Bible 2 India Mobile
[VER] : [PUNJABI]     [PL]  [PB] 
 <<  Matthew 10 >> 

1ਉਸ ਨੇ ਆਪਣੇ ਬਾਰਾਂ ਚੇਲਿਆਂ ਨੂੰ ਕੋਲ ਬੁਲਾ ਕੇ ਉਨ੍ਹਾਂ ਨੂੰ ਅਸ਼ੁੱਧ ਆਤਮਾਵਾਂ ਉੱਤੇ ਅਧਿਕਾਰ ਦਿੱਤਾ, ਕਿ ਉਹਨਾਂ ਨੂੰ ਕੱਢਣ ਅਤੇ ਸਾਰੇ ਰੋਗ ਅਤੇ ਸਾਰੀ ਮਾਂਦਗੀ ਨੂੰ ਦੂਰ ਕਰਨ ।

2ਬਾਰਾਂ ਰਸੂਲਾਂ ਦੇ ਇਹ ਨਾਮ ਹਨ, ਪਹਿਲਾ ਸ਼ਮਊਨ ਜਿਹੜਾ ਪਤਰਸ ਅਖਵਾਉਂਦਾ ਹੈ ਅਤੇ ਉਸ ਦਾ ਭਰਾ ਅੰਦ੍ਰਿਯਾਸ, ਜ਼ਬਦੀ ਦਾ ਪੁੱਤਰ ਯਾਕੂਬ ਅਤੇ ਉਸ ਦਾ ਭਰਾ ਯੂਹੰਨਾ,

3ਫ਼ਿਲਿੱਪੁਸ, ਬਰਥੁਲਮਈ, ਥੋਮਾ ਅਤੇ ਮੱਤੀ ਚੁੰਗੀ ਲੈਣ ਵਾਲਾ, ਹਲਫ਼ਈ ਦਾ ਪੁੱਤਰ ਯਾਕੂਬ ਅਤੇ ਥੱਦਈ,

4ਸ਼ਮਊਨ ਕਨਾਨੀ ਅਤੇ ਯਹੂਦਾ ਇਸਕਰਿਯੋਤੀ, ਜਿਸ ਨੇ ਉਹ ਨੂੰ ਫੜਵਾ ਵੀ ਦਿੱਤਾ ।

5ਇਨ੍ਹਾਂ ਬਾਰਾਂ ਨੂੰ ਯਿਸੂ ਨੇ ਭੇਜਿਆ ਅਤੇ ਉਨ੍ਹਾਂ ਨੂੰ ਇਹ ਆਗਿਆ ਦਿੱਤੀ: “ਤੁਸੀਂ ਪਰਾਈਆਂ ਕੌਮਾਂ ਦੇ ਰਾਹ ਨਾ ਜਾਣਾ ਅਤੇ ਸਾਮਰਿਯਾ ਦੇ ਕਿਸੇ ਨਗਰ ਵਿੱਚ ਨਾ ਵੜਨਾ” ।

6ਸਗੋਂ ਇਸਰਾਏਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ ਕੋਲ ਜਾਓ ।

7ਅਤੇ ਜਾਂਦਿਆਂ ਹੋਇਆਂ ਇਹ ਪਰਚਾਰ ਕਰ ਕੇ ਆਖੋ, ਕਿ ਸਵਰਗ ਰਾਜ ਨੇੜੇ ਆਇਆ ਹੈ ।

8ਰੋਗੀਆਂ ਨੂੰ ਚੰਗਾ ਕਰੋ, ਮੁਰਦਿਆਂ ਨੂੰ ਜਿਉਂਦੇ ਕਰੋ, ਕੋੜ੍ਹੀਆਂ ਨੂੰ ਸ਼ੁੱਧ ਕਰੋ, ਭੂਤਾਂ ਨੂੰ ਕੱਢੋ । ਤੁਸੀਂ ਮੁਫ਼ਤ ਲਿਆ ਹੈ, ਮੁਫ਼ਤ ਹੀ ਦਿਓ ।

