Bible 2 India Mobile
[VER] : [PUNJABI]     [PL]  [PB] 
 <<  Matthew 16 >> 

1ਫ਼ਰੀਸੀਆਂ ਅਤੇ ਸਦੂਕੀਆਂ ਨੇ ਕੋਲ ਆ ਕੇ ਯਿਸੂ ਨੂੰ ਪਰਖਣ ਲਈ ਉਸ ਅੱਗੇ ਬੇਨਤੀ ਕੀਤੀ ਜੋ ਸਵਰਗ ਵੱਲੋਂ ਕੋਈ ਨਿਸ਼ਾਨ ਵਿਖਾ ।

2ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਜਦੋਂ ਸ਼ਾਮ ਹੁੰਦੀ ਹੈ ਤਾਂ ਤੁਸੀਂ ਕਹਿੰਦੇ ਹੋ ਜੋ ਭਲਕੇ ਮੌਸਮ ਸਾਫ਼ ਰਹੇਗਾ, ਕਿਉਂਕਿ ਅਕਾਸ਼ ਲਾਲ ਹੈ ।

3ਅਤੇ ਸਵੇਰ ਨੂੰ ਆਖਦੇ ਹੋ, ਅੱਜ ਹਨੇਰੀ ਵਗੇਗੀ ਕਿਉਂਕਿ ਅਕਾਸ਼ ਲਾਲ ਅਤੇ ਗਹਿਰਾ ਹੈ । ਅਕਾਸ਼ ਦੇ ਚਿੰਨ੍ਹਾਂ ਦੀ ਜਾਚ ਕਰਨੀ ਤੁਹਾਨੂੰ ਆਉਂਦੀ ਹੈ, ਪਰ ਸਮਿਆਂ ਦੇ ਨਿਸ਼ਾਨ ਪਹਿਚਾਣ ਨਹੀਂ ਸਕਦੇ ।

4ਇਸ ਪੀੜ੍ਹੀ ਦੇ ਬੁਰੇ ਅਤੇ ਹਰਾਮਕਾਰ ਲੋਕ ਨਿਸ਼ਾਨ ਚਾਹੁੰਦੇ ਹਨ, ਪਰ ਯੂਨਾਹ ਦੇ ਨਿਸ਼ਾਨ ਬਿਨ੍ਹਾਂ ਉਨ੍ਹਾਂ ਨੂੰ ਹੋਰ ਕੋਈ ਨਿਸ਼ਾਨ ਨਾ ਦਿੱਤਾ ਜਾਵੇਗਾ ਅਤੇ ਉਹ ਉਨ੍ਹਾਂ ਨੂੰ ਛੱਡ ਕੇ ਚੱਲਿਆ ਗਿਆ ।

5ਚੇਲੇ ਪਾਰ ਪਹੁੰਚੇ ਪਰ ਰੋਟੀ ਲੈਣੀ ਭੁੱਲ ਗਏ ਸਨ ।

6ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ, ਖ਼ਬਰਦਾਰ, ਫ਼ਰੀਸੀਆਂ ਅਤੇ ਸਦੂਕੀਆਂ ਦੇ ਖ਼ਮੀਰ ਤੋਂ ਬਚੋ ।

7ਅਤੇ ਉਹ ਆਪਸ ਵਿੱਚ ਵਿਚਾਰ ਕਰ ਕੇ ਆਖਣ ਲੱਗੇ ਕਿ ਅਸੀਂ ਜੋ ਰੋਟੀ ਨਹੀਂ ਲਿਆਏ, ਇਸ ਲਈ ਉਹ ਅਜਿਹਾ ਆਖਦਾ ਹੈ ।

8ਪਰ ਯਿਸੂ ਨੇ ਇਹ ਜਾਣ ਕੇ ਕਿਹਾ, ਹੇ ਥੋੜ੍ਹੇ ਵਿਸ਼ਵਾਸ ਵਾਲਿਓ ਤੁਸੀਂ ਆਪਸ ਵਿੱਚ ਕਿਉਂ ਵਿਚਾਰ ਕਰਦੇ ਹੋ ਜੋ ਸਾਡੇ ਕੋਲ ਰੋਟੀ ਨਹੀਂ ?

