Bible 2 India Mobile
[VER] : [PUNJABI]     [PL]  [PB] 
 <<  Jeremiah 34 >> 

1ਉਹ ਬਚਨ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਆਇਆ ਜਦ ਬਾਬਲ ਦਾ ਰਾਜਾ ਨਬੂਕਦਰੱਸਰ, ਉਹ ਦੀ ਸਾਰੀ ਫੌਜ ਅਤੇ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਜਿਹੜੀਆਂ ਉਹ ਦੇ ਹੁਕਮ ਵਿੱਚ ਸਨ ਅਤੇ ਸਾਰੀਆਂ ਉੱਮਤਾਂ ਯਰੂਸ਼ਲਮ ਦੇ ਵਿਰੁੱਧ ਅਤੇ ਉਹ ਦੇ ਸਾਰੇ ਸ਼ਹਿਰਾਂ ਦੇ ਵਿਰੁੱਧ ਲੜਦੀਆਂ ਸਨ ਕਿ

2ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਆਖਦਾ ਹੈ, ਜਾ ਅਤੇ ਤੂੰ ਯਹੂਦਾਹ ਦੇ ਰਾਜਾ ਸਿਦਕੀਯਾਹ ਨੂੰ ਆਖ ਅਤੇ ਉਹ ਨੂੰ ਦੱਸ, ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਵੇਖ, ਮੈਂ ਇਹ ਸ਼ਹਿਰ ਬਾਬਲ ਦੇ ਰਾਜਾ ਦੇ ਹੱਥ ਵਿੱਚ ਦਿੰਦਾ ਹਾਂ ਅਤੇ ਉਹ ਇਸ ਨੂੰ ਅੱਗ ਨਾਲ ਸਾੜ ਦੇਵੇਗਾ

3ਤੂੰ ਉਹ ਦੇ ਹੱਥੋਂ ਨਾ ਬਚੇਗਾ ਸਗੋਂ ਜ਼ਰੂਰ ਫੜਿਆ ਜਾਵੇਂਗਾ ਅਤੇ ਉਹ ਦੇ ਹੱਥ ਵਿੱਚ ਸੌਂਪਿਆ ਜਾਵੇਂਗਾ । ਤੇਰੀਆਂ ਅੱਖਾਂ ਬਾਬਲ ਦੇ ਰਾਜਾ ਨੂੰ ਵੇਖਣਗੀਆਂ, ਅਤੇ ਉਹ ਮੂੰਹ ਦਰ ਮੂੰਹ ਤੇਰੇ ਨਾਲ ਗੱਲਾਂ ਕਰੇਗਾ ਅਤੇ ਤੂੰ ਬਾਬਲ ਨੂੰ ਜਾਵੇਂਗਾ

4ਪਰ ਹੇ ਯਹੂਦਾਹ ਦੇ ਰਾਜਾ ਸਿਦਕੀਯਾਹ, ਯਹੋਵਾਹ ਦਾ ਬਚਨ ਸੁਣ ! ਯਹੋਵਾਹ ਤੇਰੇ ਬਾਰੇ ਐਉਂ ਆਖਦਾ ਹੈ ਕਿ ਤੂੰ ਤਲਵਾਰ ਨਾਲ ਨਾ ਮਰੇਂਗਾ

5ਸਗੋਂ ਤੂੰ ਸ਼ਾਂਤੀ ਨਾਲ ਮਰੇਂਗਾ ਅਤੇ ਜਿਵੇਂ ਤੇਰੇ ਪਿਉ-ਦਾਦਿਆਂ ਲਈ ਜਿਹੜੇ ਤੈਥੋਂ ਪਹਿਲਾਂ ਰਾਜਾ ਹਨ ਉਹ ਖੁਸ਼ਬੋਈਆਂ ਜਲਾਉਂਦੇ ਸਨ ਤਿਵੇਂ ਤੇਰੇ ਲਈ ਖੁਸ਼ਬੋਈਆਂ ਜਲਾਉਣਗੇ ਅਤੇ ਤੇਰੇ ਲਈ ਸਿਆਪਾ ਕਰਨਗੇ ਕਿ ਹਾਇ ਸਾਡੇ ਮਾਲਕ ! ਕਿਉਂ ਜੋ ਇਹ ਗੱਲ ਮੈਂ ਆਖੀ ਹੈ, ਯਹੋਵਾਹ ਦਾ ਵਾਕ ਹੈ ।

6ਤਦ ਯਿਰਮਿਯਾਹ ਨਬੀ ਨੇ ਇਹ ਸਾਰੀਆਂ ਗੱਲਾਂ ਯਰੂਸ਼ਲਮ ਵਿੱਚ ਯਹੂਦਾਹ ਦੇ ਰਾਜਾ ਸਿਦਕੀਯਾਹ ਨੂੰ ਆਖੀਆਂ

