Bible 2 India Mobile
[VER] : [PUNJABI]     [PL]  [PB] 
 <<  Revelation 1 >> 

1ਯਿਸੂ ਮਸੀਹ ਦਾ ਪਰਕਾਸ਼, ਜਿਹੜਾ ਪਰਮੇਸ਼ੁਰ ਨੇ ਆਪਣਿਆਂ ਦਾਸਾਂ ਨੂੰ ਵਿਖਾਉਣ ਲਈ ਉਹ ਨੂੰ ਦਿੱਤਾ ਅਰਥਾਤ ਓਹ ਗੱਲਾਂ ਜਿਹੜੀਆਂ ਛੇਤੀ ਹੋਣ ਵਾਲੀਆਂ ਹਨ; ਅਤੇ ਉਸ ਨੇ ਆਪਣੇ ਸਵਰਗ ਦੂਤ ਨੂੰ ਭੇਜ ਕੇ ਉਸ ਦੁਆਰਾ ਆਪਣੇ ਦਾਸ ਯੂਹੰਨਾ ਉੱਤੇ ਇਹ ਗੱਲਾਂ ਪ੍ਰਗਟ ਕੀਤੀਆਂ ।

2ਜਿਸ ਨੇ ਪਰਮੇਸ਼ੁਰ ਦੇ ਬਚਨ ਦੀ ਅਤੇ ਯਿਸੂ ਮਸੀਹ ਦੀ ਅਰਥਾਤ ਉਹਨਾਂ ਸਭਨਾਂ ਗੱਲਾਂ ਦੀ ਜੋ ਉਸ ਨੇ ਵੇਖੀਆਂ ਸਨ, ਗਵਾਹੀ ਦਿੱਤੀ ।

3ਧੰਨ ਹੈ ਉਹ ਜਿਹੜਾ ਅਗੰਮ ਵਾਕ ਦੇ ਬਚਨਾਂ ਨੂੰ ਪੜ੍ਹਦਾ ਹੈ ਅਤੇ ਉਹ ਜਿਹੜੇ ਸੁਣਦੇ ਹਨ, ਅਤੇ ਜੋ ਕੁਝ ਇਹ ਦੇ ਵਿੱਚ ਲਿਖਿਆ ਹੋਇਆ ਹੈ ਉਸ ਦੀ ਪਾਲਨਾ ਕਰਦੇ ਹਨ, ਕਿਉਂ ਜੋ ਸਮਾਂ ਨੇੜੇ ਹੈ ।

4ਯੂਹੰਨਾ ਵੱਲੋਂ, ਅੱਗੇ ਉਨ੍ਹਾਂ ਸੱਤਾਂ ਕਲੀਸਿਯਾਵਾਂ ਨੂੰ ਜਿਹੜੀਆਂ ਅਸਿਯਾ ਵਿੱਚ ਹਨ: ਉਹ ਦੀ ਵੱਲੋਂ ਜਿਹੜਾ ਹੈ, ਜਿਹੜਾ ਸੀ ਅਤੇ ਜਿਹੜਾ ਆਉਣ ਵਾਲਾ ਹੈ, ਕਿਰਪਾ ਅਤੇ ਸ਼ਾਂਤੀ ਤੁਹਾਨੂੰ ਮਿਲਦੀ ਰਹੇ । ਅਤੇ ਉਹਨਾਂ ਸੱਤਾਂ ਆਤਮਿਆਂ ਦੀ ਵੱਲੋਂ ਜਿਹੜੇ ਉਹ ਦੇ ਸਿੰਘਾਸਣ ਦੇ ਅੱਗੇ ਹਨ ।

5ਅਤੇ ਯਿਸੂ ਮਸੀਹ ਦੀ ਵੱਲੋਂ ਜਿਹੜਾ ਸੱਚਾ ਗਵਾਹ ਅਤੇ ਮੁਰਦਿਆਂ ਵਿੱਚੋਂ ਪਹਿਲੌਠਾ ਅਤੇ ਧਰਤੀ ਦੇ ਰਾਜਿਆਂ ਦਾ ਹਾਕਮ ਹੈ । ਉਹ ਦੀ ਜਿਹੜਾ ਸਾਡੇ ਨਾਲ ਪਿਆਰ ਕਰਦਾ ਹੈ ਅਤੇ ਜਿਸ ਨੇ ਆਪਣੇ ਲਹੂ ਨਾਲ ਸਾਡੇ ਪਾਪਾਂ ਤੋਂ ਸਾਨੂੰ ਛੁਟਕਾਰਾ ਦਿੱਤਾ ।