9ਭਲਾ, ਤੁਹਾਨੂੰ ਹੁਣ ਵੀ ਸਮਝ ਨਹੀਂ ਆਈ ਅਤੇ ਤੁਹਾਨੂੰ ਯਾਦ ਨਹੀਂ ਮੈਂ ਪੰਜ ਰੋਟੀਆਂ ਨਾਲ ਪੰਜ ਹਜ਼ਾਰ ਲੋਕਾਂ ਦੀ ਭੁੱਖ ਮਿਟਾਈ ਸੀ ਅਤੇ ਤੁਸੀਂ ਬਚੇ ਹੋਏ ਭੋਜਨ ਨਾਲ ਭਰੀਆਂ ਕਿੰਨੀਆਂ ਟੋਕਰੀਆਂ ਚੁੱਕੀਆਂ ਸਨ ?

10ਅਤੇ ਕੀ ਤੁਹਾਨੂੰ ਯਾਦ ਨਹੀਂ ਮੈਂ ਸੱਤ ਰੋਟੀਆਂ ਨਾਲ ਚਾਰ ਹਜ਼ਾਰ ਲੋਕਾਂ ਦੀ ਭੁੱਖ ਮਿਟਾਈ ਸੀ, ਅਤੇ ਤੁਸੀਂ ਬਚੇ ਹੋਏ ਭੋਜਨ ਨਾਲ ਭਰੀਆਂ ਕਿੰਨੀਆਂ ਟੋਕਰੀਆਂ ਚੁੱਕੀਆਂ ਸਨ ?

11ਤੁਸੀਂ ਕਿਉਂ ਨਹੀਂ ਸਮਝਦੇ ਕਿ ਮੈਂ ਤੁਹਾਨੂੰ ਰੋਟੀਆਂ ਦੀ ਗੱਲ ਨਹੀਂ ਆਖੀ ਪਰ ਇਹ ਕਿ ਫ਼ਰੀਸੀਆਂ ਅਤੇ ਸਦੂਕੀਆਂ ਦੇ ਖ਼ਮੀਰ ਤੋਂ ਬਚੋ ?

12ਤਦ ਉਹ ਸਮਝੇ ਕਿ ਉਸ ਨੇ ਰੋਟੀ ਦੇ ਖ਼ਮੀਰ ਤੋਂ ਨਹੀਂ ਸਗੋਂ ਫ਼ਰੀਸੀਆਂ ਅਤੇ ਸਦੂਕੀਆਂ ਦੀ ਸਿੱਖਿਆ ਤੋਂ ਹੁਸ਼ਿਆਰ ਰਹਿਣ ਨੂੰ ਆਖਿਆ ਸੀ ।

13ਯਿਸੂ ਨੇ ਕੈਸਰਿਯਾ ਫ਼ਿਲਿੱਪੀ ਦੇ ਇਲਾਕੇ ਵਿੱਚ ਆ ਕੇ ਆਪਣੇ ਚੇਲਿਆਂ ਨੂੰ ਇਹ ਪੁੱਛਿਆ ਜੋ ਲੋਕ ਮਨੁੱਖ ਦੇ ਪੁੱਤਰ ਨੂੰ ਕੀ ਆਖਦੇ ਹਨ ?

14ਉਹ ਬੋਲੇ, ਕਈ ਤਾਂ ਯੂਹੰਨਾ ਬਪਤਿਸਮਾ ਦੇਣ ਵਾਲਾ ਕਹਿੰਦੇ ਹਨ ਅਤੇ ਕਈ ਏਲੀਯਾਹ ਅਤੇ ਕਈ ਯਿਰਮਿਯਾਹ ਜਾਂ ਨਬੀਆਂ ਵਿੱਚੋਂ ਕੋਈ ।

15ਉਸ ਨੇ ਉਨ੍ਹਾਂ ਨੂੰ ਕਿਹਾ, ਪਰ ਤੁਸੀਂ ਮੈਨੂੰ ਕੀ ਕਹਿੰਦੇ ਹੋ ਜੋ ਮੈਂ ਕੌਣ ਹਾਂ ?

