Bible 2 India Mobile
[VER] : [PUNJABI]     [PL]  [PB] 
 <<  Isaiah 59 >> 

1ਵੇਖੋ, ਯਹੋਵਾਹ ਦਾ ਹੱਥ ਅਜਿਹਾ ਛੋਟਾ ਨਹੀਂ ਕਿ ਉਹ ਬਚਾ ਨਾ ਸਕੇ, ਨਾ ਉਹ ਦਾ ਕੰਨ ਅਜਿਹਾ ਭਾਰੀ ਹੈ ਕਿ ਉਹ ਸੁਣੇ ਨਾ ।

2ਸਗੋਂ ਤੁਹਾਡੀਆਂ ਬਦੀਆਂ ਨੇ ਤੁਹਾਨੂੰ ਤੁਹਾਡੇ ਪਰਮੇਸ਼ੁਰ ਤੋਂ ਦੂਰ ਕਰ ਦਿੱਤਾ ਹੈ, ਅਤੇ ਤੁਹਾਡੇ ਪਾਪਾਂ ਨੇ ਉਹ ਦਾ ਮੂੰਹ ਤੁਹਾਡੇ ਕੋਲੋਂ ਅਜਿਹਾ ਲੁਕਾ ਦਿੱਤਾ ਹੈ, ਕਿ ਉਹ ਸੁਣਦਾ ਨਹੀਂ ।

3ਤੁਹਾਡੇ ਹੱਥ ਤਾਂ ਲਹੂ ਨਾਲ ਲਿੱਬੜੇ ਹੋਏ ਹਨ, ਅਤੇ ਤੁਹਾਡੀਆਂ ਉਂਗਲੀਆਂ ਬਦੀ ਨਾਲ, ਤੁਹਾਡੇ ਬੁੱਲ੍ਹ ਝੂਠ ਨਾਲ ਭਰੇ ਹਨ ਅਤੇ ਤੁਹਾਡੀ ਜੀਭ ਬਦੀ ਬਕਦੀ ਹੈ ।

4ਕੋਈ ਆਪਣਾ ਮੁਕੱਦਮਾ ਧਰਮ ਨਾਲ ਪੇਸ਼ ਨਹੀਂ ਕਰਦਾ, ਨਾ ਕੋਈ ਸਚਿਆਈ ਨਾਲ ਇਨਸਾਫ਼ ਕਰਦਾ, ਉਹ ਫੋਕਟ ਉੱਤੇ ਭਰੋਸਾ ਰੱਖਦੇ ਅਤੇ ਝੂਠ ਬੋਲਦੇ ਹਨ, ਉਹ ਝਗੜੇ ਨਾਲ ਗਰਭੀ ਹੁੰਦੇ ਅਤੇ ਬਦੀ ਨੂੰ ਜਨਮ ਦਿੰਦੇ ਹਨ !

5ਉਹ ਨਾਗ ਦੇ ਆਂਡੇ ਸੇਉਂਦੇ ਹਨ ਅਤੇ ਮੱਕੜੀ ਦਾ ਜਾਲਾ ਉਣਦੇ ਹਨ, ਜੋ ਕੋਈ ਉਹਨਾਂ ਦੇ ਆਂਡਿਆਂ ਵਿੱਚੋਂ ਖਾਵੇ ਉਹ ਮਰ ਜਾਵੇਗਾ, ਅਤੇ ਜਿਹੜਾ ਤੋੜਿਆ ਜਾਵੇ ਉਸ ਤੋਂ ਫਨੀਅਰ ਸੱਪ ਨਿੱਕਲਦਾ ਹੈ ।

6ਉਹਨਾਂ ਦੇ ਜਾਲੇ ਨਾਲ ਬਸਤਰ ਨਾ ਬਣਨਗੇ, ਨਾ ਉਹ ਆਪਣੀਆਂ ਕਰਤੂਤਾਂ ਨਾਲ ਆਪਣੇ ਆਪ ਨੂੰ ਢੱਕਣਗੇ, ਉਹਨਾਂ ਦੀਆਂ ਕਰਤੂਤਾਂ ਬਦੀ ਦੀਆਂ ਕਰਤੂਤਾਂ ਹਨ, ਅਤੇ ਜ਼ੁਲਮ ਦਾ ਕੰਮ ਉਹਨਾਂ ਦੇ ਹੱਥ ਵਿੱਚ ਹੈ ।

