Bible 2 India Mobile
[VER] : [PUNJABI]     [PL]  [PB] 
 <<  Isaiah 42 >> 

1ਵੇਖੋ, ਮੇਰਾ ਦਾਸ ਜਿਸ ਨੂੰ ਮੈਂ ਸੰਭਾਲਦਾ ਹਾਂ, ਮੇਰਾ ਚੁਣਵਾਂ ਜਿਸ ਤੋਂ ਮੇਰਾ ਜੀ ਪਰਸੰਨ ਹੈ । ਮੈਂ ਆਪਣਾ ਆਤਮਾ ਉਹ ਦੇ ਉੱਤੇ ਪਾਇਆ ਹੈ, ਉਹ ਕੌਮਾਂ ਲਈ ਇਨਸਾਫ਼ ਪਰਗਟ ਕਰੇਗਾ ।

2ਉਹ ਨਾ ਚਿੱਲਾਵੇਗਾ, ਨਾ ਆਪਣੀ ਅਵਾਜ਼ ਚੁੱਕੇਗਾ, ਨਾ ਉਹ ਨੂੰ ਗਲੀ ਵਿੱਚ ਸੁਣਾਵੇਗਾ ।

3ਉਹ ਕੁਚਲੇ ਹੋਏ ਕਾਨੇ ਨੂੰ ਨਾ ਭੰਨੇਗਾ, ਨਾ ਨਿੰਮ੍ਹੀ ਬੱਤੀ ਨੂੰ ਬੁਝਾਵੇਗਾ, ਉਹ ਵਫ਼ਾਦਾਰੀ ਨਾਲ ਇਨਸਾਫ਼ ਕਰੇਗਾ ।

4ਉਹ ਨਾ ਲੜਖੜਾਵੇਗਾ, ਨਾ ਹੌਂਸਲਾ ਛੱਡੇਗਾ, ਜਦ ਤੱਕ ਉਹ ਧਰਤੀ ਉੱਤੇ ਇਨਸਾਫ਼ ਨੂੰ ਕਾਇਮ ਨਾ ਕਰੇ, ਅਤੇ ਟਾਪੂ ਉਹ ਦੀ ਬਿਵਸਥਾ ਨੂੰ ਉਡੀਕਣਗੇ ।

5ਪਰਮੇਸ਼ੁਰ ਯਹੋਵਾਹ ਇਹ ਆਖਦਾ ਹੈ, ਉਹ ਜੋ ਅਕਾਸ਼ ਦਾ ਕਰਤਾ ਅਤੇ ਉਹ ਦੇ ਤਾਣਨ ਵਾਲਾ ਹੈ, ਧਰਤੀ ਅਤੇ ਉਸ ਦੀ ਉਪਜ ਦਾ ਫੈਲਾਉਣ ਵਾਲਾ ਹੈ, ਜੋ ਉਸ ਦੇ ਉੱਪਰ ਦੇ ਲੋਕਾਂ ਨੂੰ ਸਾਹ ਦਾ, ਅਤੇ ਉਸ ਦੇ ਉੱਪਰ ਦੇ ਚੱਲਣ ਵਾਲਿਆਂ ਨੂੰ ਆਤਮਾ ਦਾ ਦੇਣ ਵਾਲਾ ਹੈ ।

6ਮੈਂ ਯਹੋਵਾਹ ਨੇ ਤੈਨੂੰ ਧਰਮ ਵਿੱਚ ਸੱਦਿਆ ਹੈ, ਅਤੇ ਮੈਂ ਤੇਰੇ ਹੱਥ ਨੂੰ ਤਕੜਾ ਕਰਾਂਗਾ, ਮੈਂ ਤੇਰੀ ਰੱਖਿਆ ਕਰਾਂਗਾ, ਅਤੇ ਤੈਨੂੰ ਪਰਜਾ ਲਈ ਨੇਮ ਅਤੇ ਕੌਮਾਂ ਲਈ ਜੋਤ ਠਹਿਰਾਵਾਂਗਾ,

