ਼ਵਾਸ ਵਿਅਰਥ ਹੈ । ਤੁਸੀਂ ਅਜੇ ਆਪਣੇ ਪਾਪਾਂ ਵਿੱਚ ਹੋ ।
18ਤਦ ਜਿਹੜੇ ਮਸੀਹ ਵਿੱਚ ਹੋ ਕੇ ਸੌਂ ਗਏ ਹਨ ਉਹ ਵੀ ਨਾਸ ਹੋਏ ।
19ਜੇ ਕੇਵਲ ਇਸੇ ਜੀਵਨ ਵਿੱਚ ਅਸੀਂ ਮਸੀਹ ਉੱਤੇ ਆਸ ਰੱਖੀ ਹੋਈ ਹੈ ਤਾਂ ਅਸੀਂ ਸਭਨਾਂ ਮਨੁੱਖਾਂ ਨਾਲੋਂ ਤਰਸ ਯੋਗ ਹਾਂ ।
20ਪਰ ਹੁਣ ਮਸੀਹ ਤਾਂ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਸੁੱਤਿਆਂ ਹੋਇਆਂ ਦਾ ਪਹਿਲਾ ਫਲ ਹੈ !
21ਜਾਂ ਮਨੁੱਖ ਦੇ ਰਾਹੀਂ ਮੌਤ ਹੋਈ ਤਾਂ ਮਨੁੱਖ ਹੀ ਦੇ ਰਾਹੀਂ ਮੁਰਦਿਆਂ ਦਾ ਜੀ ਉੱਠਣਾ ਵੀ ਹੋਇਆ ।
22ਜਿਸ ਤਰ੍ਹਾਂ ਆਦਮ ਵਿੱਚ ਸੱਭੇ ਮਰਦੇ ਹਨ ਉਸੇ ਤਰ੍ਹਾਂ ਮਸੀਹ ਵਿੱਚ ਸੱਭੇ ਜਿਉਂਦੇ ਹੋ ਜਾਣਗੇ ।
23ਪਰ ਹਰੇਕ ਆਪੋ-ਆਪਣੀ ਵਾਰੀ ਸਿਰ । ਪਹਿਲਾ ਫਲ ਮਸੀਹ, ਫਿਰ ਜਿਹੜੇ ਮਸੀਹ ਦੇ ਹਨ ਉਹ ਦੇ ਆਉਣ ਦੇ ਵੇਲੇ ।
24ਉਹ ਦੇ ਮਗਰੋਂ ਅੰਤ ਹੈ । ਤਦ ਉਹ ਰਾਜ ਨੂੰ ਪਰਮੇਸ਼ੁਰ ਅਤੇ ਪਿਤਾ ਦੇ ਹੱਥ ਸੌਂਪ ਦੇਵੇਗਾ, ਜਦ ਉਹ ਨੇ ਹਰੇਕ ਹਕੂਮਤ ਅਤੇ ਹਰੇਕ ਇਖ਼ਤਿਆਰ ਅਤੇ ਸਮਰੱਥਾ ਨੂੰ ਨਾਸ ਕਰ ਦਿੱਤਾ ਹੋਵੇਗਾ ।
25ਕਿਉਂਕਿ ਜਿੰਨਾਂ ਚਿਰ ਉਹ ਸਾਰੇ ਵੈਰੀਆਂ ਨੂੰ ਆਪਣੇ ਪੈਰਾਂ ਹੇਠਾਂ ਨਾ ਕਰ ਲਵੇ ਉਨੀਂ ਦੇਰ ਉਸ ਨੇ ਰਾਜ ਕਰਨਾ ਹੈ ।
26ਅਖੀਰਲਾ ਵੈਰੀ ਜਿਹ ਦਾ ਨਾਸ ਹੋਣਾ ਹੈ ਸੋ ਮੌਤ ਹੈ ।
27“ਉਸ ਨੇ ਸਭ ਕੁੱਝ ਉਹ ਦੇ ਪੈਰਾਂ ਹੇਠ ਕਰ ਦਿੱਤਾ” । ਪਰ ਜਾਂ ਉਹ ਕਹਿੰਦਾ ਹੈ ਜੋ ਸਭ ਕੁੱਝ ਹੇਠ ਕੀਤਾ ਗਿਆ ਹੈ ਤਾਂ ਪ੍ਰਗਟ ਹੈ ਕਿ ਜਿਸ ਨੇ ਸਭ ਕੁੱਝ ਮਸੀਹ ਦੇ ਹੇਠ ਕਰ ਦਿੱਤਾ ਉਹ ਆਪ ਹੇਠ ਹੋਣ ਤੋਂ ਰਹਿਤ ਹੈ ।
