Bible 2 India Mobile
[VER] : [PUNJABI]     [PL]  [PB] 
 <<  Jeremiah 31 >> 

1ਉਸ ਸਮੇਂ, ਯਹੋਵਾਹ ਦਾ ਵਾਕ ਹੈ, ਮੈਂ ਇਸਰਾਏਲ ਦੇ ਸਾਰਿਆਂ ਘਰਾਣਿਆਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੀ ਪਰਜਾ ਹੋਣਗੇ ।

2ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਉਹ ਲੋਕ ਜਿਹੜੇ ਤਲਵਾਰ ਤੋਂ ਬਚ ਰਹੇ, ਉਹ ਉਜਾੜ ਵਿੱਚ ਕਿਰਪਾ ਦੇ ਭਾਗੀ ਹੋਏ, ਹਾਂ, ਇਸਰਾਏਲ, ਜਦ ਅਰਾਮ ਲਈ ਗਿਆ ।

3ਯਹੋਵਾਹ ਨੇ ਦੂਰੋਂ ਮੈਨੂੰ ਵਿਖਾਈ ਦਿੱਤੀ, ਮੈਂ ਤੇਰੇ ਨਾਲ ਸਦਾ ਦੇ ਪ੍ਰੇਮ ਨਾਲ ਪ੍ਰੇਮ ਕੀਤਾ, ਇਸ ਲਈ ਮੈਂ ਦਯਾ ਨਾਲ ਤੈਨੂੰ ਖਿਚਿਆ ਹੈ ।

4ਮੈਂ ਤੈਨੂੰ ਫਿਰ ਉਸਾਰਾਂਗਾ ਅਤੇ ਤੂੰ ਉਸਾਰੀ ਜਾਵੇਂਗੀ, ਹੇ ਇਸਰਾਏਲ ਦੀਏ ਕੁਆਰੀਏ, ਤੂੰ ਆਪਣੀਆਂ ਖੰਜਰੀਆਂ ਨਾਲ ਫੇਰ ਬਾਹਰ ਜਾਵੇਂਗੀ, ਅਤੇ ਹੱਸਣ ਵਾਲੀਆਂ ਦੇ ਨਾਚ ਵਿੱਚ ਬਾਹਰ ਨਿਕਲੇਂਗੀ

5ਤੂੰ ਫਿਰ ਅੰਗੂਰਾਂ ਦਾ ਬਾਗ, ਸਾਮਰਿਯਾ ਦੇ ਪਹਾੜ ਵਿੱਚ ਲਾਵੇਂਗੀ, ਲਾਉਣ ਵਾਲੇ ਲਾਉਣਗੇ, ਅਤੇ ਉਹਨਾਂ ਦੇ ਫਲਾਂ ਦਾ ਭੋਗ ਲਾਉਣਗੇ ।

6ਇੱਕ ਦਿਨ ਆਵੇਗਾ ਕਿ ਅਫਰਾਈਮ ਦੇ ਪਹਾੜ ਉੱਤੇ ਰਾਖੇ ਪੁਕਾਰਨਗੇ, ਉੱਠੋ ਭਈ ਅਸੀਂ ਸੀਯੋਨ ਨੂੰ, ਯਹੋਵਾਹ ਆਪਣੇ ਪਰਮੇਸ਼ੁਰ ਕੋਲ ਜਾਈਏ ! ।

7ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, - ਯਾਕੂਬ ਦੇ ਆਨੰਦ ਲਈ ਜੈਕਾਰਾ ਗਜਾਓ, ਅਤੇ ਕੌਮਾਂ ਦੇ ਮੁਖੀਏ ਲਈ ਲਲਕਾਰੋ ! ਸੁਣਾਓ, ਉਸਤਤ ਕਰੋ ਅਤੇ ਆਖੋ, ਯਹੋਵਾਹ, ਆਪਣੀ ਪਰਜਾ ਨੂੰ, ਅਤੇ ਇਸਰਾਏਲ ਦੇ ਬਕੀਏ ਨੂੰ ਬਚਾ ਲੈ !