7ਤਾਂ ਜੋ ਤੂੰ ਅੰਨ੍ਹੀਆਂ ਅੱਖਾਂ ਨੂੰ ਖੋਲ੍ਹੇਂ, ਭੋਹਰੇ ਵਿੱਚੋਂ ਬੰਦੀਆਂ ਨੂੰ ਅਤੇ ਹਨੇਰੇ ਵਿੱਚ ਬੈਠਿਆਂ ਹੋਇਆਂ ਨੂੰਕੈਦਖਾਨੇ ਵਿੱਚੋਂ ਕੱਢੇਂ ।

8ਮੈਂ ਯਹੋਵਾਹ ਹਾਂ, ਇਹੋ ਹੀ ਮੇਰਾ ਨਾਮ ਹੈ, ਅਤੇ ਮੈਂ ਆਪਣਾ ਪਰਤਾਪ ਦੂਜੇ ਨੂੰ ਨਹੀਂ ਦਿਆਂਗਾ, ਨਾ ਆਪਣੀ ਉਸਤਤ ਮੂਰਤਾਂ ਨੂੰ ।

9ਵੇਖੋ, ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ, ਅਤੇ ਨਵੀਆਂ ਗੱਲਾਂ ਮੈਂ ਦੱਸਦਾ ਹਾਂ, ਉਹਨਾਂ ਦੇ ਪਰਗਟ ਹੋਣ ਤੋਂ ਪਹਿਲਾਂ ਮੈਂ ਤੁਹਾਨੂੰ ਸੁਣਾਉਂਦਾ ਹਾਂ ।

10ਯਹੋਵਾਹ ਲਈ ਇੱਕ ਨਵਾਂ ਗੀਤ ਗਾਓ, ਉਹ ਦੀ ਉਸਤਤ ਧਰਤੀ ਦੀਆਂ ਹੱਦਾਂ ਤੋਂ, ਤੁਸੀਂ ਵੀ ਜਿਹੜੇ ਸਮੁੰਦਰ ਉੱਤੇ ਚੱਲਦੇ ਹੋ, ਨਾਲੇ ਉਹ ਦੀ ਭਰਪੂਰੀ, ਟਾਪੂ ਅਤੇ ਉਨ੍ਹਾਂ ਦੇ ਵਾਸੀ ਵੀ ।

11ਉਜਾੜ ਤੇ ਉਹ ਦੇ ਸ਼ਹਿਰ ਅਵਾਜ਼ ਚੁੱਕਣ, ਉਹ ਪਿੰਡ ਜਿੱਥੇ ਕੇਦਾਰ ਵੱਸਦਾ ਹੈ, ਸਲਾ ਦੇ ਵਾਸੀ ਜੈਕਾਰਾ ਗਜਾਉਣ, ਪਹਾੜਾਂ ਦੀਆਂ ਟੀਸੀਆਂ ਤੋਂ ਉਹ ਲਲਕਾਰਨ ।

12ਉਹ ਯਹੋਵਾਹ ਦੀ ਮਹਿਮਾ ਕਰਨ, ਅਤੇ ਟਾਪੂਆਂ ਵਿੱਚ ਉਹ ਦੀ ਉਸਤਤ ਦਾ ਪਰਚਾਰ ਕਰਨ ।

13ਯਹੋਵਾਹ ਸੂਰਮੇ ਵਾਂਗੂੰ ਨਿੱਕਲੇਗਾ, ਉਹ ਜੋਧੇ ਵਾਂਗੂੰ ਆਪਣੀ ਅਣਖ ਨੂੰ ਉਭਾਰੇਗਾ, ਉਹ ਨਾਰਾ ਮਾਰੇਗਾ, ਉਹ ਕੂਕ ਮਾਰੇਗਾ, ਉਹ ਆਪਣੇ ਵੈਰੀਆਂ ਉੱਤੇ ਫ਼ਤਹ ਪਰਾਪਤ ਕਰੇਗਾ ।