7ਉਹਨਾਂ ਦੇ ਪੈਰ ਬੁਰਿਆਈ ਵੱਲ ਭੱਜਦੇ ਹਨ, ਅਤੇ ਨਿਰਦੋਸ਼ ਦਾ ਲਹੂ ਵਹਾਉਣ ਵਿੱਚ ਕਾਹਲੀ ਕਰਦੇ ਹਨ । ਉਹਨਾਂ ਦੇ ਖ਼ਿਆਲ ਬਦੀ ਦੇ ਖ਼ਿਆਲ ਹਨ, ਵਿਰਾਨੀ ਅਤੇ ਬਰਬਾਦੀ ਉਹਨਾਂ ਦੇ ਰਸਤਿਆਂ ਵਿੱਚ ਹੈ ।

8ਸ਼ਾਂਤੀ ਦਾ ਰਾਹ ਉਹ ਜਾਣਦੇ ਹੀ ਨਹੀਂ, ਉਹਨਾਂ ਦੇ ਮਾਰਗਾਂ ਵਿੱਚ ਇਨਸਾਫ਼ ਨਹੀਂ, ਉਹਨਾਂ ਦੇ ਪਹੇ ਟੇਢੇ ਹਨ, ਜੋ ਉਹਨਾਂ ਦੇ ਨਾਲ ਤੁਰਦਾ ਉਹ ਸ਼ਾਂਤੀ ਨਹੀਂ ਜਾਣਦਾ ।

9ਇਸੇ ਕਾਰਨ ਨਿਆਂ ਸਾਡੇ ਕੋਲੋਂ ਦੂਰ ਹੈ, ਅਤੇ ਧਰਮ ਸਾਡੇ ਨੇੜੇ ਨਹੀਂ ਆਉਂਦਾ, ਅਸੀਂ ਚਾਨਣ ਨੂੰ ਉਡੀਕਦੇ ਹਾਂ ਅਤੇ ਵੇਖੋ, ਹਨੇਰਾ ਹੀ ਹਨੇਰਾ ! ਅਤੇ ਉਜਾਲੇ ਨੂੰ ਪਰ ਅਸੀਂ ਘੁੱਪ ਹਨੇਰੇ ਵਿੱਚ ਚਲਦੇ ਹਾਂ ।

10ਅਸੀਂ ਅੰਨ੍ਹਿਆਂ ਵਾਂਗੂੰ ਕੰਧ ਨੂੰ ਟੋਹੰਦੇ ਹਾਂ, ਅਤੇ ਉਨ੍ਹਾਂ ਵਾਂਗੂੰ ਜਿਨ੍ਹਾਂ ਦੀਆਂ ਅੱਖਾਂ ਨਹੀਂ ਅਸੀਂ ਆਪਣਾ ਰਾਹ ਭਾਲਦੇ ਹਾਂ, ਅਸੀਂ ਦੁਪਹਿਰ ਨੂੰ ਸ਼ਾਮ ਵਾਂਗੂੰ ਠੇਡਾ ਖਾਂਦੇ ਹਾਂ, ਬਲਵਾਨਾਂ ਦੇ ਵਿਚਕਾਰ ਅਸੀਂ ਮੁਰਦਿਆਂ ਵਾਂਗੂੰ ਹਾਂ ।

11ਅਸੀਂ ਸਾਰੇ ਰਿੱਛਾਂ ਵਾਂਗੂੰ ਗੁਰਰਾਉਂਦੇ ਹਾਂ, ਅਸੀਂ ਘੁੱਗੀਆਂ ਵਾਂਗੂੰ ਹੂੰਗਦੇ ਰਹਿੰਦੇ ਹਾਂ, ਅਸੀਂ ਨਿਆਂ ਨੂੰ ਉਡੀਕਦੇ ਹਾਂ, ਪਰ ਉਹ ਹੈ ਹੀ ਨਹੀਂ, ਮੁਕਤੀ ਨੂੰ, ਪਰ ਉਹ ਸਾਡੇ ਕੋਲੋਂ ਦੂਰ ਹੈ ।