9ਸੋਨਾ, ਚਾਂਦੀ ਅਤੇ ਤਾਂਬਾ ਆਪਣੇ ਕਮਰ ਕੱਸੇ ਵਿੱਚ ਨਾ ਲਓ ।

10ਅਤੇ ਨਾ ਰਾਹ ਦੇ ਲਈ ਝੋਲਾ ਨਾ ਦੋ ਕੁੜਤੇ ਨਾ ਜੁੱਤੀ ਅਤੇ ਨਾ ਲਾਠੀ ਲਓ ਕਿਉਂ ਜੋ ਕਾਮਾ ਆਪਣੇ ਭੋਜਨ ਦਾ ਹੱਕਦਾਰ ਹੈ ।

11ਅਤੇ ਜਿਸ ਕਿਸੇ ਨਗਰ ਜਾਂ ਪਿੰਡ ਵਿੱਚ ਵੜੋ ਪੁੱਛੋ ਕਿ ਇੱਥੇ ਕੌਣ ਯੋਗ ਹੈ, ਜਿੰਨਾਂ ਚਿਰ ਨਾ ਉੱਥੋਂ ਨਾ ਤੁਰੋ, ਉੱਥੇ ਹੀ ਠਹਿਰੇ ਰਹੋ l

12ਅਤੇ ਘਰ ਵਿੱਚ ਵੜਦਿਆਂ ਉਹ ਦੀ ਸੁੱਖ ਮੰਗੋ ।

13ਅਤੇ ਜੇ ਘਰ ਯੋਗ ਹੋਵੇ ਤਾਂ ਤੁਹਾਡੀ ਸ਼ਾਂਤੀ ਉਹ ਨੂੰ ਮਿਲੇ, ਪਰ ਜੇ ਯੋਗ ਨਾ ਹੋਵੇ ਤਾਂ ਤੁਹਾਡੀ ਸ਼ਾਂਤੀ ਤੁਹਾਨੂੰ ਮੁੜ ਆਵੇ ।

14ਅਤੇ ਜੇ ਕੋਈ ਤੁਹਾਨੂੰ ਕਬੂਲ ਨਾ ਕਰੇ ਨਾ ਤੁਹਾਡੀਆਂ ਗੱਲਾਂ ਸੁਣੇ, ਤਾਂ ਤੁਸੀਂ ਉਸ ਘਰ ਜਾਂ ਨਗਰ ਤੋਂ ਬਾਹਰ ਨਿੱਕਲ ਕੇ ਆਪਣੇ ਪੈਰਾਂ ਦੀ ਧੂੜ ਝਾੜ ਸੁੱਟੋ ।

15ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਨਿਆਂ ਦੇ ਦਿਨ ਉਸ ਨਗਰ ਨਾਲੋਂ ਸਦੂਮ ਅਤੇ ਅਮੂਰਾਹ ਦੇ ਦੇਸ ਦਾ ਹਾਲ ਝੱਲਣ ਯੋਗ ਹੋਵੇਗਾ ।

16ਵੇਖੋ ਮੈਂ ਤੁਹਾਨੂੰ ਭੇਡਾਂ ਵਾਂਗੂੰ ਬਘਿਆੜਾਂ ਵਿੱਚ ਭੇਜਦਾ ਹਾਂ, ਇਸ ਲਈ ਤੁਸੀਂ ਸੱਪਾਂ ਵਰਗੇ ਹੁਸ਼ਿਆਰ ਅਤੇ ਕਬੂਤਰਾਂ ਵਰਗੇ ਭੋਲੇ ਹੋਵੋ ।

17ਪਰ ਮਨੁੱਖਾਂ ਤੋਂ ਚੌਕਸ ਰਹੋ ਕਿਉਂ ਜੋ ਉਹ ਤੁਹਾਨੂੰ ਅਦਾਲਤਾਂ ਦੇ ਹਵਾਲੇ ਕਰਨਗੇ ਅਤੇ ਆਪਣੀਆਂ ਪ੍ਰਾਰਥਨਾ ਘਰਾਂ ਵਿੱਚ ਤੁਹਾਨੂੰ ਕੋਰੜੇ ਮਾਰਨਗੇ ।

