Bible 2 India Mobile
[VER] : [PUNJABI]     [PL]  [PB] 
 <<  Hebrews 10 >> 

1ਬਿਵਸਥਾ ਜਿਹੜੀ ਆਉਣ ਵਾਲੀਆਂ ਚੰਗੀਆਂ ਵਸਤਾਂ ਦਾ ਪਰਛਾਵਾਂ ਹੀ ਹੈ ਪਰ ਉਨ੍ਹਾਂ ਵਸਤਾਂ ਦਾ ਅਸਲੀ ਸਰੂਪ ਨਹੀਂ, ਕੋਲ ਆਉਣ ਵਾਲਿਆਂ ਨੂੰ ਜਿਹੜੇ ਸਾਲੋ ਸਾਲ ਸਦਾ ਇੱਕੋ ਤਰ੍ਹਾਂ ਦੇ ਬਲੀਦਾਨ ਚੜ੍ਹਾਉਂਦੇ ਹਨ ਕਦੇ ਪਵਿੱਤਰ ਨਹੀਂ ਕਰ ਸਕਦੀ ਹੈ ।

2ਨਹੀਂ ਤਾਂ, ਕੀ ਉਨ੍ਹਾਂ ਦਾ ਚੜ੍ਹਾਉਣਾ ਬੰਦ ਨਾ ਹੋ ਜਾਣਾ ਸੀ ਇਸ ਲਈ ਕਿ ਜੇ ਬੰਦਗੀ ਕਰਨ ਵਾਲੇ ਇੱਕ ਵਾਰੀ ਸ਼ੁੱਧ ਹੋ ਜਾਂਦੇ ਤਾਂ ਉਹਨਾਂ ਨੂੰ ਪਾਪਾਂ ਦਾ ਖਿਆਲ ਹੀ ਨਾ ਹੁੰਦਾ ?

3ਪਰ ਇਨ੍ਹਾਂ ਬਲੀਦਾਨਾਂ ਦੁਆਰਾ ਸਾਲੋ ਸਾਲ ਉਹਨਾਂ ਨੂੰ ਪਾਪ ਚੇਤੇ ਆਉਂਦੇ ਹਨ ।

4ਕਿਉਂ ਜੋ ਅਣਹੋਣਾ ਹੈ ਭਈ ਵੱਛਿਆਂ ਅਤੇ ਬੱਕਰਿਆਂ ਦਾ ਲਹੂ ਪਾਪਾਂ ਨੂੰ ਲੈ ਜਾਵੇ ।

5ਇਸ ਲਈ ਮਸੀਹ ਸੰਸਾਰ ਵਿੱਚ ਆਉਂਦਾ ਹੋਇਆ ਆਖਦਾ ਹੈ, ਬਲੀਦਾਨ ਅਤੇ ਭੇਟ ਤੂੰ ਨਹੀਂ ਚਾਹੀ, ਪਰ ਮੇਰੇ ਲਈ ਇੱਕ ਦੇਹੀ ਤਿਆਰ ਕੀਤੀ ।

6ਹੋਮ ਬਲੀ ਅਤੇ ਪਾਪ ਬਲੀ ਤੋਂ ਤੂੰ ਪਰਸੰਨ ਨਹੀਂ ਹੁੰਦਾ,

7ਤਦ ਮੈਂ ਆਖਿਆ ਵੇਖ, ਮੈਂ ਆਇਆ ਹਾਂ, ਹੇ ਪਰਮੇਸ਼ੁਰ, ਕਿ ਤੇਰੀ ਇੱਛਾ ਨੂੰ ਪੂਰਾ ਕਰਾਂ, ਜਿਵੇਂ ਪੁਸਤਕ ਦੀ ਪੱਤ੍ਰੀ ਵਿੱਚ ਮੇਰੇ ਬਾਰੇ ਲਿਖਿਆ ਹੋਇਆ ਹੈ ।

