Bible 2 India Mobile
[VER] : [PUNJABI]     [PL]  [PB] 
 <<  Judges 9 >> 

1ਤਦ ਯਰੁੱਬਆਲ ਦਾ ਪੁੱਤਰ ਅਬੀਮਲਕ ਸ਼ਕਮ ਵਿੱਚ ਆਪਣੇ ਮਾਮਿਆਂ ਦੇ ਕੋਲ ਜਾ ਕੇ ਉਨ੍ਹਾਂ ਨੂੰ ਅਤੇ ਆਪਣੇ ਨਾਨਕੇ ਦੇ ਸਾਰੇ ਘਰਾਣੇ ਨੂੰ ਕਹਿਣ ਲੱਗਾ,

2"ਸ਼ਕਮ ਦੇ ਸਾਰੇ ਵਾਸੀਆਂ ਦੇ ਕੰਨਾਂ ਵਿੱਚ ਇਹ ਗੱਲ ਪਾਓ, ਤੁਹਾਡੇ ਲਈ ਕੀ ਚੰਗਾ ਹੈ, ਇਹ ਕਿ ਯਰੁੱਬਆਲ ਦੇ ਸੱਤਰ ਪੁੱਤਰ ਤੁਹਾਡੇ ਉੱਤੇ ਰਾਜ ਕਰਨ ਜਾਂ ਇਹ ਕਿ ਸਿਰਫ਼ ਇੱਕ ਹੀ ਰਾਜ ਕਰੇ ? ਨਾਲੇ ਇਹ ਵੀ ਯਾਦ ਰੱਖੋ ਕਿ ਮੈਂ ਤੁਹਾਡੇ ਹੀ ਘਰਾਣੇ ਦਾ ਹਾਂ ਹਾਂ ।"

3ਤਦ ਉਸ ਦੇ ਮਾਮਿਆਂ ਨੇ ਸ਼ਕਮ ਦੇ ਸਾਰੇ ਲੋਕਾਂ ਦੇ ਕੰਨਾਂ ਵਿੱਚ ਇਹ ਗੱਲਾਂ ਪਾ ਦਿੱਤੀਆਂ । ਤਦ ਉਨ੍ਹਾਂ ਦੇ ਮਨ ਅਬੀਮਲਕ ਦੇ ਪਿੱਛੇ ਚੱਲਣ ਲਈ ਰਾਜ਼ੀ ਹੋਏ ਕਿਉਂ ਜੋ ਉਨ੍ਹਾਂ ਨੇ ਕਿਹਾ, "ਇਹ ਸਾਡਾ ਭਰਾ ਹੈ ।"

4ਉਨ੍ਹਾਂ ਨੇ ਬਆਲ ਬਰੀਤ ਦੇ ਮੰਦਰ ਵਿੱਚੋਂ ਸੱਤਰ ਤੋਲੇ ਚਾਂਦੀ ਕੱਢ ਕੇ ਉਸ ਨੂੰ ਦਿੱਤੀ, ਅਤੇ ਉਸ ਦੇ ਨਾਲ ਅਬੀਮਲਕ ਨੇ ਗੁੰਡੇ ਅਤੇ ਲੁੱਚੇ ਲੋਕ ਰੱਖੇ ਜੋ ਉਸ ਦੇ ਪਿੱਛੇ ਹੋ ਗਏ ।

5ਤਦ ਉਸ ਨੇ ਆਫ਼ਰਾਹ ਵਿੱਚ ਆਪਣੇ ਪਿਤਾ ਦੇ ਘਰ ਜਾ ਕੇ ਆਪਣੇ ਸੱਤਰ ਭਰਾਵਾਂ ਨੂੰ ਜੋ ਯਰੁੱਬਆਲ ਦੇ ਪੁੱਤਰ ਸਨ, ਇੱਕ ਹੀ ਪੱਥਰ ਉੱਤੇ ਮਾਰ ਸੁੱਟਿਆ, ਪਰ ਯਰੁੱਬਆਲ ਦਾ ਛੋਟਾ ਪੁੱਤਰ ਯੋਥਾਮ ਲੁੱਕ ਗਿਆ, ਇਸ ਲਈ ਬਚ ਗਿਆ ।

6ਤਦ ਸ਼ਕਮ ਦੇ ਸਾਰੇ ਲੋਕ ਅਤੇ ਮਿੱਲੋ ਦਾ ਸਾਰਾ ਟੱਬਰ ਇਕੱਠਾ ਹੋਇਆ ਅਤੇ ਉਨ੍ਹਾਂ ਨੇ ਬਲੂਤ ਦੇ ਥੰਮ੍ਹ ਦੇ ਕੋਲ ਜਿਹੜਾ ਸ਼ਕਮ ਵਿੱਚ ਸੀ, ਜਾ ਕੇ ਅਬੀਮਲਕ ਨੂੰ ਰਾਜਾ ਬਣਾਇਆ ।