18ਅਤੇ ਤੁਸੀਂ ਮੇਰੇ ਕਾਰਨ ਹਾਕਮਾਂ ਅਤੇ ਰਾਜਿਆਂ ਦੇ ਅੱਗੇ ਪੇਸ਼ ਕੀਤੇ ਜਾਓਗੇ ਜੋ ਉਨ੍ਹਾਂ ਲਈ ਅਤੇ ਪਰਾਈਆਂ ਕੌਮਾਂ ਲਈ ਗਵਾਹੀ ਹੋਵੇ ।

19ਪਰ ਜਦੋਂ ਉਹ ਤੁਹਾਨੂੰ ਫੜਵਾਉਣ ਤਾਂ ਚਿੰਤਾ ਨਾ ਕਰੋ, ਕਿ ਅਸੀਂ ਕਿਵੇਂ ਜਾਂ ਕੀ ਬੋਲੀਏ, ਕਿਉਂਕਿ ਜਿਹੜੀ ਗੱਲ ਤੁਸੀਂ ਬੋਲਣੀ ਹੈ ਉਹ ਤੁਹਾਨੂੰ ਉਸੇ ਵੇਲੇ ਬਖ਼ਸ਼ੀ ਜਾਵੇਗੀ ।

20ਬੋਲਣ ਵਾਲੇ ਤੁਸੀਂ ਨਹੀਂ, ਪਰ ਤੁਹਾਡੇ ਪਿਤਾ ਦਾ ਆਤਮਾ ਜਿਹੜਾ ਤੁਹਾਡੇ ਵਿੱਚ ਬੋਲਦਾ ਹੈ ।

21ਅਤੇ ਭਰਾ ਭਰਾ ਨੂੰ ਅਤੇ ਪਿਤਾ ਪੁੱਤਰ ਨੂੰ ਮੌਤ ਲਈ ਫੜਵਾਏਗਾ ਅਤੇ ਬੱਚੇ ਆਪਣੇ ਮਾਪਿਆਂ ਦੇ ਵਿਰੁੱਧ ਉੱਠ ਖੜ੍ਹੇ ਹੋਣਗੇ ਅਤੇ ਉਨ੍ਹਾਂ ਨੂੰ ਮਰਵਾ ਸੁੱਟਣਗੇ ।

22ਅਤੇ ਮੇਰੇ ਨਾਮ ਕਰਕੇ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ, ਪਰ ਜਿਹੜਾ ਅੰਤ ਤੱਕ ਸਹੇਗਾ ਉਹੀ ਬਚਾਇਆ ਜਾਵੇਗਾ ।

23ਪਰ ਜਦੋਂ ਲੋਕ ਤੁਹਾਨੂੰ ਇੱਕ ਨਗਰ ਵਿੱਚ ਸਤਾਉਣ ਫਿਰ ਦੂਜੇ ਨੂੰ ਭੱਜ ਜਾਓ ਕਿਉਂ ਜੋ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਤੁਸੀਂ ਜਦੋਂ ਤੱਕ ਇਸਰਾਏਲ ਦੇ ਸਾਰਿਆਂ ਨਗਰਾਂ ਵਿੱਚ ਨਾ ਫਿਰ ਲਵੋ, ਤਾਂ ਕਿ ਮਨੁੱਖ ਦਾ ਪੁੱਤਰ ਆ ਜਾਵੇ ।

24ਚੇਲਾ ਆਪਣੇ ਗੁਰੂ ਨਾਲੋਂ ਵੱਡਾ ਨਹੀਂ, ਨਾ ਨੌਕਰ ਆਪਣੇ ਮਾਲਕ ਨਾਲੋਂ ।

25ਇਹ ਹੀ ਬਹੁਤ ਹੈ, ਕਿ ਚੇਲਾ ਆਪਣੇ ਗੁਰੂ ਜਿਹਾ ਅਤੇ ਨੌਕਰ ਆਪਣੇ ਮਾਲਕ ਜਿਹਾ ਹੋਵੇ । ਜਦੋਂ ਉਨ੍ਹਾਂ ਘਰ ਦੇ ਮਾਲਕ ਨੂੰ ( ਮੂਲ ਭਾਸ਼ਾ ਵਿੱਚ ਬਾਲਜਬੂਲ) ਸ਼ੈਤਾਨ ਆਖਿਆ, ਤਾਂ ਕਿੰਨ੍ਹਾਂ ਵਧੇਰੇ ਉਹ ਦੇ ਘਰ ਵਾਲਿਆਂ ਨੂੰ ਆਖਣਗੇ ।

