Bible 2 India Mobile
[VER] : [PUNJABI]     [PL]  [PB] 
 <<  Ezekiel 32 >> 

1ਬਾਰਵੇਂ ਸਾਲ ਦੇ ਬਾਰਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ

2ਹੇ ਮਨੁੱਖ ਦੇ ਪੁੱਤਰ, ਮਿਸਰ ਦੇ ਰਾਜਾ ਫ਼ਿਰਊਨ ਉੱਤੇ ਵੈਣ ਪਾ ਅਤੇ ਤੂੰ ਉਹ ਨੂੰ ਆਖ, ਤੂੰ ਕੌਮਾਂ ਦੇ ਵਿੱਚ ਜੁਆਨ ਸ਼ੇਰ ਵਾਂਗੂੰ ਸੀ, ਪਰ ਤੂੰ ਸਮੁੰਦਰਾਂ ਵਿੱਚ ਜਲ ਜੰਤੂ ਵਰਗਾ ਹੈਂ, ਤੂੰ ਆਪਣੀਆਂ ਨਦੀਆਂ ਵਿੱਚੋਂ ਜ਼ੋਰ ਨਾਲ ਨਿੱਕਲ ਆਉਂਦਾ ਹੈਂ, ਤੂੰ ਆਪਣੇ ਪੈਰਾਂ ਨਾਲ ਪਾਣੀ ਨੂੰ ਘਚੋਲ ਸੁੱਟਿਆ ਹੈ ਅਤੇ ਉਹਨਾਂ ਦੀਆਂ ਨਦੀਆਂ ਨੂੰ ਗੰਦਾ ਕਰ ਦਿੱਤਾ ਹੈ ।

3ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਂ ਬਹੁਤਿਆਂ ਲੋਕਾਂ ਦੀ ਸਭਾ ਨਾਲ ਤੇਰੇ ਵਿੱਚ ਆਪਣਾ ਜਾਲ਼ ਵਿਛਾਵਾਂਗਾ ਅਤੇ ਉਹ ਤੈਨੂੰ ਮੇਰੇ ਹੀ ਜਾਲ਼ ਵਿੱਚ ਬਾਹਰ ਕੱਢਣਗੇ ।

4ਤਦ ਮੈਂ ਤੈਨੂੰ ਧਰਤੀ ਤੇ ਛੱਡ ਦਿਆਂਗਾ ਅਤੇ ਖੁੱਲ੍ਹੇ ਖੇਤ ਵਿੱਚ ਤੈਨੂੰ ਸੁੱਟ ਦਿਆਂਗਾ । ਅਕਾਸ਼ ਦੇ ਸਾਰੇ ਪੰਛੀਆਂ ਨੂੰ ਤੇਰੇ ਉੱਤੇ ਬਿਠਾਵਾਂਗਾ ਅਤੇ ਸਾਰੀ ਧਰਤੀ ਦੇ ਦਰਿੰਦਿਆਂ ਨੂੰ ਤੇਰੇ ਨਾਲ ਰਜਾਵਾਂਗਾ ।

5ਤੇਰਾ ਮਾਸ ਪਹਾੜਾਂ ਉੱਤੇ ਸੁੱਟਾਂਗਾ ਅਤੇ ਵਾਦੀਆਂ ਨੂੰ ਤੇਰੀਆਂ ਲੋਥਾਂ ਨਾਲ ਭਰ ਦਿਆਂਗਾ ।

6ਮੈਂ ਉਸ ਧਰਤੀ ਨੂੰ ਜਿਸ ਦੇ ਵਿੱਚ ਤੂੰ ਤੈਰਦਾ ਸੀ, ਪਹਾੜਾਂ ਤੱਕ ਤੇਰੇ ਲਹੂ ਨਾਲ ਸਿੰਜਾਂਗਾ ਅਤੇ ਨਹਿਰਾਂ ਤੇਰੇ ਨਾਲ ਭਰੀਆਂ ਹੋਣਗੀਆਂ ।

