Bible 2 India Mobile
[VER] : [PUNJABI]     [PL]  [PB] 
 <<  Romans 13 >> 

1ਹਰੇਕ ਮਨੁੱਖ ਹਕੂਮਤਾਂ ਦੇ ਅਧੀਨ ਰਹੇ ਕਿਉਂਕਿ ਅਜਿਹੀ ਕੋਈ ਹਕੂਮਤ ਨਹੀਂ ਜਿਹੜੀ ਪਰਮੇਸ਼ੁਰ ਦੇ ਵੱਲੋਂ ਨਾ ਹੋਵੇ ਅਤੇ ਜਿੰਨ੍ਹੀਆਂ ਹਕੂਮਤਾਂ ਹਨ, ਉਹ ਪਰਮੇਸ਼ੁਰ ਦੀਆਂ ਠਹਿਰਾਈਆਂ ਹੋਈਆਂ ਹਨ ।

2ਇਸ ਲਈ ਜਿਹੜਾ ਹਕੂਮਤ ਦਾ ਵਿਰੋਧ ਕਰਦਾ ਹੈ, ਉਹ ਪਰਮੇਸ਼ੁਰ ਦੀ ਵਿਧੀ ਦਾ ਵਿਰੋਧ ਕਰਦਾ ਹੈ ਅਤੇ ਜਿਹੜੇ ਵਿਰੋਧ ਕਰਦੇ ਹਨ ਉਹ ਸਜ਼ਾ ਭੁਗਤਣਗੇ ।

3ਹਾਕਮ ਤਾਂ ਚੰਗੇ ਕੰਮ ਤੋਂ ਨਹੀਂ ਪਰ ਬੁਰੇ ਕੰਮ ਤੋਂ ਡਰਾਉਣ ਵਾਲੇ ਹੁੰਦੇ ਹਨ । ਸੋ ਜੇ ਤੂੰ ਹਾਕਮ ਤੋਂ ਨਿਡਰ ਰਹਿਣਾ ਚਾਹੁੰਦਾ ਹੈ ? ਤਾਂ ਚੰਗੇ ਕੰਮ ਕਰ ਫੇਰ ਉਸ ਦੀ ਵੱਲੋਂ ਤੇਰੀ ਸ਼ੋਭਾ ਹੋਵੇਗੀ ।

4ਕਿਉਂ ਜੋ ਉਹ ਪਰਮੇਸ਼ੁਰ ਦਾ ਸੇਵਕ ਤੇਰੀ ਭਲਿਆਈ ਲਈ ਹੈ । ਪਰ ਜੇ ਤੂੰ ਬੁਰਾ ਕਰੇ ਤਾਂ ਉਸ ਤੋਂ ਡਰ, ਇਸ ਲਈ ਜੋ ਉਹ ਐਂਵੇਂ ਤਲਵਾਰ ਨਹੀਂ ਲਈ ਫਿਰਦਾ । ਉਹ ਤਾਂ ਪਰਮੇਸ਼ੁਰ ਦਾ ਸੇਵਕ ਹੈ, ਕਿ ਉਹ ਬੁਰੇ ਕੰਮ ਕਰਨ ਵਾਲਿਆ ਨੂੰ ਸਜ਼ਾ ਦੇਵੇ ।

5ਇਸ ਲਈ ਕੇਵਲ ਕ੍ਰੋਧ ਹੀ ਦੇ ਕਾਰਨ ਨਹੀਂ ਸਗੋਂ ਆਪਣੇ ਵਿਵੇਕ ਦੇ ਕਾਰਨ ਵੀ ਅਧੀਨ ਹੋਣ ਦੀ ਲੋੜ ਹੈ ।

6ਇਸ ਲਈ ਉਨ੍ਹਾਂ ਨੂੰ ਕਰ ਵੀ ਦਿਉ ਕਿਉਂਕਿ ਉਹ ਇਸੇ ਕੰਮ ਵਿੱਚ ਸਦਾ ਲੱਗੇ ਰਹਿੰਦੇ ਹਨ, ਅਤੇ ਪਰਮੇਸ਼ੁਰ ਦੇ ਸੇਵਾਦਾਰ ਹਨ ।

7ਇਸ ਲਈ ਹਰ ਇੱਕ ਦਾ ਹੱਕ ਅਦਾ ਕਰੋ । ਜਿਹ ਨੂੰ ਕਰ ਦੇਣਾ ਚਾਹੀਦਾ ਹੈ ਉਸ ਨੂੰ ਕਰ ਦਿਉ, ਜਿਹ ਨੂੰ ਮਸੂਲ ਦੇਣਾ ਚਾਹੀਦਾ ਹੈ ਉਸ ਨੂੰ ਮਸੂਲ ਦਿਉ, ਜਿਸ ਦੇ ਕੋਲੋਂ ਡਰਨਾ ਚਾਹੀਦਾ ਹੈ ਉਸ ਦੇ ਕੋਲੋਂ ਡਰੋ, ਜਿਸ ਦਾ ਆਦਰ ਕਰਨਾ ਚਾਹੀਦਾ ਹੈ ਉਸਦਾ ਆਦਰ ਕਰੋ ।