26ਸੋ ਤੁਸੀਂ ਉਨ੍ਹਾਂ ਕੋਲੋਂ ਨਾ ਡਰੋ, ਕਿਉਂਕਿ ਕੋਈ ਚੀਜ਼ ਲੁਕੀ ਨਹੀਂ ਹੈ ਜਿਹੜੀ ਪ੍ਰਗਟ ਨਾ ਕੀਤੀ ਜਾਵੇਗੀ, ਨਾ ਕੁੱਝ ਗੁਪਤ ਹੈ ਜੋ ਜਾਣਿਆ ਨਾ ਜਾਵੇਗਾ ।

27ਜੋ ਕੁੱਝ ਵੀ ਮੈਂ ਤੁਹਾਨੂੰ ਹਨ੍ਹੇਰੇ ਵਿੱਚ ਆਖਦਾ ਹਾਂ ਤੁਸੀਂ ਉਹ ਨੂੰ ਚਾਨਣ ਵਿੱਚ ਆਖੋ, ਅਤੇ ਜੋ ਕੁੱਝ ਵੀ ਤੁਸੀਂ ਕੰਨਾਂ ਨਾਲ ਸੁਣਦੇ ਹੋ ਕੋਠਿਆਂ ਉੱਤੇ ਉਹ ਦਾ ਪ੍ਰਚਾਰ ਕਰੋ ।

28ਅਤੇ ਉਨ੍ਹਾਂ ਕੋਲੋਂ ਨਾ ਡਰੋ ਜਿਹੜੇ ਸਰੀਰ ਨੂੰ ਮਾਰ ਸੁੱਟਦੇ ਹਨ ਪਰ ਆਤਮਾ ਨੂੰ ਨਹੀਂ ਮਾਰ ਸਕਦੇ, ਪਰ ਉਸ ਕੋਲੋਂ ਡਰੋ ਜਿਹੜਾ ਸਰੀਰ ਅਤੇ ਆਤਮਾ ਦੋਵਾਂ ਦਾ ਨਰਕ ਵਿੱਚ ਨਾਸ ਕਰ ਸਕਦਾ ਹੈ ।

29ਕੀ, ਇੱਕ ਪੈਸੇ ਨੂੰ ਦੋ ਚਿੜੀਆਂ ਨਹੀਂ ਵਿਕਦੀਆਂ ? ਫਿਰ ਵੀ ਉਨ੍ਹਾਂ ਵਿੱਚੋਂ ਇੱਕ ਵੀ ਤੁਹਾਡੇ ਪਿਤਾ ਦੀ ਮਰਜ਼ੀ ਬਿਨ੍ਹਾਂ ਜ਼ਮੀਨ ਉੱਤੇ ਨਹੀਂ ਡਿੱਗਦੀ ।

30ਪਰ ਤੁਹਾਡੇ ਸਿਰ ਦੇ ਵਾਲ਼ ਵੀ ਗਿਣੇ ਹੋਏ ਹਨ ।

31ਇਸ ਲਈ ਨਾ ਡਰੋ । ਤੁਸੀਂ ਚਿੜੀਆਂ ਨਾਲੋਂ ਉੱਤਮ ਹੋ ।

32ਇਸ ਲਈ, ਜੇ ਕੋਈ ਮਨੁੱਖਾਂ ਦੇ ਅੱਗੇ ਮੇਰਾ ਇਕਰਾਰ ਕਰੇਗਾ ਤਾਂ ਮੈਂ ਵੀ ਆਪਣੇ ਪਿਤਾ ਅੱਗੇ ਜਿਹੜਾ ਸਵਰਗ ਵਿੱਚ ਹੈ, ਉਹ ਦਾ ਇਕਰਾਰ ਕਰਾਂਗਾ ।

33ਪਰ ਜੇ ਕੋਈ ਮਨੁੱਖਾਂ ਦੇ ਅੱਗੇ ਮੇਰਾ ਇਨਕਾਰ ਕਰੇਗਾ ਤਾਂ ਮੈਂ ਵੀ ਆਪਣੇ ਪਿਤਾ ਦੇ ਅੱਗੇ ਜਿਹੜਾ ਸਵਰਗ ਵਿੱਚ ਹੈ, ਉਹ ਦਾ ਇਨਕਾਰ ਕਰਾਂਗਾ ।