8ਉੱਪਰ ਜੋ ਕਹਿੰਦਾ ਹੈ ਕਿ ਤੂੰ ਬਲੀਦਾਨਾਂ, ਭੇਟਾਂ, ਹੋਮ ਬਲੀਆਂ ਅਤੇ ਪਾਪ ਬਲੀਆਂ ਨੂੰ ਨਾ ਚਾਹਿਆ, ਨਾ ਉਨ੍ਹਾਂ ਤੋਂ ਪਰਸੰਨ ਹੋਇਆ, ਪਰ ਇਹ ਬਿਵਸਥਾ ਦੇ ਅਨੁਸਾਰ ਚੜ੍ਹਾਏ ਜਾਂਦੇ ਹਨ

9ਫਿਰ ਇਹ ਵੀ ਆਖਿਆ, ਵੇਖ, ਮੈਂ ਤੇਰੀ ਮਰਜ਼ੀ ਨੂੰ ਪੂਰਾ ਕਰਨ ਆਇਆ ਹਾਂ । ਉਹ ਪਹਿਲੇ ਨੂੰ ਹਟਾਉਂਦਾ ਹੈ ਕਿ ਦੂਜੇ ਨੂੰ ਕਾਇਮ ਕਰੇ ।

10ਅਤੇ ਉਸੇ ਇੱਛਾ ਕਰਕੇ ਅਸੀਂ ਯਿਸੂ ਮਸੀਹ ਦੀ ਦੇਹੀ ਦੇ ਇੱਕੋ ਵਾਰ ਬਲੀਦਾਨ ਚੜ੍ਹਾਏ ਜਾਣ ਦੇ ਰਾਹੀਂ ਪਵਿੱਤਰ ਕੀਤੇ ਗਏ ਹਾਂ ।

11ਅਤੇ ਹਰੇਕ ਜਾਜਕ ਨਿੱਤ ਖੜ੍ਹਾ ਹੋ ਕੇ ਬੰਦਗੀ ਕਰਦਾ ਹੈ ਅਤੇ ਇੱਕੋ ਪ੍ਰਕਾਰ ਦੇ ਬਲੀਦਾਨ ਜਿਹੜੇ ਪਾਪਾਂ ਨੂੰ ਕਦੇ ਲੈ ਨਹੀਂ ਸਕਦੇ ਵਾਰ ਵਾਰ ਚੜ੍ਹਾਉਂਦਾ ਹੈ ।

12ਪਰ ਮਸੀਹ ਪਾਪਾਂ ਦੇ ਬਦਲੇ ਇੱਕੋ ਬਲੀਦਾਨ ਸਦਾ ਲਈ ਚੜ੍ਹਾ ਕੇ ਪਰਮੇਸ਼ੁਰ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ ।

13ਅਤੇ ਇਸ ਤੋਂ ਅੱਗੇ ਉਡੀਕ ਕਰਦਾ ਹੈ ਜੋ ਉਹ ਦੇ ਵੈਰੀ ਉਹ ਦੇ ਪੈਰ ਰੱਖਣ ਦੀ ਚੌਂਕੀ ਕੀਤੇ ਜਾਣ ।

14ਕਿਉਂ ਜੋ ਉਹ ਨੇ ਇੱਕੋ ਚੜ੍ਹਾਵੇ ਨਾਲ ਉਨ੍ਹਾਂ ਨੂੰ ਜਿਹੜੇ ਪਵਿੱਤਰ ਕੀਤੇ ਜਾਂਦੇ ਹਨ ਸਦਾ ਲਈ ਸੰਪੂਰਨ ਕੀਤਾ ਹੈ ।

15ਅਤੇ ਪਵਿੱਤਰ ਆਤਮਾ ਵੀ ਸਾਨੂੰ ਗਵਾਹੀ ਦਿੰਦਾ ਹੈ ਕਿਉਂ ਜੋ ਇਹ ਦੇ ਮਗਰੋਂ ਜਦ ਆਖਿਆ ਸੀ,

16ਇਹ ਉਹ ਨੇਮ ਹੈ ਜਿਹੜਾ ਮੈਂ ਉਹਨਾਂ ਨਾਲ ਬੰਨ੍ਹਾਂਗਾ, ਉਨ੍ਹਾਂ ਦਿਨਾਂ ਤੋਂ ਬਾਅਦ, ਪ੍ਰਭੂ ਆਖਦਾ ਹੈ, ਮੈਂ ਆਪਣੇ ਕਨੂੰਨ ਉਹਨਾਂ ਦਿਆਂ ਦਿਲਾਂ ਉੱਤੇ ਪਾਵਾਂਗਾ, ਅਤੇ ਉਹਨਾਂ ਦਿਆਂ ਮਨਾਂ ਉੱਤੇ ਉਨ੍ਹਾਂ ਨੂੰ ਲਿਖਾਂਗਾ,

