Bible 2 India Mobile
[VER] : [PUNJABI]     [PL]  [PB] 
 <<  Ezekiel 20 >> 

1ਸੱਤਵੇਂ ਸਾਲ ਦੇ ਪੰਜਵੇਂ ਮਹੀਨੇ ਦੀ ਦਸ ਤਾਰੀਖ਼ ਨੂੰ ਇਹ ਹੋਇਆ ਕਿ ਇਸਰਾਏਲ ਦੇ ਕੁੱਝ ਬਜ਼ੁਰਗ ਮਨੁੱਖ ਯਹੋਵਾਹ ਤੋਂ ਕੁੱਝ ਪੁੱਛਣ ਨੂੰ ਆਏ ਅਤੇ ਮੇਰੇ ਸਾਹਮਣੇ ਬੈਠ ਗਏ ।

2ਤਦ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ

3ਹੇ ਮਨੁੱਖ ਦੇ ਪੁੱਤਰ, ਇਸਰਾਏਲ ਦੇ ਬਜ਼ੁਰਗਾਂ ਨਾਲ ਗੱਲ ਕਰ ਅਤੇ ਤੂੰ ਉਹਨਾਂ ਨੂੰ ਆਖ, ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਕੀ ਤੁਸੀਂ ਮੇਰੇ ਕੋਲੋਂ ਪੁੱਛਣ ਆਏ ਹੋ ? ਮੈਨੂੰ ਆਪਣੀ ਜਾਨ ਦੀ ਸਹੁੰ, ਤੁਸੀਂ ਮੇਰੇ ਕੋਲੋਂ ਕੁੱਝ ਨਾ ਪੁੱਛ ਸਕੋਗੇ, ਪ੍ਰਭੂ ਯਹੋਵਾਹ ਦਾ ਵਾਕ ਹੈ ।

4ਕੀ ਤੂੰ ਉਹਨਾਂ ਦਾ ਨਿਆਂ ਕਰੇਂਗਾ, ਹੇ ਮਨੁੱਖ ਦੇ ਪੁੱਤਰ ? ਕੀ ਤੂੰ ਉਹਨਾਂ ਦਾ ਨਿਆਂ ਕਰੇਂਗਾ ? ਉਹਨਾਂ ਦੇ ਪਿਉ-ਦਾਦਿਆਂ ਦੇ ਘਿਣਾਉਣੇ ਕੰਮਾਂ ਦੇ ਬਾਰੇ ਉਹਨਾਂ ਨੂੰ ਦੱਸ ।

5ਤੂੰ ਉਹਨਾਂ ਨੂੰ ਆਖ, ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਜਿਸ ਦਿਨ ਤੋਂ ਮੈਂ ਇਸਰਾਏਲ ਨੂੰ ਚੁਣ ਲਿਆ ਅਤੇ ਯਾਕੂਬ ਦੇ ਘਰਾਣੇ ਨਾਲ ਸਹੁੰ ਖਾਧੀ ਅਤੇ ਮਿਸਰ ਦੇਸ ਵਿੱਚ ਆਪਣੇ ਆਪ ਨੂੰ ਉਹਨਾਂ ਉੱਤੇ ਪਰਗਟ ਕੀਤਾ, ਮੈਂ ਉਹਨਾਂ ਦੇ ਸਾਹਮਣੇ ਸਹੁੰ ਖਾ ਕੇ ਆਖਿਆ ਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ।

6ਉਸੇ ਦਿਨ ਮੈਂ ਉਹਨਾਂ ਨਾਲ ਸਹੁੰ ਖਾਧੀ ਤਾਂ ਜੋ ਉਹਨਾਂ ਨੂੰ ਮਿਸਰ ਦੇਸ ਵਿੱਚੋਂ ਉਸ ਦੇਸ ਵਿੱਚ ਲਿਆਵਾਂ ਜੋ ਮੈਂ ਉਹਨਾਂ ਦੇ ਲਈ ਚੁਣਿਆ ਸੀ, ਜਿਸ ਵਿੱਚ ਦੁੱਧ ਤੇ ਸ਼ਹਿਦ ਵਗਦਾ ਹੈ ਅਤੇ ਜਿਹੜਾ ਸਾਰੇ ਦੇਸਾਂ ਦੀ ਸ਼ਾਨ ਹੈ ।

7ਮੈਂ ਉਹਨਾਂ ਨੂੰ ਆਖਿਆ ਕਿ ਤੁਹਾਡੇ ਵਿੱਚੋਂ ਹਰ ਇੱਕ ਆਪਣੀਆਂ ਅੱਖਾਂ ਦੀਆਂ ਘਿਣਾਉਣੀਆਂ ਵਸਤੂਆਂ ਨੂੰ ਦੂਰ ਕਰ ਦੇਵੇ ਅਤੇ ਤੁਸੀਂ ਆਪਣੇ ਆਪ ਨੂੰ ਮਿਸਰ ਦੀਆਂ ਮੂਰਤੀਆਂ ਨਾਲ ਭ੍ਰਿਸ਼ਟ ਨਾ ਕਰੋ । ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ।