14ਮੈਂ ਚਿਰ ਤੋਂ ਚੁੱਪ ਸਾਧ ਲਈ, ਮੈਂ ਚੁੱਪ ਕਰ ਕੇ ਆਪਣੇ ਜੀ ਨੂੰ ਰੋਕਿਆ ਹੈ, ਹੁਣ ਮੈਂ ਜਣਨ ਵਾਲੀ ਔਰਤ ਵਾਂਗੂੰ ਚੀਕਾਂ ਮਰਾਂਗਾ, ਮੈਂ ਹਉਂਕੇ ਭਰਾਂਗਾ ਅਤੇ ਔਖੇ-ਔਖੇ ਸਾਹ ਲਵਾਂਗਾ ।

15ਮੈਂ ਪਹਾੜਾਂ ਅਤੇ ਟਿੱਬਿਆਂ ਨੂੰ ਵਿਰਾਨ ਕਰ ਦਿਆਂਗਾ, ਅਤੇ ਉਨ੍ਹਾਂ ਦੇ ਸਾਰੇ ਸਾਗ ਪੱਤ ਨੂੰ ਸੁਕਾ ਦਿਆਂਗਾ, ਮੈਂ ਨਦੀਆਂ ਨੂੰ ਟਾਪੂ ਬਣਾ ਦਿਆਂਗਾ, ਅਤੇ ਤਲਾਬ ਸੁਕਾ ਦਿਆਂਗਾ ।

16ਮੈਂ ਅੰਨ੍ਹਿਆਂ ਨੂੰ ਇੱਕ ਰਾਹ ਉੱਤੇ ਤੋਰਾਂਗਾ, ਜਿਸ ਨੂੰ ਉਹ ਨਹੀਂ ਜਾਣਦੇ, ਅਤੇ ਉਨ੍ਹਾਂ ਮਾਰਗਾਂ ਵਿੱਚ ਉਹਨਾਂ ਦੀ ਅਗਵਾਈ ਕਰਾਂਗਾ ਜਿਨ੍ਹਾਂ ਨੂੰ ਉਹ ਜਾਣਦੇ ਹੀ ਨਹੀਂ । ਮੈਂ ਉਹਨਾਂ ਦੇ ਅੱਗੇ ਹਨੇਰੇ ਨੂੰ ਚਾਨਣ, ਅਤੇ ਵਿੰਗਿਆਂ ਥਾਵਾਂ ਨੂੰ ਸਿੱਧਿਆਂ ਬਣਾ ਦਿਆਂਗਾ । ਮੈਂ ਇਹ ਕੰਮ ਕਰਾਂਗਾ ਅਤੇ ਉਹਨਾਂ ਨੂੰ ਨਾ ਤਿਆਗਾਂਗਾ ।

17ਉਹ ਮੁੜ ਜਾਣਗੇ, ਉਹ ਡਾਢੇ ਲੱਜਿਆਵਾਨ ਹੋਣਗੇ, ਜਿਹੜੇ ਬੁੱਤਾਂ ਉੱਤੇ ਭਰੋਸਾ ਰੱਖਦੇ ਹਨ, ਜਿਹੜੇ ਮੂਰਤਾਂ ਨੂੰ ਆਖਦੇ ਹਨ, "ਤੁਸੀਂ ਸਾਡੇ ਦੇਵਤੇ ਹੋ !"

18ਹੇ ਬੋਲਿਓ, ਸੁਣੋ ! ਹੇ ਅੰਨ੍ਹਿਓ, ਵੇਖਣ ਲਈ ਗੌਰ ਕਰੋ !

19ਮੇਰੇ ਦਾਸ ਤੋਂ ਬਿਨ੍ਹਾਂ ਕੌਣ ਅੰਨ੍ਹਾ ਹੈ ? ਜਾਂ ਮੇਰੇ ਭੇਜੇ ਹੋਏ ਦੂਤ ਨਾਲੋਂ ਜ਼ਿਆਦਾ ਬੋਲਾ ਕੌਣ ਹੈ ? ਮੇਰੇ ਮੇਲੀ ਵਰਗਾ ਅੰਨ੍ਹਾ ਕੌਣ ਹੈ ? ਜਾਂ ਯਹੋਵਾਹ ਦੇ ਦਾਸ ਵਰਗਾ ਅੰਨ੍ਹਾ ਕੌਣ ਹੈ ?