6ਅਤੇ ਉਸ ਨੇ ਸਾਨੂੰ ਇੱਕ ਪਾਤਸ਼ਾਹੀ ਬਣਾਇਆ ਕਿ ਅਸੀਂ ਉਹ ਦੇ ਪਿਤਾ ਪਰਮੇਸ਼ੁਰ ਲਈ ਜਾਜਕ ਬਣੀਏ, ਉਸੇ ਦੀ ਮਹਿਮਾ ਅਤੇ ਪਰਾਕਰਮ ਜੁੱਗੋ-ਜੁੱਗ ਹੋਵੇ ! ਆਮੀਨ ।

7ਵੇਖੋ, ਉਹ ਬੱਦਲਾਂ ਦੇ ਨਾਲ ਆਉਂਦਾ ਹੈ ਅਤੇ ਹਰੇਕ ਅੱਖ ਉਸ ਨੂੰ ਵੇਖੇਗੀ, ਉਹ ਵੀ ਜਿਨ੍ਹਾਂ ਉਸ ਨੂੰ ਵਿੰਨ੍ਹਿਆ ਸੀ ਵੇਖਣਗੇ, ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਕਾਰਨ ਵਿਰਲਾਪ ਕਰਨਗੀਆਂ । ਹਾਂ ! ਆਮੀਨ ।

8ਮੈਂ ਅਲਫਾ ਅਤੇ ਓਮੇਗਾ ਹਾਂ, ਇਹ ਆਖਣਾ ਪ੍ਰਭੂ ਪਰਮੇਸ਼ੁਰ ਦਾ ਹੈ ਅਰਥਾਤ ਉਹ ਜਿਹੜਾ ਹੈ, ਜਿਹੜਾ ਸੀ ਅਤੇ ਜਿਹੜਾ ਆਉਣ ਵਾਲਾ ਹੈ, ਜੋ ਸਰਬ ਸ਼ਕਤੀਮਾਨ ਹੈ ।

9ਮੈਂ ਯੂਹੰਨਾ, ਜੋ ਤੁਹਾਡਾ ਭਰਾ ਅਤੇ ਤੁਹਾਡੇ ਨਾਲ ਰਲ ਕੇ, ਉਸ ਬਿਪਤਾ ਅਤੇ ਰਾਜ ਅਤੇ ਸਬਰ ਵਿੱਚ ਜੋ ਯਿਸੂ ਵਿੱਚ ਹੈ ਸਾਂਝੀ ਹਾਂ, ਪਰਮੇਸ਼ੁਰ ਦੇ ਬਚਨ ਅਤੇ ਯਿਸੂ ਦੀ ਗਵਾਹੀ ਦੇਣ ਦੇ ਕਾਰਨ ਉਸ ਟਾਪੂ ਵਿੱਚ ਸੀ, ਜਿਸ ਨੂੰ ਪਾਤਮੁਸ ਕਿਹਾ ਜਾਂਦਾ ਹੈ ।

10ਮੈਂ ਪ੍ਰਭੂ ਦੇ ਦਿਨ ਆਤਮਾ ਵਿੱਚ ਆਇਆ ਅਤੇ ਮੈਂ ਆਪਣੇ ਪਿੱਛੇ ਤੁਰ੍ਹੀ ਜਿਹੀ ਇੱਕ ਵੱਡੀ ਅਵਾਜ਼ ਇਹ ਆਖਦੇ ਸੁਣੀ,

11ਕਿ ਜੋ ਕੁੱਝ ਤੂੰ ਵੇਖਦਾ ਹੈਂ, ਸੋ ਇੱਕ ਪੋਥੀ ਵਿੱਚ ਲਿਖ ਲੈ ਅਤੇ ਸੱਤਾਂ ਕਲੀਸਿਯਾਵਾਂ ਨੂੰ ਭੇਜ ਦੇ ਅਰਥਾਤ ਅਫ਼ਸੁਸ, ਸਮੁਰਨੇ, ਪਰਗਮੁਮ, ਥੂਆਤੀਰੇ, ਸਾਰਦੀਸ, ਫ਼ਿਲਦਲਫ਼ੀਏ ਅਤੇ ਲਾਉਦਿਕੀਏ ਨੂੰ ।

12ਅਤੇ ਮੈਂ ਓਸ ਅਵਾਜ਼ ਨੂੰ ਜਿਹੜੀ ਮੇਰੇ ਨਾਲ ਗੱਲ ਕਰਦੀ ਸੀ, ਵੇਖਣ ਲਈ ਮੁੜਿਆ ਅਤੇ ਜਦ ਮੁੜਿਆ ਤਾਂ ਸੋਨੇ ਦੇ ਸੱਤ ਸ਼ਮਾਦਾਨ ਵੇਖੇ ।

13ਅਤੇ ਉਹਨਾਂ ਸ਼ਮਾਦਾਨਾਂ ਦੇ ਵਿਚਕਾਰ ਮਨੁੱਖ ਦੇ ਪੁੱਤਰ ਵਰਗਾ ਕੋਈ ਵੇਖਿਆ, ਜਿਸ ਨੇ ਪੈਰਾਂ ਤੱਕ ਚੋਗਾ ਪਹਿਨਿਆ ਹੋਇਆ ਸੀ ਅਤੇ ਛਾਤੀ ਦੁਆਲੇ ਸੋਨੇ ਦੀ ਪੇਟੀ ਬੰਨ੍ਹੀ ਹੋਈ ਸੀ ।