8ਪਰ ਉਹ ਮੇਰੇ ਤੋਂ ਬਾਗੀ ਹੋਏ ਅਤੇ ਮੇਰੀ ਗੱਲ ਸੁਣਨੀ ਨਾ ਚਾਹੀ । ਉਹਨਾਂ ਵਿੱਚੋਂ ਕਿਸੇ ਨੇ ਵੀ ਆਪਣੀਆਂ ਅੱਖਾਂ ਦੀਆਂ ਘਿਣਾਉਣੀਆਂ ਵਸਤੂਆਂ ਨੂੰ ਨਾ ਸੁੱਟਿਆ, ਨਾ ਮਿਸਰ ਦੀਆਂ ਮੂਰਤੀਆਂ ਨੂੰ ਛੱਡਿਆ । ਤਦੋਂ ਮੈਂ ਆਖਿਆ, ਮੈਂ ਆਪਣਾ ਕਹਿਰ ਉਹਨਾਂ ਉੱਤੇ ਵਹਾਵਾਂਗਾ, ਤਾਂ ਜੋ ਆਪਣੇ ਕ੍ਰੋਧ ਨੂੰ ਮਿਸਰ ਦੇ ਦੇਸ ਵਿੱਚ ਉਹਨਾਂ ਤੇ ਪੂਰਾ ਕਰਾਂ ।

9ਪਰ ਮੈਂ ਆਪਣੇ ਨਾਮ ਦੇ ਲਈ ਅਜਿਹਾ ਕੀਤਾ, ਤਾਂ ਜੋ ਮੇਰਾ ਨਾਮ ਉਹਨਾਂ ਕੌਮਾਂ ਦੀਆਂ ਅੱਖਾਂ ਵਿੱਚ ਪਲੀਤ ਨਾ ਕੀਤਾ ਜਾਵੇ, ਜਿਹਨਾਂ ਦੇ ਵਿੱਚ ਉਹ ਸਨ ਅਤੇ ਜਿਹਨਾਂ ਦੀਆਂ ਅੱਖਾਂ ਸਾਹਮਣੇ ਮੈਂ ਆਪਣੇ ਆਪ ਨੂੰ ਉਹਨਾਂ ਉੱਤੇ ਪਰਗਟ ਕੀਤਾ, ਜਦੋਂ ਮੈਂ ਉਹਨਾਂ ਨੂੰ ਮਿਸਰ ਤੋਂ ਕੱਢ ਲਿਆਇਆ ।

10ਇਸ ਲਈ ਮੈਂ ਉਹਨਾਂ ਨੂੰ ਮਿਸਰ ਦੇ ਦੇਸ ਵਿੱਚੋਂ ਕੱਢ ਕੇ ਉਜਾੜ ਵਿੱਚ ਲਿਆਇਆ

11ਅਤੇ ਮੈਂ ਆਪਣੀਆਂ ਬਿਧੀਆਂ ਉਹਨਾਂ ਨੂੰ ਦਿੱਤੀਆਂ ਅਤੇ ਆਪਣੇ ਹੁਕਮਾਂ ਬਾਰੇ ਉਹਨਾਂ ਨੂੰ ਦੱਸਿਆ, ਤਾਂ ਕਿ ਮਨੁੱਖ ਉਹਨਾਂ ਤੇ ਅਮਲ ਕਰ ਕੇ ਉਹਨਾਂ ਵਿੱਚ ਜੀਉਂਦਾ ਰਹੇ ।

12ਨਾਲੇ ਮੈਂ ਆਪਣੇ ਸਬਤ ਵੀ ਉਹਨਾਂ ਨੂੰ ਦਿੱਤੇ, ਤਾਂ ਜੋ ਉਹ ਮੇਰੇ ਅਤੇ ਉਹਨਾਂ ਦੇ ਵਿਚਾਲੇ ਨਿਸ਼ਾਨ ਹੋਣ, ਤਾਂ ਜੋ ਉਹ ਜਾਣਨ ਕਿ ਮੈਂ ਯਹੋਵਾਹ ਉਹਨਾਂ ਨੂੰ ਪਵਿੱਤਰ ਕਰਨ ਵਾਲਾ ਹਾਂ ।

