Bible 2 India Mobile
[VER] : [PUNJABI]     [PL]  [PB] 
 <<  Isaiah 53 >> 

1ਸਾਡੇ ਪਰਚਾਰ ਦੀ ਕਿਸ ਨੇ ਪਰਤੀਤ ਕੀਤੀ ? ਅਤੇ ਯਹੋਵਾਹ ਦੀ ਭੁਜਾ ਕਿਸ ਦੇ ਉੱਤੇ ਪਰਗਟ ਹੋਈ ?

2ਉਹ ਤਾਂ ਉਸ ਦੇ ਸਾਹਮਣੇ ਕੂੰਬਲ ਵਾਂਗੂੰ, ਅਤੇ ਸੁੱਕੀ ਧਰਤੀ ਵਿੱਚੋਂ ਜੜ੍ਹ ਵਾਂਗੂੰ ਫੁੱਟ ਨਿੱਕਲਿਆ, ਉਸ ਦਾ ਨਾ ਕੋਈ ਰੂਪ ਸੀ ਨਾ ਕੋਈ ਸਰੂਪ ਸੀ, ਕਿ ਅਸੀਂ ਉਸ ਨੂੰ ਵੇਖਦੇ, ਅਤੇ ਨਾ ਕੋਈ ਸੁਹੱਪਣ ਸੀ ਕਿ ਅਸੀਂ ਉਸ ਨੂੰ ਪਸੰਦ ਕਰਦੇ ।

3ਉਹ ਤੁੱਛ ਅਤੇ ਮਨੁੱਖਾਂ ਵੱਲੋਂ ਤਿਆਗਿਆ ਹੋਇਆ ਸੀ, ਇੱਕ ਦੁਖੀਆ ਮਨੁੱਖ, ਸੋਗ ਦਾ ਜਾਣੂ, ਅਤੇ ਉਸ ਵਾਂਗੂੰ ਜਿਸ ਤੋਂ ਲੋਕ ਮੂੰਹ ਲੁਕਾਉਂਦੇ, ਉਹ ਤੁੱਛ ਜਾਣਿਆ ਗਿਆ ਅਤੇ ਅਸੀਂ ਉਸ ਦੀ ਕਦਰ ਨਾ ਕੀਤੀ ॥

4ਸੱਚਮੁੱਚ ਉਸ ਨੇ ਸਾਡੇ ਰੋਗ ਚੁੱਕ ਲਏ, ਅਤੇ ਸਾਡੇ ਦੁੱਖ ਉਠਾਏ, ਪਰ ਅਸੀਂ ਉਸ ਨੂੰ ਮਾਰਿਆ ਹੋਇਆ, ਪਰਮੇਸ਼ੁਰ ਦਾ ਕੁੱਟਿਆ ਅਤੇ ਭੰਨਿਆ ਹੋਇਆ ਸਮਝਿਆ ।

5ਪਰ ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ, ਅਤੇ ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ, ਸਾਡੀ ਸ਼ਾਂਤੀ ਲਈ ਉਸ ਉੱਤੇ ਤਾੜਨਾ ਹੋਈ, ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਨਰੋਏ ਕੀਤੇ ਗਏ ਹਾਂ ।

6ਅਸੀਂ ਸਾਰੇ ਦੇ ਸਾਰੇ ਭੇਡਾਂ ਵਾਂਗੂੰ ਭੁੱਲੇ ਫਿਰਦੇ ਸਾਂ, ਅਸੀਂ ਆਪਣੇ ਆਪਣੇ ਰਾਹਾਂ ਨੂੰ ਮੁੜੇ, ਅਤੇ ਯਹੋਵਾਹ ਨੇ ਸਾਡੀ ਸਾਰਿਆਂ ਦੀ ਬਦੀ ਉਸ ਉੱਤੇ ਲੱਦੀ ।

7ਉਹ ਸਤਾਇਆ ਗਿਆ ਅਤੇ ਦੁਖੀ ਹੋਇਆ, ਪਰ ਉਸ ਆਪਣਾ ਮੂੰਹ ਨਾ ਖੋਲ੍ਹਿਆ, ਲੇਲੇ ਵਾਂਗੂੰ ਜਿਹੜਾ ਵੱਢੇ ਜਾਣ ਲਈ ਲੈ ਜਾਇਆ ਜਾਂਦਾ ਹੈ, ਅਤੇ ਭੇਡ ਵਾਂਗੂੰ ਜਿਹੜੀ ਉੱਨ ਕਤਰਨ ਵਾਲਿਆਂ ਦੇ ਅੱਗੇ ਗੁੰਗੀ ਹੈ, ਉਸੇ ਤਰ੍ਹਾਂ ਉਸ ਨੇ ਆਪਣਾ ਮੂੰਹ ਨਾ ਖੋਲ੍ਹਿਆ ।

