Bible 2 India Mobile
[VER] : [PUNJABI]     [PL]  [PB] 
 <<  Lamentations 4 >> 

1ਸੋਨਾ ਕਿਵੇਂ ਫਿੱਕਾ ਹੋ ਗਿਆ ! ਖ਼ਰਾ ਸੋਨਾ ਕਿਵੇਂ ਬਦਲ ਗਿਆ ? ਪਵਿੱਤਰ ਸਥਾਨ ਦੇ ਪੱਥਰ ਹਰ ਗਲੀ ਦੇ ਸਿਰ ਉੱਤੇ ਖਿੱਲਰੇ ਪਏ ਹਨ ।

2ਸੀਯੋਨ ਦੇ ਲਾਡਲੇ ਪੁੱਤਰ, ਜਿਹੜੇ ਸੋਨੇ ਦੇ ਤੁੱਲ ਸਨ, ਕਿਵੇਂ ਘੁਮਿਆਰ ਦੇ ਬਣਾਏ ਮਿੱਟੀ ਦੇ ਭਾਂਡਿਆਂ ਵਾਂਗੂੰ ਤੁੱਛ ਸਮਝੇ ਗਏ ਹਨ !

3ਗਿੱਦੜੀਆਂ ਵੀ ਆਪਣੀਆਂ ਛਾਤੀ ਤੋਂ ਆਪਣੇ ਬੱਚਿਆਂ ਨੂੰ ਦੁੱਧ ਚੁੰਘਾਉਂਦੀਆਂ ਹਨ, ਪਰ ਮੇਰੀ ਪਰਜਾ ਦੀ ਧੀ, ਉਜਾੜ ਦੇ ਸ਼ੁਤਰ-ਮੁਰਗਾਂ ਵਾਂਗੂੰ ਨਿਰਦਈ ਹੋ ਗਈ ਹੈ !

4ਦੁੱਧ ਚੁੰਘਣ ਵਾਲੇ ਬੱਚੇ ਦੀ ਜੀਭ ਪਿਆਸ ਦੇ ਕਾਰਨ ਤਾਲੂ ਨਾਲ ਜਾ ਲੱਗੀ ਹੈ, ਨਿਆਣੇ ਰੋਟੀ ਮੰਗਦੇ ਪਰ ਕੋਈ ਉਹਨਾਂ ਨੂੰ ਨਹੀਂ ਦਿੰਦਾ ।

5ਜਿਹੜੇ ਸੁਆਦਲਾ ਭੋਜਨ ਖਾਂਦੇ ਸਨ, ਗਲੀਆਂ ਵਿੱਚ ਭੁੱਖੇ ਫਿਰਦੇ ਹਨ, ਜਿਹੜੇ ਮਖ਼ਮਲੀ ਕੱਪੜਿਆਂ ਵਿੱਚ ਪਲਦੇ ਸਨ, ਉਹ ਗੁਹੀਰਿਆਂ ਨੂੰ ਜੱਫੀਆਂ ਪਾਉਂਦੇ ਹਨ !

6ਮੇਰੀ ਪਰਜਾ ਦੀ ਧੀ ਦੀ ਬੁਰਿਆਈ ਸਦੂਮ ਦੇ ਪਾਪ ਨਾਲੋਂ ਵੱਡੀ ਹੈ, ਜਿਹੜਾ ਬਿਨ੍ਹਾਂ ਕਿਸੇ ਦੇ ਹੱਥ ਲਾਏ ਇੱਕ ਪਲ ਵਿੱਚ ਢਾਹਿਆ ਗਿਆ ।

7ਉਹ ਦੇ ਪਤਵੰਤ ਬਰਫ ਨਾਲੋਂ ਸ਼ੁੱਧ ਅਤੇ ਦੁੱਧ ਨਾਲੋਂ ਚਿੱਟੇ ਸਨ, ਉਹਨਾਂ ਦੇ ਸਰੀਰ ਮੂੰਗੇ ਨਾਲੋਂ ਲਾਲ ਸਨ, ਉਹਨਾਂ ਦੀ ਚਮਕ ਨੀਲਮ ਵਰਗੀ ਸੀ ।

8ਹੁਣ ਉਹਨਾਂ ਦਾ ਰੂਪ ਕਾਲਖ ਨਾਲੋਂ ਕਾਲਾ ਹੈ, ਉਹ ਬਜ਼ਾਰਾਂ ਵਿੱਚ ਪਹਿਚਾਣੇ ਨਹੀਂ ਜਾਂਦੇ, ਉਹਨਾਂ ਦਾ ਚਮੜਾ ਸੁੰਘੜ ਕੇ ਹੱਡੀਆਂ ਨਾਲ ਜੁੜ ਗਿਆ, ਉਹ ਸੁੱਕ ਕੇ ਲੱਕੜ ਵਾਂਗੂੰ ਹੋ ਗਿਆ ਹੈ ।