7ਜਦੋਂ ਮੈਂ ਤੈਨੂੰ ਮਿਟਾ ਦਿਆਂਗਾ ਤਾਂ ਅਕਾਸ਼ ਨੂੰ ਢੱਕਾਂਗਾ ਅਤੇ ਉਹ ਦੇ ਤਾਰਿਆਂ ਨੂੰ ਕਾਲਾ ਕਰ ਦਿਆਂਗਾ । ਸੂਰਜ ਨੂੰ ਬੱਦਲਾਂ ਹੇਠ ਲੁਕਾ ਦਿਆਂਗਾ ਅਤੇ ਚੰਨ ਆਪਣਾ ਚਾਨਣ ਨਾ ਦੇਵੇਗਾ ।

8ਮੈਂ ਚਾਨਣ ਦੇਣ ਵਾਲੀਆਂ ਸਾਰੀਆਂ ਅਕਾਸ਼ੀ ਜੋਤਾਂ ਨੂੰ ਤੇਰੇ ਉੱਤੇ ਕਾਲਾ ਕਰ ਦਿਆਂਗਾ ਅਤੇ ਮੈਂ ਤੇਰੀ ਧਰਤੀ ਤੇ ਹਨ੍ਹੇਰਾ ਪਾ ਦਿਆਂਗਾ, ਪ੍ਰਭੂ ਯਹੋਵਾਹ ਦਾ ਵਾਕ ਹੈ ।

9ਜਦੋਂ ਮੈਂ ਤੇਰੀ ਬਰਬਾਦੀ ਕੌਮਾਂ ਦੇ ਵਿੱਚ ਉਹਨਾਂ ਦੇਸਾਂ ਉੱਤੇ ਲਿਆਵਾਂਗਾ, ਜਿਹਨਾਂ ਨੂੰ ਤੁਸੀਂ ਨਹੀਂ ਜਾਣਦੇ, ਤਾਂ ਬਹੁਤਿਆਂ ਲੋਕਾਂ ਦੇ ਦਿਲ ਮੈਂ ਦੁੱਖੀ ਕਰਾਂਗਾ ।

10ਸਗੋਂ ਬਹੁਤ ਸਾਰਿਆਂ ਲੋਕਾਂ ਨੂੰ ਤੇਰੇ ਉੱਤੇ ਹੈਰਾਨ ਕਰਾਂਗਾ ਅਤੇ ਉਹਨਾਂ ਦੇ ਰਾਜਾ ਤੇਰੇ ਲਈ ਬਹੁਤ ਡਰਨਗੇ, ਜਦੋਂ ਮੈਂ ਉਹਨਾਂ ਦੇ ਸਾਹਮਣੇ ਆਪਣੀ ਤਲਵਾਰ ਚਮਕਾਵਾਂਗਾ, ਤਾਂ ਉਹਨਾਂ ਵਿੱਚੋਂ ਹਰੇਕ ਮਨੁੱਖ ਆਪਣੀ ਜਾਨ ਦੇ ਲਈ, ਤੇਰੇ ਡਿੱਗਣ ਦੇ ਦਿਨ ਤੋਂ ਹਰ ਘੜੀ ਕੰਬੇਗਾ ।

11ਕਿਉਂ ਜੋ ਪ੍ਰਭੂ ਯਹੋਵਾਹ ਇਹ ਆਖਦਾ ਹੈ, ਬਾਬਲ ਦੇ ਰਾਜਾ ਦੀ ਤਲਵਾਰ ਤੇਰੇ ਉੱਤੇ ਆਵੇਗੀ ।

12ਮੈਂ ਤੇਰੀ ਭੀੜ ਨੂੰ ਜ਼ੋਰਾਵਰਾਂ ਦੀਆਂ ਤਲਵਾਰਾਂ ਨਾਲ ਡੇਗ ਦਿਆਂਗਾ, ਜਿਹੜੇ ਕੌਮਾਂ ਵਿੱਚੋਂ ਭਿਆਨਕ ਹਨ । ਉਹ ਮਿਸਰ ਦੀ ਮਗਰੂਰੀ ਨੂੰ ਨਸ਼ਟ ਕਰਨਗੇ ਅਤੇ ਉਸ ਦੀ ਸਾਰੀ ਭੀੜ ਦਾ ਨਾਸ਼ ਹੋਵੇਗਾ ।

