Bible 2 India Mobile
[VER] : [PUNJABI]     [PL]  [PB] 
 <<  Hebrews 4 >> 

1ਉਪਰੰਤ ਸਾਨੂੰ ਡਰਨਾ ਚਾਹੀਦਾ ਹੈ ਕਿ ਇਹ ਨਾ ਹੋਵੇ ਜੋ ਉਹ ਦੇ ਅਰਾਮ ਵਿੱਚ ਵੜਨ ਦਾ ਵਾਇਦਾ ਹੁੰਦਿਆਂ ਹੋਇਆਂ ਵੀ ਤੁਹਾਡੇ ਵਿੱਚੋਂ ਕੋਈ ਉਸ ਤੋਂ ਰਹਿ ਜਾਵੇ ।

2ਕਿਉਂ ਜੋ ਸਾਨੂੰ ਖੁਸ਼ਖਬਰੀ ਸੁਣਾਈ ਗਈ ਜਿਵੇਂ ਉਨ੍ਹਾਂ ਨੂੰ ਵੀ, ਪਰ ਸੁਣਿਆ ਹੋਇਆ ਬਚਨ ਉਨ੍ਹਾਂ ਲਈ ਲਾਭਵੰਤ ਨਾ ਹੋਇਆ ਕਿਉਂਕਿ ਸੁਣਨ ਵਾਲਿਆਂ ਨੇ ਉਸ ਨੂੰ ਵਿਸ਼ਵਾਸ ਦੇ ਨਾਲ ਨਾ ਮੰਨਿਆ ।

3ਕਿਉਂ ਜੋ ਅਸੀਂ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਹੈ ਉਸ ਅਰਾਮ ਵਿੱਚ ਵੜਦੇ ਹਾਂ, ਜਿਸ ਤਰ੍ਹਾਂ ਉਸ ਨੇ ਆਖਿਆ, “ਜਿਵੇਂ ਮੈਂ ਆਪਣੇ ਗੁੱਸੇ ਵਿੱਚ ਸਹੁੰ ਖਾਧੀ ਕਿ ਉਹ ਮੇਰੇ ਅਰਾਮ ਵਿੱਚ ਕਦੇ ਨਾ ਵੜਨਗੇ !” ਭਾਵੇਂ ਉਹ ਦੀਆਂ ਕਾਰਾਗਰੀਆਂ ਜਗਤ ਦੇ ਮੁੱਢੋਂ ਹੀ ਬਣ ਚੁੱਕੀਆਂ ਸਨ ।

4ਉਹ ਨੇ ਤਾਂ ਸੱਤਵੇਂ ਦਿਨ ਦੇ ਬਾਰੇ ਇਸ ਤਰ੍ਹਾਂ ਆਖਿਆ ਹੈ ਕਿ ਪਰਮੇਸ਼ੁਰ ਨੇ ਆਪਣਿਆਂ ਸਾਰਿਆਂ ਕੰਮਾਂ ਤੋਂ ਵਿਹਲਿਆਂ ਹੋ ਕੇ ਸੱਤਵੇਂ ਦਿਨ ਅਰਾਮ ਕੀਤਾ ।

5ਅਤੇ ਇਸ ਥਾਂ ਵਿੱਚ ਫੇਰ ਕਹਿੰਦਾ ਹੈ ਕਿ ਉਹ ਮੇਰੇ ਅਰਾਮ ਵਿੱਚ ਕਦੇ ਨਾ ਵੜਨਗੇ ! ।

6ਸੋ ਜਦੋਂ ਕਈਆਂ ਦਾ ਉਸ ਵਿੱਚ ਵੜਨਾ ਅਜੇ ਬਾਕੀ ਰਹਿੰਦਾ ਹੈ ਅਤੇ ਜਿਨ੍ਹਾਂ ਨੂੰ ਪਹਿਲਾਂ ਖੁਸ਼ਖਬਰੀ ਸੁਣਾਈ ਗਈ ਸੀ, ਉਹ ਅਣ-ਆਗਿਆਕਾਰੀ ਦੇ ਕਾਰਨ ਉਸ ਵਿੱਚ ਨਾ ਵੜੇ ।

7ਤਾਂ ਉਹ ਫਿਰ ਐਨੇ ਸਮੇਂ ਬਾਅਦ ਦਾਊਦ ਦੇ ਦੁਆਰਾ ਕਿਸੇ ਇੱਕ ਦਿਨ ਦੀ ਗੱਲ ਕਰਦਾ ਹੋਇਆ ਉਹ ਨੂੰ ਅੱਜ ਦਾ ਦਿਨ ਕਹਿੰਦਾ ਹੈ ਜਿਵੇਂ ਅੱਗੇ ਕਿਹਾ ਗਿਆ ਸੀ, “ਅੱਜ ਜੇ ਤੁਸੀਂ ਉਹ ਦੀ ਅਵਾਜ਼ ਸੁਣੋ, ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ।”

8ਜੇ ਯਹੋਸ਼ੁਆ ਨੇ ਉਨ੍ਹਾਂ ਨੂੰ ਅਰਾਮ ਦਿੱਤਾ ਹੁੰਦਾ ਤਾਂ ਪਰਮੇਸ਼ੁਰ ਉਹ ਦੇ ਮਗਰੋਂ ਕਿਸੇ ਹੋਰ ਦਿਨ ਦੀ ਗੱਲ ਨਾ ਕਰਦਾ ।