13ਪਰ ਇਸਰਾਏਲ ਦਾ ਘਰਾਣਾ ਉਜਾੜ ਵਿੱਚ ਮੇਰੇ ਤੋਂ ਬਾਗੀ ਹੋ ਗਿਆ, ਉਹ ਮੇਰੀਆਂ ਬਿਧੀਆਂ ਉੱਤੇ ਨਾ ਤੁਰੇ ਅਤੇ ਮੇਰੇ ਹੁਕਮਾਂ ਨੂੰ ਰੱਦ ਕੀਤਾ, ਜਿਹਨਾਂ ਉੱਤੇ ਮਨੁੱਖ ਜੇਕਰ ਅਮਲ ਕਰੇ ਤਾਂ ਉਹਨਾਂ ਦੇ ਵਿੱਚ ਜੀਉਂਦਾ ਰਹੇ, ਪਰ ਉਹਨਾਂ ਮੇਰੇ ਸਬਤਾਂ ਨੂੰ ਬਹੁਤ ਪਲੀਤ ਕੀਤਾ । ਤਦ ਮੈਂ ਆਖਿਆ ਕਿ ਮੈਂ ਉਜਾੜ ਵਿੱਚ ਉਹਨਾਂ ਉੱਤੇ ਆਪਣਾ ਕਹਿਰ ਪਾ ਕੇ ਉਹਨਾਂ ਦਾ ਵਿਨਾਸ਼ ਕਰ ਦਿਆਂਗਾ ।

14ਪਰ ਮੈਂ ਆਪਣੇ ਨਾਮ ਦੇ ਲਈ ਅਜਿਹਾ ਕੀਤਾ, ਤਾਂ ਜੋ ਮੇਰਾ ਨਾਮ ਉਹਨਾਂ ਕੌਮਾਂ ਦੀਆਂ ਨਜ਼ਰਾਂ ਵਿੱਚ ਪਲੀਤ ਨਾ ਹੋਵੇ, ਜਿਹਨਾਂ ਦੇ ਸਾਹਮਣੇ ਮੈਂ ਉਹਨਾਂ ਨੂੰ ਕੱਢ ਕੇ ਲਿਆਇਆ ਸੀ ।

15ਨਾਲੇ ਮੈਂ ਉਜਾੜ ਵਿੱਚ ਉਹਨਾਂ ਦੇ ਨਾਲ ਸਹੁੰ ਖਾਧੀ ਕਿ ਮੈਂ ਉਹਨਾਂ ਨੂੰ ਉਸ ਦੇਸ ਵਿੱਚ ਨਹੀਂ ਲਿਆਵਾਂਗਾ, ਜੋ ਮੈਂ ਉਹਨਾਂ ਨੂੰ ਦਿੱਤਾ, ਜਿਸ ਵਿੱਚ ਦੁੱਧ ਤੇ ਸ਼ਹਿਦ ਵਗਦਾ ਸੀ ਅਤੇ ਜਿਹੜਾ ਸਾਰੇ ਦੇਸਾਂ ਦੀ ਸ਼ਾਨ ਹੈ ।

16ਕਿਉਂ ਜੋ ਉਹਨਾਂ ਨੇ ਮੇਰੇ ਹੁਕਮਾਂ ਨੂੰ ਰੱਦ ਕੀਤਾ ਅਤੇ ਮੇਰੀਆਂ ਬਿਧੀਆਂ ਵਿੱਚ ਨਾ ਚਲੇ ਸਗੋਂ ਮੇਰੇ ਸਬਤਾਂ ਨੂੰ ਪਲੀਤ ਕੀਤਾ, ਇਸ ਲਈ ਕਿ ਉਹਨਾਂ ਦੇ ਦਿਲ ਉਹਨਾਂ ਦੀਆਂ ਮੂਰਤਾਂ ਦੇ ਪਿੱਛੇ ਸਨ ।

17ਤਾਂ ਵੀ ਮੇਰੀਆਂ ਅੱਖਾਂ ਨੇ ਉਹਨਾਂ ਨੂੰ ਬਰਬਾਦ ਕਰਨ ਤੋਂ ਲਿਹਾਜ਼ ਕੀਤਾ, ਨਾ ਹੀ ਮੈਂ ਉਹਨਾਂ ਦਾ ਉਜਾੜ ਵਿੱਚ ਪੂਰਾ ਅੰਤ ਕੀਤਾ ।

18ਮੈਂ ਉਜਾੜ ਵਿੱਚ ਉਹਨਾਂ ਦੇ ਪੁੱਤਰਾਂ ਨੂੰ ਆਖਿਆ ਕਿ ਤੁਸੀਂ ਆਪਣੇ ਪਿਉ-ਦਾਦਿਆਂ ਦੀਆਂ ਬਿਧੀਆਂ ਅਨੁਸਾਰ ਨਾ ਚੱਲੋ, ਨਾ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰੋ ਅਤੇ ਉਹਨਾਂ ਦੀਆਂ ਮੂਰਤੀਆਂ ਨਾਲ ਆਪਣੇ ਆਪ ਨੂੰ ਭ੍ਰਿਸ਼ਟ ਨਾ ਕਰੋ ।

19ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਮੇਰੀਆਂ ਬਿਧੀਆਂ ਤੇ ਚੱਲੋ, ਮੇਰੇ ਹੁਕਮਾਂ ਦੀ ਪਾਲਣਾ ਕਰੋ ਅਤੇ ਉਹਨਾਂ ਨੂੰ ਮੰਨੋ

20ਅਤੇ ਮੇਰੇ ਸਬਤਾਂ ਨੂੰ ਪਵਿੱਤਰ ਜਾਣੋ ਕਿ ਉਹ ਮੇਰੇ ਅਤੇ ਤੁਹਾਡੇ ਵਿਚਕਾਰ ਨਿਸ਼ਾਨ ਹੋਣ, ਤਾਂ ਜੋ ਤੁਸੀਂ ਜਾਣੋ ਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ।

21ਪਰ ਪੁੱਤਰ ਮੇਰੇ ਵਿਰੁੱਧ ਵਿਦਰੋਹੀ ਹੋਏ, ਉਹ ਮੇਰੀਆਂ ਬਿਧੀਆਂ ਉੱਤੇ ਨਾ ਚੱਲੇ, ਨਾ ਮੇਰੇ ਹੁਕਮਾਂ ਦੀ ਪਾਲਣਾ ਕਰ ਕੇ ਅਮਲ ਕੀਤਾ, ਜਿਹਨਾਂ ਤੇ ਜੇਕਰ ਕੋਈ ਮਨੁੱਖ ਅਮਲ ਕਰੇ ਤਾਂ ਉਹਨਾਂ ਵਿੱਚ ਜੀਉਂਦਾ ਰਹੇਗਾ । ਉਹਨਾਂ ਨੇ ਮੇਰੇ ਸਬਤਾਂ ਨੂੰ ਪਲੀਤ ਕੀਤਾ, ਤਾਂ ਮੈਂ ਆਖਿਆ, ਮੈਂ ਆਪਣਾ ਕਹਿਰ ਉਹਨਾਂ ਉੱਤੇ ਵਹਾਵਾਂਗਾ ਭਈ ਉਜਾੜ ਵਿੱਚ ਉਹਨਾਂ ਉੱਤੇ ਆਪਣਾ ਗੁੱਸਾ ਪੂਰਾ ਕਰਾਂ ।

22ਫਿਰ ਵੀ ਮੈਂ ਆਪਣਾ ਹੱਥ ਰੋਕੀ ਰੱਖਿਆ ਅਤੇ ਆਪਣੇ ਨਾਮ ਦੇ ਲਈ ਅਜਿਹਾ ਕੀਤਾ, ਤਾਂ ਜੋ ਉਹ ਉਹਨਾਂ ਕੌਮਾਂ ਦੀ ਨਜ਼ਰ ਵਿੱਚ ਜਿਹਨਾਂ ਦੇ ਸਾਹਮਣੇ ਮੈਂ ਉਹਨਾਂ ਨੂੰ ਕੱਢ ਕੇ ਲਿਆਇਆ, ਪਲੀਤ ਨਾ ਕੀਤਾ ਜਾਵੇ ।

23ਨਾਲੇ ਮੈਂ ਉਜਾੜ ਵਿੱਚ ਉਹਨਾਂ ਨਾਲ ਸਹੁੰ ਖਾਧੀ ਕਿ ਮੈਂ ਉਹਨਾਂ ਨੂੰ ਕੌਮਾਂ ਵਿੱਚ ਖਿਲਾਰਾਂਗਾ ਅਤੇ ਦੇਸਾਂ ਵਿੱਚ ਬਖੇਰਾਂਗਾ ।

24ਇਸ ਲਈ ਜੋ ਉਹ ਮੇਰੇ ਹੁਕਮਾਂ ਤੇ ਅਮਲ ਨਹੀਂ ਕਰਦੇ ਸਨ, ਪਰ ਮੇਰੀਆਂ ਬਿਧੀਆਂ ਨੂੰ ਉਹਨਾਂ ਰੱਦਿਆ ਸੀ ਅਤੇ ਮੇਰੇ ਸਬਤਾਂ ਨੂੰ ਪਲੀਤ ਕਰਦੇ ਸਨ ਅਤੇ ਉਹਨਾਂ ਦੀ ਨਿਗਾਹ ਉਹਨਾਂ ਦੇ ਪਿਉ-ਦਾਦਿਆਂ ਦੀਆਂ ਮੂਰਤੀਆਂ ਦੇ ਪਿੱਛੇ ਲੱਗੀ ਹੋਈ ਸੀ ।

