Bible 2 India Mobile
[VER] : [PUNJABI]     [PL]  [PB] 
 <<  Matthew 22 >> 

1ਯਿਸੂ ਨੇ ਉਨ੍ਹਾਂ ਦੇ ਨਾਲ ਫਿਰ ਦ੍ਰਿਸ਼ਟਾਤਾਂ ਵਿੱਚ ਕਿਹਾ,

2ਸਵਰਗ ਰਾਜ ਕਿਸੇ ਰਾਜੇ ਵਰਗਾ ਹੈ ਜਿਸ ਨੇ ਆਪਣੇ ਪੁੱਤਰ ਦਾ ਵਿਆਹ ਕੀਤਾ ।

3ਅਤੇ ਉਸ ਨੇ ਸੱਦੇ ਹੋਇਆਂ ਨੂੰ ਵਿਆਹ ਵਿੱਚ ਸੱਦਣ ਲਈ ਆਪਣੇ ਨੌਕਰਾਂ ਨੂੰ ਭੇਜਿਆ ਪਰ ਉਹ ਆਉਣ ਲਈ ਤਿਆਰ ਨਾ ਹੋਏ ।

4ਫਿਰ ਉਹ ਨੇ ਹੋਰਨਾਂ ਨੌਕਰਾਂ ਨੂੰ ਇਹ ਕਹਿ ਕੇ ਭੇਜਿਆ ਜੋ ਸੱਦੇ ਹੋਇਆਂ ਨੂੰ ਆਖੋ ਕਿ ਵੇਖੋ ਮੈਂ ਭੋਜਨ ਤਿਆਰ ਕੀਤਾ ਹੈ ਅਤੇ ਮੇਰੇ ਬੈਲ ਤੇ ਮੋਟੇ-ਮੋਟੇ ਜਾਨਵਰ ਵੱਢੇ ਗਏ ਹਨ ਅਤੇ ਸਭ ਕੁੱਝ ਤਿਆਰ ਹੈ । ਤੁਸੀਂ ਵਿਆਹ ਵਿੱਚ ਆਓ ।

5ਪਰ ਉਹਨਾਂ ਨੇ ਕੋਈ ਪਰਵਾਹ ਨਾ ਕੀਤੀ ਅਤੇ ਚੱਲੇ ਗਏ, ਕੋਈ ਆਪਣੇ ਖੇਤ ਨੂੰ ਅਤੇ ਕੋਈ ਆਪਣੇ ਵਣਜ-ਵਪਾਰ ਨੂੰ,

6ਅਤੇ ਕਈਆਂ ਨੇ ਉਹ ਦੇ ਨੌਕਰਾਂ ਨੂੰ ਫੜ੍ਹ ਕੇ ਉਨ੍ਹਾਂ ਦੀ ਬੇਇੱਜ਼ਤੀ ਕੀਤੀ ਅਤੇ ਮਾਰ ਸੁੱਟਿਆ ।

7ਤਦ ਰਾਜੇ ਨੂੰ ਕ੍ਰੋਧ ਆਇਆ ਅਤੇ ਉਸ ਨੇ ਆਪਣੀਆਂ ਫ਼ੌਜਾਂ ਭੇਜ ਕੇ ਉਨ੍ਹਾਂ ਖ਼ੂਨੀਆਂ ਦਾ ਨਾਸ ਕਰ ਦਿੱਤਾ ਅਤੇ ਉਨ੍ਹਾਂ ਦਾ ਸ਼ਹਿਰ ਫੂਕ ਸੁੱਟਿਆ ।

8ਤਦ ਉਸ ਨੇ ਆਪਣੇ ਨੌਕਰਾਂ ਨੂੰ ਆਖਿਆ, ਵਿਆਹ ਦਾ ਸਮਾਨ ਤਾਂ ਤਿਆਰ ਹੈ ਪਰ ਸੱਦੇ ਹੋਏ ਯੋਗ ਨਹੀਂ ਹਨ ।

9ਸੋ ਤੁਸੀਂ ਚੌਕਾਂ ਵਿੱਚ ਜਾਓ ਅਤੇ ਜਿੰਨੇ ਤੁਹਾਨੂੰ ਮਿਲਣ ਵਿਆਹ ਵਿੱਚ ਸੱਦ ਲਿਆਓ ।

10ਤਦ ਉਹ ਨੌਕਰ ਰਸਤਿਆਂ ਉੱਤੇ ਬਾਹਰ ਜਾ ਕੇ ਬੁਰੇ ਭਲੇ ਜਿੰਨੇ ਮਿਲੇ ਸਭਨਾਂ ਨੂੰ ਇਕੱਠੇ ਕਰ ਲਿਆਏ ਅਤੇ ਵਿਆਹ ਵਾਲਾ ਘਰ ਮਹਿਮਾਨਾਂ ਨਾਲ ਭਰ ਗਿਆ ।