9ਤਲਵਾਰ ਦੇ ਮਾਰੇ ਹੋਏ, ਭੁੱਖ ਦੇ ਮਾਰੇ ਹੋਇਆਂ ਨਾਲੋਂ ਚੰਗੇ ਹਨ, ਖੇਤ ਦਾ ਫਲ ਨਾ ਮਿਲਣ ਕਰਕੇ, ਇਹਨਾਂ ਦਾ ਪ੍ਰਾਣ ਸੁੱਕਦਾ ਜਾਂਦਾ ਹੈ ।

10ਦਿਆਲੂ ਇਸਤਰੀਆਂ ਨੇ ਆਪਣੇ ਹੱਥੀਂ ਆਪਣੇ ਬੱਚਿਆਂ ਨੂੰ ਪਕਾਇਆ ! ਮੇਰੀ ਪਰਜਾ ਦੀ ਧੀ ਦੀ ਬਰਬਾਦੀ ਵਿੱਚ, ਉਹ ਹੀ ਇਹਨਾਂ ਦਾ ਭੋਜਨ ਸਨ !

11ਯਹੋਵਾਹ ਨੇ ਆਪਣਾ ਪੂਰਾ ਕਹਿਰ ਪਰਗਟ ਕੀਤਾ, ਉਸ ਨੇ ਆਪਣਾ ਭੜਕਦਾ ਕ੍ਰੋਧ ਡੋਲ੍ਹ ਦਿੱਤਾ, ਉਸ ਨੇ ਸੀਯੋਨ ਵਿੱਚ ਇੱਕ ਅੱਗ ਭੜਕਾਈ, ਜਿਸਨੇ ਉਸ ਦੀਆਂ ਨੀਹਾਂ ਨੂੰ ਭਸਮ ਕਰ ਦਿੱਤਾ ।

12ਧਰਤੀ ਦੇ ਰਾਜੇ ਅਤੇ ਜਗਤ ਦੇ ਸਾਰੇ ਵਾਸੀ ਯਕੀਨ ਨਹੀਂ ਕਰਦੇ, ਕਿ ਵੈਰੀ ਅਤੇ ਵਿਰੋਧੀ ਯਰੂਸ਼ਲਮ ਦੇ ਫਾਟਕਾਂ ਵਿੱਚ ਆ ਵੜੇ ।

13ਇਹ ਉਸ ਦੇ ਨਬੀਆਂ ਦੇ ਪਾਪ ਅਤੇ ਉਸ ਦੇ ਜਾਜਕਾਂ ਦੀ ਬਦੀ ਦੇ ਕਾਰਨ ਹੋਇਆ, ਜਿਨ੍ਹਾਂ ਨੇ ਉਹ ਦੇ ਵਿਚਕਾਰ ਧਰਮੀਆਂ ਦਾ ਲਹੂ ਵਹਾਇਆ ।

14ਉਹ ਅੰਨ੍ਹਿਆਂ ਵਰਗੇ ਹੋ ਕੇ ਗਲੀਆਂ ਵਿੱਚ ਫਿਰਦੇ ਹਨ, ਉਹ ਲਹੂ ਨਾਲ ਇੰਨੇ ਅਸ਼ੁੱਧ ਹੋ ਗਏ ਹਨ, ਭਈ ਕੋਈ ਉਹਨਾਂ ਦੇ ਬਸਤਰ ਛੂਹ ਨਹੀਂ ਸਕਦਾ ।

15ਲੋਕ ਉਹਨਾਂ ਨੂੰ ਪੁਕਾਰ ਕੇ ਆਖਦੇ ਹਨ "ਦੂਰ ਹੋਵੋ", "ਭ੍ਰਿਸ਼ਟੇ ਹੋਇਓ ! ਦੂਰ ਹੋਵੋ, ਦੂਰ ਹੋਵੋ ! ਸਾਨੂੰ ਨਾ ਛੂਹੋ !" ਜਦ ਉਹ ਭੱਜ ਗਏ ਅਤੇ ਮਾਰੇ ਮਾਰੇ ਫਿਰਨ ਲੱਗੇ, ਤਦ ਕੌਮਾਂ ਵਿੱਚ ਲੋਕ ਆਖਦੇ ਸਨ, "ਉਹ ਐਥੇ ਨਹੀਂ ਰਹਿ ਸਕਦੇ ! "

16ਯਹੋਵਾਹ ਦੇ ਕ੍ਰੋਧ ਨੇ ਉਹਨਾਂ ਨੂੰ ਖਿਲਾਰ ਦਿੱਤਾ, ਉਹ ਫੇਰ ਉਹਨਾਂ ਉੱਤੇ ਦਯਾ ਦ੍ਰਿਸ਼ਟੀ ਨਹੀਂ ਕਰੇਗਾ, ਉਹਨਾਂ ਦੇ ਜਾਜਕਾਂ ਦਾ ਮਾਣ ਨਹੀਂ ਰੱਖਿਆ, ਨਾ ਬਜ਼ੁਰਗਾਂ ਉੱਤੇ ਕਿਰਪਾ ਕੀਤੀ ।

