Bible 2 India Mobile
[VER] : [PUNJABI]     [PL]  [PB] 
 <<  Micah 7 >> 

1ਹਾਇ ਮੈਨੂੰ ! ਮੈਂ ਤਾਂ ਅਜਿਹਾ ਹੋ ਗਿਆ, ਜਿਵੇਂ ਕੋਈ ਗਰਮ ਰੁੱਤ ਦੇ ਇਕੱਠੇ ਕਰੇ ਜਾਂ ਬਚੇ ਹੋਏ ਅੰਗੂਰੀ ਦਾਣੇ ਚੁੱਗਦਾ ਹੈ, ਖਾਣ ਲਈ ਕੋਈ ਗੁੱਛਾ ਨਹੀਂ, ਹੰਜ਼ੀਰ ਦਾ ਪਹਿਲਾ ਫਲ ਨਹੀਂ ਜਿਸਦੇ ਲਈ ਮੇਰਾ ਜੀ ਲੋਚਦਾ ਹੈ ।

2ਭਗਤ ਲੋਕ ਧਰਤੀ ਤੋਂ ਨਾਸ਼ ਹੋ ਗਏ, ਮਨੁੱਖਾਂ ਵਿੱਚ ਕੋਈ ਵੀ ਸਿੱਧਾ ਨਹੀਂ, ਉਹ ਸਭ ਖ਼ੂਨ ਕਰਨ ਲਈ ਘਾਤ ਵਿੱਚ ਬਹਿੰਦੇ ਹਨ, ਹਰੇਕ ਮਨੁੱਖ ਜਾਲ ਵਿਛਾ ਕੇ ਆਪਣੇ ਭਰਾ ਦਾ ਸ਼ਿਕਾਰ ਕਰਦਾ ਹੈ ।

3ਉਹ ਮਨ ਲਗਾ ਕੇ ਆਪਣੇ ਹੱਥ ਬਦੀ ਕਰਨ ਲਈ ਪਾਉਂਦੇ ਹਨ, ਹਾਕਮ ਅਤੇ ਨਿਆਈ ਰਿਸ਼ਵਤ ਮੰਗਦੇ ਹਨ, ਵੱਡਾ ਆਦਮੀ ਆਪਣੇ ਜੀ ਦਾ ਲੋਭ ਦੱਸਦਾ ਹੈ, ਇਸ ਤਰ੍ਹਾਂ ਉਹ ਜਾਲਸਾਜ਼ੀ ਕਰਦੇ ਹਨ ।

4ਉਹਨਾਂ ਵਿੱਚੋਂ ਸਭ ਤੋਂ ਉੱਤਮ ਪੁਰਖ ਕੰਡਿਆਲੀ ਝਾੜੀ ਵਰਗਾ ਹੈ, ਅਤੇ ਸਭ ਤੋਂ ਸਿੱਧਾ ਮਨੁੱਖ ਕੰਡੇਦਾਰ ਬਾੜੇ ਨਾਲੋਂ ਭੈੜਾ ਹੈ, ਤੇਰੇ ਰਾਖਿਆਂ ਦਾ ਦਿਨ, ਸਗੋਂ ਤੇਰੀ ਖ਼ਬਰ ਲੈਣ ਦਾ ਦਿਨ ਆ ਗਿਆ ਹੈ, ਹੁਣ ਉਹਨਾਂ ਦੀ ਹੈਰਾਨਗੀ ਦਾ ਵੇਲਾ ਹੈ !

5ਗੁਆਂਢੀ ਉੱਤੇ ਵਿਸ਼ਵਾਸ ਨਾ ਕਰੋ, ਮਿੱਤਰ ਉੱਤੇ ਵੀ ਭਰੋਸਾ ਨਾ ਰੱਖੋ, ਸਗੋਂ ਜੋ ਤੇਰੀ ਹਿੱਕ ਉੱਤੇ ਲੇਟਦੀ ਹੈ, ਉਸਦੇ ਅੱਗੇ ਵੀ ਸੋਚ-ਸਮਝ ਕੇ ਆਪਣਾ ਮੂੰਹ ਖੋਲ੍ਹੀਂ ।

6ਪੁੱਤਰ ਤਾਂ ਪਿਤਾ ਦਾ ਠੱਠਾ ਉਡਾਉਂਦਾ ਹੈ, ਧੀ ਮਾਤਾ ਦੇ ਵਿਰੁੱਧ ਉੱਠਦੀ ਹੈ, ਅਤੇ ਨੂੰਹ ਆਪਣੀ ਸੱਸ ਦੇ ਵਿਰੁੱਧ, ਮਨੁੱਖ ਦੇ ਵੈਰੀ ਉਸਦੇ ਆਪਣੇ ਹੀ ਘਰਾਣੇ ਦੇ ਲੋਕ ਹਨ ।