25ਨਾਲੇ ਮੈਂ ਉਹਨਾਂ ਨੂੰ ਬਿਧੀਆਂ ਜਿਹੜੀਆਂ ਚੰਗੀਆਂ ਨਹੀਂ ਸਨ ਅਤੇ ਹੁਕਮ ਦਿੱਤੇ ਜਿਹਨਾਂ ਵਿੱਚ ਉਹ ਜੀਉਂਦੇ ਨਾ ਰਹਿਣ ।

26ਮੈਂ ਉਹਨਾਂ ਨੂੰ ਉਹਨਾਂ ਦੇ ਹੀ ਤੋਹਫਿਆਂ ਵਿੱਚ ਅਰਥਾਤ ਉਹਨਾਂ ਦੇ ਸਾਰੇ ਕੁੱਖ ਦੇ ਖੋਲ੍ਹਣ ਵਾਲਿਆਂ ਨੂੰ ਅੱਗ ਵਿੱਚੋਂ ਦੀ ਲੰਘਾਉਣ ਦੇ ਕਾਰਨ ਭ੍ਰਿਸ਼ਟ ਕੀਤਾ, ਤਾਂ ਜੋ ਮੈਂ ਉਹਨਾਂ ਨੂੰ ਡਰਾਵਾਂ ਭਈ ਉਹ ਜਾਣਨ ਕਿ ਯਹੋਵਾਹ ਮੈਂ ਹਾਂ !

27ਇਸ ਲਈ ਹੇ ਮਨੁੱਖ ਦੇ ਪੁੱਤਰ, ਤੂੰ ਇਸਰਾਏਲ ਦੇ ਘਰਾਣੇ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਐਥੋਂ ਤੱਕ ਤੁਹਾਡੇ ਪਿਉ-ਦਾਦਿਆਂ ਨੇ ਮੇਰੇ ਵਿਰੁੱਧ ਕੁਫ਼ਰ ਬਕਿਆ ਅਤੇ ਮੇਰੇ ਵਿਰੁੱਧ ਬੇਈਮਾਨੀ ਕੀਤੀ

28ਕਿ ਜਦੋਂ ਮੈਂ ਉਹਨਾਂ ਨੂੰ ਉਸ ਦੇਸ ਵਿੱਚ ਲਿਆਇਆ ਜਿਹੜਾ ਉਹਨਾਂ ਨੂੰ ਦੇਣ ਦੀ ਮੈਂ ਸਹੁੰ ਖਾਧੀ ਸੀ, ਤਾਂ ਉਹਨਾਂ ਨੇ ਜਿਸ ਉੱਚੇ ਪਹਾੜ ਅਤੇ ਜਿਸ ਸੰਘਣੇ ਰੁੱਖ ਨੂੰ ਵੇਖਿਆ, ਉੱਥੇ ਹੀ ਆਪਣੀਆਂ ਬਲੀਆਂ ਚੜ੍ਹਾਈਆਂ ਅਤੇ ਉੱਥੇ ਹੀ ਕ੍ਰੋਧ ਦਿਵਾਉਣ ਵਾਲੇ ਚੜ੍ਹਾਵੇ ਚੜ੍ਹਾਏ । ਉੱਥੇ ਹੀ ਆਪਣੀ ਸੁਗੰਧੀ ਧੂਫ਼ ਧੁਖਾਈ ਅਤੇ ਉੱਥੇ ਆਪਣੀਆਂ ਪੀਣ ਦੀਆਂ ਭੇਟਾਂ ਡੋਲ੍ਹੀਆਂ ।

29ਮੈਂ ਉਹਨਾਂ ਨੂੰ ਇਹ ਆਖਿਆ ਕਿ ਇਹ ਕੀ ਉੱਚਾ ਸਥਾਨ ਹੈ ਜਿੱਥੇ ਤੁਸੀਂ ਜਾਂਦੇ ਹੋ ? ਉਹਨਾਂ ਨੇ ਉਸ ਦਾ ਨਾਮ ਬਾਮਾਹ ਰੱਖਿਆ ਜਿਹੜਾ ਅੱਜ ਤੱਕ ਹੈ ।

30ਇਸ ਲਈ ਤੂੰ ਇਸਰਾਏਲ ਦੇ ਘਰਾਣੇ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਕੀ ਤੁਸੀਂ ਵੀ ਆਪਣੇ ਪਿਉ-ਦਾਦਿਆਂ ਦੇ ਰਾਹ ਵਿੱਚ ਭ੍ਰਿਸ਼ਟ ਹੁੰਦੇ ਹੋ ? ਅਤੇ ਉਹਨਾਂ ਦੇ ਘਿਣਾਉਣੇ ਕੰਮਾਂ ਦੇ ਮਗਰ ਤੁਸੀਂ ਵੀ ਵਿਭਚਾਰ ਕਰਦੇ ਹੋ ?