13ਮੈਂ ਉਹ ਦੇ ਸਾਰੇ ਪਸ਼ੂਆਂ ਨੂੰ ਬਹੁਤੇ ਪਾਣੀਆਂ ਦੇ ਲਾਗਿਓਂ ਨਾਸ਼ ਕਰ ਦਿਆਂਗਾ ਅਤੇ ਅੱਗੇ ਨੂੰ ਨਾ ਹੀ ਮਨੁੱਖ ਦੇ ਪੈਰ ਉਹਨਾਂ ਨੂੰ ਗੰਦਾ ਕਰਨਗੇ, ਨਾ ਹੀ ਪਸ਼ੂਆਂ ਦੇ ਖੁਰ ਉਹਨਾਂ ਨੂੰ ਗੰਦਾ ਕਰਨਗੇ ।

14ਤਦੋਂ ਮੈਂ ਉਹਨਾਂ ਦੇ ਪਾਣੀ ਸਾਫ਼ ਕਰ ਦਿਆਂਗਾ ਅਤੇ ਉਹਨਾਂ ਦੀਆਂ ਨਹਿਰਾਂ ਤੇਲ ਵਾਂਗੂੰ ਵਗਾਈਆਂ ਜਾਣਗੀਆਂ, ਪ੍ਰਭੂ ਯਹੋਵਾਹ ਦਾ ਵਾਕ ਹੈ ।

15ਜਦੋਂ ਮੈਂ ਮਿਸਰ ਦੇ ਦੇਸ ਨੂੰ ਉਜਾੜ ਦਿਆਂਗਾ ਅਤੇ ਦੇਸ ਦੀ ਭਰਪੂਰੀ ਨੂੰ ਵਿਰਾਨ ਕਰ ਦਿਆਂਗਾ, ਜਦੋਂ ਮੈਂ ਉਸ ਦੇ ਵਿੱਚ ਦੇ ਸਾਰੇ ਵਾਸੀਆਂ ਨੂੰ ਮਾਰਾਂਗਾ, ਤਦ ਉਹ ਜਾਣਨਗੇ ਕਿ ਮੈਂ ਯਹੋਵਾਹ ਹੈਂ ।

16ਇਹ ਉਹ ਵੈਣ ਹੈ ਅਤੇ ਉਹ ਵੈਣ ਪਾਉਣਗੀਆਂ, ਕੌਮਾਂ ਦੀਆਂ ਧੀਆਂ ਇਸ ਨਾਲ ਵੈਣ ਪਾਉਣਗੀਆਂ, ਉਹ ਮਿਸਰ ਉੱਤੇ ਅਤੇ ਉਹ ਦੀ ਸਾਰੀ ਭੀੜ ਉੱਤੇ ਇਹੋ ਵੈਣ ਪਾਉਣਗੀਆਂ, ਪ੍ਰਭੂ ਯਹੋਵਾਹ ਦਾ ਵਾਕ ਹੈ ।

17ਫੇਰ ਬਾਰਵੇਂ ਸਾਲ ਵਿੱਚ ਪਹਿਲੇ ਮਹੀਨੇ ਦੇ ਪੰਦਰਵੇਂ ਦਿਨ ਅਜਿਹਾ ਹੋਇਆ ਕਿ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ

18ਕਿ ਹੇ ਮਨੁੱਖ ਦੇ ਪੁੱਤਰ, ਮਿਸਰ ਦੀ ਭੀੜ ਉੱਤੇ ਰੋਣਾ ਪਿੱਟਣਾ ਕਰ ਅਤੇ ਉਹ ਨੂੰ ਅਤੇ ਪ੍ਰਸਿੱਧ ਕੌਮਾਂ ਦੀਆਂ ਧੀਆਂ ਨੂੰ, ਕਬਰ ਵਿੱਚ ਉੱਤਰਿਆ ਹੋਇਆਂ ਨਾਲ ਧਰਤੀ ਦੇ ਹੇਠਲੇ ਹਿੱਸੇ ਵਿੱਚ ਲਾਹ ਦੇ ।