9ਸੋ ਗੱਲ ਇਹ ਹੈ, ਪਰਮੇਸ਼ੁਰ ਦੀ ਪਰਜਾ ਲਈ ਸਬਤ ਦਾ ਅਰਾਮ ਅਜੇ ਬਾਕੀ ਰਹਿੰਦਾ ਹੈ ।

10ਕਿਉਂਕਿ ਜਿਹੜਾ ਉਹ ਦੇ ਅਰਾਮ ਵਿੱਚ ਵੜ ਗਿਆ ਉਹ ਨੇ ਵੀ ਆਪ ਆਪਣਿਆਂ ਕੰਮਾਂ ਤੋਂ ਵਿਹਲਿਆਂ ਹੋ ਕੇ ਅਰਾਮ ਕੀਤਾ, ਜਿਵੇਂ ਪਰਮੇਸ਼ੁਰ ਨੇ ਆਪਣਿਆਂ ਕੰਮਾਂ ਤੋਂ ।

11ਸੋ ਆਓ, ਅਸੀਂ ਉਸ ਅਰਾਮ ਵਿੱਚ ਵੜਨ ਦੀ ਕੋਸ਼ਿਸ਼ ਕਰੀਏ ਕਿ ਕੋਈ ਉਨ੍ਹਾਂ ਵਾਂਗੂੰ ਅਣ-ਆਗਿਆਕਾਰੀ ਦੇ ਕਾਰਨ ਡਿੱਗ ਨਾ ਪਵੇ ।

12ਕਿਉਂ ਜੋ ਪਰਮੇਸ਼ੁਰ ਦਾ ਬਚਨ ਜਿਉਂਦਾ, ਗੁਣਕਾਰ ਅਤੇ ਹਰੇਕ ਦੋਧਾਰੀ ਤਲਵਾਰ ਨਾਲੋਂ ਤਿੱਖਾ ਹੈ ਜੋ ਪ੍ਰਾਣ, ਆਤਮਾ, ਬੰਦ ਬੰਦ ਅਤੇ ਗੁੱਦੇ ਨੂੰ ਅੱਡੋ ਅੱਡ ਕਰ ਕੇ ਵਿੰਨ੍ਹ ਸੁੱਟਦਾ ਹੈ ਅਤੇ ਮਨ ਦੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਜਾਂਚ ਲੈਂਦਾ ਹੈ ।

13ਅਤੇ ਸ੍ਰਿਸ਼ਟੀ ਦੀ ਕੋਈ ਰਚਨਾ ਉਸ ਕੋਲੋਂ ਲੁਕੀ ਹੋਈ ਨਹੀਂ ਪਰ ਜਿਸ ਨੂੰ ਅਸੀਂ ਲੇਖਾ ਦੇਣਾ ਹੈ, ਉਹ ਦੇ ਨੇਤਰਾਂ ਦੇ ਅੱਗੇ ਸਾਰੀਆਂ ਵਸਤਾਂ ਪਰਗਟ ਅਤੇ ਖੁੱਲੀਆਂ ਪਈਆਂ ਹਨ ।

14ਸੋ ਜਦੋਂ ਸਾਡਾ ਇੱਕ ਮਹਾਂ ਪ੍ਰਧਾਨ ਜਾਜਕ ਹੈ ਜਿਹੜਾ ਅਕਾਸ਼ਾਂ ਤੋਂ ਪਾਰ ਲੰਘ ਗਿਆ ਅਰਥਾਤ ਪਰਮੇਸ਼ੁਰ ਦਾ ਪੁੱਤਰ ਯਿਸੂ, ਤਾਂ ਆਓ ਅਸੀਂ ਆਪਣੇ ਕੀਤੇ ਹੋਏ ਇਕਰਾਰ ਉੱਤੇ ਪੱਕਿਆਂ ਰਹੀਏ ।

15ਕਿਉਂ ਜੋ ਸਾਡਾ ਪ੍ਰਧਾਨ ਜਾਜਕ ਇਹੋ ਜਿਹਾ ਨਹੀਂ ਜੋ ਸਾਡੀਆਂ ਕਮਜ਼ੋਰੀਆਂ ਵਿੱਚ ਸਾਡਾ ਦਰਦੀ ਨਾ ਹੋ ਸਕੇ, ਸਗੋਂ ਸਾਰੀਆਂ ਗੱਲਾਂ ਵਿੱਚ ਸਾਡੇ ਵਾਂਗੂੰ ਪਰਖਿਆ ਗਿਆ ਪਰ ਉਹ ਪਾਪ ਤੋਂ ਰਹਿਤ ਰਿਹਾ ।

16ਇਸ ਲਈ ਆਓ, ਅਸੀਂ ਕਿਰਪਾ ਦੇ ਸਿੰਘਾਸਣ ਦੇ ਅੱਗੇ ਦਲੇਰੀ ਨਾਲ ਚੱਲੀਏ ਕਿ ਅਸੀਂ ਦਯਾ ਪ੍ਰਾਪਤ ਕਰੀਏ ਅਤੇ ਉਹ ਕਿਰਪਾ ਪਾਈਏ ਜੋ ਸਮੇਂ ਸਿਰ ਸਾਡੀ ਸਹਾਇਤਾ ਕਰੇ ।


  Share Facebook  |  Share Twitter

 <<  Hebrews 4 >> 


Bible2india.com
© 2010-2024
Help
Dual Panel

Laporan Masalah/Saran