17ਅਤੇ ਉਹਨਾਂ ਦੇ ਪਾਪਾਂ ਨੂੰ, ਅਤੇ ਉਹਨਾਂ ਦੇ ਕੁਧਰਮ ਨੂੰ ਫੇਰ ਕਦੇ ਯਾਦ ਨਾ ਕਰਾਂਗਾ ।

18ਇਸ ਲਈ ਜਿੱਥੇ ਇਨ੍ਹਾਂ ਦੀ ਮਾਫ਼ੀ ਹੈ ਉੱਥੇ ਪਾਪ ਲਈ ਫੇਰ ਭੇਟ ਨਹੀਂ ਚੜ੍ਹਾਈ ਜਾਂਦੀ ।

19ਉਪਰੰਤ ਹੇ ਭਰਾਵੋ, ਜਦੋਂ ਸਾਨੂੰ ਯਿਸੂ ਦੇ ਲਹੂ ਦੇ ਕਾਰਨ ਪਵਿੱਤਰ ਸਥਾਨ ਦੇ ਅੰਦਰ ਜਾਣ ਦੀ ਦਲੇਰੀ ਹੈ ।

20ਅਰਥਾਤ ਉਸ ਨਵੇਂ ਅਤੇ ਜਿਉਂਦੇ ਰਾਹ ਨੂੰ ਜਿਹੜਾ ਉਹ ਨੇ ਪੜਦੇ ਜਾਣੀ ਆਪਣੇ ਸਰੀਰ ਦੇ ਰਾਹੀਂ ਸਾਡੇ ਲਈ ਖੋਲ੍ਹਿਆ ।

21ਅਤੇ ਜਦੋਂ ਸਾਡਾ ਇੱਕ ਮਹਾਂ ਜਾਜਕ ਹੈ ਜਿਹੜਾ ਪਰਮੇਸ਼ੁਰ ਦੇ ਘਰ ਦੇ ਉੱਤੇ ਹੈ,

22ਤਾਂ ਆਓ, ਅਸੀਂ ਸੱਚੇ ਦਿਲ ਅਤੇ ਪੂਰੇ ਵਿਸ਼ਵਾਸ ਨਾਲ ਨੇੜੇ ਜਾਈਏ ਜਦੋਂ ਸਾਡੇ ਦਿਲ ਅਸ਼ੁੱਧ ਅੰਤਹਕਰਨ ਤੋਂ ਛਿੜਕਾਓ ਨਾਲ ਸ਼ੁੱਧ ਹੋਏ ਅਤੇ ਸਾਡੀ ਦੇਹੀ ਸਾਫ਼ ਪਾਣੀ ਨਾਲ ਨਹਿਲਾਈ ਗਈ ।

23ਅਸੀਂ ਆਸ ਦੇ ਸੱਚੇ ਇਕਰਾਰ ਨੂੰ ਮਜ਼ਬੂਤੀ ਨਾਲ ਫੜੀ ਰੱਖੀਏ ਕਿਉਂਕਿ ਜਿਸ ਨੇ ਵਾਇਦਾ ਕੀਤਾ ਹੈ ਉਹ ਵਫ਼ਾਦਾਰ ਹੈ ।

24ਪਿਆਰ ਅਤੇ ਸ਼ੁਭ ਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਜੇ ਦਾ ਧਿਆਨ ਰੱਖੀਏ ।

