Bible 2 India Mobile
[VER] : [PUNJABI]     [PL]  [PB] 
 <<  Micah 3 >> 

1ਮੈਂ ਆਖਿਆ, ਹੇ ਯਾਕੂਬ ਦੇ ਮੁਖੀਓ, ਅਤੇ ਹੇ ਇਸਰਾਏਲ ਦੇ ਘਰਾਣੇ ਦੇ ਆਗੂਓ, ਸੁਣੋ ! ਕੀ ਨਿਆਂ ਨੂੰ ਜਾਣਨਾ ਤੁਹਾਡਾ ਕੰਮ ਨਹੀਂ ?

2ਤੁਸੀਂ ਜੋ ਨੇਕੀ ਦੇ ਵੈਰੀ ਅਤੇ ਬਦੀ ਦੇ ਪ੍ਰੇਮੀ ਹੋ, ਤੁਸੀਂ ਜੋ ਉਹਨਾਂ ਦੇ ਸਰੀਰਾਂ ਤੋਂ ਉਹਨਾਂ ਦੀ ਖੱਲ, ਅਤੇ ਉਹਨਾਂ ਦੀ ਹੱਡੀਆਂ ਤੋਂ ਉਹਨਾਂ ਦਾ ਮਾਸ ਨੋਚਦੇ ਹੋ,

3ਤੁਸੀਂ ਜੋ ਮੇਰੀ ਪਰਜਾ ਦਾ ਮਾਸ ਖਾਂਦੇ ਹੋ, ਅਤੇ ਉਹਨਾਂ ਦੀ ਖੱਲ ਉਹਨਾਂ ਦੇ ਉੱਤੋਂ ਲਾਹੁੰਦੇ ਹੋ, ਤੁਸੀਂ ਉਹਨਾਂ ਦੀਆਂ ਹੱਡੀਆਂ ਨੂੰ ਪਕਾਉਣ ਲਈ ਭਾਂਡੇ ਵਿੱਚ ਭੰਨ ਸੁੱਟਦੇ ਹੋ, ਅਤੇ ਉਹਨਾਂ ਦੇ ਮਾਸ ਨੂੰ ਪਕਾਉਣ ਲਈ ਕੜਾਹੀ ਵਿੱਚ ਟੁੱਕੜੇ-ਟੁੱਕੜੇ ਕਰਦੇ ਹੋ !

4ਤਦ ਉਹ ਯਹੋਵਾਹ ਅੱਗੇ ਦੁਹਾਈ ਦੇਣਗੇ, ਪਰ ਉਹ ਉਹਨਾਂ ਨੂੰ ਉੱਤਰ ਨਾ ਦੇਵੇਗਾ, ਸਗੋਂ ਉਸ ਸਮੇਂ ਉਹ ਆਪਣਾ ਮੂੰਹ ਉਹਨਾਂ ਤੋਂ ਲੁਕਾ ਲਵੇਗਾ, ਕਿਉਂ ਜੋ ਉਹਨਾਂ ਨੇ ਭੈੜੇ ਕੰਮ ਕੀਤੇ ਹਨ ।

5ਉਨ੍ਹਾਂ ਨਬੀਆਂ ਦੇ ਵਿਖੇ ਜਿਹੜੇ ਮੇਰੀ ਪਰਜਾ ਨੂੰ ਕੁਰਾਹੇ ਪਾਉਂਦੇ ਹਨ, ਯਹੋਵਾਹ ਇਹ ਫ਼ਰਮਾਉਂਦਾ ਹੈ, ਜਦ ਲੋਕ ਉਹਨਾਂ ਦਾ ਮੂੰਹ ਭਰ ਦਿੰਦੇ ਹਨ, ਤਾਂ ਉਹ ਉਨ੍ਹਾਂ ਲਈ ''ਸ਼ਾਂਤੀ'' ਦੀ ਘੋਸ਼ਣਾ ਕਰਦੇ ਹਨ, ਪਰ ਜੋ ਉਹਨਾਂ ਦੇ ਮੂੰਹਾਂ ਵਿੱਚ ਕੁਝ ਨਹੀਂ ਦਿੰਦਾ, ਉਸ ਦੇ ਵਿਰੁੱਧ ਉਹ ਲੜਾਈ ਦੀ ਤਿਆਰੀ ਕਰਦੇ ਹਨ:

6ਇਸ ਕਾਰਨ ਤੁਹਾਡੇ ਉੱਤੇ ਬਿਨ੍ਹਾਂ ਦਰਸ਼ਨ ਦੀ ਰਾਤ ਆਵੇਗੀ, ਅਤੇ ਅਜਿਹਾ ਹਨੇਰਾ ਆਵੇਗਾ ਕਿ ਤੁਸੀਂ ਭਵਿੱਖ ਨਾ ਦੱਸ ਸਕੋਗੇ, ਨਬੀਆਂ ਲਈ ਸੂਰਜ ਅਸਤ ਹੋ ਜਾਵੇਗਾ, ਅਤੇ ਦਿਨ ਉਹਨਾਂ ਦੇ ਉੱਤੇ ਹਨੇਰਾ ਹੋ ਜਾਵੇਗਾ ।