7ਜਦ ਇਸ ਦੀ ਖ਼ਬਰ ਯੋਥਾਮ ਨੂੰ ਹੋਈ ਤਾਂ ਉਹ ਜਾ ਕੇ ਗਰਿੱਜ਼ੀਮ ਪਹਾੜ ਦੀ ਚੋਟੀ ਉੱਤੇ ਚੜ੍ਹ ਕੇ ਖੜ੍ਹਾ ਹੋ ਗਿਆ ਅਤੇ ਉੱਚੀ ਅਵਾਜ਼ ਨਾਲ ਬੋਲ ਕੇ ਉਨ੍ਹਾਂ ਨੂੰ ਕਹਿਣ ਲੱਗਾ, "ਹੇ ਸ਼ਕਮ ਦੇ ਲੋਕੋ, ਮੇਰੀ ਸੁਣੋ ਤਾਂ ਜੋ ਪਰਮੇਸ਼ੁਰ ਤੁਹਾਡੀ ਵੀ ਸੁਣੇ ।

8ਇੱਕ ਵਾਰੀ ਰੁੱਖ ਆਪਣੇ ਉੱਤੇ ਰਾਜੇ ਦਾ ਮਸਹ ਕਰਨ ਲਈ ਨਿੱਕਲੇ, ਇਸ ਲਈ ਉਨ੍ਹਾਂ ਨੇ ਜ਼ੈਤੂਨ ਦੇ ਰੁੱਖ ਨੂੰ ਜਾ ਕੇ ਕਿਹਾ, 'ਤੂੰ ਸਾਡਾ ਰਾਜਾ ਬਣ ।'

9ਤਦ ਜ਼ੈਤੂਨ ਦੇ ਰੁੱਖ ਨੇ ਉਨ੍ਹਾਂ ਨੂੰ ਕਿਹਾ, 'ਭਲਾ, ਮੈਂ ਆਪਣੀ ਚਿਕਨਾਈ ਨੂੰ ਜਿਸ ਦੇ ਨਾਲ ਪਰਮੇਸ਼ੁਰ ਅਤੇ ਮਨੁੱਖ ਦਾ ਆਦਰ ਕੀਤਾ ਜਾਂਦਾ ਹੈ ਛੱਡ ਦਿਆਂ, ਅਤੇ ਜਾ ਕੇ ਰੁੱਖਾਂ ਉੱਤੇ ਝੁੱਲਦਾ ਫਿਰਾਂ ? '

10ਤਾਂ ਰੁੱਖਾਂ ਨੇ ਹੰਜੀਰ ਦੇ ਰੁੱਖ ਨੂੰ ਕਿਹਾ, 'ਆ, ਤੂੰ ਸਾਡਾ ਰਾਜਾ ਬਣ ।'

11ਪਰ ਹੰਜੀਰ ਨੇ ਉਨ੍ਹਾਂ ਨੂੰ ਕਿਹਾ, 'ਭਲਾ, ਮੈਂ ਆਪਣੀ ਮਿਠਾਸ ਅਤੇ ਆਪਣਾ ਚੰਗਾ ਫਲ ਛੱਡ ਦਿਆਂ ਅਤੇ ਰੁੱਖਾਂ ਉੱਤੇ ਝੁੱਲਦਾ ਫਿਰਾਂ ? '

12ਤਦ ਰੁੱਖਾਂ ਨੇ ਅੰਗੂਰੀ ਵੇਲ ਨੂੰ ਆਖਿਆ, 'ਚੱਲ ਤੂੰ ਸਾਡਾ ਰਾਜਾ ਬਣ ।'

13ਤਾਂ ਅੰਗੂਰੀ ਵੇਲ ਨੇ ਉਨ੍ਹਾਂ ਨੂੰ ਕਿਹਾ, 'ਭਲਾ, ਮੈਂ ਆਪਣੇ ਰਸ ਨੂੰ ਜਿਸ ਦੇ ਨਾਲ ਪਰਮੇਸ਼ੁਰ ਤੇ ਮਨੁੱਖ ਖੁਸ਼ ਹੁੰਦੇ ਹਨ ਛੱਡ ਦਿਆਂ, ਅਤੇ ਰੁੱਖਾਂ ਉੱਤੇ ਜਾ ਕੇ ਝੁੱਲਦੀ ਫਿਰਾਂ ? '

14ਤਦ ਉਨ੍ਹਾਂ ਸਾਰਿਆਂ ਰੁੱਖਾਂ ਨੇ ਕੰਡਿਆਲੀ ਝਾੜੀ ਨੂੰ ਕਿਹਾ, 'ਭਈ ਚੱਲ ਤੂੰ ਸਾਡਾ ਰਾਜਾ ਬਣ !'