28ਅਤੇ ਜਾਂ ਸਭ ਕੁੱਝ ਉਹ ਦੇ ਅਧੀਨ ਕੀਤਾ ਗਿਆ ਹੋਵੇਗਾ ਤਾਂ ਪ੍ਰਭੂ ਆਪ ਵੀ ਉਸ ਦੇ ਅਧੀਨ ਹੋਵੇਗਾ ਜਿਸ ਨੇ ਸਭ ਕੁੱਝ ਉਹ ਦੇ ਅਧੀਨ ਕਰ ਦਿੱਤਾ ਜੋ ਪਰਮੇਸ਼ੁਰ ਸਭਨਾਂ ਵਿੱਚ ਸਭ ਕੁੱਝ ਹੋਵੇ ।
29ਨਹੀਂ ਤਾਂ ਜਿਹੜੇ ਮੁਰਦਿਆਂ ਦੇ ਲਈ ਬਪਤਿਸਮਾ ਲੈਂਦੇ ਹਨ, ਉਹ ਕੀ ਕਰਨਗੇ ? ਜੇ ਮੁਰਦੇ ਮੂਲੋਂ ਜੀ ਨਹੀਂ ਉੱਠਦੇ ਤਾਂ ਉਨ੍ਹਾਂ ਦੇ ਲਈ ਉਹ ਕਿਉਂ ਬਪਤਿਸਮਾ ਲੈਂਦੇ ਹਨ ?
30ਅਸੀਂ ਵੀ ਹਰ ਘੜੀ ਦੁੱਖ ਵਿੱਚ ਕਿਉਂ ਪਏ ਰਹਿੰਦੇ ਹਾਂ ?
31ਹੇ ਭਰਾਵੋ, ਤੁਹਾਡੇ ਹੱਕ ਵਿੱਚ ਜਿਹੜਾ ਘਮੰਡ ਮੈਂ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਕਰਦਾ ਹਾਂ ਉਹ ਦੀ ਸਹੁੰ ਹੈ ਜੋ ਮੈਂ ਹਰ ਰੋਜ਼ ਮਰਦਾ ਹਾਂ ।
32ਜੇ ਆਦਮੀ ਦੀ ਤਰ੍ਹਾਂ ਮੈਂ ਅਫ਼ਸੁਸ ਵਿੱਚ ਬੁਰਿਆਰਾਂ ਨਾਲ ਲੜਿਆ ਤਾਂ ਮੈਨੂੰ ਕੀ ਲਾਭ ਹੈ ? ਜੇ ਮੁਰਦੇ ਨਹੀਂ ਜੀ ਉੱਠਦੇ ਤਾਂ ਆਓ ਅਸੀਂ ਖਾਈਏ ਪੀਵੀਏ ਕਿਉਂ ਜੋ ਭਲਕੇ ਮਰਨਾ ਹੈ
33ਧੋਖਾ ਨਾ ਖਾਓ, ਬੁਰੀ ਸੰਗਤ ਚੰਗੇ ਚਾਲ-ਚਲਣ ਨੂੰ ਵਿਗਾੜ ਦਿੰਦੀ ਹੈ ।
34ਤੁਸੀਂ ਧਾਰਮਿਕਤਾ ਲਈ ਸਮਝ ਰੱਖੋ ਅਤੇ ਪਾਪ ਨਾ ਕਰੋ ਕਿਉਂ ਜੋ ਕਈਆਂ ਨੂੰ ਪਰਮੇਸ਼ੁਰ ਦਾ ਗਿਆਨ ਨਹੀਂ । ਮੈਂ ਤੁਹਾਡੀ ਸ਼ਰਮ ਲਈ ਇਹ ਆਖਦਾ ਹਾਂ ।
35ਪਰ ਕੋਈ ਆਖੇ ਕਿ ਮੁਰਦੇ ਕਿਵੇਂ ਜੀ ਉੱਠਦੇ ਅਤੇ ਕਿਹੋ ਜਿਹੇ ਸਰੀਰ ਨਾਲ ਆਉਂਦੇ ਹਨ ?
