Bible 2 India Mobile
[VER] : [PUNJABI]     [PL]  [PB] 
 <<  Ecclesiastes 12 >> 

1ਆਪਣੀ ਜੁਆਨੀ ਦੇ ਦਿਨਾਂ ਵਿੱਚ ਆਪਣੇ ਸਿਰਜਣਹਾਰ ਨੂੰ ਯਾਦ ਰੱਖ, ਇਸ ਤੋਂ ਪਹਿਲਾਂ ਕਿ ਉਹ ਮਾੜੇ ਦਿਨ ਆਉਣ ਅਤੇ ਉਹ ਸਾਲ ਨੇੜੇ ਪਹੁੰਚਣ ਜਿਨ੍ਹਾਂ ਵਿੱਚ ਤੂੰ ਆਖੇਂਗਾ, ਇਹਨਾਂ ਵਿੱਚ ਮੈਨੂੰ ਕੁਝ ਖੁਸ਼ੀ ਨਹੀਂ ਮਿਲਦੀ,

2ਜਦ ਤੱਕ ਸੂਰਜ ਅਤੇ ਚਾਨਣ, ਚੰਦਰਮਾ ਅਤੇ ਤਾਰੇ ਹਨੇਰੇ ਨਹੀਂ ਹੁੰਦੇ ਅਤੇ ਮੀਂਹ ਵਰ੍ਹਨ ਤੋਂ ਬਾਅਦ ਬੱਦਲ ਮੁੜ ਆਉਣ -

3ਜਿਸ ਦਿਨ ਘਰ ਦੇ ਰਖਵਾਲੇ ਕੰਬਣ ਲੱਗ ਪੈਣ ਅਤੇ ਤਕੜੇ ਲੋਕ ਕੁੱਬੇ ਹੋ ਜਾਣ ਅਤੇ ਪੀਹਣ ਵਾਲੀਆਂ ਥੋੜ੍ਹੀਆਂ ਹੋਣ ਦੇ ਕਾਰਨ ਕੰਮ ਕਰਨਾ ਛੱਡ ਦੇਣ ਅਤੇ ਉਹ ਜੋ ਬਾਰੀਆਂ ਵਿੱਚੋਂ ਤੱਕਦੀਆਂ ਹਨ, ਧੁੰਦਲੀਆਂ ਹੋ ਜਾਣ

4ਅਤੇ ਗਲੀ ਦੇ ਬੂਹੇ ਬੰਦ ਹੋ ਜਾਣ, ਜਦ ਚੱਕੀ ਪੀਸਣ ਦੀ ਅਵਾਜ਼ ਹੌਲੀ ਹੋ ਜਾਵੇ ਅਤੇ ਪੰਛੀ ਦੀ ਅਵਾਜ਼ ਤੋਂ ਉਹ ਚੌਂਕ ਕੇ ਉੱਠ ਜਾਣ ਅਤੇ ਰਾਗ ਦੀਆਂ ਸਾਰੀਆਂ ਧੀਆਂ ਲਿੱਸੀਆਂ ਹੋ ਜਾਣ,

5ਫੇਰ ਉਹ ਉਚਿਆਈ ਤੋਂ ਵੀ ਡਰਨਗੇ ਅਤੇ ਰਾਹ ਵਿੱਚ ਖੌਫ਼ ਖਾਣਗੇ, ਬਦਾਮ ਦਾ ਬੂਟਾ ਫਲੇਗਾ ਅਤੇ ਟਿੱਡੀ ਵੀ ਭਾਰੀ ਲੱਗੇਗੀ ਅਤੇ ਇੱਛਾ ਮਿਟ ਜਾਵੇਗੀ, ਕਿਉਂ ਜੋ ਮਨੁੱਖ ਆਪਣੇ ਸਦੀਪਕਾਲ ਦੇ ਟਿਕਾਣੇ ਨੂੰ ਤੁਰ ਜਾਂਦਾ ਹੈ ਅਤੇ ਸੋਗ ਕਰਨ ਵਾਲੇ ਗਲੀ-ਗਲੀ ਫਿਰਦੇ ਹਨ,

6ਇਸ ਤੋਂ ਪਹਿਲਾਂ ਕਿ ਚਾਂਦੀ ਦੀ ਡੋਰੀ ਖੋਲ੍ਹੀ ਜਾਵੇ ਜਾਂ ਸੋਨੇ ਦਾ ਕਟੋਰਾ ਟੁੱਟ ਜਾਵੇ, ਜਾਂ ਘੜਾ ਸੋਤੇ ਦੇ ਕੋਲ ਭੰਨਿਆ ਜਾਵੇ, ਜਾਂ ਤਲਾਬ ਦੇ ਕੋਲ ਚਰਖੜੀ ਟੁੱਟ ਜਾਵੇ