14ਉਹ ਦਾ ਸਿਰ ਅਤੇ ਵਾਲ਼ ਉੱਨ ਦੇ ਵਾਂਗੂੰ ਚਿੱਟੇ ਸਗੋਂ ਬਰਫ਼ ਦੇ ਸਮਾਨ ਸਨ, ਅਤੇ ਉਹ ਦੀਆਂ ਅੱਖਾਂ ਅੱਗ ਦੀ ਲਾਟ ਵਰਗੀਆਂ ਸਨ ।

15ਅਤੇ ਉਹ ਦੇ ਪੈਰ ਸ਼ੁੱਧ ਪਿੱਤਲ ਵਰਗੇ ਸਨ, ਜਿਵੇਂ ਉਹ ਭੱਠੀ ਵਿੱਚ ਤਾਇਆ ਹੋਵੇ ਅਤੇ ਉਹ ਦੀ ਅਵਾਜ਼ ਬਹੁਤੇ ਪਾਣੀਆਂ ਦੀ ਘੂਕ ਵਰਗੀ ਸੀ ।

16ਉਸ ਦੇ ਸੱਜੇ ਹੱਥ ਵਿੱਚ ਸੱਤ ਤਾਰੇ ਸਨ ਅਤੇ ਉਹ ਦੇ ਮੂੰਹ ਵਿੱਚੋਂ ਇੱਕ ਦੋਧਾਰੀ ਤਿੱਖੀ ਤਲਵਾਰ ਨਿੱਕਲਦੀ ਸੀ, ਅਤੇ ਉਹ ਦਾ ਚਿਹਰਾ ਅਜਿਹਾ ਸੀ ਜਿਵੇਂ ਸੂਰਜ ਆਪਣੇ ਡਾਢੇ ਤੇਜ ਨਾਲ ਚਮਕਦਾ ਹੈ ।

17ਜਦ ਮੈਂ ਉਹ ਨੂੰ ਦੇਖਿਆ ਤਾਂ ਉਹ ਦੇ ਪੈਰਾਂ ਵਿੱਚ ਮੁਰਦੇ ਵਾਂਗੂੰ ਡਿੱਗ ਪਿਆ ਤਾਂ ਉਸ ਨੇ ਆਪਣਾ ਸੱਜਾ ਹੱਥ ਮੇਰੇ ਉੱਤੇ ਰੱਖਿਆ ਅਤੇ ਕਿਹਾ, ਨਾ ਡਰ । ਮੈਂ ਪਹਿਲਾ ਅਤੇ ਆਖਰੀ ਹਾਂ

18ਅਤੇ ਜਿਉਂਦਾ ਹਾਂ । ਮੈਂ ਮੁਰਦਾ ਸੀ ਅਤੇ ਵੇਖ, ਮੈਂ ਜੁੱਗੋ-ਜੁੱਗ ਜਿਉਂਦਾ ਹਾਂ, ਮੌਤ ਅਤੇ ਪਤਾਲ ਦੀਆਂ ਕੁੰਜੀਆਂ ਮੇਰੇ ਕੋਲ ਹਨ ।

19ਇਸ ਲਈ ਜੋ ਕੁੱਝ ਤੂੰ ਵੇਖਿਆ, ਜੋ ਕੁੱਝ ਹੈ ਅਤੇ ਜੋ ਕੁੱਝ ਇਹ ਦੇ ਬਾਅਦ ਹੋਣ ਵਾਲਾ ਹੈ, ਸੋ ਤੂੰ ਲਿਖ ਲੈ ।

20ਅਰਥਾਤ ਉਹਨਾਂ ਸੱਤ ਤਾਰਿਆਂ ਦਾ ਭੇਤ ਜਿਹੜੇ ਤੂੰ ਮੇਰੇ ਸੱਜੇ ਹੱਥ ਵਿੱਚ ਵੇਖੇ ਸਨ ਅਤੇ ਉਹਨਾਂ ਸੱਤ ਸੋਨੇ ਦੇ ਸ਼ਮਾਦਾਨਾਂ ਦਾ, ਉਹ ਸੱਤ ਤਾਰੇ ਸੱਤਾਂ ਕਲੀਸਿਯਾਵਾਂ ਦੇ ਦੂਤ ਹਨ ਅਤੇ ਉਹ ਸੱਤ ਸ਼ਮਾਦਾਨ ਸੱਤ ਕਲੀਸਿਯਾਵਾਂ ਹਨ ।


  Share Facebook  |  Share Twitter

 <<  Revelation 1 >> 


Bible2india.com
© 2010-2024
Help
Dual Panel

Laporan Masalah/Saran