Bible 2 India Mobile
[VER] : [PUNJABI]     [PL]  [PB] 
 <<  Ecclesiastes 6 >> 

1ਇੱਕ ਬਿਪਤਾ ਹੈ ਜੋ ਮੈਂ ਸੂਰਜ ਦੇ ਹੇਠ ਵੇਖੀ ਅਤੇ ਉਹ ਮਨੁੱਖਾਂ ਦੇ ਉੱਤੇ ਭਾਰੀ ਹੈ:

2ਕੋਈ ਅਜਿਹਾ ਹੈ ਜਿਸ ਨੂੰ ਪਰਮੇਸ਼ੁਰ ਨੇ ਧਨ, ਮਾਲ ਅਤੇ ਸਨਮਾਨ ਦਿੱਤਾ ਹੈ, ਐਥੋਂ ਤੱਕ ਕਿ ਉਸ ਨੂੰ ਕਿਸੇ ਚੀਜ਼ ਦੀ, ਜਿਸ ਨੂੰ ਉਹ ਦਾ ਜੀ ਲੋਚਦਾ ਹੈ, ਕੋਈ ਥੁੜ ਨਹੀਂ, ਤਾਂ ਵੀ ਪਰਮੇਸ਼ੁਰ ਉਸ ਨੂੰ ਉਹ ਸਭ ਵਰਤਣ ਦੀ ਸਮਰੱਥਾ ਨਹੀਂ ਦਿੰਦਾ, ਸਗੋਂ ਪਰਾਇਆ ਮਨੁੱਖ ਉਸ ਨੂੰ ਵਰਤਦਾ ਹੈ । ਇਹ ਵੀ ਵਿਅਰਥ ਅਤੇ ਇੱਕ ਭੈੜਾ ਰੋਗ ਹੈ ।

3ਜੇਕਰ ਕਿਸੇ ਮਨੁੱਖ ਦੇ ਸੌ ਬੱਚੇ ਹੋਣ ਅਤੇ ਉਹ ਬਹੁਤ ਸਾਲਾਂ ਤੱਕ ਜੀਉਂਦਾ ਰਹੇ, ਅਜਿਹਾ ਕਿ ਉਸ ਦੀ ਉਮਰ ਬਹੁਤ ਲੰਮੀ ਹੋਵੇ ਪਰ ਉਹ ਦਾ ਜੀਅ ਭਲਿਆਈ ਨਾਲ ਨਾ ਰੱਜੇ ਅਤੇ ਉਹ ਦਫ਼ਨਾਇਆ ਵੀ ਨਾ ਜਾਵੇ, ਤਾਂ ਮੈਂ ਆਖਦਾ ਹਾਂ ਕਿ ਉਸ ਨਾਲੋਂ ਗਰਭ ਵਿੱਚ ਮਰਿਆ ਬੱਚਾ ਚੰਗਾ ਹੈ,

4ਕਿਉਂ ਜੋ ਉਹ ਵਿਅਰਥ ਹੀ ਆਇਆ ਅਤੇ ਹਨੇਰੇ ਵਿੱਚ ਹੀ ਚੱਲਿਆ ਗਿਆ ਅਤੇ ਉਸ ਦਾ ਨਾਮ ਵੀ ਹਨੇਰੇ ਵਿੱਚ ਹੀ ਲੁੱਕ ਗਿਆ,

5ਉਸ ਨੇ ਨਾ ਤਾਂ ਸੂਰਜ ਨੂੰ ਵੇਖਿਆ, ਨਾ ਹੀ ਕਿਸੇ ਗੱਲ ਨੂੰ ਜਾਣਿਆ, ਫੇਰ ਵੀ ਇਸ ਨੂੰ ਉਸ ਮਨੁੱਖ ਦੇ ਨਾਲੋਂ ਵੱਧ ਸੁੱਖ ਹੈ ।

6ਹਾਂ, ਭਾਵੇਂ ਉਹ ਦੋ ਵਾਰੀ ਹਜ਼ਾਰ ਸਾਲਾਂ ਤੱਕ ਜੀਉਂਦਾ ਰਹੇ ਪਰ ਫੇਰ ਵੀ ਉਹ ਕੋਈ ਭਲਿਆਈ ਨਾ ਵੇਖੇ, - ਭਲਾ, ਸਾਰਿਆਂ ਦੇ ਸਾਰੇ ਇੱਕੋ ਸਥਾਨ ਨੂੰ ਨਹੀਂ ਜਾਂਦੇ ?