31ਜਦੋਂ ਤੁਸੀਂ ਆਪਣੀਆਂ ਭੇਟਾਂ ਚੜ੍ਹਾਉਂਦੇ ਹੋ ਅਤੇ ਆਪਣੇ ਪੁੱਤਰਾਂ ਨੂੰ ਅੱਗ ਵਿੱਚੋਂ ਲੰਘਾ ਕੇ ਆਪਣੀਆਂ ਸਾਰੀਆਂ ਮੂਰਤੀਆਂ ਤੋਂ ਆਪਣੇ ਆਪ ਨੂੰ ਅੱਜ ਦੇ ਦਿਨ ਤੱਕ ਭ੍ਰਿਸ਼ਟ ਕਰਦੇ ਹੋ, ਤਾਂ ਹੇ ਇਸਰਾਏਲ ਦੇ ਘਰਾਣੇ, ਕੀ ਤੁਸੀਂ ਮੇਰੇ ਕੋਲੋਂ ਕੁੱਝ ਪੁੱਛ ਸਕਦੇ ਹੋ ? ਪ੍ਰਭੂ ਯਹੋਵਾਹ ਆਖਦਾ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਮੇਰੇ ਕੋਲੋਂ ਤੁਸੀਂ ਕੁੱਝ ਨਾ ਪੁੱਛ ਸਕੋਗੇ ।

32ਉਹ ਗੱਲ ਜਿਹੜੀ ਤੁਹਾਡੇ ਮਨ ਵਿੱਚ ਆਉਂਦੀ ਹੈ, ਕਦੇ ਵੀ ਨਹੀਂ ਹੋਵੇਗੀ, ਕਿਉਂ ਜੋ ਤੁਸੀਂ ਕਹਿੰਦੇ ਹੋ ਕਿ ਅਸੀਂ ਵੀ ਦੇਸਾਂ ਦੀਆਂ ਕੌਮਾਂ ਤੇ ਟੱਬਰਾਂ ਵਾਂਗੂੰ ਲੱਕੜ ਅਤੇ ਪੱਥਰ ਦੀ ਪੂਜਾ ਕਰਾਂਗੇ ।

33ਪ੍ਰਭੂ ਯਹੋਵਾਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਮੈਂ ਆਪਣੇ ਬਲਵਾਨ ਹੱਥ ਨਾਲ ਅਤੇ ਪਸਾਰੀ ਹੋਈ ਬਾਂਹ ਨਾਲ ਤੁਹਾਡੇ ਉੱਤੇ ਕਹਿਰ ਵਹਾ ਕੇ ਤੁਹਾਡੇ ਉੱਤੇ ਰਾਜ ਕਰਾਂਗਾ ।

34ਮੈਂ ਬਲਵਾਨ ਹੱਥ ਅਤੇ ਪਸਾਰੀ ਹੋਈ ਬਾਂਹ ਨਾਲ ਕਹਿਰ ਵਹਾ ਕੇ ਤੁਹਾਨੂੰ ਲੋਕਾਂ ਵਿੱਚੋਂ ਕੱਢ ਲਿਆਵਾਂਗਾ ਅਤੇ ਉਹਨਾਂ ਦੇਸਾਂ ਵਿੱਚੋਂ ਜਿਹਨਾਂ ਵਿੱਚ ਤੁਸੀਂ ਖਿਲਰੇ ਹੋ ਇਕੱਠਿਆਂ ਕਰਾਂਗਾ ।

35ਮੈਂ ਤੁਹਾਨੂੰ ਲੋਕਾਂ ਦੀ ਉਜਾੜ ਵਿੱਚ ਲਿਆਵਾਂਗਾ ਅਤੇ ਉੱਥੇ ਆਹਮੋ ਸਾਹਮਣੇ ਤੁਹਾਡਾ ਨਿਆਂ ਕਰਾਂਗਾ ।

36ਜਿਵੇਂ ਮੈਂ ਤੁਹਾਡੇ ਪਿਉ-ਦਾਦਿਆਂ ਦਾ ਮਿਸਰ ਦੇਸ ਦੀ ਉਜਾੜ ਵਿੱਚ ਨਿਆਂ ਕੀਤਾ, ਪ੍ਰਭੂ ਯਹੋਵਾਹ ਦਾ ਵਾਕ ਹੈ, ਉਸੇ ਤਰ੍ਹਾਂ ਹੀ ਮੈਂ ਤੁਹਾਡਾ ਵੀ ਨਿਆਂ ਕਰਾਂਗਾ ।