20ਤੂੰ ਬਹੁਤ ਕੁਝ ਵੇਖਦਾ ਹੈਂ, ਪਰ ਧਿਆਨ ਨਹੀਂ ਦਿੰਦਾ, ਤੇਰੇ ਕੰਨ ਤਾਂ ਖੁਲ੍ਹੇ ਹਨ ਪਰ ਤੂੰ ਸੁਣਦਾ ਨਹੀਂ ।

21ਯਹੋਵਾਹ ਨੂੰ ਆਪਣੇ ਧਰਮ ਦੇ ਕਾਰਨ ਪਸੰਦ ਆਇਆ, ਕਿ ਆਪਣੀ ਬਿਵਸਥਾ ਨੂੰ ਵਡਿਆਵੇ, ਅਤੇ ਉਹ ਨੂੰ ਆਦਰ ਦੇਵੇ ।

22ਪਰ ਉਹ ਲੁੱਟੇ ਹੋਏ ਤੇ ਮੁੱਠੇ ਹੋਏ ਲੋਕ ਹਨ, ਉਹ ਸਭ ਦੇ ਸਭ ਟੋਇਆਂ ਵਿੱਚ ਫੱਸੇ ਪਏ ਹਨ, ਅਤੇ ਕੈਦ ਖਾਨਿਆਂ ਵਿੱਚ ਲੁੱਕੇ ਹੋਏ ਹਨ । ਉਹ ਸ਼ਿਕਾਰ ਹੋ ਗਏ ਪਰ ਛੁਡਾਉਣ ਵਾਲਾ ਕੋਈ ਨਹੀਂ, ਉਹ ਲੁੱਟ ਬਣ ਗਏ ਪਰ ਕੋਈ ਨਹੀਂ ਆਖਦਾ, ਮੋੜ ਦਿਓ !

23ਤੁਹਾਡੇ ਵਿੱਚੋਂ ਕੌਣ ਇਸ ਉੱਤੇ ਕੰਨ ਲਾਵੇਗਾ, ਅਤੇ ਧਿਆਨ ਦੇਵੇਗਾ ਅਤੇ ਆਉਣ ਵਾਲੇ ਸਮੇਂ ਲਈ ਸੁਣੇਗਾ ?

24ਕਿਸ ਨੇ ਯਾਕੂਬ ਨੂੰ ਲੁਟਵਾਇਆ, ਅਤੇ ਇਸਰਾਏਲ ਨੂੰ ਲੁਟੇਰਿਆਂ ਦੇ ਹੱਥ ਦੇ ਦਿੱਤਾ ? ਭਲਾ, ਯਹੋਵਾਹ ਨੇ ਨਹੀਂ, ਉਹ ਜਿਸ ਦੇ ਵਿਰੁੱਧ ਅਸੀਂ ਪਾਪ ਕੀਤਾ ? ਜਿਸ ਦੇ ਰਾਹਾਂ ਵਿੱਚ ਉਹ ਨਹੀਂ ਚੱਲਦੇ, ਅਤੇ ਜਿਸ ਦੀ ਬਿਵਸਥਾ ਨੂੰ ਉਹ ਨਹੀਂ ਸੁਣਦੇ ?

25ਇਸ ਲਈ ਉਹ ਨੇ ਉਸ ਉੱਤੇ ਆਪਣੇ ਕ੍ਰੋਧ ਦੀ ਤੇਜ਼ੀ, ਅਤੇ ਲੜਾਈ ਦੀ ਸ਼ਕਤੀ ਪਾ ਦਿੱਤੀ, ਉਹ ਨੇ ਉਸ ਨੂੰ ਆਲਿਓਂ-ਦੁਆਲਿਓਂ ਅੱਗ ਲਾਈ, ਪਰ ਉਸ ਨੇ ਨਾ ਸਮਝਿਆ, ਅਤੇ ਉਸ ਨੂੰ ਸਾੜ ਦਿੱਤਾ, ਪਰ ਉਸ ਨੇ ਦਿਲ ਉੱਤੇ ਨਾ ਲਾਇਆ ।


  Share Facebook  |  Share Twitter

 <<  Isaiah 42 >> 


Bible2india.com
© 2010-2024
Help
Dual Panel

Laporan Masalah/Saran