15ਤਦ ਕੰਡਿਆਲੀ ਝਾੜੀ ਨੇ ਰੁੱਖਾਂ ਨੂੰ ਕਿਹਾ, 'ਜੇ ਤੁਸੀਂ ਸੱਚ-ਮੁੱਚ ਮੈਨੂੰ ਮਸਹ ਕਰ ਕੇ ਆਪਣਾ ਰਾਜਾ ਬਣਾਉਂਦੇ ਹੋ, ਤਾਂ ਆ ਕੇ ਮੇਰੀ ਛਾਂ ਦੇ ਹੇਠ ਆਸਰਾ ਲਉ, ਪਰ ਜੇ ਨਹੀਂ ਤਾਂ ਕੰਡਿਆਲੀ ਝਾੜੀ ਵਿੱਚੋਂ ਇੱਕ ਅੱਗ ਨਿੱਕਲੇ ਅਤੇ ਲਬਾਨੋਨ ਦੇ ਦਿਆਰਾਂ ਨੂੰ ਭਸਮ ਕਰ ਦੇਵੇ !'

16ਇਸ ਲਈ ਹੁਣ ਜੇ ਤੁਸੀਂ ਸਚਿਆਈ ਅਤੇ ਖਰਿਆਈ ਨਾਲ ਅਬੀਮਲਕ ਨੂੰ ਆਪਣਾ ਰਾਜਾ ਬਣਾਇਆ ਹੈ, ਅਤੇ ਜੇ ਕਦੀ ਤੁਸੀਂ ਯਰੁੱਬਆਲ ਅਤੇ ਉਸ ਦੇ ਘਰਾਣੇ ਨਾਲ ਭਲਿਆਈ ਕੀਤੀ, ਅਤੇ ਉਸ ਨਾਲ ਉਸਦੇ ਕੰਮਾਂ ਦੇ ਅਨੁਸਾਰ ਚੰਗਾ ਵਰਤਾਉ ਕੀਤਾ ਹੈ ਤਾਂ ਤੁਹਾਡਾ ਭਲਾ ਹੋਵੇ,

17ਕਿਉਂ ਜੋ ਮੇਰਾ ਪਿਤਾ ਤੁਹਾਡੇ ਲਈ ਲੜਿਆ ਅਤੇ ਆਪਣੀ ਜਾਨ ਨੂੰ ਤਲੀ ਉੱਤੇ ਰੱਖ ਕੇ ਤੁਹਾਨੂੰ ਮਿਦਯਾਨ ਦੇ ਹੱਥੋਂ ਛੁਡਾਇਆ,

18ਪਰ ਅੱਜ ਤੁਸੀਂ ਮੇਰੇ ਪਿਤਾ ਦੇ ਘਰਾਣੇ ਦੇ ਵਿਰੁੱਧ ਹੱਥ ਚਲਾ ਕੇ ਉਸ ਦੇ ਸੱਤਰ ਪੁੱਤਰਾਂ ਨੂੰ ਇੱਕ ਹੀ ਪੱਥਰ ਉੱਤੇ ਵੱਢ ਸੁੱਟਿਆ ਅਤੇ ਉਸ ਦੀ ਦਾਸੀ ਦੇ ਪੁੱਤਰ ਅਬੀਮਲਕ ਨੂੰ ਸ਼ਕਮ ਦੇ ਲੋਕਾਂ ਉੱਤੇ ਰਾਜਾ ਬਣਾਇਆ, ਇਸ ਲਈ ਜੋ ਉਹ ਤੁਹਾਡਾ ਭਰਾ ਹੈ ।

19ਇਸ ਲਈ ਜੇਕਰ ਤੁਸੀਂ ਅੱਜ ਦੇ ਦਿਨ ਸਚਿਆਈ ਅਤੇ ਖਰਿਆਈ ਨਾਲ ਯਰੁੱਬਆਲ ਅਤੇ ਉਸ ਦੇ ਘਰਾਣੇ ਨਾਲ ਵਰਤਾਉ ਕੀਤਾ ਹੈ ਤਾਂ ਤੁਸੀਂ ਅਬੀਮਲਕ ਨਾਲ ਅਨੰਦ ਰਹੋ, ਅਤੇ ਉਹ ਵੀ ਤੁਹਾਡੇ ਨਾਲ ਅਨੰਦ ਰਹੇ,

20ਪਰ ਜੇ ਨਹੀਂ, ਤਾਂ ਅਬੀਮਲਕ ਤੋਂ ਇੱਕ ਅੱਗ ਨਿੱਕਲੇ ਅਤੇ ਸ਼ਕਮ ਦੇ ਲੋਕਾਂ ਨੂੰ ਅਤੇ ਮਿੱਲੋ ਦੀ ਸੰਤਾਨ ਨੂੰ ਭਸਮ ਕਰ ਦੇਵੇ ! ਅਤੇ ਸ਼ਕਮ ਦੇ ਲੋਕਾਂ ਅਤੇ ਮਿੱਲੋ ਦੀ ਸੰਤਾਨ ਵੱਲੋਂ ਵੀ ਅਜਿਹੀ ਹੀ ਅੱਗ ਨਿੱਕਲੇ ਅਤੇ ਅਬੀਮਲਕ ਨੂੰ ਭਸਮ ਕਰ ਦੇਵੇ !"