16ਸ਼ਮਊਨ ਪਤਰਸ ਨੇ ਉੱਤਰ ਦਿੱਤਾ, ਤੂੰ ਮਸੀਹ ਜਿਉਂਦੇ ਪਰਮੇਸ਼ੁਰ ਦਾ ਪੁੱਤਰ ਹੈਂ ।

17ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਧੰਨ ਹੈ ਤੂੰ ਸ਼ਮਊਨ, ਯੋਨਾਹ ਦੇ ਪੁੱਤਰ, ਕਿਉਂ ਜੋ ਸਰੀਰ ਅਤੇ ਲਹੂ ਨੇ ਨਹੀਂ ਸਗੋਂ ਮੇਰੇ ਪਿਤਾ ਨੇ ਜਿਹੜਾ ਸਵਰਗ ਵਿੱਚ ਹੈ, ਇਹ ਗੱਲ ਤੇਰੇ ਉੱਤੇ ਪ੍ਰਗਟ ਕੀਤੀ ।

18ਅਤੇ ਮੈਂ ਵੀ ਤੈਨੂੰ ਆਖਦਾ ਹਾਂ ਜੋ ਤੂੰ ਪਤਰਸ ਹੈਂ ਅਤੇ ਮੈਂ ਇਸ ਪੱਥਰ ਉੱਤੇ ਆਪਣੀ ਕਲੀਸਿਯਾ ਬਣਾਵਾਂਗਾ ਅਤੇ ਪਤਾਲ ਦੇ ਫਾਟਕਾਂ ਦਾ ਉਹ ਦੇ ਉੱਤੇ ਕੁੱਝ ਵੱਸ ਨਾ ਚੱਲੇਗਾ ।

19ਮੈਂ ਸਵਰਗ ਰਾਜ ਦੀਆਂ ਕੁੰਜੀਆਂ ਤੈਨੂੰ ਦਿਆਂਗਾ ਅਤੇ ਜੋ ਕੁੱਝ ਤੂੰ ਧਰਤੀ ਉੱਤੇ ਬੰਨ੍ਹੇਗਾ ਸਵਰਗ ਵਿੱਚ ਬੰਨ੍ਹਿਆ ਜਾਵੇਗਾ ਅਤੇ ਜੋ ਕੁੱਝ ਤੂੰ ਧਰਤੀ ਉੱਤੇ ਖੋਲ੍ਹੇਗਾ ਸਵਰਗ ਵਿੱਚ ਖੋਲ੍ਹਿਆ ਜਾਵੇਗਾ ।

20ਤਦ ਉਹ ਨੇ ਚੇਲਿਆਂ ਨੂੰ ਆਗਿਆ ਦਿੱਤੀ ਕਿ ਕਿਸੇ ਨੂੰ ਨਾ ਦੱਸਣ, ਜੋ ਮੈਂ ਮਸੀਹ ਹਾਂ ।

21ਉਸ ਵੇਲੇ ਤੋਂ ਯਿਸੂ ਆਪਣੇ ਚੇਲਿਆਂ ਨੂੰ ਖੁੱਲ੍ਹ ਕੇ ਦੱਸਣ ਲੱਗਾ, ਇਹ ਜ਼ਰੂਰੀ ਹੈ ਜੋ ਮੈਂ ਯਰੂਸ਼ਲਮ ਨੂੰ ਜਾਂਵਾਂ ਅਤੇ ਬਜ਼ੁਰਗਾਂ, ਮੁੱਖ ਜਾਜਕਾਂ ਅਤੇ ਉਪਦੇਸ਼ਕਾਂ ਦੇ ਹੱਥੋਂ ਬਹੁਤ ਦੁੱਖ ਝੱਲਾਂ ਅਤੇ ਮਾਰ ਦਿੱਤਾ ਜਾਂਵਾਂ ਅਤੇ ਤੀਜੇ ਦਿਨ ਜੀ ਉੱਠਾਂ ।