8ਵੇਖੋ, ਮੈਂ ਉੱਤਰ ਦੇ ਦੇਸ ਵੱਲੋਂ ਉਹਨਾਂ ਨੂੰ ਲਿਆਵਾਂਗਾ, ਮੈਂ ਉਹਨਾਂ ਨੂੰ ਧਰਤੀ ਦੇ ਦੂਰ ਦਿਆਂ ਹਿੱਸਿਆਂ ਤੋਂ ਇਕੱਠਾ ਕਰਾਂਗਾ, ਉਹਨਾਂ ਵਿੱਚ ਅੰਨ੍ਹੇ ਅਤੇ ਲੰਙੇ, ਗਰਭਣੀ ਔਰਤ ਅਤੇ ਜਣਨ ਦੀਆਂ ਪੀੜਾਂ ਵਾਲੀ ਇਕੱਠੀਆਂ, ਅਤੇ ਇੱਕ ਵੱਡੀ ਸਭਾ ਇੱਥੇ ਮੁੜੇਗੀ !

9ਉਹ ਰੋਂਦੇ ਹੋਏ ਆਉਣਗੇ, ਮੈਂ ਉਹਨਾਂ ਦੀ ਅਰਦਾਸਾਂ ਨਾਲ ਅਗਵਾਈ ਕਰਾਂਗਾ, ਮੈਂ ਪਾਣੀ ਦੀਆਂ ਨਦੀਆਂ ਉੱਤੇ ਉਹਨਾਂ ਨੂੰ ਲੈ ਜਾਂਵਾਂਗਾ, ਅਤੇ ਉਸ ਸਿੱਧੇ ਰਾਹ ਵਿੱਚ ਜਿੱਥੇ ਉਹ ਠੋਕਰ ਨਾ ਖਾਣ, ਕਿਉਂ ਜੋ ਮੈਂ ਇਸਰਾਏਲ ਦਾ ਪਿਤਾ ਹਾਂ, ਅਤੇ ਅਫ਼ਰਾਈਮ ਮੇਰਾ ਪਲੋਠਾ ਹੈ ।

10ਹੇ ਕੌਮੋਂ ਯਹੋਵਾਹ ਦਾ ਬਚਨ ਸੁਣੋ, ਅਤੇ ਦੂਰ ਦੇ ਟਾਪੂਆਂ ਵਿੱਚ ਇਹ ਦੱਸੋ, ਅਤੇ ਆਖੋ, ਉਹ ਜਿਸ ਇਸਰਾਏਲ ਨੂੰ ਖੇਰੂੰ ਖੇਰੂੰ ਕੀਤਾ ਉਹ ਨੂੰ ਇਕੱਠਾ ਕਰੇਗਾ, ਅਤੇ ਆਜੜੀ ਵਾਂਗੂੰ ਆਪਣੇ ਇੱਜੜ ਦੀ ਰਾਖੀ ਕਰੇਗਾ,

11ਕਿਉਂ ਜੋ ਯਹੋਵਾਹ ਨੇ ਯਾਕੂਬ ਦਾ ਨਿਸਤਾਰਾ ਕੀਤਾ ਹੈ, ਅਤੇ ਉਹ ਨੂੰ ਉਹ ਦੇ ਹੱਥੋਂ ਜਿਹੜਾ ਉਹ ਦੇ ਨਾਲੋਂ ਤਕੜਾ ਸੀ ਛੁਡਾਇਆ ਹੈ ।

12ਉਹ ਆਉਣਗੇ ਅਤੇ ਸੀਯੋਨ ਦੀ ਚੋਟੀ ਉੱਤੇ ਜੈਕਾਰੇ ਗਜਾਉਣਗੇ, ਅਤੇ ਯਹੋਵਾਹ ਦੀ ਭਲਿਆਈ ਦੇ ਕਾਰਨ ਚਮਕਣਗੇ, ਅੰਨ, ਨਵੀਂ ਮੈਂ ਅਤੇ ਤੇਲ, ਇੱਜੜ ਦੇ ਬੱਚੇ ਅਤੇ ਗਾਈਆਂ ਬਲਦ ਦੇ ਕਾਰਨ, ਉਹਨਾਂ ਦੀ ਜਾਨ ਸਿੰਜੇ ਹੋਏ ਬਾਗ ਵਾਂਗੂੰ ਹੋਵੇਗੀ, ਉਹ ਫਿਰ ਕਦੀ ਉਦਾਸ ਨਾ ਹੋਣਗੇ ।