21ਤਦ ਯੋਥਾਮ ਉੱਥੋਂ ਭੱਜ ਗਿਆ ਅਤੇ ਆਪਣੇ ਭਰਾ ਅਬੀਮਲਕ ਦੇ ਡਰ ਦੇ ਕਾਰਨ ਬਏਰ ਨੂੰ ਜਾ ਕੇ ਉੱਥੇ ਹੀ ਰਹਿਣ ਲੱਗਾ ।

22ਅਬੀਮਲਕ ਨੇ ਇਸਰਾਏਲੀਆਂ ਉੱਤੇ ਤਿੰਨ ਸਾਲ ਤੱਕ ਰਾਜ ਕੀਤਾ ।

23ਤਦ ਪਰਮੇਸ਼ੁਰ ਨੇ ਅਬੀਮਲਕ ਅਤੇ ਸ਼ਕਮ ਦੇ ਲੋਕਾਂ ਦੇ ਵਿਚਕਾਰ ਇੱਕ ਦੁਸ਼ਟ-ਆਤਮਾ ਭੇਜ ਦਿੱਤਾ ਅਤੇ ਸ਼ਕਮ ਦੇ ਵਾਸੀ ਅਬੀਮਲਕ ਨਾਲ ਧੋਖਾ ਕਰਨ ਲੱਗੇ,

24ਤਾਂ ਜੋ ਉਹ ਜ਼ੁਲਮ ਜਿਹੜਾ ਯਰੁੱਬਆਲ ਦੇ ਸੱਤਰ ਪੁੱਤਰਾਂ ਨਾਲ ਹੋਇਆ ਸੀ ਮੁੜ ਕੇ ਉਨ੍ਹਾਂ ਦਾ ਖੂਨ ਉਨ੍ਹਾਂ ਦੇ ਭਰਾ ਅਬੀਮਲਕ ਦੇ ਸਿਰ ਉੱਤੇ ਆ ਪਵੇ, ਜਿਸ ਨੇ ਉਨ੍ਹਾਂ ਨੂੰ ਵੱਢ ਸੁੱਟਿਆ ਅਤੇ ਸ਼ਕਮ ਦੇ ਵਾਸੀਆਂ ਦੇ ਸਿਰ ਉੱਤੇ ਵੀ ਜਿਨ੍ਹਾਂ ਨੇ ਉਸ ਦੇ ਭਰਾਵਾਂ ਨੂੰ ਮਾਰਨ ਵਿੱਚ ਉਸ ਦੀ ਸਹਾਇਤਾ ਕੀਤੀ ਸੀ ।

25ਅਤੇ ਸ਼ਕਮ ਦੇ ਲੋਕਾਂ ਨੇ ਪਹਾੜ ਦੀਆਂ ਚੋਟੀਆਂ ਉੱਤੇ ਉਸ ਨੂੰ ਫੜਨ ਲਈ ਘਾਤ ਲਾਉਣ ਵਾਲੇ ਬਿਠਾਏ, ਜੋ ਉਸ ਰਸਤੇ ਤੋਂ ਲੰਘਣ ਵਾਲੇ ਸਾਰੇ ਲੋਕਾਂ ਨੂੰ ਲੁੱਟਦੇ ਸਨ, ਅਤੇ ਅਬੀਮਲਕ ਨੂੰ ਇਸ ਗੱਲ ਦੀ ਖ਼ਬਰ ਹੋਈ ।

26ਤਦ ਅਬਦ ਦਾ ਪੁੱਤਰ ਗਆਲ ਆਪਣੇ ਭਰਾਵਾਂ ਨਾਲ ਸ਼ਕਮ ਵਿੱਚ ਆਇਆ ਅਤੇ ਸ਼ਕਮ ਦੇ ਲੋਕਾਂ ਨੇ ਉਸ ਦੇ ਉੱਤੇ ਭਰੋਸਾ ਕੀਤਾ ।

27ਫਿਰ ਉਨ੍ਹਾਂ ਨੇ ਖੇਤ ਵਿੱਚ ਜਾ ਕੇ ਆਪਣੇ ਅੰਗੂਰਾਂ ਦੇ ਬਾਗ਼ਾਂ ਦਾ ਫਲ ਤੋੜਿਆ ਅਤੇ ਅੰਗੂਰਾਂ ਨੂੰ ਨਿਚੋੜ ਕੇ ਅਨੰਦ ਕੀਤਾ ਅਤੇ ਆਪਣੇ ਦੇਵਤੇ ਦੇ ਮੰਦਰ ਵਿੱਚ ਜਾ ਕੇ ਖਾਧਾ ਅਤੇ ਪੀਤਾ ਅਤੇ ਅਬੀਮਲਕ ਨੂੰ ਸਰਾਪ ਦੇਣ ਲੱਗੇ ।