8ਇੱਕ ਦੂਜੇ ਨਾਲ ਪਿਆਰ ਕਰਨ ਤੋਂ ਬਿਨ੍ਹਾਂ ਕਿਸੇ ਹੋਰ ਗੱਲ ਵਿੱਚ ਕਿਸੇ ਦੇ ਕਰਜ਼ਦਾਰ ਨਾ ਰਹੋ ਕਿਉਂਕਿ ਜੋ ਦੂਸਰੇ ਨਾਲ ਪਿਆਰ ਕਰਦਾ ਹੈ ਉਹ ਨੇ ਬਿਵਸਥਾ ਨੂੰ ਪੂਰਾ ਕੀਤਾ ਹੈ ।

9ਕਿਉਂਕਿ ਇਹ, ਜੋ ਵਿਭਚਾਰ ਨਾ ਕਰ, ਖੂਨ ਨਾ ਕਰ, ਚੋਰੀ ਨਾ ਕਰ, ਲੋਭ ਨਾ ਕਰ ਅਤੇ ਜੇ ਕੋਈ ਹੋਰ ਹੁਕਮ ਵੀ ਹੋਵੇ ਤਾਂ ਸਭ ਗੱਲਾਂ ਦਾ ਨਿਚੋੜ ਇਸ ਗੱਲ ਵਿੱਚ ਹੈ, ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ ।

10ਪਿਆਰ ਗੁਆਂਢੀ ਦਾ ਕੁੱਝ ਬੁਰਾ ਨਹੀਂ ਕਰਦਾ, ਇਸ ਲਈ ਪਿਆਰ ਬਿਵਸਥਾ ਨੂੰ ਪੂਰਾ ਕਰਨਾ ਹੈ ।

11ਅਤੇ ਤੁਸੀਂ ਸਮੇਂ ਨੂੰ ਪਹਿਚਾਣ ਲਵੋ ਕਿਉਂਕਿ ਹੁਣ ਤੁਹਾਡੇ ਨੀਂਦ ਤੋਂ ਜਾਗਣ ਦੀ ਘੜੀ ਆ ਪਹੁੰਚੀ ਹੈ, ਕਿਉਂ ਜੋ ਜਿਸ ਵੇਲੇ ਅਸੀਂ ਵਿਸ਼ਵਾਸ ਕੀਤਾ ਸੀ, ਉਸ ਸਮੇਂ ਦੇ ਵਿਚਾਰ ਨਾਲ ਹੁਣ ਸਾਡੀ ਮੁਕਤੀ ਨੇੜੇ ਹੈ ।

12ਰਾਤ ਬਹੁਤ ਬੀਤ ਗਈ ਅਤੇ ਦਿਨ ਚੜ੍ਹਨ ਵਾਲਾ ਹੈ ਇਸ ਲਈ ਹਨ੍ਹੇਰੇ ਦੇ ਕੰਮ ਛੱਡ ਦੇਈਏ ਅਤੇ ਚਾਨਣ ਦੀ ਸੰਜੋ ਪਹਿਨ ਲਈਏ ।

13ਜਿਵੇਂ ਦਿਨ ਵੇਲੇ ਸ਼ੋਭਾ ਦਿੰਦਾ ਹੈ, ਉਵੇਂ ਹੀ ਅਸੀਂ ਭਲਮਾਨਸੀ ਨਾਲ ਚੱਲੀਏ, ਨਾ ਨਾਚ-ਰੰਗ ਅਤੇ ਨਾ ਨਸ਼ਿਆਂ ਵਿੱਚ, ਨਾ ਹਰਾਮਕਾਰੀਆਂ ਅਤੇ ਲੁੱਚਪੁਣਿਆਂ ਵਿੱਚ, ਨਾ ਝਗੜੇ ਅਤੇ ਖਾਰ ਵਿੱਚ ।

14ਸਗੋਂ ਪ੍ਰਭੂ ਯਿਸੂ ਮਸੀਹ ਨੂੰ ਪਹਿਨ ਲਵੋ ਅਤੇ ਸਰੀਰ ਦੀਆਂ ਕਾਮਨਾਵਾਂ ਨੂੰ ਪੂਰਾ ਕਰਨ ਲਈ ਕੋਈ ਪ੍ਰਬੰਧ ਨਾ ਕਰੋ ।


  Share Facebook  |  Share Twitter

 <<  Romans 13 >> 


Bible2india.com
© 2010-2024
Help
Dual Panel

Laporan Masalah/Saran