13ਉਸ ਵੇਲੇ ਕੁਆਰੀ ਨੱਚਣ ਨਾਲ, ਅਤੇ ਜੁਆਨ ਅਤੇ ਬੁੱਢੇ ਵੀ ਇਕੱਠੇ ਅਨੰਦ ਹੋਣਗੇ, ਮੈਂ ਉਹਨਾਂ ਦੇ ਸਿਆਪੇ ਨੂੰ ਖੁਸ਼ੀ ਵਿੱਚ ਪਲਟ ਦਿਆਂਗਾ, ਮੈਂ ਉਹਨਾਂ ਨੂੰ ਦਿਲਾਸਾ ਦਿਆਂਗਾ, ਮੈਂ ਉਹਨਾਂ ਦੇ ਗ਼ਮ ਦੇ ਥਾਂ ਉਹਨਾਂ ਨੂੰ ਅਨੰਦ ਕਰਾਂਗਾ ।

14ਮੈਂ ਜਾਜਕਾਂ ਦੀ ਜਾਨ ਨੂੰ ਚਰਬੀ ਨਾਲ ਰਜਾਵਾਂਗਾ, ਮੇਰੀ ਪਰਜਾ ਮੇਰੀ ਭਲਿਆਈ ਨਾਲ ਨਿਹਾਲ ਹੋਵੇਗੀ, ਯਹੋਵਾਹ ਦਾ ਵਾਕ ਹੈ ।

15ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਰਾਮਾਹ ਵਿੱਚ ਇੱਕ ਅਵਾਜ਼ ਸੁਣਾਈ ਦਿੱਤੀ, ਰੋਣਾ ਅਤੇ ਵੱਡਾ ਵਿਰਲਾਪ, ਰਾਖਲੇ ਆਪਣੇ ਬਾਲ ਬੱਚਿਆਂ ਨੂੰ ਰੋਂਦੀ ਹੈ, ਅਤੇ ਤੱਸਲੀ ਨਹੀਂ ਚਾਹੁੰਦੀ, ਇਸ ਲਈ ਜੋ ਉਹ ਨਹੀਂ ਹਨ ।

16ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਆਪਣੀ ਅਵਾਜ਼ ਨੂੰ ਰੋਣ ਤੋਂ ਮਨਾ ਕਰ ਅਤੇ ਆਪਣੀਆ ਅੱਖਾਂ ਨੂੰ ਅੰਝੂਆਂ ਤੋਂ ਕਿਉਂ ਜੋ ਤੇਰੇ ਕੰਮਾਂ ਦਾ ਤੈਨੂੰ ਵੱਟਾ ਮਿਲੇਗਾ ਯਹੋਵਾਹ ਦਾ ਵਾਕ ਹੈ, ਉਹ ਵੈਰੀਆਂ ਦੇ ਦੇਸ ਵਿੱਚੋਂ ਫਿਰ ਮੁੜਨਗੇ ।

17ਤੇਰੇ ਭਵਿੱਖਤ ਸਮੇਂ ਲਈ ਆਸਾ ਹੈ, ਯਹੋਵਾਹ ਦਾ ਵਾਕ ਹੈ । ਤੇਰੇ ਬੱਚੇ ਆਪਣੀ ਹੱਦ ਵਿੱਚ ਫਿਰ ਮੁੜਨਗੇ ।