28ਤਦ ਅਬਦ ਦੇ ਪੁੱਤਰ ਗਆਲ ਨੇ ਕਿਹਾ, "ਅਬੀਮਲਕ ਹੈ ਕੌਣ ਅਤੇ ਸ਼ਕਮ ਕੌਣ ਹੈ, ਕਿ ਅਸੀਂ ਉਸ ਦੀ ਸੇਵਾ ਕਰੀਏ ? ਭਲਾ, ਉਹ ਯਰੁੱਬਆਲ ਦਾ ਪੁੱਤਰ ਨਹੀਂ ਅਤੇ ਜ਼ਬੂਲ ਉਸ ਦਾ ਹਾਕਮ ਨਹੀਂ ? ਤੁਸੀਂ ਸ਼ਕਮ ਦੇ ਪਿਤਾ ਹਮੋਰ ਦੇ ਲੋਕਾਂ ਦੀ ਤਾਂ ਸੇਵਾ ਕਰੋ । ਪਰ ਅਸੀਂ ਉਸ ਦੀ ਸੇਵਾ ਕਿਉਂ ਕਰੀਏ ?

29ਭਲਾ ਹੁੰਦਾ ਜੇ ਕਦੀ ਇਹ ਲੋਕ ਮੇਰੇ ਵੱਸ ਵਿੱਚ ਹੁੰਦੇ ! ਤਾਂ ਮੈਂ ਅਬੀਮਲਕ ਨੂੰ ਇੱਕ ਪਾਸੇ ਕਰ ਦਿੰਦਾ ।" ਫਿਰ ਉਸ ਨੇ ਅਬੀਮਲਕ ਨੂੰ ਕਿਹਾ, "ਤੂੰ ਆਪਣੀ ਫੌਜ ਨੂੰ ਵਧਾ ਅਤੇ ਨਿੱਕਲ ਆ !"

30ਜਦ ਜ਼ਬੂਲ ਨੇ ਜੋ ਨਗਰ ਦਾ ਹਾਕਮ ਸੀ, ਅਬਦ ਦੇ ਪੁੱਤਰ ਗਆਲ ਦੀਆਂ ਇਹ ਗੱਲਾਂ ਸੁਣੀਆਂ ਤਾਂ ਉਸ ਦਾ ਕ੍ਰੋਧ ਭੜਕ ਗਿਆ ।

31ਅਤੇ ਉਸ ਨੇ ਚਲਾਕੀ ਨਾਲ ਅਬੀਮਲਕ ਕੋਲ ਸੰਦੇਸ਼-ਵਾਹਕ ਭੇਜ ਕੇ ਕਿਹਾ, "ਅਬਦ ਦਾ ਪੁੱਤਰ ਗਆਲ ਆਪਣੇ ਭਰਾਵਾਂ ਦੇ ਨਾਲ ਸ਼ਕਮ ਵਿੱਚ ਆਇਆ ਹੈ ਅਤੇ ਵੇਖ, ਉਹ ਤੇਰੇ ਵਿਰੁੱਧ ਨਗਰ ਨੂੰ ਭੜਕਾਉਂਦੇ ਹਨ ।

32ਹੁਣ ਤੂੰ ਆਪਣੇ ਲੋਕਾਂ ਨਾਲ ਰਾਤ ਨੂੰ ਉੱਠ ਅਤੇ ਮੈਦਾਨ ਵਿੱਚ ਘਾਤ ਲਾ ਕੇ ਬੈਠ,

33ਅਤੇ ਸਵੇਰੇ ਸੂਰਜ ਚੜ੍ਹਦੇ ਹੀ ਤੂੰ ਉੱਠ ਕੇ ਇਸ ਨਗਰ ਉੱਤੇ ਹਮਲਾ ਕਰ ਅਤੇ ਵੇਖ, ਜਦ ਉਹ ਆਪਣੇ ਲੋਕਾਂ ਨਾਲ ਤੇਰਾ ਸਾਹਮਣਾ ਕਰਨ ਨੂੰ ਨਿੱਕਲੇ ਤਾਂ ਜੋ ਕੁਝ ਤੇਰੇ ਤੋਂ ਹੋ ਸਕੇ, ਤੂੰ ਉਨ੍ਹਾਂ ਨਾਲ ਕਰੀਂ !"