19ਤੂੰ ਸੁੰਦਰਤਾ ਵਿੱਚ ਕਿਹ ਦੇ ਨਾਲੋਂ ਵੱਧ ਕੇ ਸੀ ? ਹੇਠਾਂ ਉਤਰ ਜਾ ਅਤੇ ਬੇ-ਸੁੰਨਤਿਆਂ ਦੇ ਨਾਲ ਪਿਆ ਰਹਿ ।

20ਉਹ ਉਹਨਾਂ ਦੇ ਵਿਚਕਾਰ ਡਿੱਗਣਗੇ, ਜਿਹੜੇ ਤਲਵਾਰ ਨਾਲ ਵੱਢੇ ਗਏ । ਉਹ ਤਲਵਾਰ ਦੇ ਹਵਾਲੇ ਕੀਤੀ ਗਈ । ਉਹ ਨੂੰ ਅਤੇ ਉਹ ਦੀ ਸਾਰੀ ਭੀੜ ਨੂੰ ਘਸੀਟ ਕੇ ਲੈ ਜਾ ।

21ਉਹ ਜਿਹੜੇ ਜ਼ੋਰਾਵਰਾਂ ਵਿੱਚ ਤਕੜੇ ਹਨ, ਪਤਾਲ ਵਿੱਚ ਉਸ ਨਾਲ ਅਤੇ ਉਸ ਦੇ ਸਹਾਇਕਾਂ ਨਾਲ ਬੋਲਣਗੇ । ਉਹ ਹੇਠਾਂ ਉੱਤਰ ਗਏ ਅਤੇ ਉਹਨਾਂ ਬੇ-ਸੁੰਨਤਿਆਂ ਨਾਲ ਪਏ ਰਹਿੰਦੇ ਹਨ, ਜਿਹੜੇ ਤਲਵਾਰ ਨਾਲ ਵੱਢੇ ਗਏ ।

22ਅੱਸ਼ੂਰ ਅਤੇ ਉਹ ਦੀ ਸਾਰੀ ਸਭਾ ਉੱਥੇ ਹੈ, ਉਹ ਦੇ ਚੁਫੇਰੇ ਕਬਰਾਂ ਹਨ, ਸਾਰੇ ਦੇ ਸਾਰੇ ਤਲਵਾਰ ਨਾਲ ਵੱਢੇ ਹੋਏ ਤੇ ਡਿੱਗੇ ਹੋਏ ਹਨ ।

23ਜਿਹਨਾਂ ਦੀਆਂ ਕਬਰਾਂ ਪਤਾਲ ਦੇ ਥੱਲੇ ਹਨ ਅਤੇ ਉਸ ਦੀ ਸਾਰੀ ਸਭਾ ਉਸ ਦੀ ਕਬਰ ਦੇ ਦੁਆਲੇ ਹੈ, ਸਾਰੇ ਦੇ ਸਾਰੇ ਤਲਵਾਰ ਨਾਲ ਵੱਢੇ ਤੇ ਡੇਗੇ ਗਏ, ਜਿਹੜੇ ਜੀਉਂਦਿਆਂ ਦੀ ਧਰਤੀ ਵਿੱਚ ਭੈ ਦਾ ਕਾਰਨ ਸਨ ।

24ਏਲਾਮ ਅਤੇ ਉਸ ਦੀ ਸਾਰੀ ਭੀੜ ਜੋ ਉਸ ਦੀ ਕਬਰ ਦੇ ਚੁਫੇਰੇ ਹੈ, ਉੱਥੇ ਹੈ, ਸਾਰੇ ਦੇ ਸਾਰੇ ਤਲਵਾਰ ਨਾਲ ਵੱਢੇ ਗਏ ਤੇ ਡੇਗੇ ਗਏ ਹਨ । ਉਹ ਧਰਤੀ ਦੇ ਪਾਤਾਲ ਵਿੱਚ ਬੇ-ਸੁੰਨਤੇ ਉੱਤਰ ਗਏ ਹਨ । ਉਹ ਧਰਤੀ ਦੇ ਪਾਤਾਲ ਵਿੱਚ ਬੇ-ਸੰਨਤੇ ਉੱਤਰ ਗਏ, ਜਿਹੜੇ ਜੀਉਂਦਿਆਂ ਦੀ ਧਰਤੀ ਵਿੱਚ ਭੈ ਦਾ ਕਾਰਨ ਸਨ ਅਤੇ ਉਹਨਾਂ ਨੇ ਕਬਰ ਵਿੱਚ ਉੱਤਰ ਜਾਣ ਵਾਲਿਆਂ ਨਾਲ ਆਪਣੀ ਨਮੋਸ਼ੀ ਉਠਾਈ ਹੈ ।