7ਪਰ ਮੈਂ ਯਹੋਵਾਹ ਨੂੰ ਤੱਕਾਂਗਾ, ਮੈਂ ਆਪਣੇ ਮੁਕਤੀਦਾਤੇ ਪਰਮੇਸ਼ੁਰ ਦੀ ਉਡੀਕ ਕਰਾਂਗਾ, ਮੇਰਾ ਪਰਮੇਸ਼ੁਰ ਮੇਰੀ ਸੁਣੇਗਾ ।

8ਹੇ ਮੇਰੇ ਵੈਰੀ, ਮੇਰੇ ਉੱਤੇ ਖੁਸ਼ੀ ਨਾ ਮਨਾ, ਜਦ ਮੈਂ ਡਿੱਗ ਪਵਾਂ ਤਾਂ ਮੈਂ ਫੇਰ ਉੱਠਾਂਗਾ, ਜਦ ਮੈਂ ਹਨੇਰੇ ਵਿੱਚ ਬੈਠਾਂ ਤਾਂ ਯਹੋਵਾਹ ਮੇਰਾ ਚਾਨਣ ਹੋਵੇਗਾ ।

9ਮੈਂ ਯਹੋਵਾਹ ਦੇ ਵਿਰੁੱਧ ਪਾਪ ਕੀਤਾ ਹੈ, ਇਸ ਲਈ ਮੈਂ ਉਹ ਦਾ ਕ੍ਰੋਧ ਸਹਿ ਲਵਾਂਗਾ, ਜਦ ਤੱਕ ਕਿ ਉਹ ਮੇਰਾ ਮੁੱਕਦਮਾ ਨਾ ਲੜੇ, ਅਤੇ ਮੇਰਾ ਇਨਸਾਫ਼ ਨਾ ਕਰੇ । ਉਹ ਮੈਨੂੰ ਚਾਨਣ ਵਿੱਚ ਲੈ ਜਾਵੇਗਾ, ਮੈਂ ਉਹ ਦਾ ਧਰਮ ਵੇਖਾਂਗਾ ।

10ਮੇਰੀ ਵੈਰਨ ਵੇਖੇਗੀ, ਅਤੇ ਸ਼ਰਮ ਉਸ ਨੂੰ ਢੱਕ ਲਵੇਗੀ, ਜਿਸ ਨੇ ਮੈਨੂੰ ਆਖਿਆ, ਯਹੋਵਾਹ ਤੇਰਾ ਪਰਮੇਸ਼ੁਰ ਕਿੱਥੇ ਹੈ ? ਮੈਂ ਆਪਣੀਆਂ ਅੱਖਾਂ ਨਾਲ ਉਸ ਨੂੰ ਵੇਖਾਂਗਾ, ਤਦ ਉਹ ਗਲੀਆਂ ਦੇ ਚਿੱਕੜ ਵਾਂਗੂੰ ਮਿੱਧੀ ਜਾਵੇਗੀ !

11ਤੇਰੀਆਂ ਕੰਧਾਂ ਬਣਾਉਣ ਦੇ ਦਿਨ ! ਉਸ ਦਿਨ ਤੇਰੀ ਹੱਦ ਦੂਰ ਤੱਕ ਵਧਾਈ ਜਾਵੇਗੀ ।

12ਉਸ ਦਿਨ ਉਹ ਅੱਸ਼ੂਰ ਤੋਂ, ਮਿਸਰ ਦੇ ਸ਼ਹਿਰਾਂ ਤੋਂ, ਮਿਸਰ ਤੋਂ ਦਰਿਆ ਤੱਕ, ਸਮੁੰਦਰ ਤੋਂ ਸਮੁੰਦਰ ਤੱਕ, ਅਤੇ ਪਹਾੜ ਤੋਂ ਪਹਾੜ ਤੱਕ ਤੇਰੇ ਕੋਲ ਆਉਣਗੇ,

13ਧਰਤੀ ਉਸ ਦੇ ਵਾਸੀਆਂ ਦੇ ਕਾਰਨ ਵਿਰਾਨ ਹੋਵੇਗੀ, ਉਹਨਾਂ ਦੀਆਂ ਕਰਤੂਤਾਂ ਦੇ ਫਲ ਦੇ ਕਾਰਨ ।

14ਤੂੰ ਆਪਣਾ ਢਾਂਗਾ ਲੈ ਕੇ ਆਪਣੀ ਪਰਜਾ ਨੂੰ ਚਾਰ, ਆਪਣੀ ਵਿਰਾਸਤ ਦੇ ਇੱਜੜ ਨੂੰ, ਜਿਹੜੇ ਕਰਮਲ ਦੇ ਜੰਗਲ ਵਿੱਚ ਇਕੱਲੇ ਬੈਠਦੇ ਹਨ, ਉਹ ਬਾਸ਼ਾਨ ਅਤੇ ਗਿਲਆਦ ਵਿੱਚ ਚਰਨ, ਜਿਵੇਂ ਪ੍ਰਾਚੀਨ ਦਿਨਾਂ ਵਿੱਚ ਚਰਦੇ ਸਨ ।

