1ਇਸ ਦੇ ਪਿੱਛੋਂ ਕਿ ਬਾਬਲ ਦਾ ਰਾਜਾ ਨਬੂਕਦਰੱਸਰ ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਪੁੱਤਰ ਯਕਾਨਯਾਹ ਨੂੰ ਅਤੇ ਯਹੂਦਾਹ ਦੇ ਸਰਦਾਰਾਂ ਨੂੰ, ਕਾਰੀਗਰਾਂ ਅਤੇ ਲੋਹਾਰਾਂ ਨੂੰ ਯਰੂਸ਼ਲਮ ਵਿੱਚੋਂ ਅਸੀਰ ਕਰ ਕੇ ਬਾਬਲ ਨੂੰ ਲੈ ਗਿਆ ਯਹੋਵਾਹ ਨੇ ਮੈਨੂੰ ਵਿਖਾਇਆ ਕਿ ਹਜੀਰ ਦੀਆਂ ਦੋ ਟੋਕਰੀਆਂ ਹੈਕਲ ਦੇ ਸਾਹਮਣੇ ਧਰੀਆਂ ਹੋਈਆਂ ਹਨ
2ਇੱਕ ਟੋਕਰੀ ਬਹੁਤ ਚੰਗੀਆਂ ਹਜੀਰਾਂ ਦੀ ਜਿਹੜੀਆਂ ਪਹਿਲਾਂ ਪੱਕੀਆਂ ਹੋਣ ਅਤੇ ਦੂਜੀ ਟੋਕਰੀ ਬਹੁਤ ਖ਼ਰਾਬ ਹਜੀਰਾਂ ਦੀ ਜਿਹੜੀਆਂ ਖਾਧੀਆਂ ਨਹੀਂ ਜਾਂਦੀਆਂ ਉਹ ਇੰਨੀਆਂ ਬੁਰੀਆਂ ਸਨ
3ਤਦ ਯਹੋਵਾਹ ਨੇ ਮੈਨੂੰ ਆਖਿਆ, ਹੇ ਯਿਰਮਿਯਾਹ, ਤੂੰ ਕੀ ਦੇਖਦਾ ਹੈ ? ਤਦ ਮੈਂ ਆਖਿਆ, ਹਜੀਰਾਂ, ਚੰਗੀਆਂ ਹਜੀਰਾਂ ਬਹੁਤ ਹੀ ਚੰਗੀਆਂ ਅਤੇ ਖਰਾਬ ਹਜੀਰਾਂ, ਬਹੁਤ ਖਰਾਬ, ਉਹ ਖਾਧੀਆਂ ਨਹੀਂ ਜਾਂਦੀਆਂ, ਉਹ ਇੰਨੀਆਂ ਬੁਰੀਆਂ ਹਨ ।
4ਤਾਂ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
5ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ਮੇਂ ਇਹਨਾਂ ਚੰਗੀਆਂ ਹਜੀਰਾਂ ਵਾਂਗੂੰ ਯਹੂਦਾਹ ਦੇ ਅਸੀਰਾਂ ਨਾਲ ਜਿਹਨਾਂ ਨੂੰ ਮੈਂ ਇਸ ਥਾਂ ਤੋਂ ਕਸਦੀਆਂ ਦੀ ਧਰਤੀ ਵਿੱਚ ਭੇਜਿਆ ਹੈ ਭਲਿਆਈ ਕਰਾਂਗਾ
6ਮੈਂ ਉਹਨਾਂ ਉੱਤੇ ਭਲੀ ਨਿਗਾਹ ਰੱਖਾਂਗਾ । ਮੈਂ ਉਹਨਾਂ ਨੂੰ ਇਸ ਦੇਸ ਵਿੱਚ ਫਿਰ ਲਿਆਵਾਂਗਾ । ਮੈਂ ਉਹਨਾਂ ਨੂੰ ਬਣਾਵਾਂਗਾ ਅਤੇ ਨਹੀਂ ਢਾਹਵਾਂਗਾ, ਮੈਂ ਉਹਨਾਂ ਨੂੰ ਲਾਵਾਂਗਾ ਅਤੇ ਪੁੱਟਾਂਗਾ ਨਹੀਂ
7ਮੈਂ ਉਹਨਾਂ ਨੂੰ ਅਜਿਹਾ ਦਿਲ ਦਿਆਂਗਾ ਭਈ ਉਹ ਜਾਣ ਲੈਣ ਕਿ ਮੈਂ ਯਹੋਵਾਹ ਹਾਂ ਅਤੇ ਉਹ ਮੇਰੀ ਪਰਜਾ ਹੋਣਗੇ ਅਤੇ ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ ਕਿਉਂ ਜੋ ਉਹ ਆਪਣੇ ਸਾਰੇ ਦਿਲ ਨਾਲ ਮੇਰੀ ਵੱਲ ਮੁੜਨਗੇ ।
8ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਖਰਾਬ ਹਜੀਰਾਂ, ਵਾਂਗੂੰ ਜਿਹੜੀਆਂ ਖਰਾਬੀ ਦੇ ਕਾਰਨ ਖਾਧੀਆਂ ਨਹੀਂ ਜਾਂਦੀਆਂ ਇਸੇ ਤਰਾਂ ਮੈਂ ਯਹੂਦਾਹ ਦੇ ਰਾਜਾ ਸਿਦਕੀਯਾਹ ਨਾਲ ਅਤੇ ਉਸ ਦੇ ਸਰਦਾਰਾਂ ਨਾਲ ਅਤੇ ਯਰੂਸ਼ਲਮ ਦੇ ਬੱਕੀਏ ਨਾਲ ਉਹਨਾਂ ਨਾਲ ਜਿਹੜੇ ਇਸ ਦੇਸ ਵਿੱਚ ਬਚੇ ਹੋਏ ਹਨ ਅਤੇ ਉਹਨਾਂ ਨਾਲ ਜਿਹੜੇ ਮਿਸਰ ਦੇਸ ਵਿੱਚ ਵੱਸਦੇ ਹਨ ਵਰਤਾਂਗਾ
9ਮੈਂ ਉਹਨਾਂ ਨੂੰ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਵਿੱਚ ਬੁਰਿਆਈ ਲਈ ਇੱਕ ਭੈ ਦੇ ਦਿਆਂਗਾ ਅਤੇ ਉਹ ਉਹਨਾਂ ਸਾਰਿਆਂ ਥਾਵਾਂ ਵਿੱਚ ਜਿੱਥੇ ਮੈਂ ਉਹਨਾਂ ਨੂੰ ਹੱਕ ਦਿਆਂਗਾ ਬਦਨਾਮੀ, ਕਹਾਉਤ,ਮੇਹਣਾ ਅਤੇ ਸਰਾਪ ਹੋਣਗੇ
10ਮੈਂ ਉਹਨਾਂ ਵਿੱਚ ਤਲਵਾਰ, ਕਾਲ ਅਤੇ ਬਵਾ ਨੂੰ ਭੇਜਾਂਗਾ ਇੱਥੋਂ ਤੱਕ ਕਿ ਉਸ ਭੋਂ ਉੱਤੋਂ ਜਿਹੜੀ ਮੈਂ ਉਹਨਾਂ ਨੂੰ ਅਤੇ ਉਹਨਾਂ ਦੇ ਪਿਉ-ਦਾਦਿਆਂ ਨੂੰ ਦਿੱਤੀ ਸੀ ਉਹ ਮੁੱਕ ਜਾਣ ।