Bible 2 India Mobile
[VER] : [PUNJABI]     [PL]  [PB] 
 <<  Matthew 19 >> 

1ਫਿਰ ਅਜਿਹਾ ਹੋਇਆ ਕਿ ਜਦੋਂ ਯਿਸੂ ਇਹ ਗੱਲਾਂ ਕਰ ਹਟਿਆ ਤਾਂ ਗਲੀਲ ਤੋਂ ਚੱਲਿਆ ਗਿਆ ਅਤੇ ਯਰਦਨ ਪਾਰ ਯਹੂਦਿਯਾ ਦੇ ਇਲਾਕੇ ਵਿੱਚ ਆਇਆ ।

2ਅਤੇ ਬਹੁਤ ਸਾਰੇ ਲੋਕ ਉਹ ਦੇ ਮਗਰ ਤੁਰ ਪਏ, ਅਤੇ ਉਸ ਨੇ ਉੱਥੇ ਉਨ੍ਹਾਂ ਨੂੰ ਚੰਗਾ ਕੀਤਾ ।

3ਫ਼ਰੀਸੀ ਉਸ ਦੀ ਪ੍ਰੀਖਿਆ ਲੈਣ ਲਈ ਉਹ ਦੇ ਕੋਲ ਆ ਕੇ ਬੋਲੇ, ਕੀ ਮਨੁੱਖ ਨੂੰ ਇਹ ਯੋਗ ਹੈ ਕਿ ਉਹ ਕਿਸੇ ਗੱਲ ਕਾਰਨ ਆਪਣੀ ਪਤਨੀ ਨੂੰ ਤਲਾਕ ਦੇਵੇ ?

4ਉਸ ਨੇ ਉੱਤਰ ਦਿੱਤਾ, ਕੀ ਤੁਸੀਂ ਇਹ ਨਹੀਂ ਪੜ੍ਹਿਆ ਕਿ ਜਿਸ ਨੇ ਉਨ੍ਹਾਂ ਨੂੰ ਬਣਾਇਆ ਉਹ ਨੇ ਮੁੱਢੋਂ ਉਨ੍ਹਾਂ ਨੂੰ ਨਰ ਅਤੇ ਨਾਰੀ ਬਣਾਇਆ ?

5ਅਤੇ ਕਿਹਾ ਜੋ ਇਸ ਲਈ ਆਦਮੀ ਆਪਣੇ ਮਾਪੇ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ ।

6ਇਸ ਲਈ ਹੁਣ ਉਹ ਦੋ ਨਹੀਂ ਪਰ ਇੱਕ ਸਰੀਰ ਹਨ । ਸੋ ਜੋ ਕੁੱਝ ਪਰਮੇਸ਼ੁਰ ਨੇ ਜੋੜ ਦਿੱਤਾ ਹੈ, ਉਹ ਨੂੰ ਮਨੁੱਖ ਵੱਖ ਨਾ ਕਰੇ ।

7ਉਨ੍ਹਾਂ ਨੇ ਉਸ ਨੂੰ ਆਖਿਆ, ਫੇਰ ਮੂਸਾ ਨੇ ਤਿਆਗ ਪੱਤਰ ਰਾਹੀਂ ਤਲਾਕ ਦੇਣ ਦੀ ਆਗਿਆ ਕਿਉਂ ਦਿੱਤੀ ?

8ਯਿਸੂ ਨੇ ਉੱਤਰ ਦਿੱਤਾ, ਮੂਸਾ ਨੇ ਤੁਹਾਡੀ ਸਖ਼ਤ ਦਿਲੀ ਕਰਕੇ ਤੁਹਾਨੂੰ ਆਪਣੀਆਂ ਪਤਨੀਆਂ ਨੂੰ ਤਿਆਗਣ ਦੀ ਪਰਵਾਨਗੀ ਦਿੱਤੀ ਪਰ ਮੁੱਢੋਂ ਅਜਿਹਾ ਨਾ ਸੀ ।

9ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜੇ ਕੋਈ ਹਰਾਮਕਾਰੀ ਤੋਂ ਇਲਾਵਾ ਆਪਣੀ ਪਤਨੀ ਨੂੰ ਕਿਸੇ ਹੋਰ ਕਾਰਨ ਤਿਆਗ ਦੇਵੇ ਅਤੇ ਦੂਜੀ ਨਾਲ ਵਿਆਹ ਕਰੇ ਉਹ ਵਿਭਚਾਰ ਕਰਦਾ ਹੈ।

10ਚੇਲਿਆਂ ਨੇ ਉਹ ਨੂੰ ਕਿਹਾ, ਜੇਕਰ ਆਦਮੀ ਅਤੇ ਔਰਤ ਵਿਚਕਾਰ ਇਹ ਹਾਲਾਤ ਹਨ, ਤਾਂ ਵਿਆਹ ਕਰਵਾਉਣਾ ਹੀ ਚੰਗਾ ਨਹੀਂ ।

11ਪਰ ਉਸ ਨੇ ਉਨ੍ਹਾਂ ਨੂੰ ਆਖਿਆ, ਇਹ ਗੱਲ ਸਾਰਿਆਂ ਲਈ ਨਹੀਂ, ਸਿਰਫ਼ ਉਹਨਾਂ ਲਈ ਜਿਨ੍ਹਾਂ ਨੂੰ ਬਖ਼ਸ਼ਿਆ ਗਿਆ ਹੈ ।

12ਕਿਉਂਕਿ ਅਜਿਹੇ ਖੁਸਰੇ ਹਨ, ਜਿਹੜੇ ਮਾਂ ਦੀ ਕੁੱਖੋਂ ਇਸੇ ਤਰ੍ਹਾਂ ਜੰਮੇ ਅਤੇ ਕੁੱਝ ਖੁਸਰੇ ਅਜਿਹੇ ਹਨ ਜਿਹੜੇ ਮਨੁੱਖਾਂ ਦੇ ਦੁਆਰਾ ਖੁਸਰੇ ਕੀਤੇ ਹੋਏ ਹਨ ਅਤੇ ਅਜਿਹੇ ਖੁਸਰੇ ਵੀ ਹਨ ਕਿ ਜਿਨ੍ਹਾਂ ਨੇ ਸਵਰਗ ਰਾਜ ਦੇ ਕਾਰਨ ਆਪਣੇ ਆਪ ਨੂੰ ਖੁਸਰੇ ਕੀਤਾ ਹੈ, ਜਿਹੜਾ ਕਬੂਲ ਕਰ ਸਕਦਾ ਹੈ ਉਹ ਕਬੂਲ ਕਰੇ ।

13ਤਦ ਲੋਕ ਛੋਟੇ ਬੱਚਿਆਂ ਨੂੰ ਉਹ ਦੇ ਕੋਲ ਲਿਆਏ ਤਾਂ ਜੋ ਉਹ ਉਨ੍ਹਾਂ ਉੱਤੇ ਹੱਥ ਰੱਖ ਕੇ ਪ੍ਰਾਰਥਨਾ ਕਰੇ, ਪਰ ਚੇਲਿਆਂ ਨੇ ਉਨ੍ਹਾਂ ਨੂੰ ਝਿੜਕਿਆ ।

14ਤਦ ਯਿਸੂ ਨੇ ਆਖਿਆ, ਬੱਚਿਆਂ ਨੂੰ ਕੁੱਝ ਨਾ ਆਖੋ ਅਤੇ ਉਨ੍ਹਾਂ ਨੂੰ ਮੇਰੇ ਕੋਲ ਆਉਣ ਤੋਂ ਨਾ ਰੋਕੋ ਕਿਉਂ ਜੋ ਸਵਰਗ ਰਾਜ ਇਹੋ ਜਿਹਿਆਂ ਦਾ ਹੈ ।