7ਜਦ ਬਾਬਲ ਦੇ ਰਾਜਾ ਦੀ ਫੌਜ ਯਰੂਸ਼ਲਮ ਦੇ ਵਿਰੁੱਧ ਅਤੇ ਯਹੂਦਾਹ ਦੇ ਸਾਰੇ ਬਚੇ ਹੋਏ ਸ਼ਹਿਰਾਂ ਦੇ ਵਿਰੁੱਧ ਅਤੇ ਲਾਕੀਸ਼ ਅਤੇ ਅਜੇਕਾਹ ਨਾਲ ਲੜਦੀ ਸੀ, ਕਿਉਂ ਜੋ ਯਹੂਦਾਹ ਦੇ ਸ਼ਹਿਰਾਂ ਵਿੱਚ ਇਹੋ ਹੀ ਗੜ੍ਹ ਵਾਲੇ ਸ਼ਹਿਰ ਸਨ ਜਿਹੜੇ ਬਚ ਰਹੇ ਸਨ ।

8ਉਹ ਬਚਨ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਆਇਆ ਉਸ ਦੇ ਪਿੱਛੋਂ ਕਿ ਸਿਦਕੀਯਾਹ ਰਾਜਾ ਨੇ ਯਰੂਸ਼ਲਮ ਦੇ ਸਾਰੇ ਲੋਕਾਂ ਨਾਲ ਨੇਮ ਬੰਨ੍ਹ ਕੇ ਉਹਨਾਂ ਦੀ ਅਜ਼ਾਦੀ ਦੀ ਡੌਂਡੀ ਪਿਟਵਾਈ

9ਭਈ ਹਰੇਕ ਮਨੁੱਖ ਆਪਣੇ ਗੋਲੇ ਨੂੰ ਅਤੇ ਹਰੇਕ ਆਪਣੀ ਗੋਲੀ ਨੂੰ ਜੋ ਇਬਰਾਨੀ ਜਾਂ ਇਬਰਾਨਣ ਹੋਵੇ ਆਜ਼ਾਦ ਕਰਕੇ ਛੱਡ ਦੇਵੇ ਅਤੇ ਕੋਈ ਮਨੁੱਖ ਆਪਣੇ ਯਹੂਦੀ ਭਰਾ ਨੂੰ ਗੁਲਾਮ ਨਾ ਰੱਖੇ

10ਤਾਂ ਸਾਰੇ ਸਰਦਾਰਾਂ ਅਤੇ ਸਾਰੇ ਲੋਕਾਂ ਨੇ ਜਿਹੜੇ ਇਸ ਨੇਮ ਵਿੱਚ ਆਏ ਹੋਏ ਸਨ ਮੰਨ ਲਿਆ ਭਈ ਹਰੇਕ ਆਪਣੇ ਗੋਲੇ ਨੂੰ ਅਜ਼ਾਦ ਕਰਕੇ ਛੱਡ ਦੇਵੇ ਅਤੇ ਅੱਗੇ ਨੂੰ ਉਹਨਾਂ ਨੂੰ ਗੁਲਾਮ ਨਾ ਰੱਖੇ । ਸੋ ਉਹਨਾਂ ਨੇ ਇਹ ਮੰਨ ਲਿਆ ਅਤੇ ਉਹਨਾਂ ਨੂੰ ਛੱਡ ਦਿੱਤਾ

11ਪਰ ਇਸ ਦੇ ਪਿੱਛੋਂ ਉਹ ਫਿਰ ਗਏ ਅਤੇ ਗੋਲਿਆਂ ਅਤੇ ਗੋਲੀਆਂ ਨੂੰ ਫੇਰ ਲੈ ਆਏ ਜਿਹਨਾਂ ਨੂੰ ਅਜ਼ਾਦ ਕਰਕੇ ਛੱਡਿਆ ਸੀ ਅਤੇ ਉਹਨਾਂ ਨੂੰ ਫਿਰ ਗੋਲਿਆਂ ਅਤੇ ਗੋਲੀਆਂ ਜਬਰਨ ਬਣਾਇਆ ।

12ਤਾਂ ਯਿਰਮਿਯਾਹ ਨੂੰ ਯਹੋਵਾਹ ਦਾ ਬਚਨ ਯਹੋਵਾਹ ਵੱਲੋਂ ਆਇਆ ਕਿ

13ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਭਈ ਮੈਂ ਤੁਹਾਡੇ ਪਿਉ-ਦਾਦਿਆਂ ਨਾਲ ਉਸ ਦਿਨ ਜਦ ਮੈਂ ਉਹਨਾਂ ਨੂੰ ਮਿਸਰ ਦੇਸ ਤੋਂ ਅਤੇ ਗੁਲਾਮੀ ਦੇ ਘਰ ਤੋਂ ਕੱਢ ਲਿਆਂਦਾ ਇੱਕ ਨੇਮ ਬੰਨ੍ਹਿਆ ਸੀ ਕਿ