36ਨਦਾਨਾਂ, ਜੋ ਕੁੱਝ ਤੂੰ ਬੀਜਦਾ ਹੈਂ ਜੇਕਰ ਉਹ ਨਾ ਮਰੇ ਤਾਂ ਜੰਮੇਗਾ ਨਹੀਂ ।
37ਅਤੇ ਜਿਹੜਾ ਤੂੰ ਬੀਜਦਾ ਹੈ ਤੂੰ ਉਹ ਰੂਪ ਨਹੀਂ ਬੀਜਦਾ ਜੋ ਹੋਵੇਗਾ ਪਰ ਨਿਰਾ ਇੱਕ ਦਾਣਾ ਭਾਵੇਂ ਕਣਕ ਦਾ ਭਾਵੇਂ ਹੋਰ ਕਿਸੇ ਦਾ ।
38ਪਰੰਤੂ ਪਰਮੇਸ਼ੁਰ ਜਿਵੇਂ ਉਹ ਨੂੰ ਭਾਇਆ ਉਹ ਉਸ ਨੂੰ ਰੂਪ ਦਿੰਦਾ ਹੈ ਅਤੇ ਹਰ ਪ੍ਰਕਾਰ ਦੇ ਬੀ ਨੂੰ ਆਪੋ ਆਪਣਾ ਰੂਪ
39ਸਭ ਮਾਸ ਇੱਕੋ ਜਿਹਾ ਮਾਸ ਨਹੀਂ ਸਗੋਂ ਮਨੁੱਖਾਂ ਦਾ ਹੋਰ ਹੈ ਅਤੇ ਪਸ਼ੂਆਂ ਦਾ ਮਾਸ ਹੋਰ ਅਤੇ ਪੰਛੀਆਂ ਦਾ ਮਾਸ ਹੋਰ ਅਤੇ ਮੱਛੀਆਂ ਦਾ ਹੋਰ ।
40ਸਵਰਗੀ ਸਰੀਰ ਵੀ ਹਨ ਅਤੇ ਜ਼ਮੀਨੀ ਸਰੀਰ ਵੀ ਪਰ ਸਵਰਗੀ ਪਰਤਾਪ ਹੋਰ ਹੈ ਅਤੇ ਜ਼ਮੀਨੀ ਦਾ ਹੋਰ ਹੈ ।
41ਸੂਰਜ ਦਾ ਪਰਤਾਪ ਹੈ ਅਤੇ ਚੰਦਰਮਾ ਦਾ ਹੋਰ ਹੈ ਅਤੇ ਤਾਰਿਆਂ ਦਾ ਪਰਤਾਪ ਹੋਰ ਕਿਉਂ ਜੋ ਪਰਤਾਪ ਕਰਕੇ ਇੱਕ ਤਾਰਾ ਦੂਏ ਤਾਰੇ ਤੋਂ ਭਿੰਨ ਹੈ ।
42ਇਸੇ ਤਰ੍ਹਾਂ ਮੁਰਦਿਆਂ ਦਾ ਜੀ ਉੱਠਣਾ ਵੀ ਹੈ । ਉਹ ਨਾਸਵਾਨ ਬੀਜਿਆ ਜਾਂਦਾ ਹੈ ਪਰ ਅਵਿਨਾਸ਼ੀ ਉੱਠਦਾ ਹੈ ।
43ਉਹ ਬੇਪਤ ਬੀਜਿਆ ਜਾਂਦਾ ਹੈ ਪਰੰਤੂ ਮਹਿਮਾ ਵਿੱਚ ਜੀ ਉੱਠਦਾ ਹੈ । ਉਹ ਨਿਰਬਲ ਬੀਜਿਆ ਜਾਂਦਾ ਹੈ ਪਰ ਸਮਰੱਥਾ ਨਾਲ ਜੀ ਉੱਠਦਾ ਹੈ ।