34ਇਹ ਨਾ ਸਮਝੋ ਕਿ ਮੈਂ ਧਰਤੀ ਉੱਤੇ ਮੇਲ ਕਰਾਉਣ ਆਇਆ ਹਾਂ । ਮੈਂ ਮੇਲ ਕਰਾਉਣ ਨਹੀਂ ਸਗੋਂ ਤਲਵਾਰ ਚਲਾਉਣ ਆਇਆ ਹਾਂ ।

35ਕਿਉਂਕਿ ਮੈਂ ਪੁੱਤਰ ਨੂੰ ਉਹ ਦੇ ਪਿਓ ਤੋਂ, ਧੀ ਨੂੰ ਉਹ ਦੀ ਮਾਂ ਤੋਂ ਅਤੇ ਨੂਹ ਨੂੰ ਉਹ ਦੀ ਸੱਸ ਤੋਂ ਅਲੱਗ ਕਰਨ ਆਇਆ ਹਾਂ ।

36ਅਤੇ ਮਨੁੱਖ ਦੇ ਵੈਰੀ ਉਹ ਦੇ ਘਰ ਵਾਲੇ ਹੀ ਹੋਣਗੇ ।

37ਜੇ ਕੋਈ ਪਿਤਾ ਜਾਂ ਮਾਤਾ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ, ਉਹ ਮੇਰੇ ਯੋਗ ਨਹੀਂ ।

38ਅਤੇ ਜੇ ਕੋਈ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਨਾ ਚੱਲੇ, ਉਹ ਮੇਰੇ ਯੋਗ ਨਹੀਂ ।

39ਜਿਸ ਕਿਸੇ ਨੇ ਆਪਣੀ ਜਾਨ ਲੱਭ ਲਈ, ਉਹ ਉਸ ਨੂੰ ਗੁਆਵੇਗਾ ਅਤੇ ਜਿਸ ਕਿਸੇ ਨੇ ਮੇਰੇ ਲਈ ਆਪਣੀ ਜਾਨ ਗੁਆਈ ਹੈ, ਉਹ ਉਸ ਨੂੰ ਲੱਭ ਲਵੇਗਾ ।

40ਜਿਹੜਾ ਤੁਹਾਨੂੰ ਕਬੂਲ ਕਰੇ ਉਹ ਮੈਨੂੰ ਕਬੂਲ ਕਰਦਾ ਹੈ ਅਤੇ ਜਿਹੜਾ ਮੈਨੂੰ ਕਬੂਲ ਕਰੇ ਉਹ ਮੇਰੇ ਭੇਜਣ ਵਾਲੇ ਨੂੰ ਕਬੂਲ ਕਰਦਾ ਹੈ ।

41ਜੇਕਰ ਕੋਈ ਕਿਸੇ ਨੂੰ ਨਬੀ ਹੋਣ ਦੇ ਕਾਰਨ ਕਬੂਲ ਕਰੇ, ਉਹ ਨਬੀ ਦਾ ਫਲ ਪ੍ਰਾਪਤ ਕਰੇਗਾ ਅਤੇ ਜੇਕਰ ਕੋਈ ਕਿਸੇ ਨੂੰ ਧਰਮੀ ਹੋਣ ਦੇ ਕਾਰਨ ਕਬੂਲ ਕਰੇ ਉਹ ਧਰਮੀ ਦਾ ਫਲ ਪਾਵੇਗਾ ।

42ਜੇ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਇੱਕ ਚੇਲੇ ਨੂੰ ਸਿਰਫ਼ ਇੱਕ ਗਿਲਾਸ ਠੰਡਾ ਪਾਣੀ ਪਿਆਵੇ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਉਹ ਆਪਣਾ ਫਲ ਕਦੀ ਨਹੀਂ ਗੁਆਵੇਗਾ ।


  Share Facebook  |  Share Twitter

 <<  Matthew 10 >> 


Bible2india.com
© 2010-2024
Help
Dual Panel

Laporan Masalah/Saran