15ਮਿਸਰ ਦੇਸ਼ ਤੋਂ ਤੇਰੇ ਨਿੱਕਲਣ ਦੇ ਸਮੇਂ ਵਾਂਗੂੰ, ਮੈਂ ਉਹਨਾਂ ਨੂੰ ਅਚੰਭੇ ਵਿਖਾਵਾਂਗਾ ।

16ਕੌਮਾਂ ਵੇਖਣਗੀਆਂ ਅਤੇ ਆਪਣੇ ਬਲ ਦੇ ਸਾਰੇ ਕੰਮਾਂ ਤੋਂ ਸ਼ਰਮਿੰਦਾ ਹੋਣਗੀਆਂ, ਉਹ ਆਪਣੇ ਹੱਥ ਆਪਣੇ ਮੂੰਹਾਂ ਉੱਤੇ ਰੱਖਣਗੀਆਂ, ਉਹਨਾਂ ਦੇ ਕੰਨ ਬੋਲੇ ਹੋ ਜਾਣਗੇ ।

17ਉਹ ਨਾਗ ਵਾਂਗੂੰ ਧੂੜ ਚੱਟਣਗੀਆਂ, ਧਰਤੀ ਦੇ ਘਿੱਸਰਨ ਵਾਲਿਆਂ ਵਾਂਗੂੰ ਉਹ ਆਪਣੀਆਂ ਖੁੱਡਾਂ ਵਿੱਚੋਂ ਥਰ-ਥਰਾਉਂਦੇ ਹੋਏ ਨਿੱਕਲਣਗੀਆਂ, ਉਹ ਭੈ ਨਾਲ ਯਹੋਵਾਹ ਸਾਡੇ ਪਰਮੇਸ਼ੁਰ ਕੋਲ ਆਉਣਗੀਆਂ, ਅਤੇ ਤੇਰੇ ਕੋਲੋਂ ਡਰਨਗੀਆਂ ।

18ਤੇਰੇ ਵਰਗਾ ਹੋਰ ਕਿਹੜਾ ਪਰਮੇਸ਼ੁਰ ਹੈ ? ਜੋ ਅਪਰਾਧ ਨੂੰ ਮੁਆਫ਼ ਕਰੇ, ਜੋ ਆਪਣੀ ਨਿੱਜ-ਭਾਗ ਦੇ ਬਚੇ ਹੋਏ ਲੋਕਾਂ ਦੀ ਬਦੀ ਨੂੰ ਢੱਕ ਦੇਵੇ, ਉਹ ਆਪਣਾ ਕ੍ਰੋਧ ਸਦਾ ਤੱਕ ਨਹੀਂ ਰੱਖਦਾ, ਕਿਉਂ ਜੋ ਉਹ ਦਯਾ ਕਰਨ ਤੋਂ ਪ੍ਰਸੰਨ ਹੁੰਦਾ ਹੈ ।

19ਉਹ ਫੇਰ ਸਾਡੇ ਉੱਤੇ ਦਯਾ ਕਰੇਗਾ, ਉਹ ਸਾਡੇ ਅਪਰਾਧਾਂ ਨੂੰ ਪੈਰਾਂ ਹੇਠ ਲਤਾੜੇਗਾ । ਤੂੰ ਉਹਨਾਂ ਦੇ ਸਾਰੇ ਪਾਪਾਂ ਨੂੰ ਸਮੁੰਦਰ ਦੀ ਤਹਿ ਵਿੱਚ ਸੁੱਟ ਦੇਵੇਂਗਾ ।

20ਤੂੰ ਯਾਕੂਬ ਨੂੰ ਵਫ਼ਾਦਾਰੀ, ਅਤੇ ਅਬਰਾਹਾਮ ਨੂੰ ਦਯਾ ਵਿਖਾਵੇਂਗਾ, ਜਿਵੇਂ ਤੂੰ ਸਾਡੇ ਪਿਉ-ਦਾਦਿਆਂ ਨਾਲ ਪ੍ਰਾਚੀਨ ਸਮਿਆਂ ਵਿੱਚ ਸਹੁੰ ਖਾਧੀ ਸੀ ।


  Share Facebook  |  Share Twitter

 <<  Micah 7 >> 


Bible2india.com
© 2010-2024
Help
Dual Panel

Laporan Masalah/Saran