22ਤਦ ਪਤਰਸ ਨੇ ਉਹ ਨੂੰ ਇੱਕ ਪਾਸੇ ਕਰ ਕੇ ਕਿਹਾ, ਪ੍ਰਭੂ ਜੀ, ਪਰਮੇਸ਼ੁਰ ਇਹ ਨਾ ਕਰੇ ! ਤੇਰੇ ਲਈ ਇਹ ਕਦੇ ਨਾ ਹੋਵੇਗਾ !

23ਪਰ ਉਹ ਨੇ ਮੁੜ ਕੇ ਪਤਰਸ ਨੂੰ ਆਖਿਆ, ਹੇ ਸ਼ੈਤਾਨ ਮੇਰੇ ਤੋਂ ਪਿੱਛੇ ਹੱਟ ! ਤੂੰ ਮੇਰੇ ਲਈ ਠੋਕਰ ਹੈਂ ਕਿਉਂ ਜੋ ਤੂੰ ਪਰਮੇਸ਼ੁਰ ਦੀਆਂ ਨਹੀਂ, ਪਰ ਮਨੁੱਖਾਂ ਦੀਆਂ ਗੱਲਾਂ ਉੱਤੇ ਧਿਆਨ ਰੱਖਦਾ ਹੈਂ ।

24ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਉਹ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ ।

25ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣੀ ਚਾਹੇ, ਉਹ ਉਸ ਨੂੰ ਗੁਆ ਦੇਵੇਗਾ ਪਰ ਜਿਹੜਾ ਮੇਰੇ ਲਈ ਆਪਣੀ ਜਾਨ ਗੁਆਏ ਉਹ ਉਸ ਨੂੰ ਲੱਭ ਲਵੇਗਾ ।

26ਕਿਉਂਕਿ ਮਨੁੱਖ ਨੂੰ ਕੀ ਲਾਭ ਜੇ ਸਾਰੀ ਦੁਨੀਆਂ ਨੂੰ ਜਿੱਤ ਲਵੇ, ਪਰ ਆਪਣੀ ਜਾਨ ਨੂੰ ਗੁਆ ਲਵੇ ? ਅਥਵਾ ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇਗਾ ?

27ਕਿਉਂ ਜੋ ਮਨੁੱਖ ਦਾ ਪੁੱਤਰ ਆਪਣੇ ਦੂਤਾਂ ਸਮੇਤ ਆਪਣੇ ਪਿਤਾ ਦੀ ਮਹਿਮਾ ਨਾਲ ਮੁੜ ਆਵੇਗਾ ਅਤੇ ਉਸ ਸਮੇਂ ਉਹ ਹਰੇਕ ਨੂੰ ਉਹ ਦੀ ਕਰਨੀ ਦਾ ਫਲ ਦੇਵੇਗਾ ।

28ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੋ ਕਈ ਇਹਨਾਂ ਵਿੱਚੋਂ ਜਿਹੜੇ ਐਥੇ ਖੜ੍ਹੇ ਹਨ, ਮੌਤ ਦਾ ਸੁਆਦ ਨਾ ਚੱਖਣਗੇ ਜਦ ਤੱਕ ਮਨੁੱਖ ਦੇ ਪੁੱਤਰ ਨੂੰ ਆਪਣੇ ਰਾਜ ਵਿੱਚ ਆਉਂਦਾ ਨਾ ਵੇਖਣ ।


  Share Facebook  |  Share Twitter

 <<  Matthew 16 >> 


Bible2india.com
© 2010-2024
Help
Dual Panel

Laporan Masalah/Saran