7ਮਨੁੱਖ ਦਾ ਸਾਰਾ ਕੰਮ-ਧੰਦਾ ਆਪਣੇ ਢਿੱਡ ਦੇ ਲਈ ਹੈ, ਫੇਰ ਵੀ ਉਸ ਦੀ ਭੁੱਖ ਨਹੀਂ ਮਿਟਦੀ ।

8ਬੁੱਧਵਾਨ ਨੂੰ ਮੂਰਖ ਨਾਲੋਂ ਜ਼ਿਆਦਾ ਕੀ ਲਾਭ ਹੈ ਅਤੇ ਕੰਗਾਲ ਨੂੰ ਜੋ ਜੀਉਂਦਿਆਂ ਦੇ ਅੱਗੇ ਚੱਲਣਾ ਜਾਣਦਾ ਹੈ, ਉਸ ਨੂੰ ਕੀ ਪ੍ਰਾਪਤ ਹੁੰਦਾ ਹੈ ?

9ਅੱਖਾਂ ਤੋਂ ਵੇਖ ਲੈਣਾ ਲਾਲਸਾ ਵਿੱਚ ਭਟਕਣ ਨਾਲੋਂ ਚੰਗਾ ਹੈ, ਇਹ ਵੀ ਵਿਅਰਥ ਅਤੇ ਹਵਾ ਦਾ ਫੱਕਣਾ ਹੈ !

10ਜੋ ਕੁਝ ਹੋਇਆ ਉਸ ਦਾ ਨਾਮ ਮੁੱਢ ਤੋਂ ਰੱਖਿਆ ਗਿਆ ਅਤੇ ਇਹ ਜਾਣਿਆ ਗਿਆ ਕਿ ਮਨੁੱਖ ਕੀ ਹੈ, ਉਹ ਆਪਣੇ ਨਾਲੋਂ ਤਕੜੇ ਨਾਲ ਝਗੜਾ ਨਹੀਂ ਕਰ ਸਕਦਾ ।

11ਭਾਵੇਂ ਵਿਅਰਥ ਨੂੰ ਵਧਾਉਣ ਵਾਲੀਆਂ ਬਹੁਤ ਵਸਤੂਆਂ ਹਨ, ਪਰ ਮਨੁੱਖ ਨੂੰ ਕੀ ਲਾਭ ਹੁੰਦਾ ਹੈ ?

12ਕੌਣ ਜਾਣਦਾ ਹੈ ਕਿ ਮਨੁੱਖ ਦੇ ਲਈ ਜੀਵਨ ਵਿੱਚ ਕੀ ਚੰਗਾ ਹੈ, ਜਦੋਂ ਉਹ ਆਪਣੇ ਵਿਅਰਥ ਜੀਵਨ ਦੇ ਥੋੜ੍ਹੇ ਜਿਹੇ ਦਿਨ ਪਰਛਾਵੇਂ ਵਾਂਗੂੰ ਕੱਟਦਾ ਹੈ ? ਮਨੁੱਖ ਨੂੰ ਕੌਣ ਦੱਸ ਸਕਦਾ ਹੈ ਕਿ ਉਸ ਦੇ ਬਾਅਦ ਸੂਰਜ ਦੇ ਹੇਠ ਕੀ ਹੋਵੇਗਾ ?


  Share Facebook  |  Share Twitter

 <<  Ecclesiastes 6 >> 


Bible2india.com
© 2010-2024
Help
Dual Panel

Laporan Masalah/Saran