25ਉਹਨਾਂ ਨੇ ਉਹ ਦੇ ਲਈ ਅਤੇ ਉਹ ਦੀ ਸਾਰੀ ਭੀੜ ਲਈ ਵੱਢੇ ਹੋਇਆਂ ਦੇ ਵਿੱਚ ਆਸਣ ਲਾਇਆ ਹੈ । ਉਹ ਦੀਆਂ ਕਬਰਾਂ ਉਹ ਦੇ ਚੁਫੇਰੇ ਹਨ । ਸਾਰੇ ਦੇ ਸਾਰੇ ਬੇ-ਸੁੰਨਤੇ ਤਲਵਾਰ ਨਾਲ ਵੱਢੇ ਗਏ ਹਨ । ਉਹ ਜੀਉਂਦਿਆਂ ਦੀ ਧਰਤੀ ਵਿੱਚ ਭੈ ਦਾ ਕਾਰਨ ਸਨ ਅਤੇ ਉਹਨਾਂ ਨੇ ਕਬਰ ਵਿੱਚ ਉੱਤਰ ਜਾਣ ਵਾਲਿਆਂ ਨਾਲ ਆਪਣੀ ਨਮੋਸ਼ੀ ਚੁੱਕ ਲਈ ਹੈ, ਉਹ ਵੱਢੇ ਹੋਇਆਂ ਵਿੱਚ ਰੱਖੇ ਗਏ ।

26ਮਸ਼ਕ, ਤੂਬਲ ਅਤੇ ਉਸ ਦੀ ਸਾਰੀ ਭੀੜ ਉੱਥੇ ਹੈ । ਉਹ ਦੀਆਂ ਕਬਰਾਂ ਉਹ ਦੇ ਚੁਫੇਰੇ ਹਨ, ਸਾਰੇ ਦੇ ਸਾਰੇ ਬੇ-ਸੁੰਨਤੇ ਅਤੇ ਤਲਵਾਰ ਦੇ ਵੱਢੇ ਹੋਏ ਹਨ, ਕਿਉਂ ਜੋ ਉਹ ਜੀਉਂਦਿਆਂ ਦੀ ਧਰਤੀ ਤੇ ਭੈ ਦਾ ਕਾਰਨ ਸਨ ।

27ਕੀ ਉਹ ਉਹਨਾਂ ਸੂਰਮਿਆਂ ਦੇ ਨਾਲ ਜੋ ਬੇ-ਸੁੰਨਤਿਆਂ ਵਿੱਚੋਂ ਡਿੱਗ ਪਏ, ਜਿਹੜੇ ਆਪਣੇ ਜੰਗੀ ਸ਼ਸਤ੍ਰਾਂ ਸਣੇ ਪਤਾਲ ਵਿੱਚ ਉੱਤਰ ਗਏ, ਪਏ ਨਾ ਰਹਿਣਗੇ ? ਉਹਨਾਂ ਦੀਆਂ ਤਲਵਾਰਾਂ ਉਹਨਾਂ ਦੇ ਸਿਰਾਂ ਹੇਠਾਂ ਰੱਖੀਆਂ ਗਈਆਂ ਹਨ ਅਤੇ ਉਹਨਾਂ ਦੇ ਔਗੁਣ ਉਹਨਾਂ ਦੀਆਂ ਹੱਡੀਆਂ ਉੱਤੇ ਹਨ, ਕਿਉਂ ਜੋ ਉਹ ਜੀਉਂਦਿਆਂ ਦੀ ਧਰਤੀ ਵਿੱਚ ਸੂਰਮਿਆਂ ਦੇ ਲਈ ਭੈ ਦਾ ਕਾਰਨ ਸਨ ।