14ਸੱਤਾਂ ਵਰਿਹਾਂ ਦੇ ਅੰਤ ਵਿੱਚ ਤੁਹਾਡੇ ਵਿੱਚੋਂ ਹਰੇਕ ਆਪਣੇ ਇਬਰਾਨੀ ਭਰਾ ਨੂੰ ਜਿਹੜਾ ਉਹ ਦੇ ਹੱਥ ਵੇਚਿਆ ਗਿਆ ਅਜ਼ਾਦ ਕਰਕੇ ਛੱਡ ਦੇਵੇ । ਜਦ ਉਸ ਛੇਆਂ ਵਰਿਹਾਂ ਤੱਕ ਉਹਦੀ ਟਹਿਲ ਕੀਤੀ ਹੋਵੇ ਤਾਂ ਉਹ ਉਸ ਨੂੰ ਅਜ਼ਾਦ ਕਰਕੇ ਛੱਡ ਦੇਵੇ, ਪਰ ਤੁਹਾਡੇ ਪਿਉ-ਦਾਦਿਆਂ ਨੇ ਮੇਰੀ ਨਾ ਸੁਣੀ, ਨਾ ਆਪਣਾ ਕੰਨ ਲਾਇਆ

15ਹੁਣ ਤੁਸੀਂ ਫਿਰੇ ਸਾਓ ਅਤੇ ਉਹੋ ਕੀਤਾ ਜੋ ਮੇਰੀ ਨਿਗਾਹ ਵਿੱਚ ਠੀਕ ਸੀ ਕਿ ਹਰੇਕ ਨੇ ਆਪਣੇ ਗੁਆਂਢੀ ਕੋਲ ਅਜ਼ਾਦੀ ਦੀ ਡੌਂਡੀ ਪਿੱਟੀ ਅਤੇ ਤੁਸੀਂ ਇਸ ਭਵਨ ਵਿੱਚ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਮੇਰੇ ਸਨਮੁੱਖ ਮੇਰੇ ਨਾਲ ਨੇਮ ਬੰਨ੍ਹਿਆ

16ਪਰ ਤੁਸੀਂ ਫਿਰ ਗਏ ਅਤੇ ਨਾਮ ਨੂੰ ਪਲੀਤ ਕੀਤਾ ਜਦ ਹਰੇਕ ਨੇ ਆਪਣੇ ਗੋਲੇ ਨੂੰ ਅਤੇ ਹਰੇਕ ਨੇ ਆਪਣੀ ਗੋਲੀ ਨੂੰ ਜਿਹਨਾਂ ਨੂੰ ਤੁਸੀਂ ਅਜ਼ਾਦ ਕਰਕੇ ਉਹਨਾਂ ਦੀ ਮਰਜ਼ੀ ਅਨੁਸਾਰ ਛੱਡ ਦਿੱਤਾ ਸੀ ਮੋੜ ਲਿਆ ਅਤੇ ਫਿਰ ਆਪਣੇ ਵੱਸ ਵਿੱਚ ਕਰ ਲਿਆ ਕਿ ਉਹ ਤੁਹਾਡੇ ਗੋਲੇ ਗੋਲੀਆਂ ਰਹਿਣ ।

17ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਤੁਸੀਂ ਮੇਰੀ ਨਾ ਸੁਣੀ ਭਈ ਹਰੇਕ ਆਪਣੇ ਭਰਾ ਕੋਲ ਅਤੇ ਹਰੇਕ ਆਪਣੇ ਗੁਆਂਢੀ ਕੋਲ ਅਜ਼ਾਦੀ ਦੀ ਡੌਂਡੀ ਪਿੱਟੇ । ਵੇਖੋ, ਮੈਂ ਤੁਹਾਡੇ ਲਈ ਤਲਵਾਰ, ਕਾਲ ਅਤੇ ਬਵਾ ਲਈ ਅਜ਼ਾਦੀ ਦੀ ਡੌਂਡੀ ਪਿੱਟਦਾ ਹਾਂ, ਯਹੋਵਾਹ ਦਾ ਵਾਕ ਹੈ, ਅਤੇ ਮੈਂ ਤੁਹਾਨੂੰ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਵਿੱਚ ਹੌਲ ਦਾ ਕਾਰਨ ਬਣਾਵਾਂਗਾ