18ਮੈਂ ਸੱਚ-ਮੁੱਚ ਅਫਰਾਈਮ ਨੂੰ ਬੁਸ ਬੁਸ ਕਰਦਾ ਸੁਣਿਆ, ਤੈ ਮੈਨੂੰ ਤਾੜਿਆ ਅਤੇ ਮੈਂ ਤਾੜ ਝੱਲੀ, ਉਸ ਵੱਛੇ ਵਾਂਗੂੰ ਜਿਹੜਾ ਸਿਖਾਇਆ ਨਹੀਂ ਗਿਆ, ਮੈਨੂੰ ਮੋੜ ਤਾਂ ਮੈਂ ਮੁੜਾਂਗਾ, ਕਿਉਂ ਜੋ ਤੂੰ ਯਹੋਵਾਹ ਮੇਰਾ ਪਰਮੇਸ਼ੁਰ ਹੈ ।

19ਮੇਰੇ ਮੁੜ ਆਉਣ ਦੇ ਪਿੱਛੋਂ ਮੈਂ ਪੱਛਤਾਇਆ, ਮੇਰੇ ਸਿਖਾਏ ਜਾਣ ਦੇ ਪਿੱਛੋਂ ਮੈਂ ਆਪਣੇ ਪੱਟ ਉੱਤੇ ਹੱਥ ਮਾਰਿਆ, ਮੈਨੂੰ ਨਮੋਸ਼ੀ ਆਈ ਅਤੇ ਮੈਂ ਹੱਕਾ ਬੱਕਾ ਹੋ ਗਿਆ, ਕਿਉਂ ਜੋ ਮੈਂ ਆਪਣੀ ਜੁਆਨੀ ਦੀ ਬਦਨਾਮੀ ਚੁੱਕੀ ।

20ਕੀ ਅਫ਼ਰਾਈਮ ਮੇਰਾ ਪਿਆਰਾ ਪੁੱਤਰ ਹੈ ? ਕੀ ਉਹ ਲਾਡਲਾ ਬੱਚਾ ਹੈ ? ਜਦ ਕਦੀ ਵੀ ਮੈਂ ਉਹ ਦੇ ਵਿਰੁੱਧ ਬੋਲਦਾ ਹਾਂ, ਤਦ ਵੀ ਮੈਂ ਹੁਣ ਤੱਕ ਉਹ ਨੂੰ ਚੇਤੇ ਰੱਖਦਾ ਹਾਂ, ਮੇਰਾ ਦਿਲ ਉਹ ਦੇ ਲਈ ਤਰਸਦਾ ਹੈ, ਮੈਂ ਸੱਚ-ਮੁੱਚ ਉਸ ਦੇ ਉੱਤੇ ਰਹਮ ਕਰਾਂਗਾ, ਯਹੋਵਾਹ ਦਾ ਵਾਕ ਹੈ ।

21ਆਪਣੇ ਲਈ ਰਾਹ ਦੇ ਨਿਸ਼ਾਨ ਕਾਇਮ ਕਰ, ਅਤੇ ਆਪਣੇ ਲਈ ਮੁਨਾਰੇ ਬਣਾ, ਆਪਣਾ ਦਿਲ ਸ਼ਾਹੀ ਰਾਹ ਵੱਲ ਲਾ, ਹਾਂ, ਉਸ ਰਾਹ ਵੱਲ ਜਿਸਦੇ ਉੱਤੋਂ ਦੀ ਤੂੰ ਗਈ, ਹੇ ਇਸਰਾਏਲ ਦੀਏ ਕੁਆਰੀਏ, ਮੁੜ ਆ, ਤੂੰ ਆਪਣੇ ਇਹਨਾਂ ਸ਼ਹਿਰਾਂ ਵਿੱਚ ਮੁੜ ਆ !