7ਅਤੇ ਮਿੱਟੀ ਮਿੱਟੀ ਨਾਲ ਪਹਿਲਾਂ ਵਾਂਗੂੰ ਜਾ ਰਲੇ ਅਤੇ ਆਤਮਾ ਪਰਮੇਸ਼ੁਰ ਦੇ ਕੋਲ ਮੁੜ ਜਾਵੇ, ਜਿਸ ਨੇ ਉਸ ਨੂੰ ਬਖਸ਼ਿਆ ਸੀ ।

8ਵਿਅਰਥ ਹੀ ਵਿਅਰਥ, ਉਪਦੇਸ਼ਕ ਆਖਦਾ ਹੈ, ਸਭ ਕੁਝ ਵਿਅਰਥ ਹੈ !

9ਉਪਰੰਤ ਉਪਦੇਸ਼ਕ ਜੋ ਬੁੱਧਵਾਨ ਸੀ, ਉਸ ਨੇ ਲੋਕਾਂ ਨੂੰ ਗਿਆਨ ਦੀ ਸਿੱਖਿਆ ਦਿੱਤੀ, ਹਾਂ, ਉਸ ਨੇ ਚੰਗੀ ਤਰ੍ਹਾਂ ਵਿਚਾਰ ਕੀਤਾ ਅਤੇ ਭਾਲ-ਭਾਲ ਕੇ ਬਹੁਤ ਸਾਰੀਆਂ ਕਹਾਉਤਾਂ ਰਚੀਆਂ ।

10ਉਪਦੇਸ਼ਕ ਨੇ ਮਨ ਭਾਉਂਦੀਆਂ ਗੱਲਾਂ ਖੋਜੀਆਂ ਅਤੇ ਜੋ ਕੁਝ ਉਸ ਨੇ ਲਿਖਿਆ, ਉਹ ਸਿੱਧੀਆਂ ਅਤੇ ਸਚਿਆਈ ਦੀਆਂ ਗੱਲਾਂ ਸਨ ।

11ਬੁੱਧਵਾਨਾਂ ਦੇ ਬਚਨ ਸੋਟੀਆਂ ਵਰਗੇ ਹਨ ਅਤੇ ਸਭਾ ਦੇ ਪ੍ਰਧਾਨਾਂ ਦੇ ਬਚਨ ਚੰਗੀ ਤਰ੍ਹਾਂ ਠੋਕੀਆਂ ਹੋਈਆਂ ਕਿੱਲਾਂ ਵਰਗੇ ਹਨ, ਜਿਹੜੇ ਇੱਕ ਅਯਾਲੀ ਵੱਲੋਂ ਦਿੱਤੇ ਗਏ ਹਨ ।

12ਸੋ ਹੁਣ, ਹੇ ਮੇਰੇ ਪੁੱਤਰ, ਤੂੰ ਇਹਨਾਂ ਤੋਂ ਹੁਸ਼ਿਆਰੀ ਸਿੱਖ, - ਬਹੁਤ ਪੋਥੀਆਂ ਦੇ ਰਚਣ ਦਾ ਅੰਤ ਨਹੀਂ ਹੁੰਦਾ ਅਤੇ ਬਹੁਤ ਪੜ੍ਹਨਾ ਸਰੀਰ ਨੂੰ ਥਕਾਉਂਦਾ ਹੈ ।

13ਹੁਣ ਅਸੀਂ ਸਾਰੇ ਬਚਨਾਂ ਦਾ ਸਾਰ ਸੁਣੀਏ, ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੇ ਹੁਕਮਾਂ ਨੂੰ ਮੰਨ ਕਿਉਂ ਜੋ ਮਨੁੱਖ ਦਾ ਇਹੋ ਫ਼ਰਜ਼ ਹੈ ।

14ਪਰਮੇਸ਼ੁਰ ਤਾਂ ਇੱਕ-ਇੱਕ ਕੰਮ ਦਾ ਅਤੇ ਇੱਕ-ਇੱਕ ਗੁਪਤ ਗੱਲ ਦਾ ਨਿਆਂ ਕਰੇਗਾ, ਭਾਵੇਂ ਉਹ ਚੰਗੀ ਹੋਵੇ ਭਾਵੇਂ ਮਾੜੀ ।


  Share Facebook  |  Share Twitter

 <<  Ecclesiastes 12 >> 


Bible2india.com
© 2010-2024
Help
Dual Panel

Laporan Masalah/Saran