25ਅਤੇ ਆਪਸ ਵਿੱਚੀਂ ਇਕੱਠੇ ਹੋਣ ਨੂੰ ਨਾ ਛੱਡੀਏ ਜਿਵੇਂ ਕਈਆਂ ਦੀ ਰੀਤੀ ਹੈ ਸਗੋਂ ਇੱਕ ਦੂਜੇ ਨੂੰ ਉਪਦੇਸ਼ ਕਰੀਏ ਅਤੇ ਇਹ ਉਨ੍ਹਾਂ ਹੀ ਵਧੀਕ ਹੋਵੇ ਜਿੰਨਾਂ ਤੁਸੀਂ ਵੇਖਦੇ ਹੋ ਕਿ ਉਹ ਦਿਨ ਨੇੜੇ ਆਉਂਦਾ ਹੈ ।

26ਜੇ ਅਸੀਂ ਸੱਚ ਦਾ ਗਿਆਨ ਪ੍ਰਾਪਤ ਕਰਨ ਦੇ ਪਿੱਛੋਂ ਜਾਣ ਬੁਝ ਕੇ ਪਾਪ ਕਰੀ ਜਾਈਏ ਤਾਂ ਪਾਪਾਂ ਦੇ ਲਈ ਫੇਰ ਕੋਈ ਬਲੀਦਾਨ ਨਹੀਂ

27ਪਰ ਨਿਆਂ ਦੀ ਭਿਆਨਕ ਉਡੀਕ ਅਤੇ ਅੱਗ ਦੀ ਸੜਨ ਬਾਕੀ ਹੈ ਜਿਹੜੀ ਵਿਰੋਧੀਆਂ ਨੂੰ ਭਸਮ ਕਰ ਦੇਵੇਗੀ ।

28ਜਿਸ ਕਿਸੇ ਨੇ ਮੂਸਾ ਦੀ ਬਿਵਸਥਾ ਦੀ ਉਲੰਘਣਾ ਕੀਤੀ ਹੋਵੇ ਉਹ ਦੋ ਜਾਂ ਤਿੰਨ ਗਵਾਹਾਂ ਦੀ ਗਵਾਹੀ ਨਾਲ ਬਿਨ੍ਹਾਂ ਤਰਸ ਕੀਤਿਆਂ ਮਾਰਿਆ ਜਾਂਦਾ ਹੈ ।

29ਤਾਂ ਤੁਹਾਡੇ ਖਿਆਲ ਵਿੱਚ ਉਹ ਕਿੰਨੀ ਹੋਰ ਵੀ ਕੜੀ ਸਜ਼ਾ ਦੇ ਯੋਗ ਠਹਿਰਾਇਆ ਜਾਵੇਗਾ ਜਿਸ ਨੇ ਪਰਮੇਸ਼ੁਰ ਦੇ ਪੁੱਤਰ ਨੂੰ ਪੈਰਾਂ ਹੇਠ ਲਤਾੜਿਆ ਅਤੇ ਨੇਮ ਦਾ ਲਹੂ ਜਿਸ ਦੇ ਨਾਲ ਉਹ ਪਵਿੱਤਰ ਕੀਤਾ ਗਿਆ ਸੀ ਪਵਿੱਤਰ ਨਾ ਜਾਣਿਆ ਅਤੇ ਕਿਰਪਾ ਦੇ ਆਤਮਾ ਦਾ ਨਿਰਾਦਰ ਕੀਤਾ ।

30ਕਿਉਂ ਜੋ ਅਸੀਂ ਉਹ ਨੂੰ ਜਾਣਦੇ ਹਾਂ ਜਿਸ ਨੇ ਆਖਿਆ ਕਿ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਬਦਲਾ ਲਵਾਂਗਾ ਅਤੇ ਫੇਰ ਇਹ ਕਿ ਪ੍ਰਭੂ ਆਪਣੀ ਪਰਜਾ ਦਾ ਨਿਆਂ ਕਰੇਗਾ ।