34ਤਦ ਅਬੀਮਲਕ ਅਤੇ ਉਸਦੇ ਨਾਲ ਦੇ ਸਾਰੇ ਲੋਕ ਰਾਤ ਨੂੰ ਉੱਠੇ ਅਤੇ ਚਾਰ ਟੋਲੀਆਂ ਬਣਾ ਕੇ ਸ਼ਕਮ ਦੇ ਸਾਹਮਣੇ ਘਾਤ ਲਾ ਕੇ ਬੈਠ ਗਏ ।

35ਅਤੇ ਅਬਦ ਦਾ ਪੁੱਤਰ ਗਆਲ ਬਾਹਰ ਜਾ ਕੇ ਨਗਰ ਦੇ ਫਾਟਕ ਵਿੱਚ ਖੜ੍ਹਾ ਹੋਇਆ, ਤਦ ਅਬੀਮਲਕ ਆਪਣੇ ਲੋਕਾਂ ਨਾਲ ਘਾਤ ਵਿੱਚੋਂ ਬਾਹਰ ਨਿੱਕਲਿਆ ।

36ਜਦ ਗਆਲ ਨੇ ਲੋਕਾਂ ਨੂੰ ਵੇਖਿਆ ਤਾਂ ਉਸ ਨੇ ਜ਼ਬੂਲ ਨੂੰ ਕਿਹਾ, "ਵੇਖ, ਪਹਾੜਾਂ ਦੀਆਂ ਚੋਟੀਆਂ ਉੱਤੋਂ ਲੋਕ ਉਤਰਦੇ ਹਨ !" ਜ਼ਬੂਲ ਨੇ ਉਸ ਨੂੰ ਕਿਹਾ, "ਇਹ ਤਾਂ ਪਹਾੜਾਂ ਦੇ ਪਰਛਾਂਵੇ ਹਨ, ਜਿਹੜੇ ਤੁਹਾਨੂੰ ਮਨੁੱਖਾਂ ਵਾਂਗ ਦਿੱਸਦੇ ਹਨ ।"

37ਤਦ ਗਆਲ ਨੇ ਫੇਰ ਕਿਹਾ, "ਵੇਖ, ਮੈਦਾਨ ਦੇ ਵਿੱਚੋਂ ਦੀ ਲੋਕ ਹੇਠਾਂ ਨੂੰ ਉਤਰੇ ਆਉਂਦੇ ਹਨ ਅਤੇ ਇੱਕ ਟੋਲੀ ਮਾਓਨਾਨੀਮ ਦੇ ਬਲੂਤ ਦੇ ਰੁੱਖ ਵੱਲੋਂ ਆਉਂਦੀ ਹੈ ।"

38ਤਾਂ ਜ਼ਬੂਲ ਨੇ ਉਸ ਨੂੰ ਕਿਹਾ, "ਹੁਣ ਤੇਰੀਆਂ ਉਹ ਵੱਡੀਆਂ-ਵੱਡੀਆਂ ਗੱਲਾਂ ਕਿੱਥੇ ਹਨ, ਜਦ ਤੂੰ ਕਿਹਾ ਸੀ ਕਿ ਅਬੀਮਲਕ ਕੌਣ ਹੈ ਜੋ ਅਸੀਂ ਉਸ ਦੀ ਸੇਵਾ ਕਰੀਏ ? ਭਲਾ, ਇਹ ਉਹ ਲੋਕ ਨਹੀਂ ਜਿਨ੍ਹਾਂ ਦਾ ਤੁਸੀਂ ਮਖੌਲ ਉਡਾਇਆ ਸੀ ? ਇਸ ਲਈ ਹੁਣ ਬਾਹਰ ਜਾ ਕੇ ਉਨ੍ਹਾਂ ਨਾਲ ਲੜਾਈ ਕਰ !"

39ਤਦ ਗਆਲ ਸ਼ਕਮ ਦੇ ਲੋਕਾਂ ਦੇ ਅੱਗੇ ਬਾਹਰ ਨਿੱਕਲ ਕੇ ਅਬੀਮਲਕ ਨਾਲ ਲੜਿਆ ।

40ਉਹ ਅਬੀਮਲਕ ਦੇ ਅੱਗਿਓਂ ਭੱਜਿਆ ਅਤੇ ਅਬੀਮਲਕ ਨੇ ਉਸ ਦਾ ਪਿੱਛਾ ਕੀਤਾ, ਅਤੇ ਨਗਰ ਦੇ ਫਾਟਕ ਤੱਕ ਭੱਜਦਿਆਂ ਬਹੁਤ ਸਾਰੇ ਜ਼ਖਮੀ ਹੋ ਗਏ ।

41ਤਦ ਅਬੀਮਲਕ ਅਰੂਮਾਹ ਦੇ ਵਿੱਚ ਜਾ ਕੇ ਰਹਿਣ ਲੱਗਾ ਅਤੇ ਜ਼ਬੂਲ ਨੇ ਗਆਲ ਨੂੰ ਅਤੇ ਉਸ ਦੇ ਭਰਾਵਾਂ ਨੂੰ ਕੱਢ ਦਿੱਤਾ ਅਤੇ ਸ਼ਕਮ ਵਿੱਚ ਨਾ ਰਹਿਣ ਦਿੱਤਾ ।