12ਸਾਡੇ ਅਪਰਾਧ ਤਾਂ ਤੇਰੇ ਹਜ਼ੂਰ ਵੱਧ ਗਏ ਹਨ ਸਾਡੇ ਪਾਪ ਸਾਡੇ ਵਿਰੁੱਧ ਗਵਾਹੀ ਦਿੰਦੇ ਹਨ, ਕਿਉਂ ਜੋ ਸਾਡੇ ਅਪਰਾਧ ਸਾਡੇ ਨਾਲ ਹਨ, ਅਤੇ ਆਪਣੀਆਂ ਬਦੀਆਂ ਨੂੰ ਅਸੀਂ ਜਾਣਦੇ ਹਾਂ ।

13ਅਸੀਂ ਯਹੋਵਾਹ ਦਾ ਅਪਰਾਧ ਕੀਤਾ ਅਤੇ ਉਸ ਤੋਂ ਮੁੱਕਰ ਗਏ, ਅਸੀਂ ਆਪਣੇ ਪਰਮੇਸ਼ੁਰ ਦੇ ਪਿੱਛੇ ਚੱਲਣੋਂ ਹੱਟ ਗਏ, ਅਸੀਂ ਜ਼ੁਲਮ ਕੀਤਾ ਅਤੇ ਵਿਦਰੋਹੀ ਹੋ ਗਏ, ਅਸੀਂ ਮਨੋਂ ਜੁਗਤੀ ਕਰ ਕੇ ਝੂਠੀਆਂ ਗੱਲਾਂ ਕੀਤੀਆਂ ।

14ਨਿਆਂ ਉਲਟ ਗਿਆ, ਅਤੇ ਧਰਮ ਦੂਰ ਖੜ੍ਹਾ ਰਹਿੰਦਾ ਹੈ, ਸਚਿਆਈ ਤਾਂ ਚੌਂਕ ਵਿੱਚ ਡਿੱਗ ਪਈ, ਅਤੇ ਸਿਧਿਆਈ ਅੰਦਰ ਵੜ ਨਹੀਂ ਸਕਦੀ ।

15ਸਚਿਆਈ ਲੱਭਦੀ ਹੀ ਨਹੀਂ ਅਤੇ ਜਿਹੜਾ ਬਦੀ ਤੋਂ ਭੱਜਦਾ ਹੈ, ਉਹ ਆਪਣੇ ਆਪ ਨੂੰ ਸ਼ਿਕਾਰ ਬਣਾਉਂਦਾ ਹੈ । ਯਹੋਵਾਹ ਨੇ ਵੇਖਿਆ ਅਤੇ ਪ੍ਰਸੰਨ ਨਾ ਹੋਇਆ ਕਿਉਂ ਜੋ ਨਿਆਂ ਕਿਤੇ ਵੀ ਨਹੀਂ ਸੀ ।

16ਉਹ ਨੇ ਵੇਖਿਆ ਕਿ ਕੋਈ ਮਨੁੱਖ ਨਹੀਂ, ਉਹ ਦੰਗ ਰਹਿ ਗਿਆ ਕਿ ਕੋਈ ਵੀ ਵਿਚੋਲਾ ਨਹੀਂ, ਇਸ ਲਈ ਉਹ ਦੀ ਭੁਜਾ ਨੇ ਆਪ ਹੀ ਉਸ ਲਈ ਬਚਾਓ ਕੀਤਾ, ਅਤੇ ਉਹ ਦੇ ਧਰਮ ਨੇ ਹੀ ਉਸ ਨੂੰ ਸੰਭਾਲਿਆ ।