28ਬੇ-ਸੁੰਨਤਿਆਂ ਦੇ ਵਿਚਕਾਰ ਭੰਨਿਆ ਜਾਵੇਗਾ ਅਤੇ ਤਲਵਾਰ ਦੇ ਵੱਢੇ ਹੋਇਆਂ ਦੇ ਨਾਲ ਪਿਆ ਰਹੇਂਗਾ ।

29ਉੱਥੇ ਅਦੋਮ ਵੀ ਹੈ । ਉਸ ਦੇ ਰਾਜੇ ਅਤੇ ਉਸ ਦੇ ਰਾਜਕੁਮਾਰ, ਜਿਹੜੇ ਆਪਣੀ ਸ਼ਕਤੀ ਹੁੰਦਿਆਂ ਤਲਵਾਰ ਦੇ ਵੱਢੇ ਹੋਇਆਂ ਵਿੱਚ ਰੱਖੇ ਗਏ ਹਨ, ਉਹ ਬੇ-ਸੁੰਨਤਿਆਂ ਅਤੇ ਕਬਰ ਵਿੱਚ ਉੱਤਰ ਜਾਣ ਵਾਲਿਆਂ ਦੇ ਨਾਲ ਪਏ ਰਹਿਣਗੇ ।

30ਉੱਤਰ ਦੇ ਸਾਰੇ ਰਾਜਕੁਮਾਰ ਅਤੇ ਸਾਰੇ ਸਿਦੋਨੀ ਜਿਹੜੇ ਵੱਢੇ ਹੋਇਆਂ ਨਾਲ ਹੇਠਾਂ ਉੱਤਰ ਗਏ, ਉਹ ਉੱਥੇ ਹਨ । ਜਿਹੜੇ ਆਪਣੇ ਜ਼ੋਰ ਦੇ ਕਾਰਨ ਭੈਮਾਨ ਸਨ, ਉਹ ਸ਼ਰਮਿੰਦੇ ਹਨ । ਉਹ ਤਲਵਾਰ ਦੇ ਵੱਢੇ ਹੋਇਆਂ ਦੇ ਨਾਲ ਬੇ-ਸੁੰਨਤੇ ਪਏ ਰਹਿਣਗੇ ਅਤੇ ਕਬਰ ਵਿੱਚ ਉੱਤਰਿਆਂ ਹੋਇਆਂ ਨਾਲ ਆਪਣੀ ਨਮੋਸ਼ੀ ਉਠਾਉਣਗੇ ।

31ਫ਼ਿਰਊਨ ਉਹਨਾਂ ਨੂੰ ਵੇਖ ਕੇ ਆਪਣੀ ਸਾਰੀ ਭੀੜ ਉੱਤੇ ਸ਼ਾਂਤੀ ਪਾਵੇਗਾ, ਹਾਂ, ਫ਼ਿਰਊਨ ਅਤੇ ਉਹ ਦੀ ਸਾਰੀ ਫੌਜ ਜਿਹੜੇ ਤਲਵਾਰ ਨਾਲ ਵੱਢੇ ਗਏ, ਪ੍ਰਭੂ ਯਹੋਵਾਹ ਦਾ ਵਾਕ ਹੈ ।

32ਕਿਉਂ ਜੋ ਮੈਂ ਜੀਉਂਦਿਆਂ ਦੀ ਧਰਤੀ ਵਿੱਚ ਉਸ ਦਾ ਭੈ ਪਾ ਦਿੱਤਾ ਅਤੇ ਉਹ ਤਲਵਾਰ ਦੇ ਵੱਢੇ ਹੋਇਆਂ ਦੇ ਨਾਲ ਬੇ-ਸੁੰਨਤਿਆਂ ਵਿੱਚ ਰਖਾਇਆ ਜਾਵੇਗਾ, ਹਾਂ, ਫ਼ਿਰਊਨ ਅਤੇ ਉਸ ਦੀ ਸਾਰੀ ਭੀੜ, ਪ੍ਰਭੂ ਯਹੋਵਾਹ ਦਾ ਵਾਕ ਹੈ ।


  Share Facebook  |  Share Twitter

 <<  Ezekiel 32 >> 


Bible2india.com
© 2010-2024
Help
Dual Panel

Laporan Masalah/Saran