42ਅਗਲੇ ਦਿਨ ਅਜਿਹਾ ਹੋਇਆ ਕਿ ਲੋਕ ਮੈਦਾਨ ਵਿੱਚ ਨਿੱਕਲ ਗਏ ਅਤੇ ਅਬੀਮਲਕ ਨੂੰ ਇਸ ਦੀ ਖ਼ਬਰ ਹੋਈ ।

43ਤਾਂ ਉਸ ਨੇ ਆਪਣੇ ਲੋਕਾਂ ਨੂੰ ਲੈ ਕੇ ਉਨ੍ਹਾਂ ਦੀਆਂ ਤਿੰਨ ਟੋਲੀਆਂ ਬਣਾਈਆਂ ਅਤੇ ਮੈਦਾਨ ਵਿੱਚ ਘਾਤ ਲਾ ਕੇ ਬੈਠਾ ਗਿਆ, ਅਤੇ ਜਦ ਉਸ ਨੇ ਵੇਖਿਆ ਕਿ ਲੋਕ ਨਗਰ ਤੋਂ ਨਿੱਕਲਦੇ ਹਨ ਤਦ ਉਨ੍ਹਾਂ ਉੱਤੇ ਹਮਲਾ ਕਰਕੇ ਉਨ੍ਹਾਂ ਨੂੰ ਮਾਰ ਲਿਆ

44ਅਤੇ ਅਬੀਮਲਕ ਆਪਣੇ ਨਾਲ ਦੀਆਂ ਟੋਲੀਆਂ ਨਾਲ ਅੱਗੇ ਭੱਜ ਕੇ ਨਗਰ ਦੇ ਫਾਟਕ ਵਿੱਚ ਖੜ੍ਹਾ ਹੋ ਗਿਆ, ਅਤੇ ਦੋ ਟੋਲੀਆਂ ਨੇ ਉਨ੍ਹਾਂ ਸਾਰਿਆਂ ਉੱਤੇ ਜਿਹੜੇ ਮੈਦਾਨ ਵਿੱਚ ਸਨ, ਹਮਲਾ ਕਰ ਕੇ ਉਨ੍ਹਾਂ ਨੂੰ ਮਾਰ ਦਿੱਤਾ ।

45ਅਬੀਮਲਕ ਸਾਰਾ ਦਿਨ ਨਗਰ ਨਾਲ ਲੜਦਾ ਰਿਹਾ ਅਤੇ ਉਸ ਨੂੰ ਜਿੱਤ ਲਿਆ ਅਤੇ ਨਗਰ ਦੇ ਲੋਕਾਂ ਨੂੰ ਮਾਰ ਸੁੱਟਿਆ ਅਤੇ ਨਗਰ ਨੂੰ ਢਾਹ ਦਿੱਤਾ ਅਤੇ ਉਸ ਦੇ ਉੱਤੇ ਲੂਣ ਖਿੰਡਾ ਦਿੱਤਾ ।

46ਜਦ ਸ਼ਕਮ ਦੇ ਬੁਰਜ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੇ ਇਹ ਸੁਣਿਆ ਤਾਂ ਉਹ ਏਲਬਰੀਥ ਦੇਵਤੇ ਦੇ ਮੰਦਰ ਦੇ ਗੜ੍ਹ ਵਿੱਚ ਜਾ ਵੜੇ ।

47ਜਦ ਇਸ ਦੀ ਖ਼ਬਰ ਅਬੀਮਲਕ ਨੂੰ ਹੋਈ ਕਿ ਸ਼ਕਮ ਦੇ ਬੁਰਜ ਦੇ ਸਭ ਲੋਕ ਇਕੱਠੇ ਹੋਏ ਹਨ,

48ਤਦ ਅਬੀਮਲਕ ਆਪਣੇ ਨਾਲ ਦੇ ਸਾਰੇ ਲੋਕਾਂ ਨਾਲ ਸਲਮੋਨ ਦੇ ਪਹਾੜ ਉੱਤੇ ਚੜ੍ਹ ਗਿਆ ਅਤੇ ਆਪਣੇ ਹੱਥ ਵਿੱਚ ਕੁਹਾੜਾ ਫੜ ਕੇ ਰੁੱਖਾਂ ਵਿੱਚੋਂ ਇੱਕ ਟਾਹਣੀ ਵੱਢੀ ਅਤੇ ਉਸ ਨੂੰ ਚੁੱਕ ਕੇ ਆਪਣੇ ਮੋਢੇ ਉੱਤੇ ਰੱਖ ਲਿਆ ਅਤੇ ਆਪਣੇ ਨਾਲ ਦੇ ਲੋਕਾਂ ਨੂੰ ਕਿਹਾ, "ਜੋ ਕੁਝ ਤੁਸੀਂ ਮੈਨੂੰ ਕਰਦਿਆਂ ਵੇਖਿਆ ਹੈ, ਤੁਸੀਂ ਵੀ ਛੇਤੀ ਨਾਲ ਉਸੇ ਤਰ੍ਹਾਂ ਹੀ ਕਰੋ !"