17ਉਹ ਨੇ ਧਰਮ ਨੂੰ ਸੰਜੋ ਵਾਂਗੂੰ ਪਹਿਨਿਆ ਅਤੇ ਆਪਣੇ ਸਿਰ ਉੱਤੇ ਮੁਕਤੀ ਦਾ ਟੋਪ ਰੱਖਿਆ, ਉਸ ਨੇ ਬਦਲਾ ਲੈਣ ਦੇ ਬਸਤਰ ਧਾਰਣ ਕੀਤਾ ਅਤੇ ਚੋਲੇ ਵਾਂਗੂੰ ਅਣਖ ਨੂੰ ਪਾ ਲਿਆ ।

18ਉਨ੍ਹਾਂ ਦੇ ਕੰਮਾਂ ਦੇ ਅਨੁਸਾਰ ਉਹ ਉਨ੍ਹਾਂ ਨੂੰ ਬਦਲਾ ਦੇਵੇਗਾ, ਆਪਣੇ ਵੈਰੀਆਂ ਲਈ ਕ੍ਰੋਧ, ਵਿਰੋਧੀਆਂ ਲਈ ਬਦਲਾ ਦੇਵੇਗਾ, ਉਹ ਟਾਪੂਆਂ ਨੂੰ ਉਨ੍ਹਾਂ ਦੀ ਕੀਤੀ ਦਾ ਫਲ ਦੇਵੇਗਾ ।

19ਤਦ ਪੱਛਮ ਵੱਲ ਲੋਕ ਯਹੋਵਾਹ ਦੇ ਨਾਮ ਤੋਂ ਡਰਨਗੇ ਅਤੇ ਸੂਰਜ ਦੇ ਚੜ੍ਹਦੇ ਪਾਸਿਓਂ ਉਹ ਦੇ ਪਰਤਾਪ ਤੋਂ ਡਰਨਗੇ, ਕਿਉਂ ਜੋ ਉਹ ਹੜ੍ਹ ਵਾਲੀ ਨਦੀ ਵਾਂਗੂੰ ਆਵੇਗਾ, ਜਿਸ ਨੂੰ ਯਹੋਵਾਹ ਦਾ ਸਾਹ ਰੋੜ੍ਹ ਕੇ ਲੈ ਜਾਂਦਾ ਹੈ ।

20ਸੀਯੋਨ ਲਈ ਇੱਕ ਛੁਟਕਾਰਾ ਦੇਣ ਵਾਲਾ ਆਵੇਗਾ ਅਰਥਾਤ ਉਨ੍ਹਾਂ ਲਈ ਜੋ ਯਾਕੂਬ ਵਿੱਚ ਅਪਰਾਧਾਂ ਤੋਂ ਮਨ ਫਿਰਾਉਂਦੇ ਹਨ, ਯਹੋਵਾਹ ਦਾ ਵਾਕ ਹੈ ।

21ਯਹੋਵਾਹ ਆਖਦਾ ਹੈ, ਮੇਰੀ ਵੱਲੋਂ, ਉਹਨਾਂ ਨਾਲ ਮੇਰਾ ਇਹ ਨੇਮ ਹੈ, ਮੇਰਾ ਆਤਮਾ ਜੋ ਤੇਰੇ ਉੱਤੇ ਹੈ, ਅਤੇ ਮੇਰੇ ਬਚਨ ਜੋ ਮੈਂ ਤੇਰੇ ਮੂੰਹ ਵਿੱਚ ਪਾਏ, ਉਹ ਤੇਰੇ ਮੂੰਹ ਵਿੱਚੋਂ, ਤੇਰੀ ਅੰਸ ਦੇ ਮੂੰਹ ਵਿੱਚੋਂ, ਸਗੋਂ ਤੇਰੀ ਅੰਸ ਦੀ ਅੰਸ ਦੇ ਮੂੰਹ ਵਿੱਚੋਂ, ਹੁਣ ਤੋਂ ਸਦੀਪਕ-ਕਾਲ ਤੱਕ ਕਦੇ ਨਾ ਮੁੱਕਣਗੇ, ਯਹੋਵਾਹ ਦਾ ਵਾਕ ਹੈ ।


  Share Facebook  |  Share Twitter

 <<  Isaiah 59 >> 


Bible2india.com
© 2010-2024
Help
Dual Panel

Laporan Masalah/Saran