22ਤੂੰ ਕਦ ਤੱਕ ਅਵਾਰਾ ਫਿਰੇਂਗੀ, ਹੇ ਫਿਰਤੂ ਧੀਏ ? ਕਿਉਂ ਜੋ ਯਹੋਵਾਹ ਨੇ ਧਰਤੀ ਉੱਤੇ ਇੱਕ ਨਵੀਂ ਚੀਜ ਉਤਪਨ ਕੀਤੀ ਹੈ. ਭਈ ਔਰਤ ਮਰਦ ਨੂੰ ਘੇਰ ਲਵੇਂਗੀ ! ।

23ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ਇੱਕ ਵਾਰ ਫਿਰ ਉਹ ਇਹ ਗੱਲ ਯਹੂਦਾਹ ਦੇ ਦੇਸ ਅਤੇ ਉਹਨਾਂ ਦੇ ਸ਼ਹਿਰਾਂ ਵਿੱਚ ਆਖਣਗੇ, ਜਦ ਮੈਂ ਉਹਨਾਂ ਦੀ ਅਸੀਰੀ ਨੂੰ ਮੁਕਾ ਦਿਆਂਗਾ, ਹੇ ਧਰਮ ਦੀ ਵਸੋਂ ਅਤੇ ਪਵਿੱਤਰ ਪਹਾੜ, ਯਹੋਵਾਹ ਤੈਨੂੰ ਬਰਕਤ ਦੇਵੇ ! ।

24ਯਹੂਦਾਹ ਅਤੇ ਉਸ ਦੇ ਸਾਰੇ ਸ਼ਹਿਰ ਉਸ ਦੇ ਵਿੱਚ ਇਕੱਠੇ ਵੱਸਣਗੇ, ਹਾਲੀ ਅਤੇ ਉਹ ਜਿਹੜੇ ਇੱਜੜਾਂ ਨਾਲ ਫਿਰਦੇ ਹਨ

25ਕਿਉਂ ਜੋ ਮੈਂ ਥੱਕੇ ਹੋਏ ਦੀ ਜਾਨ ਨੂੰ ਤਰਿਪਤ ਕਰਾਂਗਾ ਅਤੇ ਹਰੇਕ ਉਦਾਸ ਜਾਨ ਨੂੰ ਰਜਾ ਦਿਆਂਗਾ

26ਇਸ ਉੱਤੇ ਮੈਂ ਜਾਗ ਉੱਠਿਆ ਅਤੇ ਵੇਖਿਆ ਅਤੇ ਮੇਰੀ ਨੀਂਦ ਮੇਰੇ ਲਈ ਮਿੱਠੀ ਸੀ ।

27ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਇਸਰਾਏਲ ਦੇ ਘਰਾਣੇ ਵਿੱਚ ਅਤੇ ਯਹੂਦਾਹ ਦੇ ਘਰਾਣੇ ਵਿੱਚ ਆਦਮੀ ਦਾ ਬੀ ਅਤੇ ਡੰਗਰ ਦਾ ਬੀ ਬੀਜਾਂਗਾ

28ਅਤੇ ਇਸ ਤਰ੍ਹਾਂ ਹੋਵੇਗਾ ਕਿ ਜਿਵੇਂ ਮੈਂ ਉਹਨਾਂ ਦੀ ਤਾੜ ਵਿੱਚ ਬੈਠਾ ਭਈ ਮੈਂ ਉਹਨਾਂ ਨੂੰ ਪੁੱਟਾਂ ਅਤੇ ਢਾਹਵਾਂ, ਉਲਟਾਵਾਂ ਅਤੇ ਨਾਸ ਕਰਾਂ ਅਤੇ ਬੁਰਿਆਈ ਲਿਆਵਾਂ ਤਿਵੇਂ ਮੈਂ ਤਾੜ ਵਿੱਚ ਬੈਠਾਂਗਾ ਭਈ ਮੈਂ ਉਹਨਾਂ ਨੂੰ ਬਣਾਵਾਂ ਅਤੇ ਲਾਵਾਂ, ਯਹੋਵਾਹ ਦਾ ਵਾਕ ਹੈ

29ਉਹਨਾਂ ਦਿਨਾਂ ਵਿੱਚ ਉਹ ਨਾ ਆਖਣਗੇ, - ਪਿਉ-ਦਾਦਿਆਂ ਨੇ ਖੱਟੇ ਅੰਗੂਰ ਖਾਧੇ, ਅਤੇ ਬੱਚਿਆਂ ਦੇ ਦੰਦ ਦੁਖਣ ਲੱਗ ਪਏ ।

