Bible 2 India Mobile
[VER] : [PUNJABI]     [PL]  [PB] 
 <<  Mark 16 >> 

1ਜਦ ਸਬਤ ਦਾ ਦਿਨ ਬੀਤ ਗਿਆ ਤਾਂ ਮਰਿਯਮ ਮਗਦਲੀਨੀ ਅਤੇ ਯਾਕੂਬ ਦੀ ਮਾਤਾ ਮਰਿਯਮ ਅਤੇ ਸਲੋਮੀ ਨੇ ਸੁਗੰਧਾਂ ਮੁੱਲ ਲਈਆਂ ਕਿ ਜਾ ਕੇ ਉਸ ਉੱਤੇ ਮਲਣ ।

2ਅਤੇ ਹਫ਼ਤੇ ਦੇ ਪਹਿਲੇ ਦਿਨ ਬਹੁਤ ਤੜਕੇ ਸੂਰਜ ਚੜ੍ਹਦੇ ਹੀ ਉਹ ਕਬਰ ਉੱਤੇ ਆਈਆਂ ।

3ਅਤੇ ਆਪੋ ਵਿੱਚ ਕਹਿਣ ਲੱਗੀਆਂ ਜੋ ਸਾਡੇ ਲਈ ਪੱਥਰ ਨੂੰ ਕਬਰ ਦੇ ਮੂੰਹੋਂ ਕੌਣ ਰੇੜ੍ਹ ਕੇ ਪਾਸੇ ਕਰੂ ?

4ਜਦ ਉਹਨਾਂ ਨੇ ਨਿਗਾਹ ਕੀਤੀ ਤਾਂ ਵੇਖਿਆ ਜੋ ਪੱਥਰ ਲਾਂਭੇ ਰਿੜ੍ਹਿਆ ਪਿਆ ਹੈ ਕਿਉਂ ਜੋ ਉਹ ਬਹੁਤ ਭਾਰਾ ਸੀ ।

5ਅਤੇ ਕਬਰ ਵਿੱਚ ਜਾ ਕੇ ਉਨ੍ਹਾਂ ਇੱਕ ਜੁਆਨ ਨੂੰ ਚਿੱਟਾ ਬਸਤ੍ਰ ਪਹਿਨੀ ਸੱਜੇ ਪਾਸੇ ਬੈਠਾ ਵੇਖਿਆ ਅਤੇ ਉਹ ਹੈਰਾਨ ਹੋਈਆਂ ।

6ਉਸ ਨੇ ਉਨ੍ਹਾਂ ਨੂੰ ਆਖਿਆ, ਹੈਰਾਨ ਨਾ ਹੋਵੋ, ਤੁਸੀਂ ਯਿਸੂ ਨਾਸਰੀ ਨੂੰ ਲੱਭਦੀਆ ਹੋ ਜਿਹੜਾ ਸਲੀਬ ਉੱਤੇ ਚੜ੍ਹਾਇਆ ਗਿਆ ਸੀ । ਉਹ ਤਾਂ ਜੀ ਉੱਠਿਆ ਹੈ, ਉਹ ਐਥੇ ਨਹੀਂ ਹੈ । ਇਹ ਥਾਂ ਹੈ ਜਿੱਥੇ ਉਨ੍ਹਾਂ ਉਸ ਨੂੰ ਰੱਖਿਆ ਸੀ ।

7ਪਰ ਜਾਓ, ਉਸ ਦੇ ਚੇਲਿਆਂ ਅਤੇ ਪਤਰਸ ਨੂੰ ਆਖੋ ਜੋ ਉਹ ਤੁਹਾਡੇ ਤੋਂ ਅੱਗੇ ਹੀ ਗਲੀਲ ਨੂੰ ਜਾਂਦਾ ਹੈਂ । ਤੁਸੀਂ ਉਹ ਨੂੰ ਉੱਥੇ ਵੇਖੋਗੇ ਜਿਵੇਂ ਉਹ ਨੇ ਤੁਹਾਨੂੰ ਆਖਿਆ ਸੀ ।

8ਅਤੇ ਉਹ ਨਿੱਕਲ ਕੇ ਕਬਰ ਪਾਸੋਂ ਨੱਸੀਆਂ ਕਿਉਂ ਜੋ ਉਹ ਕੰਬਦੀਆਂ ਅਤੇ ਘਬਰਾਉਂਦੀਆਂ ਸਨ, ਅਤੇ ਡਰ ਦੀਆਂ ਮਾਰੀਆਂ ਕਿਸੇ ਨਾਲ ਕੁੱਝ ਨਾ ਬੋਲੀਆਂ ।

9ਹਫ਼ਤੇ ਦੇ ਪਹਿਲੇ ਦਿਨ ਉਹ ਨੇ ਤੜਕੇ ਜੀ ਉੱਠ ਕੇ ਪਹਿਲਾਂ ਮਰਿਯਮ ਮਗਦਲੀਨੀ ਨੂੰ ਜਿਹ ਦੇ ਵਿੱਚੋਂ ਉਹ ਨੇ ਸੱਤ ਭੂਤ ਕੱਢੇ ਸਨ, ਦਿਖਾਈ ਦਿੱਤਾ ।