7ਦਰਸ਼ੀ ਸ਼ਰਮਿੰਦੇ ਹੋ ਜਾਣਗੇ, ਅਤੇ ਭਵਿੱਖ ਦੱਸਣ ਵਾਲਿਆਂ ਦੇ ਮੂੰਹ ਕਾਲੇ ਹੋ ਜਾਣਗੇ, ਹਾਂ, ਉਹ ਸਾਰੇ ਦੇ ਸਾਰੇ ਆਪਣੇ ਬੁੱਲ੍ਹਾਂ ਨੂੰ ਢੱਕਣਗੇ, ਕਿਉਂ ਜੋ ਪਰਮੇਸ਼ੁਰ ਵੱਲੋਂ ਕੋਈ ਉੱਤਰ ਨਹੀਂ ਮਿਲੇਗਾ ।

8ਪਰ ਮੈਂ ਤਾਂ ਯਹੋਵਾਹ ਦੇ ਆਤਮਾ ਦੇ ਰਾਹੀਂ, ਬਲ, ਨਿਆਂ ਅਤੇ ਸ਼ਕਤੀ ਨਾਲ ਭਰਪੂਰ ਹਾਂ, ਤਾਂ ਜੋ ਮੈਂ ਯਾਕੂਬ ਨੂੰ ਉਹ ਦਾ ਅਪਰਾਧ, ਅਤੇ ਇਸਰਾਏਲ ਨੂੰ ਉਹ ਦਾ ਪਾਪ ਦੱਸਾਂ ।

9ਹੇ ਯਾਕੂਬ ਦੇ ਘਰਾਣੇ ਦੇ ਮੁਖਿਓ, ਹੇ ਇਸਰਾਏਲ ਦੇ ਘਰਾਣੇ ਦੇ ਆਗੂਓ, ਇਹ ਸੁਣੋ ! ਤੁਸੀਂ ਜੋ ਇਨਸਾਫ਼ ਤੋਂ ਘਿਣ ਕਰਦੇ ਹੋ, ਅਤੇ ਸਾਰੀ ਸਿਧਿਆਈ ਨੂੰ ਮਰੋੜਦੇ ਹੋ,

10ਤੁਸੀਂ ਜੋ ਸੀਯੋਨ ਨੂੰ ਲਹੂ ਨਾਲ ਉਸਾਰਦੇ ਹੋ, ਅਤੇ ਯਰੂਸ਼ਲਮ ਨੂੰ ਬਦੀ ਨਾਲ ।

11ਉਸ ਦੇ ਆਗੂ ਰਿਸ਼ਵਤ ਲੈ ਕੇ ਨਿਆਂ ਕਰਦੇ ਹਨ, ਉਸ ਦੇ ਜਾਜਕ ਭਾੜਾ ਲੈ ਕੇ ਸਿਖਾਉਂਦੇ ਹਨ, ਉਸ ਦੇ ਨਬੀ ਧਨ ਲਈ ਭਵਿੱਖ ਦੱਸਦੇ ਹਨ, ਤਾਂ ਵੀ ਉਹ ਇਹ ਆਖ ਕੇ ਯਹੋਵਾਹ ਦਾ ਸਹਾਰਾ ਲੈਂਦੇ ਹਨ, ਭਲਾ, ਯਹੋਵਾਹ ਸਾਡੇ ਵਿੱਚ ਨਹੀਂ ਹੈ ? ਕੋਈ ਬਿਪਤਾ ਸਾਡੇ ਉੱਤੇ ਨਹੀਂ ਪਵੇਗੀ !

12ਇਸ ਲਈ ਤੁਹਾਡੇ ਕਾਰਨ ਸੀਯੋਨ ਖੇਤ ਵਾਂਗੂੰ ਵਾਹਿਆ ਜਾਵੇਗਾ, ਯਰੂਸ਼ਲਮ ਮਲਬੇ ਦਾ ਢੇਰ ਹੋ ਜਾਵੇਗਾ, ਅਤੇ ਭਵਨ ਦਾ ਪਰਬਤ ਇੱਕ ਜੰਗਲੀ ਉੱਚਿਆਈ ਵਰਗਾ ਹੋ ਜਾਵੇਗਾ ।


  Share Facebook  |  Share Twitter

 <<  Micah 3 >> 


Bible2india.com
© 2010-2024
Help
Dual Panel

Laporan Masalah/Saran