37ਮੈਂ ਤੁਹਾਨੂੰ ਆੱਸੇ ਦੇ ਹੇਠੋਂ ਦੀ ਲੰਘਾਵਾਂਗਾ ਅਤੇ ਨੇਮ ਦੇ ਬੰਧਨ ਵਿੱਚ ਲਿਆਵਾਂਗਾ ।

38ਮੈਂ ਤੁਹਾਡੇ ਵਿੱਚੋਂ ਉਹਨਾਂ ਲੋਕਾਂ ਨੂੰ ਜਿਹੜੇ ਮੇਰੇ ਵਿਰੁੱਧ ਬਾਗੀ ਹਨ ਅੱਡ ਕਰਾਂਗਾ, ਮੈਂ ਉਹਨਾਂ ਨੂੰ ਉਸ ਦੇਸ ਵਿੱਚੋਂ ਜਿੱਥੇ ਉਹ ਪਰਦੇਸੀ ਹਨ, ਬਾਹਰ ਕੱਢ ਲਿਆਵਾਂਗਾ ਪਰ ਉਹ ਇਸਰਾਏਲ ਦੇ ਦੇਸ ਵਿੱਚ ਨਾ ਵੜਨਗੇ ਅਤੇ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ ।

39ਤੈਨੂੰ ਹੇ ਇਸਰਾਏਲ ਦੇ ਘਰਾਣੇ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਜਾਓ ਅਤੇ ਆਪਣੀ ਆਪਣੀ ਮੂਰਤੀ ਦੀ ਪੂਜਾ ਕਰੋ ਅਤੇ ਅੱਗੇ ਨੂੰ ਵੀ, ਜੇਕਰ ਤੁਸੀਂ ਮੇਰੀ ਨਾ ਸੁਣੋਗੇ, ਪਰ ਆਪਣੀਆਂ ਭੇਟਾਂ ਨਾਲ ਅਤੇ ਆਪਣੀਆਂ ਮੂਰਤੀਆਂ ਨਾਲ ਮੇਰੇ ਪਵਿੱਤਰ ਨਾਮ ਨੂੰ ਅੱਗੇ ਨੂੰ ਪਲੀਤ ਨਾ ਕਰੋਗੇ ।

40ਕਿਉਂ ਜੋ ਪ੍ਰਭੂ ਯਹੋਵਾਹ ਦਾ ਵਾਕ ਹੈ, ਮੇਰੇ ਪਵਿੱਤਰ ਪਹਾੜ ਅਰਥਾਤ ਇਸਰਾਏਲ ਦੇ ਉੱਚੇ ਪਹਾੜ ਤੇ ਸਾਰਾ ਇਸਰਾਏਲ ਦਾ ਘਰਾਣਾ, ਸਾਰੇ ਦੇ ਸਾਰੇ ਦੇਸ ਵਿੱਚ ਮੇਰੀ ਉਪਾਸਨਾ ਕਰਨਗੇ । ਉੱਥੇ ਮੈਂ ਉਹਨਾਂ ਨੂੰ ਪਰਵਾਨ ਕਰਾਂਗਾ ਅਤੇ ਉੱਥੇ ਤੁਹਾਡੀਆਂ ਚੁੱਕਣ ਦੀਆਂ ਭੇਟਾਂ, ਤੁਹਾਡੇ ਚੜ੍ਹਾਵੇ ਦੇ ਪਹਿਲੇ ਫਲ ਅਤੇ ਤੁਹਾਡੀਆਂ ਸਾਰੀਆਂ ਪਵਿੱਤਰ ਵਸਤਾਂ ਮੰਗਾਂਗਾ ।

41ਜਦੋਂ ਮੈਂ ਤੁਹਾਨੂੰ ਲੋਕਾਂ ਵਿੱਚੋਂ ਕੱਢ ਲਿਆਵਾਂਗਾ ਅਤੇ ਉਹਨਾਂ ਦੇਸਾਂ ਵਿੱਚੋਂ ਜਿੱਥੇ ਤੁਸੀਂ ਖਿੱਲਰ ਗਏ ਸੀ, ਇਕੱਠਾ ਕਰਾਂਗਾ ਤਦ ਮੈਂ ਤੁਹਾਨੂੰ ਸੁਗੰਧੀ ਧੂਫ਼ ਨਾਲ ਪਰਵਾਨ ਕਰਾਂਗਾ ਅਤੇ ਕੌਮਾਂ ਦੇ ਸਾਹਮਣੇ ਮੈਂ ਆਪਣੀ ਪਵਿੱਤਰਤਾਈ ਤੁਹਾਡੇ ਦੁਆਰਾ ਪਰਗਟ ਕਰਾਂਗਾ ।