44ਉਹ ਪ੍ਰਾਣਕ ਸਰੀਰ ਹੋ ਕੇ ਬੀਜਿਆ ਜਾਂਦਾ ਹੈ ਪਰ ਉਹ ਆਤਮਕ ਸਰੀਰ ਹੋ ਕੇ ਜੋ ਉੱਠਦਾ ਹੈ । ਜੇ ਪ੍ਰਾਣਕ ਸਰੀਰ ਹੈ ਤਾਂ ਆਤਮਕ ਸਰੀਰ ਵੀ ਹੈ ।
45ਇਉਂ ਲਿਖਿਆ ਹੋਇਆ ਵੀ ਹੈ ਜੋ ਪਹਿਲਾ ਮਨੁੱਖ ਆਦਮ ਜਿਉਂਦੀ ਜਾਨ ਹੋਇਆ, ਬਾਅਦ ਵਾਲਾ ਆਦਮ ਜੀਵਨ ਦਾਤਾ ਆਤਮਾ ਹੋਇਆ ।
46ਪਰ ਪਹਿਲਾ ਉਹ ਨਹੀਂ ਜਿਹੜਾ ਆਤਮਕ ਹੈ ਸਗੋਂ ਉਹ ਜਿਹੜਾ ਪ੍ਰਾਣਕ ਹੈ, ਫੇਰ ਇਹ ਦੇ ਮਗਰੋਂ ਉਹ ਜਿਹੜਾ ਆਤਮਕ ਹੈ ।
47ਪਹਿਲਾ ਮਨੁੱਖ ਮਿੱਟੀ ਦਾ ਬਣਿਆ । ਦੂਜਾ ਮਨੁੱਖ ਸਵਰਗ ਤੋਂ ਹੈ ।
48ਜਿਵੇਂ ਉਹ ਮਿੱਟੀ ਦਾ ਸੀ ਤਿਵੇਂ ਉਹ ਵੀ ਜਿਹੜੇ ਮਿੱਟੀ ਦੇ ਹਨ ਅਤੇ ਜਿਵੇਂ ਉਹ ਸਵਰਗ ਦਾ ਹੈ ਤਿਵੇਂ ਉਹ ਵੀ ਜਿਹੜੇ ਸਵਰਗ ਦੇ ਹਨ ।
49ਅਤੇ ਜਿਸ ਤਰ੍ਹਾਂ ਅਸੀਂ ਮਿੱਟੀ ਵਾਲੇ ਦਾ ਸਰੂਪ ਧਾਰਿਆ ਹੈ ਇਸੇ ਤਰ੍ਹਾਂ ਸਵਰਗ ਵਾਲੇ ਦਾ ਵੀ ਸਰੂਪ ਧਾਰਾਂਗੇ ।
50ਹੁਣ ਹੇ ਭਰਾਵੋ, ਮੈਂ ਇਹ ਆਖਦਾ ਹਾਂ ਜੋ ਮਾਸ ਅਤੇ ਲਹੂ ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਨਹੀਂ ਹੋ ਸਕਦੇ, ਨਾ ਵਿਨਾਸ਼ ਅਵਿਨਾਸ਼ ਦਾ ਅਧਿਕਾਰੀ ਹੁੰਦਾ ਹੈ ।
51ਵੇਖੋ, ਮੈਂ ਤੁਹਾਨੂੰ ਇੱਕ ਭੇਤ ਦੱਸਦਾ ਹਾਂ ਜੋ ਅਸੀਂ ਸਾਰੇ ਨਹੀਂ ਸੌਂਵਾਂਗੇ ।