30ਹਰੇਕ ਆਪਣੀ ਬਦੀ ਦੇ ਕਾਰਨ ਮਰੇਗਾ ਅਤੇ ਹਰੇਕ ਜਿਹੜਾ ਖੱਟੇ ਅੰਗੂਰ ਖਾਏਗਾ ਉਹ ਦੇ ਦੰਦ ਦੁਖਣਗੇ

31ਵੇਖੋ, ਉਹ ਦਿਨ ਆ ਰਹੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਇਸਰਾਏਲ ਦੇ ਘਰਾਣੇ ਨਾਲ ਅਤੇ ਯਹੂਦਾਹ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨ੍ਹਾਗਾ

32ਉਸ ਨੇਮ ਵਾਂਗੂੰ ਨਹੀਂ ਜਿਹੜਾ ਉਹਨਾਂ ਦੇ ਪਿਉ-ਦਾਦਿਆਂ ਨਾਲ ਬੰਨ੍ਹਿਆ ਜਿਸ ਦਿਨ ਮੈਂ ਉਹਨਾਂ ਦਾ ਹੱਥ ਫੜਿਆ ਭਈ ਉਹਨਾਂ ਨੂੰ ਮਿਸਰ ਦੇਸ ਵਿੱਚੋਂ ਬਾਹਰ ਲਿਆਵਾਂ, ਜਿਸ ਮੇਰੇ ਨੇਮ ਨੂੰ ਉਹਨਾਂ ਨੇ ਤੋੜ ਦਿੱਤਾ ਭਾਵੇਂ ਮੈਂ ਉਹਨਾਂ ਦਾ ਵਿਆਂਧੜ ਸਾਂ, ਯਹੋਵਾਹ ਦਾ ਵਾਕ ਹੈ

33ਇਹ ਉਹ ਨੇਮ ਹੈ ਜਿਹੜਾ ਮੈਂ ਉਹਨਾਂ ਦਿਨਾਂ ਦੇ ਪਿੱਛੋਂ ਇਸਰਾਏਲ ਦੇ ਘਰਾਣੇ ਨਾਲ ਬੰਨ੍ਹਾਂਗਾ, ਯਹੋਵਾਹ ਦਾ ਵਾਕ ਹੈ, ਮੈਂ ਆਪਣੀ ਬਿਵਸਥਾ ਨੂੰ ਉਹਨਾਂ ਦੇ ਅੰਦਰ ਰੱਖਾਂਗਾ ਅਤੇ ਉਹਨਾਂ ਦੇ ਦਿਲਾਂ ਉੱਤੇ ਲਿਖਾਂਗਾ । ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੀ ਪਰਜਾ ਹੋਣਗੇ

34ਉਹ ਫਿਰ ਕਦੀ ਹਰੇਕ ਆਪਣੇ ਗੁਆਂਢੀ ਨੂੰ ਅਤੇ ਹਰੇਕ ਆਪਣੇ ਭਰਾ ਨੂੰ ਨਾ ਸਿਖਲਾਏਗਾ ਭਈ ਯਹੋਵਾਹ ਨੂੰ ਜਾਣੋ ਕਿਉਂ ਜੋ ਉਹ ਸਾਰੀਆਂ ਦੇ ਸਾਰੇ ਉਹਨਾਂ ਦੇ ਛੋਟੇ ਤੋਂ ਵੱਡੇ ਤੱਕ ਮੈਨੂੰ ਜਾਣ ਲੈਣਗੇ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਮੈਂ ਉਹਨਾਂ ਦੀ ਬਦੀ ਨੂੰ ਮਾਫ਼ ਕਰਾਂਗਾ ਅਤੇ ਉਹਨਾਂ ਦੇ ਪਾਪ ਫਿਰ ਚੇਤੇ ਨਾ ਕਰਾਂਗਾ ।

35ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਜੋ ਦਿਨ ਦੇ ਚਾਨਣ ਲਈ ਸੂਰਜ ਦਿੰਦਾ, ਅਤੇ ਰਾਤ ਦੇ ਚਾਨਣ ਲਈ ਚੰਦ ਅਤੇ ਤਾਰਿਆਂ ਦੀ ਬਿਧੀ, ਜੋ ਸਮੁੰਦਰ ਨੂੰ ਐਉਂ ਉਛਾਲਦਾ ਹੈ, ਕਿ ਉਹ ਦੀਆਂ ਲਹਿਰਾਂ ਗੱਜਦੀਆਂ ਹਨ, ਸੈਨਾਂ ਦਾ ਯਹੋਵਾਹ ਉਸ ਦਾ ਨਾਮ ਹੈ ।

36ਜੇ ਇਹ ਬਿਧੀਆਂ ਮੇਰੇ ਅੱਗੋਂ ਹਟਾਈਆਂ ਜਾਣ, ਯਹੋਵਾਹ ਦਾ ਵਾਕ ਹੈ, ਤਾਂ ਇਸਰਾਏਲ ਦੀ ਨਸਲ ਵੀ ਜਾਂਦੀ ਰਹੇਗੀ, ਭਈ ਉਹ ਸਦਾ ਲਈ ਮੇਰੇ ਅੱਗੇ ਕੌਮ ਨਾ ਰਹੇ ।

37ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਜੇ ਉੱਪਰੋਂ ਅਕਾਸ਼ ਮਿਣਿਆ ਜਾਵੇ, ਅਤੇ ਹੇਠਾਂ ਧਰਤੀ ਦੀਆਂ ਨੀਹਾਂ ਦੀ ਭਾਲ ਕੀਤੀ ਜਾਵੇ, ਤਦ ਮੈਂ ਵੀ ਇਸਰਾਏਲ ਦੀ ਸਾਰੀ ਨਸਲ ਨੂੰ ਉਹਨਾਂ ਦੇ ਸਾਰੇ ਕੰਮਾਂ ਦੇ ਕਾਰਨ ਰੱਦ ਦਿਆਂਗਾ, ਯਹੋਵਾਹ ਦਾ ਵਾਕ ਹੈ ।

38ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਇਹ ਸ਼ਹਿਰ ਯਹੋਵਾਹ ਦੇ ਲਈ ਹਨਨਏਲ ਦੇ ਬੁਰਜ ਤੋਂ ਨੁੱਕਰ ਦੇ ਫਾਟਕ ਤੱਕ ਬਣਾਇਆ ਜਾਵੇਗਾ

39ਫੇਰ ਮਿਣਨ ਦੀ ਰੱਸੀ ਸਿੱਧੀ ਗਾਰੇਬ ਦੀ ਪਹਾੜੀ ਉੱਤੋਂ ਦੀ ਹੁੰਦੀ ਹੋਈ ਗੋਆਹ ਨੂੰ ਘੇਰ ਲਵੇਗੀ

40ਤਾਂ ਲੋਥਾਂ ਅਤੇ ਸੁਆਹ ਦੀ ਸਾਰੀ ਵਾਦੀ ਅਤੇ ਸਾਰੇ ਖੇਤ ਕਿਦਰੋਨ ਦੇ ਨਾਲੇ ਤੱਕ ਅਤੇ ਘੇੜੇ ਫਾਟਕ ਦੀ ਨੁੱਕਰ ਤੱਕ ਚੜ੍ਹਦੇ ਪਾਸੇ ਵੱਲ ਯਹੋਵਾਹ ਲਈ ਪਵਿੱਤਰ ਹੋਣਗੇ ਅਤੇ ਉਹ ਫਿਰ ਸਦਾ ਤੱਕ ਨਾ ਕਦੀ ਪੁੱਟਿਆ ਜਾਵੇਗਾ ਨਾ ਡੇਗਿਆ ਜਾਵੇਗਾ ।


  Share Facebook  |  Share Twitter

 <<  Jeremiah 31 >> 


Bible2india.com
© 2010-2024
Help
Dual Panel

Laporan Masalah/Saran