18ਮੈਂ ਉਹਨਾਂ ਮਨੁੱਖਾਂ ਨੂੰ ਜਿਹਨਾਂ ਮੇਰੇ ਨਾਮ ਨੂੰ ਉਲੰਘਿਆ ਅਤੇ ਉਸ ਨੇਮ ਦੀਆਂ ਗੱਲਾਂ ਨੂੰ ਕਾਇਮ ਨਾ ਰੱਖਿਆ ਜਿਹੜਾ ਉਹਨਾਂ ਮੇਰੇ ਅੱਗੇ ਬੰਨ੍ਹਿਆ ਸੀ ਉਸ ਵੱਛੇ ਵਾਂਗੂੰ ਕਰਾਂਗਾ ਜਿਹ ਨੂੰ ਉਹਨਾਂ ਨੇ ਕੱਟ ਕੇ ਦੋ ਟੋਟੇ ਕੀਤਾ ਅਤੇ ਦੋਹਾਂ ਟੋਟਿਆਂ ਦੇ ਵਿੱਚ ਦੀ ਲੰਘ ਗਏ

19ਅਰਥਾਤ ਯਹੂਦਾਹ ਦੇ ਸਰਦਾਰਾਂ ਨੂੰ, ਯਰੂਸ਼ਲਮ ਦੇ ਸਰਦਾਰਾਂ ਨੂੰ, ਖੁਸਰੇ, ਜਾਜਕ ਅਤੇ ਦੇਸ ਦੇ ਸਾਰੇ ਲੋਕਾਂ ਨੂੰ ਜਿਹੜੇ ਉਸ ਵੱਛੇ ਦੇ ਟੋਟਿਆਂ ਦੇ ਵਿੱਚ ਦੀ ਲੰਘ ਗਏ

20ਮੈਂ ਉਹਨਾਂ ਨੂੰ ਉਹਨਾਂ ਦੇ ਵੈਰੀਆਂ ਦੇ ਹੱਥ ਵਿੱਚ ਅਤੇ ਉਹਨਾਂ ਦੀ ਜਾਨ ਲੇਵਿਆਂ ਦੇ ਹੱਥ ਵਿੱਚ ਦਿਆਂਗਾ ਅਤੇ ਉਹਨਾਂ ਦੀਆਂ ਲੋਥਾਂ ਅਕਾਸ਼ ਦੇ ਪੰਛੀਆਂ ਅਤੇ ਧਰਤੀ ਦੇ ਦਰਿੰਦਿਆਂ ਦਾ ਖਾਜਾ ਹੋਣਗੀਆਂ !

21ਅਤੇ ਮੈਂ ਯਹੂਦਾਹ ਦੇ ਰਾਜਾ ਸਿਦਕੀਯਾਹ ਨੂੰ ਅਤੇ ਉਹ ਦੇ ਸਰਦਾਰਾਂ ਨੂੰ ਉਹ ਦੇ ਵੈਰੀਆਂ ਦੇ ਹੱਥ ਵਿੱਚ ਅਤੇ ਉਹਨਾਂ ਦੀ ਜਾਨ ਲੇਵਿਆਂ ਦੇ ਹੱਥ ਵਿੱਚ, ਬਾਬਲ ਦੇ ਰਾਜਾ ਦੀ ਫੌਜ ਦੇ ਹੱਥ ਵਿੱਚ ਦੇ ਦਿਆਂਗਾ ਜਿਹੜੇ ਤੁਹਾਨੂੰ ਛੱਡ ਕੇ ਤੁਰ ਗਏ

22ਵੇਖ, ਮੈਂ ਹੁਕਮ ਦਿਆਂਗਾ, ਯਹੋਵਾਹ ਦਾ ਵਾਕ ਹੈ, ਅਤੇ ਮੈਂ ਉਹਨਾਂ ਨੂੰ ਇਸ ਸ਼ਹਿਰ ਵੱਲ ਮੋੜ ਲਿਆਵਾਂਗਾ । ਉਹ ਇਹ ਦੇ ਵਿਰੁੱਧ ਲੜਨਗੇ ਅਤੇ ਇਹ ਨੂੰ ਲੈ ਲੈਣਗੇ ਅਤੇ ਇਹ ਨੂੰ ਅੱਗ ਨਾਲ ਸਾੜ ਦੇਣਗੇ ਅਤੇ ਮੈਂ ਯਹੂਦਾਹ ਦੇ ਸ਼ਹਿਰਾਂ ਨੂੰ ਵਿਰਾਨ ਕਰ ਦਿਆਂਗਾ ਭਈ ਉਹਨਾਂ ਵਿੱਚ ਕੋਈ ਵੱਸਣ ਵਾਲਾ ਨਾ ਰਹੇ ।


  Share Facebook  |  Share Twitter

 <<  Jeremiah 34 >> 


Bible2india.com
© 2010-2024
Help
Dual Panel

Laporan Masalah/Saran