8ਜ਼ੁਲਮ ਕਰਕੇ ਅਤੇ ਦੋਸ਼ ਲਾ ਕੇ ਉਹ ਨੂੰ ਫੜ੍ਹਿਆ ਗਿਆ, ਉਸ ਦੀ ਪੀੜ੍ਹੀ ਵਿੱਚੋਂ ਕਿਸ ਨੇ ਧਿਆਨ ਦਿੱਤਾ ਕਿ ਉਹ ਜੀਉਂਦਿਆਂ ਦੀ ਧਰਤੀ ਤੋਂ ਕੱਟਿਆ ਗਿਆ ? ਮੇਰੀ ਪਰਜਾ ਦੇ ਅਪਰਾਧ ਦੇ ਕਾਰਨ ਉਸ ਨੂੰ ਮਾਰ ਪਈ,

9ਉਸ ਦੀ ਕਬਰ ਦੁਸ਼ਟਾਂ ਦੇ ਨਾਲ ਠਹਿਰਾਈ ਗਈ ਅਤੇ ਮੌਤ ਦੇ ਵੇਲੇ ਉਹ ਧਨਵਾਨ ਦਾ ਸੰਗੀ ਹੋਇਆ, ਭਾਵੇਂ ਉਸ ਨੇ ਕਦੀ ਜ਼ੁਲਮ ਨਹੀਂ ਕੀਤਾ, ਨਾ ਉਸ ਦੇ ਮੂੰਹ ਵਿੱਚ ਕੋਈ ਛਲ ਸੀ ।

10ਪਰ ਯਹੋਵਾਹ ਨੂੰ ਭਾਇਆ ਕਿ ਉਸ ਨੂੰ ਕੁਚਲੇ ਅਤੇ ਸੋਗ ਵਿੱਚ ਪਾਵੇ । ਜਦ ਤੂੰ ਉਸ ਦੀ ਜਾਨ ਨੂੰ ਦੋਸ਼ ਦੀ ਬਲੀ ਠਹਿਰਾਵੇਂ, ਤਾਂ ਉਹ ਆਪਣੀ ਅੰਸ ਨੂੰ ਵੇਖੇਗਾ, ਉਹ ਆਪਣੇ ਦਿਨ ਲੰਮੇ ਕਰੇਗਾ, ਅਤੇ ਯਹੋਵਾਹ ਦੀ ਇੱਛਾ ਉਸ ਦੇ ਹੱਥ ਵਿੱਚ ਸਫ਼ਲ ਹੋਵੇਗੀ ।

11ਆਪਣੀ ਜਾਨ ਦਾ ਦੁੱਖ ਝੱਲਣ ਤੋਂ ਬਾਅਦ ਉਹ ਵੇਖੇਗਾ ਅਤੇ ਤ੍ਰਿਪਤ ਹੋਵੇਗਾ, ਆਪਣੇ ਗਿਆਨ ਨਾਲ ਮੇਰਾ ਧਰਮੀ ਦਾਸ ਬਹੁਤਿਆਂ ਨੂੰ ਧਰਮੀ ਠਹਿਰਾਵੇਗਾ, ਅਤੇ ਉਹਨਾਂ ਦੀਆਂ ਬਦੀਆਂ ਨੂੰ ਚੁੱਕ ਲਵੇਗਾ ।

12ਇਸ ਲਈ ਮੈਂ ਉਸ ਨੂੰ ਵੱਡਿਆਂ ਦੇ ਨਾਲ ਹਿੱਸਾ ਵੰਡ ਦਿਆਂਗਾ, ਅਤੇ ਬਲਵੰਤਾਂ ਦੇ ਨਾਲ ਉਹ ਲੁੱਟ ਵੰਡੇਗਾ, ਕਿਉਂ ਜੋ ਉਸ ਨੇ ਆਪਣੀ ਜਾਨ ਮੌਤ ਲਈ ਡੋਲ੍ਹ ਦਿੱਤੀ, ਅਤੇ ਅਪਰਾਧੀਆਂ ਨਾਲ ਗਿਣਿਆ ਗਿਆ, ਉਸ ਨੇ ਬਹੁਤਿਆਂ ਦੇ ਪਾਪ ਚੁੱਕੇ, ਅਤੇ ਅਪਰਾਧੀਆਂ ਲਈ ਸਿਫ਼ਾਰਿਸ਼ ਕੀਤੀ ।


  Share Facebook  |  Share Twitter

 <<  Isaiah 53 >> 


Bible2india.com
© 2010-2024
Help
Dual Panel

Laporan Masalah/Saran