52ਪਰ ਸਾਰੇ ਪਲ ਭਰ ਵਿੱਚ ਅੱਖ ਦੀ ਝਮਕ ਵਿੱਚ ਆਖਰੀ ਤੁਰ੍ਹੀ ਫੂਕਦਿਆਂ ਸਾਰ ਬਦਲ ਜਾਂਵਾਂਗੇ । ਤੁਰ੍ਹੀ ਫੂਕੀ ਜਾਵੇਗੀ ਅਤੇ ਮੁਰਦੇ ਅਵਿਨਾਸ਼ੀ ਹੋ ਕੇ ਜੀ ਉੱਠਣਗੇ ਅਤੇ ਅਸੀਂ ਬਦਲ ਜਾਂਵਾਂਗੇ ।
53ਕਿਉਂ ਜੋ ਜ਼ਰੂਰ ਹੈ ਕਿ ਨਾਸਵਾਨ ਅਵਿਨਾਸ਼ ਨੂੰ ਪਹਿਨ ਲਵੇ ਅਤੇ ਇਹ ਮਰਨਹਾਰ ਅਮਰਤਾ ਨੂੰ ਪਹਿਨ ਲਵੇ ।
54ਪਰ ਜਾਂ ਇਹ ਨਾਸਵਾਨ ਅਵਿਨਾਸ਼ ਨੂੰ ਅਤੇ ਇਹ ਮਰਨਹਾਰ ਅਮਰਤਾ ਨੂੰ ਪਹਿਨ ਲਵੇਗਾ ਤਾਂ ਉਹ ਗੱਲ ਜਿਹੜੀ ਲਿਖੀ ਹੋਈ ਹੈ ਪੂਰੀ ਹੋ ਜਾਵੇਗੀ, ਮੌਤ ਫਤਹ ਦੀ ਬੁਰਕੀ ਹੋ ਗਈ ।
55ਹੇ ਮੌਤ, ਤੇਰੀ ਫਤਹ ਕਿੱਥੇ ਹੈ ? ਹੇ ਮੌਤ, ਤੇਰਾ ਡੰਗ ਕਿੱਥੇ ਹੈ ? ।
56ਮੌਤ ਦਾ ਡੰਗ ਪਾਪ ਹੈ ਅਤੇ ਪਾਪ ਦਾ ਜ਼ੋਰ ਬਿਵਸਥਾ ਹੈ ।
57ਪਰ ਧੰਨਵਾਦ ਹੈ ਪਰਮੇਸ਼ੁਰ ਦਾ ਜੋ ਸਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਫਤਹ ਬਖ਼ਸ਼ਦਾ ਹੈ !
58ਸੋ ਹੇ ਮੇਰੇ ਪਿਆਰੇ ਭਰਾਵੋ, ਤੁਸੀਂ ਸਥਿਰ ਅਤੇ ਅਡੋਲ ਹੋਵੋ ਅਤੇ ਪ੍ਰਭੂ ਦੇ ਕੰਮ ਵਿੱਚ ਸਦਾ ਵੱਧਦੇ ਜਾਓ ਕਿਉਂ ਜੋ ਤੁਸੀਂ ਜਾਣਦੇ ਹੋ ਜੋ ਪ੍ਰਭੂ ਵਿੱਚ ਤੁਹਾਡੀ ਮਿਹਨਤ ਵਿਅਰਥ ਨਹੀਂ ਹੈ ।
<< 1 Corinthians 15 >>