42ਜਦੋਂ ਮੈਂ ਤੁਹਾਨੂੰ ਇਸਰਾਏਲ ਦੀ ਭੂਮੀ ਤੋਂ ਅਰਥਾਤ ਉਸ ਧਰਤੀ ਤੇ ਜਿਸ ਦੇ ਲਈ ਮੈਂ ਸਹੁੰ ਖਾਧੀ ਕਿ ਤੁਹਾਡੇ ਪਿਉ-ਦਾਦਿਆਂ ਨੂੰ ਦੇਵਾਂ, ਲੈ ਆਵਾਂਗਾ, ਤਦ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ ।

43ਉੱਥੇ ਤੁਸੀਂ ਆਪਣਿਆਂ ਮਾਰਗਾਂ ਅਤੇ ਆਪਣਿਆਂ ਸਾਰਿਆਂ ਕੰਮਾਂ ਨੂੰ ਜਿਹਨਾਂ ਵਿੱਚ ਤੁਸੀਂ ਭ੍ਰਿਸ਼ਟ ਹੋਏ, ਯਾਦ ਕਰੋਗੇ ਅਤੇ ਤੁਸੀਂ ਆਪਣੀ ਸਾਰੀ ਬੁਰਿਆਈ ਦੇ ਕਾਰਨ ਜੋ ਤੁਸੀਂ ਕੀਤੀ, ਆਪਣੀ ਹੀ ਨਜ਼ਰ ਵਿੱਚ ਘਿਣਾਉਣੇ ਹੋਵੋਗੇ ।

44ਪ੍ਰਭੂ ਯਹੋਵਾਹ ਦਾ ਵਾਕ ਹੈ, ਹੇ ਇਸਰਾਏਲ ਦੇ ਘਰਾਣੇ, ਜਦੋਂ ਮੈਂ ਤੁਹਾਡੇ ਬੁਰਿਆਂ ਮਾਰਗਾਂ ਅਤੇ ਕੁਕਰਮਾਂ ਦੇ ਅਨੁਸਾਰ ਨਹੀਂ, ਸਗੋਂ ਆਪਣੇ ਨਾਮ ਦੇ ਨਮਿੱਤ ਤੁਹਾਡੇ ਨਾਲ ਵਰਤਾਓ ਕਰਾਂਗਾ, ਤਾਂ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ ।

45ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ

46ਹੇ ਮਨੁੱਖ ਦੇ ਪੁੱਤਰ, ਤੂੰ ਦੱਖਣ ਵੱਲ ਆਪਣਾ ਮੂੰਹ ਕਰ ਅਤੇ ਦੱਖਣ ਵੱਲ ਨੂੰ ਮੂੰਹ ਕਰਕੇ ਦੱਖਣ ਦੇ ਜੰਗਲੀ ਮੈਦਾਨ ਦੇ ਬਾਰੇ ਭਵਿੱਖਬਾਣੀ ਕਰ

47ਅਤੇ ਦੱਖਣ ਦੇ ਜੰਗਲ ਨੂੰ ਆਖ, ਯਹੋਵਾਹ ਦਾ ਵਾਕ ਸੁਣ ! ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖ, ਮੈਂ ਤੇਰੇ ਵਿੱਚ ਅੱਗ ਭੜਕਾਵਾਂਗਾ ਅਤੇ ਉਹ ਹਰੇਕ ਸੁੱਕੇ ਤੇ ਹਰੇ ਰੁੱਖ ਨੂੰ ਭਸਮ ਕਰ ਦੇਵੇਗੀ । ਭੜਕਦਾ ਹੋਇਆ ਚਿੰਗਾੜਾ ਨਾ ਬੁਝੇਗਾ ਅਤੇ ਦੱਖਣ ਤੋਂ ਉਤਰ ਤੱਕ ਸਾਰਿਆਂ ਦੇ ਮੂੰਹ ਉਹ ਦੇ ਨਾਲ ਝੁਲਸੇ ਜਾਣਗੇ ।

48ਸਾਰੇ ਪ੍ਰਾਣੀ ਵੇਖਣਗੇ ਕਿ ਮੈਂ ਯਹੋਵਾਹ ਨੇ ਉਹ ਨੂੰ ਭੜਕਾਇਆ ਹੈ, ਉਹ ਨਾ ਬੁਝੇਗੀ ।

49ਤਦ ਮੈਂ ਆਖਿਆ ਕਿ ਹਾਏ, ਪ੍ਰਭੂ ਯਹੋਵਾਹ ! ਉਹ ਤਾਂ ਮੇਰੇ ਬਾਰੇ ਆਖਦੇ ਹਨ, ਕੀ ਇਹ ਦ੍ਰਿਸ਼ਟਾਂਤਾਂ ਵਿੱਚ ਨਹੀਂ ਬੋਲਦਾ ?


  Share Facebook  |  Share Twitter

 <<  Ezekiel 20 >> 


Bible2india.com
© 2010-2024
Help
Dual Panel

Laporan Masalah/Saran