11ਪਰ ਜਦ ਰਾਜਾ ਮਹਿਮਾਨਾਂ ਨੂੰ ਵੇਖਣ ਅੰਦਰ ਆਇਆ ਤਦ ਉੱਥੇ ਇੱਕ ਮਨੁੱਖ ਨੂੰ ਦੇਖਿਆ ਜਿਸ ਨੇ ਵਿਆਹ ਵਾਲੇ ਕੱਪੜੇ ਨਹੀਂ ਪਹਿਨੇ ਹੋਏ ਸਨ ।

12ਅਤੇ ਉਹ ਨੂੰ ਕਿਹਾ, ਭਾਈ, ਤੂੰ ਇੱਥੇ ਵਿਆਹ ਵਾਲੇ ਕੱਪੜਿਆਂ ਬਿਨ੍ਹਾਂ ਕਿਵੇਂ ਅੰਦਰ ਆਇਆ ? ਪਰ ਉਹ ਚੁੱਪ ਹੀ ਰਿਹਾ ।

13ਤਦ ਰਾਜੇ ਨੇ ਸੇਵਾਦਾਰਾਂ ਨੂੰ ਆਖਿਆ, ਇਹ ਦੇ ਹੱਥ-ਪੈਰ ਬੰਨ੍ਹ ਕੇ ਇਹ ਨੂੰ ਬਾਹਰ ਦੇ ਅੰਧਘੋਰ ਵਿੱਚ ਸੁੱਟ ਦਿਓ ! ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ ।

14ਕਿਉਂ ਜੋ ਸੱਦੇ ਹੋਏ ਤਾਂ ਬਹੁਤ ਹਨ ਪਰ ਚੁਣੇ ਹੋਏ ਥੋੜ੍ਹੇ ।

15ਤਦ ਫ਼ਰੀਸੀਆਂ ਨੇ ਯੋਜਨਾ ਬਣਾਈ ਜੋ ਉਹ ਨੂੰ ਕਿਸ ਤਰ੍ਹਾਂ ਗੱਲਾਂ ਵਿੱਚ ਫਸਾਈਏ ।

16ਅਤੇ ਉਨ੍ਹਾਂ ਆਪਣੇ ਚੇਲਿਆਂ ਨੂੰ ਹੇਰੋਦੀਆਂ ਦੇ ਨਾਲ ਉਸ ਦੇ ਕੋਲ ਭੇਜਿਆ ਕਿ ਉਸ ਨੂੰ ਆਖਣ, ਗੁਰੂ ਜੀ, ਅਸੀਂ ਜਾਣਦੇ ਹਾਂ ਜੋ ਤੂੰ ਸੱਚਾ ਹੈਂ ਅਤੇ ਸਚਿਆਈ ਨਾਲ ਪਰਮੇਸ਼ੁਰ ਦਾ ਰਾਹ ਦੱਸਦਾ ਹੈਂ ਅਤੇ ਤੈਨੂੰ ਕਿਸੇ ਦੀ ਪਰਵਾਹ ਨਹੀਂ ਕਿਉਂ ਜੋ ਤੂੰ ਮਨੁੱਖਾਂ ਦਾ ਪੱਖਪਾਤ ਨਹੀਂ ਕਰਦਾ ।

17ਸੋ ਸਾਨੂੰ ਦੱਸ, ਤੂੰ ਕੀ ਸਮਝਦਾ ਹੈਂ ਜੋ ਕੈਸਰ ਨੂੰ ਕਰ ਦੇਣਾ ਯੋਗ ਹੈ ਜਾਂ ਨਹੀਂ ?

18ਪਰ ਯਿਸੂ ਨੇ ਉਨ੍ਹਾਂ ਦੀ ਚਲਾਕੀ ਸਮਝ ਕੇ ਆਖਿਆ, ਹੇ ਕਪਟੀਓ ਕਿਉਂ ਮੈਨੂੰ ਪਰਖਦੇ ਹੋ ?

19ਕਰ ਦਾ ਸਿੱਕਾ ਮੈਨੂੰ ਵਿਖਾਓ । ਤਦ ਉਹ ਇੱਕ ਅੱਠਿਆਨੀ ਉਸ ਕੋਲ ਲਿਆਏ ।

20ਅਤੇ ਉਸ ਨੇ ਉਨ੍ਹਾਂ ਨੂੰ ਕਿਹਾ, ਇਹ ਮੂਰਤ ਅਤੇ ਲਿਖਤ ਕਿਸ ਦੀ ਹੈ ?