15ਅਤੇ ਉਹ ਉਨ੍ਹਾਂ ਉੱਤੇ ਹੱਥ ਰੱਖ ਕੇ ਉੱਥੋਂ ਚੱਲਿਆ ਗਿਆ ।

16ਤਾਂ ਵੇਖੋ ਇੱਕ ਮਨੁੱਖ ਨੇ ਉਹ ਦੇ ਕੋਲ ਆ ਕੇ ਕਿਹਾ, ਗੁਰੂ ਜੀ ਮੈਂ ਕਿਹੜਾ ਭਲਾ ਕੰਮ ਕਰਾਂ ਜੋ ਮੈਨੂੰ ਸਦੀਪਕ ਜੀਵਨ ਮਿਲੇ ?

17ਉਸ ਨੇ ਉਹ ਨੂੰ ਆਖਿਆ, ਤੂੰ ਭਲਿਆਈ ਦੇ ਬਾਰੇ ਮੈਨੂੰ ਕਿਉਂ ਪੁੱਛਦਾ ਹੈਂ ? ਭਲਾ ਤਾਂ ਇੱਕੋ ਹੀ ਹੈ । ਪਰ ਜੇ ਤੂੰ ਸਦੀਪਕ ਜੀਵਨ ਵਿੱਚ ਦਾਖਲ ਹੋਣਾ ਚਾਹੁੰਦਾ ਹੈਂ ਤਾਂ ਹੁਕਮਾਂ ਨੂੰ ਮੰਨ ।

18ਉਸ ਨੇ ਉਹ ਨੂੰ ਆਖਿਆ, ਕਿਹੜੇ ਹੁਕਮ ? ਤਦ ਯਿਸੂ ਨੇ ਕਿਹਾ, ਖ਼ੂਨ ਨਾ ਕਰ, ਵਿਭਚਾਰ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ ।

19ਆਪਣੇ ਮਾਂ ਪਿਉ ਦਾ ਆਦਰ ਕਰ ਅਤੇ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ ।

20ਉਸ ਜਵਾਨ ਨੇ ਉਹ ਨੂੰ ਆਖਿਆ, ਮੈਂ ਤਾਂ ਇਨ੍ਹਾਂ ਸਾਰੇ ਹੁਕਮਾਂ ਦੀ ਪਾਲਣਾ ਕਰਦਾ ਰਿਹਾ ਹਾਂ । ਹੁਣ ਮੇਰੇ ਵਿੱਚ ਕੀ ਕਮੀ ਹੈ ?

21ਯਿਸੂ ਨੇ ਉਹ ਨੂੰ ਕਿਹਾ, ਜੇ ਤੂੰ ਸਿੱਧ ਹੋਣਾ ਚਾਹੁੰਦਾ ਹੈਂ ਤਾਂ ਜਾ ਕੇ ਆਪਣੀ ਜਾਇਦਾਦ ਵੇਚ ਅਤੇ ਕੰਗਾਲਾਂ ਵਿੱਚ ਵੰਡ ਦੇ ਤਾਂ ਤੈਨੂੰ ਸਵਰਗ ਵਿੱਚ ਖ਼ਜ਼ਾਨਾ ਮਿਲੇਗਾ ਅਤੇ ਆ, ਮੇਰੇ ਮਗਰ ਹੋ ਤੁਰ ।

22ਪਰ ਉਸ ਜਵਾਨ ਨੇ ਜਦ ਇਹ ਗੱਲ ਸੁਣੀ ਤਾਂ ਉਦਾਸ ਹੋ ਕੇ ਚੱਲਿਆ ਗਿਆ, ਕਿਉਂ ਜੋ ਉਹ ਵੱਡਾ ਧਨਵਾਨ ਸੀ ।

23ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਧਨਵਾਨ ਦਾ ਸਵਰਗ ਰਾਜ ਵਿੱਚ ਦਾਖਲ ਹੋਣਾ ਔਖਾ ਹੈ ।