10ਉਸ ਨੇ ਜਾ ਕੇ ਉਹ ਦੇ ਸਾਥੀਆਂ ਨੂੰ ਜਿਹੜੇ ਸੋਗ ਕਰਦੇ ਅਤੇ ਰੋਂਦੇ ਸਨ ਖ਼ਬਰ ਦਿੱਤੀ ।

11ਪਰ ਉਨ੍ਹਾਂ ਨੇ ਇਹ ਸੁਣ ਕੇ ਜੋ ਉਹ ਜਿਉਂਦਾ ਹੈ ਅਤੇ ਉਸ ਨੂੰ ਦਿਖਾਈ ਦਿੱਤਾ ਸੱਚ ਨਾ ਮੰਨਿਆ ।

12ਇਹ ਦੇ ਪਿੱਛੋਂ ਉਹ ਨੇ ਹੋਰ ਰੂਪ ਵਿੱਚ ਹੋ ਕੇ ਉਨ੍ਹਾਂ ਵਿੱਚੋਂ ਦੋ ਜਣਿਆਂ ਨੂੰ ਜਦ ਉਹ ਚੱਲਦੇ ਅਤੇ ਪਿੰਡ ਦੀ ਵੱਲ ਤੁਰੇ ਜਾਂਦੇ ਸਨ ਦਿਖਾਈ ਦਿੱਤਾ ।

13ਅਤੇ ਇਨ੍ਹਾਂ ਨੇ ਜਾ ਕੇ ਬਾਕੀ ਦਿਆਂ ਨੂੰ ਖ਼ਬਰ ਦਿੱਤੀ ਪਰ ਉਨ੍ਹਾਂ ਨੇ ਵੀ ਵਿਸ਼ਵਾਸ ਨਾ ਕੀਤਾ ।

14ਇਹ ਦੇ ਮਗਰੋਂ ਉਸ ਨੇ ਉਨ੍ਹਾਂ ਗਿਆਰ੍ਹਾਂ ਨੂੰ ਜਦ ਉਹ ਖਾਣ ਬੈਠੇ ਸਨ ਦਿਖਾਈ ਦਿੱਤਾ ਉਨ੍ਹਾਂ ਦੀ ਅਵਿਸ਼ਵਾਸ ਅਤੇ ਸਖ਼ਤ ਦਿਲੀ ਦਾ ਉਲਾਂਭਾ ਦਿੱਤਾ ਕਿਉਂਕਿ ਜਿਨ੍ਹਾਂ ਉਸ ਨੂੰ ਜੀ ਉੱਠਿਆ ਹੋਇਆ ਵੇਖਿਆ ਸੀ ਉਨ੍ਹਾਂ ਦਾ ਵਿਸ਼ਵਾਸ ਨਾ ਕੀਤਾ ।

15ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਸਾਰੇ ਸੰਸਾਰ ਵਿੱਚ ਜਾ ਕੇ ਸਰਬੱਤ ਸ੍ਰਿਸ਼ਟੀ ਦੇ ਸਾਹਮਣੇ ਖੁਸ਼ਖਬਰੀ ਦਾ ਪਰਚਾਰ ਕਰੋ ।

16ਜਿਹੜਾ ਵਿਸ਼ਵਾਸ ਕਰੇ ਅਤੇ ਬਪਤਿਸਮਾ ਲਵੇ ਉਹ ਬਚਾਇਆ ਜਾਵੇਗਾ ਪਰ ਜਿਹੜਾ ਪਰਤੀਤ ਨਾ ਕਰੇ ਉਸ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ ।

17ਅਤੇ ਵਿਸ਼ਵਾਸ ਕਰਨ ਵਾਲਿਆਂ ਦੇ ਨਾਲ-ਨਾਲ ਇਹ ਨਿਸ਼ਾਨ ਹੋਣਗੇ ਜੋ ਉਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ, ਉਹ ਨਵੀਆਂ ਨਵੀਆਂ ਭਾਸ਼ਾ ਬੋਲਣਗੇ,

18ਉਹ ਸੱਪਾਂ ਨੂੰ ਚੁੱਕ ਲੈਣਗੇ ਅਤੇ ਜੇ ਕੋਈ ਜ਼ਹਿਰ ਵਾਲੀ ਚੀਜ਼ ਪੀ ਲੈਣ ਤਾਂ ਉਨ੍ਹਾਂ ਦਾ ਕੁੱਝ ਨਹੀਂ ਵਿਗੜੇਗਾ । ਉਹ ਬਿਮਾਰਾਂ ਉੱਤੇ ਹੱਥ ਰੱਖਣਗੇ ਤਾਂ ਉਹ ਚੰਗੇ ਹੋ ਜਾਣਗੇ ।

19ਫੇਰ ਪ੍ਰਭੂ ਯਿਸੂ ਜਦ ਉਨ੍ਹਾਂ ਨਾਲ ਬਚਨ ਕਰ ਹਟਿਆ, ਤਾਂ ਸਵਰਗ ਵਿੱਚ ਉੱਠਾਇਆ ਗਿਆ ਅਤੇ ਪਰਮੇਸ਼ੁਰ ਦੇ ਸੱਜੇ ਹੱਥ ਜਾ ਬੈਠਾ ।

20ਅਤੇ ਉਨ੍ਹਾਂ ਨੇ ਬਾਹਰ ਜਾ ਕੇ ਹਰ ਥਾਂ ਪਰਚਾਰ ਕੀਤਾ ਅਤੇ ਪ੍ਰਭੂ ਉਨ੍ਹਾਂ ਦੇ ਨਾਲ ਹੋ ਕੇ ਕੰਮ ਕਰਦਾ ਸੀ ਅਤੇ ਬਚਨ ਨੂੰ ਉਨ੍ਹਾਂ ਚਮਤਕਾਰਾਂ ਦੇ ਰਾਹੀਂ ਜਿਹੜੇ ਨਾਲ-ਨਾਲ ਹੁੰਦੇ ਸਨ ਸਾਬਤ ਕਰਦਾ ਸੀ ।


  Share Facebook  |  Share Twitter

 <<  Mark 16 >> 


Bible2india.com
© 2010-2024
Help
Dual Panel

Laporan Masalah/Saran