31ਜਿਉਂਦੇ ਪਰਮੇਸ਼ੁਰ ਦੇ ਹੱਥ ਵਿੱਚ ਪੈਣਾ ਭਿਆਨਕ ਗੱਲ ਹੈ ! ।

32ਪਰ ਪਹਿਲਿਆਂ ਦਿਨਾਂ ਨੂੰ ਚੇਤੇ ਕਰੋ ਜਦੋਂ ਆਪਣੇ ਉਜਿਆਲੇ ਕੀਤੇ ਜਾਣ ਦੇ ਬਾਅਦ ਤੁਸੀਂ ਦੁੱਖਾਂ ਦੇ ਵੱਡੇ ਸੰਘਰਸ਼ ਨੂੰ ਸਹਿ ਲਿਆ ।

33ਕਦੀ ਤਾਂ ਤੁਸੀਂ ਨਿੰਦਿਆ ਅਤੇ ਬਿਪਤਾ ਦੇ ਕਾਰਨ ਤਮਾਸ਼ਾ ਬਣੇ, ਅਤੇ ਕਦੀ ਉਹਨਾਂ ਦੇ ਸਾਂਝੀ ਹੋਏ ਜਿਨ੍ਹਾਂ ਨਾਲ ਇਸ ਤਰ੍ਹਾਂ ਦੁਰਦਸ਼ਾ ਹੁੰਦੀ ਸੀ ।

34ਕਿਉਂ ਜੋ ਤੁਸੀਂ ਕੈਦੀਆਂ ਦੇ ਦਰਦੀ ਹੋਏ, ਨਾਲੇ ਆਪਣੇ ਧਨ ਦੇ ਲੁੱਟ ਜਾਣ ਨੂੰ ਅਨੰਦ ਮੰਨ ਲਿਆ ਇਹ ਜਾਣ ਕੇ ਭਈ ਸਾਡਾ ਇੱਕ ਧਨ ਇਸ ਨਾਲੋਂ ਉੱਤਮ ਅਤੇ ਅਟੱਲ ਹੈ ।

35ਸੋ ਤੁਸੀਂ ਆਪਣੀ ਦਲੇਰੀ ਨੂੰ ਗੁਆ ਨਾ ਬੈਠਣਾ ਕਿਉਂ ਜੋ ਉਸਦਾ ਫਲ ਵੱਡਾ ਹੈ ।

36ਕਿਉਂ ਜੋ ਤੁਹਾਨੂੰ ਧੀਰਜ ਕਰਨ ਦੀ ਲੋੜ ਹੈ ਕਿ ਤੁਸੀਂ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰ ਕੇ ਵਾਇਦੇ ਨੂੰ ਪ੍ਰਾਪਤ ਕਰੋ ।

37ਇਹ ਲਿਖਿਆ ਹੈ, ਹੁਣ ਥੋੜ੍ਹਾ ਜਿਹਾ ਸਮਾਂ ਹੈ, ਜੋ ਆਉਣ ਵਾਲਾ ਆਵੇਗਾ, ਅਤੇ ਸਮਾਂ ਨਾ ਲਾਵੇਗਾ ।

38ਪਰ ਮੇਰਾ ਧਰਮੀ ਬੰਦਾ ਵਿਸ਼ਵਾਸ ਤੋਂ ਜੀਵੇਗਾ, ਅਤੇ ਜੇ ਉਹ ਪਿੱਛੇ ਹੱਟ ਜਾਵੇ, ਮੇਰਾ ਮਨ ਉਸ ਤੋਂ ਪ੍ਰਸੰਨ ਨਹੀਂ ਹੋਵੇਗਾ ।

39ਪਰ ਅਸੀਂ ਉਹਨਾਂ ਵਿੱਚੋਂ ਨਹੀਂ ਜਿਹੜੇ ਪਿੱਛੇ ਹੱਟ ਕੇ ਨਸ਼ਟ ਹੋ ਜਾਂਦੇ ਹਨ ਸਗੋਂ ਉਹਨਾਂ ਵਿੱਚੋਂ ਹਾਂ ਜਿਹੜੇ ਵਿਸ਼ਵਾਸ ਕਰ ਕੇ ਜਾਨ ਬਚਾ ਰੱਖਦੇ ਹਨ ।


  Share Facebook  |  Share Twitter

 <<  Hebrews 10 >> 


Bible2india.com
© 2010-2024
Help
Dual Panel

Laporan Masalah/Saran