49ਤਦ ਉਨ੍ਹਾਂ ਸਾਰਿਆਂ ਲੋਕਾਂ ਨੇ ਵੀ ਇੱਕ-ਇੱਕ ਟਾਹਣੀ ਵੱਢ ਲਈ, ਅਤੇ ਅਬੀਮਲਕ ਦੇ ਪਿੱਛੇ ਚੱਲੇ ਅਤੇ ਉਨ੍ਹਾਂ ਨੂੰ ਗੜ੍ਹ ਦੇ ਕੋਲ ਸੁੱਟ ਕੇ ਅੱਗ ਲਾ ਦਿੱਤੀ, ਤਦ ਸ਼ਕਮ ਦੇ ਬੁਰਜ ਵਿੱਚ ਸਾਰੇ ਪੁਰਖ ਅਤੇ ਇਸਤਰੀਆਂ ਜੋ ਇੱਕ ਹਜ਼ਾਰ ਦੇ ਲਗਭਗ ਸਨ, ਮਰ ਗਏ ।

50ਫੇਰ ਅਬੀਮਲਕ ਤੇਬੇਸ ਨੂੰ ਗਿਆ ਅਤੇ ਤੇਬੇਸ ਦੇ ਸਾਹਮਣੇ ਤੰਬੂ ਲਾ ਕੇ ਉਸ ਨੂੰ ਜਿੱਤ ਲਿਆ ।

51ਪਰ ਉਸ ਨਗਰ ਦੇ ਵਿੱਚ ਇੱਕ ਵੱਡਾ ਪੱਕਾ ਬੁਰਜ ਸੀ, ਇਸ ਲਈ ਸਾਰੇ ਪੁਰਖ ਅਤੇ ਇਸਤਰੀਆਂ ਅਤੇ ਸ਼ਹਿਰ ਦੇ ਵਾਸੀ ਸਾਰੇ ਭੱਜ ਕੇ ਉਸ ਦੇ ਵਿੱਚ ਜਾ ਵੜੇ ਅਤੇ ਦਰਵਾਜ਼ਾ ਬੰਦ ਕਰਕੇ ਬੁਰਜ ਦੀ ਛੱਤ ਉੱਤੇ ਚੜ੍ਹ ਗਏ ।

52ਤਦ ਅਬੀਮਲਕ ਬੁਰਜ ਦੇ ਕੋਲ ਜਾਕੇ ਉਸ ਦੇ ਨਾਲ ਲੜਿਆ, ਅਤੇ ਉਸ ਨੂੰ ਸਾੜਨ ਲਈ ਬੁਰਜ ਦੇ ਦਰਵਾਜ਼ੇ ਦੇ ਨੇੜੇ ਪਹੁੰਚਿਆ ।

53ਤਦ ਕਿਸੇ ਇਸਤਰੀ ਨੇ ਚੱਕੀ ਦਾ ਉਪਰਲਾ ਪੁੱੜ ਅਬੀਮਲਕ ਦੇ ਸਿਰ ਉੱਤੇ ਸੁੱਟ ਦਿੱਤਾ ਅਤੇ ਉਸ ਦਾ ਸਿਰ ਫੱਟ ਗਿਆ ।

54ਤਦ ਉਸ ਨੇ ਝੱਟ ਆਪਣੇ ਹਥਿਆਰ ਚੁੱਕਣ ਵਾਲੇ ਜੁਆਨ ਨੂੰ ਬੁਲਾ ਕੇ ਕਿਹਾ, "ਆਪਣੀ ਤਲਵਾਰ ਖਿੱਚ ਕੇ ਮੈਨੂੰ ਮਾਰ ਦੇ, ਮੇਰੇ ਬਾਰੇ ਕੋਈ ਇਹ ਨਾ ਕਹੇ ਕਿ ਉਸ ਨੂੰ ਇੱਕ ਇਸਤਰੀ ਨੇ ਮਾਰ ਸੁੱਟਿਆ !" ਤਦ ਉਸ ਜੁਆਨ ਨੇ ਤਲਵਾਰ ਨਾਲ ਉਸ ਨੂੰ ਵਿੰਨ੍ਹ ਦਿੱਤਾ ਅਤੇ ਉਹ ਮਰ ਗਿਆ ।

55ਜਦੋਂ ਇਸਰਾਏਲੀਆਂ ਨੇ ਵੇਖਿਆ ਕਿ ਅਬੀਮਲਕ ਮਰ ਗਿਆ ਹੈ ਤਾਂ ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ ।

56ਇਸ ਤਰ੍ਹਾਂ ਪਰਮੇਸ਼ੁਰ ਨੇ ਅਬੀਮਲਕ ਦੀ ਉਸ ਬੁਰਿਆਈ ਨੂੰ ਜੋ ਉਸ ਨੇ ਆਪਣੇ ਸੱਤਰ ਭਰਾਵਾਂ ਨੂੰ ਮਾਰ ਕੇ ਆਪਣੇ ਪਿਤਾ ਦੇ ਨਾਲ ਕੀਤੀ ਸੀ, ਉਸ ਦੇ ਸਿਰ ਉੱਤੇ ਮੋੜ ਦਿੱਤਾ,

57ਅਤੇ ਸ਼ਕਮ ