Bible 2 India Mobile
[VER] : [PUNJABI]     [PL]  [PB] 
 <<  Romans 3 >> 

1ਸੋ ਯਹੂਦੀ ਹੋਣ ਦਾ ਕੀ ਵਾਧਾ ਅਤੇ ਸੁੰਨਤ ਦਾ ਕੀ ਲਾਭ ਹੈ ?

2ਹਰ ਪਰਕਾਰ ਨਾਲ ਬਹੁਤ ਕੁਝ l ਪਹਿਲਾਂ ਤਾਂ ਇਹ ਜੋ ਪਰਮੇਸ਼ੁਰ ਦਾ ਬਚਨ ਉਨ੍ਹਾਂ ਨੂੰ ਸੌਂਪਿਆ ਗਿਆ ।

3ਫੇਰ ਭਾਵੇਂ ਕਈ ਬੇਵਫ਼ਾ ਨਿੱਕਲੇ ਤਾਂ ਕੀ ਹੋਇਆ ? ਭਲਾ ਉਹਨਾਂ ਦੀ ਬੇਵਫ਼ਾਈ ਪਰਮੇਸ਼ੁਰ ਦੀ ਵਫ਼ਾਦਾਰੀ ਨੂੰ ਵਿਅਰਥ ਕਰ ਸਕਦੀ ਹੈ ?

4ਕਦੇ ਨਹੀਂ ! ਸਗੋਂ ਪਰਮੇਸ਼ੁਰ ਸੱਚਾ ਠਹਿਰੇ ਅਤੇ ਹਰ ਮਨੁੱਖ ਝੂਠਾ । ਜਿਵੇਂ ਲਿਖਿਆ ਹੋਇਆ ਹੈ ਤੂੰ ਆਪਣੇ ਬੋਲ ਵਿੱਚ ਧਰਮੀ ਠਹਿਰੇ ਅਤੇ ਆਪਣੇ ਨਿਆਂ ਵਿੱਚ ਜਿੱਤ ਜਾਵੇਂ ।

5ਪਰ ਜੇ ਸਾਡਾ ਕੁਧਰਮ ਪਰਮੇਸ਼ੁਰ ਦੇ ਧਰਮ ਨੂੰ ਪਰਗਟ ਕਰਦਾ ਹੈ ਤਾਂ ਕੀ ਆਖੀਏ ? ਭਲਾ, ਪਰਮੇਸ਼ੁਰ ਅਨਿਆਈਂ ਹੈ ਜੋ ਕ੍ਰੋਧ ਪਾਉਂਦਾ ਹੈ ? ( ਮੈਂ ਲੋਕਾਂ ਵਾਂਗੂੰ ਆਖਦਾ ਹਾਂ )

6ਕਦੇ ਨਹੀਂ ! ਤਾਂ ਫੇਰ ਪਰਮੇਸ਼ੁਰ ਸੰਸਾਰ ਦਾ ਨਿਆਂ ਕਿਵੇਂ ਕਰੇਗਾ ?

7ਜੇਕਰ ਮੇਰੇ ਝੂਠ ਕਰਕੇ ਪਰਮੇਸ਼ੁਰ ਦੇ ਸੱਚ ਦੀ ਵਡਿਆਈ ਬਹੁਤੀ ਪਰਗਟ ਹੋਈ, ਤਾਂ ਫਿਰ ਕਿਉਂ ਮੈਂ ਅਜੇ ਤੱਕ ਪਾਪੀਆਂ ਵਾਂਗੂੰ ਦੋਸ਼ੀ ਠਹਿਰਾਇਆ ਜਾਂਦਾ ਹਾਂ ।

8ਅਤੇ ਇਹ ਕਿਉਂ ਨਾ ਬੋਲੀਏ, ਜਿਵੇਂ ਸਾਡੇ ਉੱਤੇ ਇਹ ਦੋਸ਼ ਲਾਇਆ ਵੀ ਜਾਂਦਾ ਹੈ, ਅਤੇ ਜਿਵੇਂ ਕਈ ਆਖਦੇ ਹਨ, ਜੋ ਅਸੀਂ ਇਸ ਤਰ੍ਹਾਂ ਕਹਿੰਦੇ ਹਾਂ, ਕਿ ਆਓ, ਬੁਰਿਆਈ ਕਰੀਏ ਤਾਂ ਜੋ ਇਸ ਤੋਂ ਭਲਿਆਈ ਨਿੱਕਲੇ । ਸੋ ਏਹੋ ਜਿਹਿਆਂ ਉੱਤੇ ਸਜ਼ਾ ਦਾ ਹੁਕਮ ਪੱਕਾ ਹੈ ।

9ਤਾਂ ਫੇਰ ਕੀ ? ਭਲਾ, ਅਸੀਂ ਉਹਨਾਂ ਨਾਲੋਂ ਚੰਗੇ ਹਾਂ ? ਕਦੇ ਵੀ ਨਹੀਂ ! ਕਿਉਂ ਜੋ ਅਸੀਂ ਤਾਂ ਪਹਿਲਾਂ ਹੀ ਕਹਿ ਬੈਠੇ ਹਾਂ ਜੋ ਯਹੂਦੀ ਅਤੇ ਯੂਨਾਨੀ ਸਾਰਿਆਂ ਦੇ ਸਾਰੇ ਪਾਪ ਦੇ ਹੇਠ ਹਨ ।

10ਜਿਵੇਂ ਲਿਖਿਆ ਹੋਇਆ ਹੈ ਕੋਈ ਇੱਕ ਵੀ ਧਰਮੀ ਨਹੀਂ,

11ਕੋਈ ਸਮਝਣ ਵਾਲਾ ਨਹੀਂ, ਕੋਈ ਪਰਮੇਸ਼ੁਰ ਦਾ ਖੋਜੀ ਨਹੀਂ ।

12ਸਭ ਦੇ ਸਭ ਭਟਕ ਗਏ, ਉਹ ਸਾਰੇ ਦੇ ਸਾਰੇ ਨਿਕੰਮੇ ਹੋ ਗਏ ਹਨ, ਕੋਈ ਭਲਾ ਕਰਨ ਵਾਲਾ ਨਹੀਂ, ਇੱਕ ਵੀ ਨਹੀਂ ।

13ਉਹਨਾਂ ਦਾ ਮੂੰਹ ਖੁੱਲੀ ਹੋਈ ਕਬਰ ਹੈ, ਉਹਨਾਂ ਨੇ ਆਪਣੀਆਂ ਜੀਭਾਂ ਨਾਲ ਵਲ-ਛਲ ਕੀਤਾ ਹੈ ਅਤੇ, ਉਹਨਾਂ ਦੇ ਬੁੱਲ੍ਹਾਂ ਵਿੱਚ ਜ਼ਹਿਰੀ ਸੱਪਾਂ ਦਾ ਜ਼ਹਿਰ ਹੈ ।

14ਉਹਨਾਂ ਦਾ ਮੂੰਹ ਸਰਾਪ ਅਤੇ ਕੁੱੜਤਣ ਨਾਲ ਭਰਿਆ ਹੋਇਆ ਹੈ,

15ਉਹਨਾਂ ਦੇ ਪੈਰ ਲਹੂ ਵਹਾਉਣ ਲਈ ਫੁਰਤੀਲੇ ਹਨ,

16ਉਹਨਾਂ ਦੇ ਰਾਹਾਂ ਵਿੱਚ ਨਾਸ ਅਤੇ ਬਿਪਤਾ ਹੈ,

17ਅਤੇ ਉਹਨਾਂ ਨੇ ਸ਼ਾਂਤੀ ਦਾ ਰਾਹ ਨਾ ਪਛਾਣਿਆ,

18ਉਹਨਾਂ ਦੀਆਂ ਅੱਖਾਂ ਦੇ ਅੱਗੇ ਪਰਮੇਸ਼ੁਰ ਦਾ ਡਰ ਹੈ ਹੀ ਨਹੀਂ ।

19ਹੁਣ ਅਸੀਂ ਜਾਣਦੇ ਹਾਂ ਕਿ ਬਿਵਸਥਾ ਜੋ ਕੁੱਝ ਆਖਦੀ ਹੈ ਸੋ ਬਿਵਸਥਾ ਵਾਲਿਆਂ ਨੂੰ ਆਖਦੀ ਹੈ ਤਾਂ ਜੋ ਹਰੇਕ ਦਾ ਮੂੰਹ ਬੰਦ ਹੋ ਜਾਵੇ ਅਤੇ ਸਾਰਾ ਸੰਸਾਰ ਪਰਮੇਸ਼ੁਰ ਦੇ ਨਿਆਂ ਦੇ ਹੇਠ ਆ ਜਾਵੇ ।

20ਇਸ ਲਈ ਜੋ ਉਹ ਦੇ ਸਾਹਮਣੇ ਬਿਵਸਥਾ ਦੇ ਕੰਮਾਂ ਤੋਂ ਕੋਈ ਇਨਸਾਨ ਧਰਮੀ ਨਹੀਂ ਠਹਿਰੇਗਾ, ਕਿਉਂ ਜੋ ਬਿਵਸਥਾ ਦੇ ਰਾਹੀਂ ਪਾਪ ਦੀ ਪਛਾਣ ਹੁੰਦੀ ਹੈ ।

21ਪਰ ਹੁਣ ਬਿਵਸਥਾ ਤੋਂ ਬਿਨ੍ਹਾਂ ਪਰਮੇਸ਼ੁਰ ਦੀ ਧਾਰਮਿਕਤਾ ਪ੍ਰਗਟ ਹੋਈ ਹੈ, ਬਿਵਸਥਾ ਅਤੇ ਨਬੀ ਉਸ ਦੀ ਗਵਾਹੀ ਦਿੰਦੇ ਹਨ ।

22ਅਰਥਾਤ ਪਰਮੇਸ਼ੁਰ ਦੀ ਉਹ ਧਾਰਮਿਕਤਾ ਜੋ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਨ ਨਾਲ ਮਿਲਦੀ ਹੈ । ਇਹ ਉਨ੍ਹਾਂ ਸਭਨਾਂ ਦੇ ਲਈ ਹੈ ਜਿਹੜੇ ਵਿਸ਼ਵਾਸ ਕਰਦੇ ਹਨ ਕਿਉਂ ਜੋ ਕੁੱਝ ਫ਼ਰਕ ਨਹੀਂ ਹੈ ।

23ਕਿਉਂਕਿ ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੀ ਮਹਿਮਾ ਤੋਂ ਰਹਿਤ ਹਨ ।

24ਸੋ ਉਹ ਦੀ ਕਿਰਪਾ ਨਾਲ ਉਸ ਛੁਟਕਾਰੇ ਦੇ ਕਾਰਨ ਜੋ ਮਸੀਹ ਯਿਸੂ ਤੋਂ ਹੁੰਦਾ ਹੈ ਉਹ ਮੁਫ਼ਤ ਧਰਮੀ ਗਿਣੇ ਜਾਂਦੇ ਹਨ ।

25ਜਿਸ ਨੂੰ ਪਰਮੇਸ਼ੁਰ ਨੇ ਉਹ ਦੇ ਲਹੂ ਉੱਤੇ ਵਿਸ਼ਵਾਸ ਕਰਨ ਨਾਲ ਪ੍ਰਾਸਚਿੱਤ ਠਹਿਰਾਇਆ ਤਾਂ ਜੋ ਪਰਮੇਸ਼ੁਰ ਆਪਣੀ ਧਾਰਮਿਕਤਾ ਨੂੰ ਪ੍ਰਗਟ ਕਰੇ ਇਸ ਲਈ ਜੋ ਉਹ ਨੇ ਆਪਣੀ ਸਹਿਨਸ਼ੀਲਤਾ ਨਾਲ ਪਿੱਛਲੇ ਸਮੇਂ ਵਿੱਚ ਕੀਤੇ ਹੋਏ ਪਾਪਾਂ ਤੋਂ ਅੱਖੀਆਂ ਫੇਰ ਲਈਆਂ ।

26ਹਾਂ, ਇਸ ਵਰਤਮਾਨ ਸਮੇਂ ਵਿੱਚ ਵੀ ਆਪਣੀ ਧਾਰਮਿਕਤਾ ਨੂੰ ਪਰਗਟ ਕਰੇ ਤਾਂ ਜੋ ਉਹ ਆਪ ਧਰਮੀ ਰਹੇ ਅਤੇ ਨਾਲੇ ਉਹ ਨੂੰ ਧਰਮੀ ਠਹਿਰਾਵੇ, ਜਿਹੜਾ ਯਿਸੂ ਮਸੀਹ ਉੱਤੇ ਵਿਸ਼ਵਾਸ ਕਰੇ ।

27ਸੋ ਹੁਣ ਘਮੰਡ ਕਿੱਥੇ ਗਿਆ ? ਉਹ ਤਾਂ ਰਹਿ ਗਿਆ । ਕਿਸ ਤਰ੍ਹਾਂ ਦੀ ਬਿਧੀ ਨਾਲ ? ਭਲਾ, ਕਰਮਾਂ ਦੀ ? ਨਹੀਂ ! ਸਗੋਂ ਵਿਸ਼ਵਾਸ ਦੀ ਬਿਧੀ ਨਾਲ ।

28ਇਸ ਲਈ ਅਸੀਂ ਹੁਣ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਮਨੁੱਖ ਬਿਵਸਥਾ ਦੇ ਕੰਮਾਂ ਤੋਂ ਨਹੀਂ ਸਗੋਂ ਵਿਸ਼ਵਾਸ ਹੀ ਤੋਂ ਧਰਮੀ ਠਹਿਰਾਇਆ ਜਾਂਦਾ ਹੈ ।

29ਫੇਰ ਕੀ ਪਰਮੇਸ਼ੁਰ ਕੇਵਲ ਯਹੂਦੀਆਂ ਦਾ ਹੀ ਹੈ, ਅਤੇ ਪਰਾਈਆਂ ਕੌਮਾਂ ਦਾ ਨਹੀਂ ? ਹਾਂ, ਪਰਾਈਆਂ ਕੌਮਾਂ ਦਾ ਵੀ ਹੈ ।

30ਕਿਉਂ ਜੋ ਪਰਮੇਸ਼ੁਰ ਇੱਕੋ ਹੈ ਜਿਹੜਾ ਸੁੰਨਤੀਆਂ ਨੂੰ ਵਿਸ਼ਵਾਸ ਤੋਂ ਅਤੇ ਅਸੁੰਨਤੀਆਂ ਨੂੰ ਵੀ ਵਿਸ਼ਵਾਸ ਹੀ ਦੇ ਕਾਰਨ ਧਰਮੀ ਠਹਿਰਾਵੇਗਾ ।

31ਫੇਰ ਕੀ ਅਸੀਂ ਬਿਵਸਥਾ ਨੂੰ ਵਿਸ਼ਵਾਸ ਦੇ ਕਾਰਨ ਵਿਅਰਥ ਕਰਦੇ ਹਾਂ ? ਕਦੇ ਨਹੀਂ, ਸਗੋਂ ਬਿਵਸਥਾ ਨੂੰ ਕਾਇਮ ਰੱਖਦੇ ਹਾਂ ।


  Share Facebook  |  Share Twitter

 <<  Romans 3 >> 


Bible2india.com
© 2010-2024
Help
Dual Panel

Laporan Masalah/Saran