21ਉਨ੍ਹਾਂ ਉਸ ਨੂੰ ਕਿਹਾ, ਕੈਸਰ ਦੀ । ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ, ਫੇਰ ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਉਹ ਕੈਸਰ ਨੂੰ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਉਹ ਪਰਮੇਸ਼ੁਰ ਨੂੰ ਦਿਓ ।

22ਅਤੇ ਉਨ੍ਹਾਂ ਨੇ ਇਹ ਸੁਣ ਕੇ ਹੈਰਾਨ ਹੋਏ ਅਤੇ ਉਸ ਨੂੰ ਛੱਡ ਕੇ ਚੱਲੇ ਗਏ ।

23ਉਸੇ ਦਿਨ ਸਦੂਕੀ ਜਿਹੜੇ ਆਖਦੇ ਹਨ ਜੋ ਮੁਰਦਿਆਂ ਦਾ ਜੀ ਉੱਠਣਾ ਨਹੀਂ ਹੈ ਉਹ ਦੇ ਕੋਲ ਆਏ ਅਤੇ ਉਸ ਤੋਂ ਸਵਾਲ ਪੁੱਛਿਆ

24ਕਿ ਗੁਰੂ ਜੀ ਮੂਸਾ ਨੇ ਆਖਿਆ ਸੀ ਕਿ ਜੇ ਕੋਈ ਬੇ-ਔਲਾਦ ਮਰ ਜਾਵੇ ਤਾਂ ਉਹ ਦਾ ਭਰਾ ਉਹ ਦੀ ਪਤਨੀ ਨਾਲ ਵਿਆਹ ਕਰ ਲਵੇ ਅਤੇ ਆਪਣੇ ਭਰਾ ਲਈ ਸੰਤਾਨ ਉਤਪੰਨ ਕਰੇ ।

25ਸੋ ਸਾਡੇ ਵਿੱਚ ਸੱਤ ਭਰਾ ਸਨ ਅਤੇ ਪਹਿਲਾ ਵਿਆਹ ਕਰ ਕੇ ਮਰ ਗਿਆ ਅਤੇ ਬੇ-ਔਲਾਦਾ ਹੋਣ ਕਰਕੇ ਆਪਣੇ ਭਰਾ ਦੇ ਲਈ ਆਪਣੀ ਪਤਨੀ ਛੱਡ ਗਿਆ ।

26ਇਸੇ ਤਰ੍ਹਾਂ ਦੂਜਾ ਵੀ ਅਤੇ ਤੀਜਾ ਵੀ, ਇਸੇ ਤਰ੍ਹਾਂ ਸੱਤਵੇਂ ਤੱਕ ।

27ਅਤੇ ਸਾਰਿਆਂ ਦੇ ਬਾਅਦ ਉਹ ਔਰਤ ਵੀ ਮਰ ਗਈ ।

28ਉਪਰੰਤ ਮੁਰਦਿਆਂ ਦੇ ਜੀ ਉੱਠਣ ਦੇ ਦਿਨ ਨੂੰ ਉਹ ਉਨ੍ਹਾਂ ਸੱਤਾਂ ਵਿੱਚੋਂ ਕਿਸ ਦੀ ਪਤਨੀ ਹੋਵੇਗੀ ਕਿਉਂਕਿ ਉਹ ਸਭਨਾਂ ਦੀ ਪਤਨੀ ਬਣੀ ਸੀ ?

29ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਤੁਸੀਂ ਪਵਿੱਤਰ ਗ੍ਰੰਥਾਂ ਅਤੇ ਪਰਮੇਸ਼ੁਰ ਦੀ ਸਮਰੱਥਾ ਨੂੰ ਨਹੀਂ ਜਾਣਦੇ, ਇਸੇ ਲਈ ਗਲਤੀ ਕਰਦੇ ਹੋ ।

30ਕਿਉਂ ਜੋ ਜੀ ਉੱਠਣ ਵਾਲੇ ਦਿਨ ਵਿੱਚ ਨਾ ਵਿਆਹ ਕਰਦੇ ਅਤੇ ਨਾ ਵਿਆਹੇ ਜਾਂਦੇ ਹਨ ਪਰ ਸਵਰਗ ਵਿੱਚ ਦੂਤਾਂ ਵਰਗੇ ਹਨ ।

31ਪਰ ਮੁਰਦਿਆਂ ਦੇ ਜੀ ਉੱਠਣ ਦਿਨ ਦੇ ਵਿਖੇ ਕੀ ਤੁਸੀਂ ਉਹ ਨਹੀਂ ਪੜ੍ਹਿਆ ਜੋ ਪਰਮੇਸ਼ੁਰ ਨੇ ਤੁਹਾਨੂੰ ਆਖਿਆ

32ਕਿ ਮੈਂ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ ? ਉਹ ਮੁਰਦਿਆਂ ਦਾ ਪਰਮੇਸ਼ੁਰ ਨਹੀਂ ਪਰ ਜਿਉਂਦਿਆਂ ਦਾ ਹੈ ।

33ਅਤੇ ਲੋਕ ਇਹ ਸੁਣ ਕੇ ਉਹ ਦੇ ਉਪਦੇਸ਼ ਤੋਂ ਹੈਰਾਨ ਹੋਏ ।

34ਪਰ ਜਦ ਫ਼ਰੀਸੀਆਂ ਨੇ ਸੁਣਿਆ ਜੋ ਉਹ ਨੇ ਸਦੂਕੀਆਂ ਦਾ ਮੂੰਹ ਬੰਦ ਕਰ ਦਿੱਤਾ, ਤਦ ਉਹ ਇੱਕ ਥਾਂ ਇਕੱਠੇ ਹੋਏ ।

35ਅਤੇ ਉਨ੍ਹਾਂ ਵਿੱਚੋਂ ਇੱਕ ਨੇ ਜਿਹੜਾ ਉਪਦੇਸ਼ਕ ਸੀ ਉਹ ਦੇ ਪਰਖਣ ਲਈ ਸਵਾਲ ਕੀਤਾ

36ਕਿ ਗੁਰੂ ਜੀ, ਮੂਸਾ ਦੀ ਬਿਵਸਥਾ ਵਿੱਚ ਵੱਡਾ ਹੁਕਮ ਕਿਹੜਾ ਹੈ ?

37ਅਤੇ ਉਹ ਨੇ ਉਸ ਨੂੰ ਕਿਹਾ, ਤੂੰ ਪ੍ਰਭੂ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ ।

38ਵੱਡਾ ਅਤੇ ਪਹਿਲਾ ਹੁਕਮ ਇਹੋ ਹੈ ।

39ਅਤੇ ਦੂਜਾ ਇਸ ਤਰ੍ਹਾਂ ਹੈ ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ ।

40ਇਨ੍ਹਾਂ ਦੋਹਾਂ ਹੁਕਮਾਂ ਉੱਤੇ ਮੂਸਾ ਦੀ ਸਾਰੀ ਬਿਵਸਥਾ ਅਤੇ ਨਬੀਆਂ ਦੇ ਬਚਨ ਟਿਕੇ ਹੋਏ ਹਨ ।

41ਜਿਸ ਵੇਲੇ ਫ਼ਰੀਸੀ ਇਕੱਠੇ ਸਨ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ

42ਮਸੀਹ ਦੇ ਬਾਰੇ ਤੁਸੀਂ ਕੀ ਸਮਝਦੇ ਹੋ, ਉਹ ਕਿਹ ਦਾ ਪੁੱਤਰ ਹੈ ? ਉਨ੍ਹਾਂ ਉਸ ਨੂੰ ਆਖਿਆ, ਦਾਊਦ ਦਾ ।

43ਉਸ ਨੇ ਉਨ੍ਹਾਂ ਨੂੰ ਕਿਹਾ, ਫੇਰ ਦਾਊਦ ਆਤਮਾ ਦੀ ਰਾਹੀਂ ਕਿਵੇਂ ਉਹ ਨੂੰ ਪ੍ਰਭੂ ਆਖਦਾ ਹੈ ? ਕਿ

44ਪ੍ਰਭੂ ਨੇ ਮੇਰੇ ਪ੍ਰਭੂ ਨੂੰ ਆਖਿਆ, ਤੂੰ ਮੇਰੇ ਸੱਜੇ ਪਾਸੇ ਬੈਠ, ਜਦ ਤੱਕ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਹੇਠ ਨਾ ਕਰ ਦੇਵਾਂ ।

45ਸੋ ਜਦ ਦਾਊਦ ਉਹ ਨੂੰ ਪ੍ਰਭੂ ਆਖਦਾ ਹੈ ਤਾਂ ਉਹ ਉਸ ਦਾ ਪੁੱਤਰ ਕਿਸ ਤਰ੍ਹਾਂ ਹੋਇਆ ?

46ਅਤੇ ਕੋਈ ਉਹ ਨੂੰ ਜਵਾਬ ਵਿੱਚ ਇੱਕ ਬਚਨ ਵੀ ਨਾ ਕਹਿ ਸਕਿਆ, ਨਾ ਉਸ ਦਿਨ ਤੋਂ ਕਿਸੇ ਦੀ ਹਿੰਮਤ ਹੋਈ ਜੋ ਉਸ ਅੱਗੇ ਕੋਈ ਪ੍ਰਸ਼ਨ ਕਰੇ ।


  Share Facebook  |  Share Twitter

 <<  Matthew 22 >> 


Bible2india.com
© 2010-2024
Help
Dual Panel

Laporan Masalah/Saran