17ਸਾਡੀਆਂ ਅੱਖਾਂ ਵਿਅਰਥ ਵਿੱਚ ਸਹਾਇਤਾ ਦੀ ਉਡੀਕ ਕਰਦਿਆਂ ਥੱਕ ਗਈਆਂ, ਅਸੀਂ ਇੱਕ ਕੌਮ ਦੀ ਉਡੀਕ ਕਰਦੇ ਰਹੇ, ਜਿਹੜੀ ਬਚਾ ਨਹੀਂ ਸਕਦੀ ।

18ਉਹ ਸਾਡੇ ਪੈਰਾਂ ਦੇ ਨਿਸ਼ਾਨਾਂ ਦਾ ਪਿੱਛਾ ਕਰਦੇ ਹਨ, ਕਿ ਅਸੀਂ ਆਪਣੇ ਚੌਂਕਾਂ ਦੇ ਵਿੱਚ ਵੀ ਨਹੀਂ ਜਾ ਸਕਦੇ, ਸਾਡਾ ਅੰਤ ਨੇੜੇ ਆਇਆ, ਸਾਡੇ ਦਿਨ ਪੂਰੇ ਹੋ ਗਏ, ਕਿਉਂ ਜੋ ਸਾਡਾ ਅੰਤ ਆ ਗਿਆ ਸੀ ।

19ਸਾਡਾ ਪਿੱਛਾ ਕਰਨ ਵਾਲੇ ਅਕਾਸ਼ ਦੇ ਉਕਾਬਾਂ ਨਾਲੋਂ ਵੀ ਤੇਜ਼ ਸਨ, ਉਹ ਪਹਾੜਾਂ ਦੇ ਉੱਤੇ ਸਾਡੇ ਪਿੱਛੇ ਭੱਜੇ, ਉਹ ਉਜਾੜ ਵਿੱਚ ਸਾਡੀ ਘਾਤ ਵਿੱਚ ਬੈਠੇ ਸਨ ।

20ਯਹੋਵਾਹ ਦਾ ਮਸਹ ਕੀਤਾ ਹੋਇਆ, ਜੋ ਸਾਡੀਆਂ ਨਾਸਾਂ ਦਾ ਸਾਹ ਸੀ, ਜਿਸਦੇ ਵਿਖੇ ਅਸੀਂ ਕਹਿੰਦੇ ਸੀ, ਕਿ ਉਹ ਦੇ ਸਾਏ ਹੇਠ ਅਸੀਂ ਪਰਾਈਆਂ ਕੌਮਾਂ ਵਿੱਚ ਜੀਉਂਦੇ ਰਹਾਂਗੇ, ਉਹ ਉਹਨਾਂ ਦੇ ਪੁੱਟੇ ਹੋਏ ਟੋਇਆਂ ਵਿੱਚ ਫੜ੍ਹਿਆ ਗਿਆ !

21ਹੇ ਅਦੋਮ ਦੀਏ ਧੀਏ, ਜਿਹੜੀ ਊਜ਼ ਦੇ ਦੇਸ਼ ਵਿੱਚ ਵੱਸਦੀ ਹੈਂ, ਅਨੰਦ ਹੋ ਅਤੇ ਖੁਸ਼ੀ ਮਨਾ ! ਇਹ ਪਿਆਲਾ ਤੇਰੇ ਤੱਕ ਵੀ ਪਹੁੰਚੇਗਾ, ਤੂੰ ਮਸਤ ਹੋ ਕੇ ਆਪਣੇ ਆਪ ਨੂੰ ਨੰਗੀ ਕਰੇਂਗੀ !

22ਹੇ ਸੀਯੋਨ ਦੀਏ ਧੀਏ, ਤੇਰੀ ਬਦੀ ਦੀ ਸਜ਼ਾ ਪੂਰੀ ਹੋਈ, ਉਹ ਤੈਨੂੰ ਫੇਰ ਗੁਲਾਮ ਬਣਾ ਕੇ ਨਹੀਂ ਲੈ ਜਾਵੇਗਾ ! ਹੇ ਅਦੋਮ ਦੀਏ ਧੀਏ, ਉਹ ਤੇਰੀ ਬਦੀ ਦੀ ਖ਼ਬਰ ਲਵੇਗਾ, ਉਹ ਤੇਰੇ ਪਾਪ ਉਘਾੜ ਦੇਵੇਗਾ !


  Share Facebook  |  Share Twitter

 <<  Lamentations 4 >> 


Bible2india.com
© 2010-2024
Help
Dual Panel

Laporan Masalah/Saran