24ਫੇਰ ਮੈਂ ਤੁਹਾਨੂੰ ਆਖਦਾ ਹਾਂ ਕਿ ਕਿਸੇ ਧਨਵਾਨ ਦੇ ਸਵਰਗ ਰਾਜ ਵਿੱਚ ਦਾਖਲ ਹੋਣ ਨਾਲੋਂ, ਊਠ ਦਾ ਸੂਈ ਦੇ ਨੱਕੇ ਦੇ ਵਿੱਚੋਂ ਦੀ ਲੰਘਣਾ ਸੁਖਾਲਾ ਹੈ ।

25ਅਤੇ ਚੇਲੇ ਇਹ ਸੁਣ ਕੇ ਬਹੁਤ ਹੈਰਾਨ ਹੋਏ ਅਤੇ ਬੋਲੇ, ਤਾਂ ਫਿਰ ਕੌਣ ਮੁਕਤੀ ਪਾ ਸਕਦਾ ਹੈ ?

26ਤਦ ਯਿਸੂ ਨੇ ਉਨ੍ਹਾਂ ਵੱਲ ਵੇਖ ਕੇ ਉਨ੍ਹਾਂ ਨੂੰ ਕਿਹਾ, ਇਹ ਮਨੁੱਖ ਤੋਂ ਅਣਹੋਣਾ ਹੈ, ਪਰ ਪਰਮੇਸ਼ੁਰ ਤੋਂ ਸੱਭੋ ਕੁੱਝ ਹੋ ਸਕਦਾ ਹੈ ।

27ਤਦ ਪਤਰਸ ਨੇ ਉਹ ਨੂੰ ਉੱਤਰ ਦਿੱਤਾ, ਵੇਖ ਅਸੀਂ ਸੱਭੋ ਕੁੱਝ ਛੱਡ ਕੇ ਤੇਰੇ ਪਿੱਛੇ ਹੋ ਤੁਰੇ ਹਾਂ, ਫੇਰ ਸਾਨੂੰ ਕੀ ਮਿਲੇਗਾ ?

28ਯਿਸੂ ਨੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦ ਮਨੁੱਖ ਦਾ ਪੁੱਤਰ ਨਵੀਂ ਸਰਿਸ਼ਟੀ ਵਿੱਚ ਆਪਣੇ ਮਹਿਮਾ ਦੇ ਸਿੰਘਾਸਣ ਉੱਤੇ ਬੈਠੇਗਾ ਤਦ ਤੁਸੀਂ ਵੀ ਮੇਰੇ ਨਾਲ ਬਾਰਾਂ ਸਿੰਘਾਸਣਾਂ ਉੱਤੇ ਬੈਠੋਗੇ ਅਤੇ ਇਸਰਾਏਲ ਦੇ ਬਾਰਾਂ ਗੋਤਾਂ ਦਾ ਨਿਆਂ ਕਰੋਗੇ ।

29ਅਤੇ ਹਰ ਕੋਈ ਜਿਸ ਨੇ ਆਪਣੇ ਘਰ, ਭਰਾਵਾਂ, ਭੈਣਾਂ, ਮਾਤਾ-ਪਿਤਾ, ਬਾਲ ਬੱਚਿਆਂ ਜਾਂ ਜਾਇਦਾਦ ਨੂੰ ਮੇਰੇ ਨਾਮ ਦੇ ਕਾਰਨ ਛੱਡਿਆ ਹੈ ਉਹ ਸੌ ਗੁਣਾ ਫਲ ਪਾਵੇਗਾ ਅਤੇ ਸਦੀਪਕ ਜੀਵਨ ਦਾ ਵਾਰਸ ਹੋਵੇਗਾ ।

30ਪਰ ਬਹੁਤ ਜੋ ਪਹਿਲੇ ਹਨ ਪਿਛਲੇ ਅਤੇ ਜੋ ਪਿਛਲੇ ਹਨ ਉਹ ਪਹਿਲੇ ਹੋਣਗੇ ।


  Share Facebook  |  Share Twitter

 <<  Matthew 19 >> 


Bible2india.com
© 2010-2024
Help
Dual Panel

Laporan Masalah/Saran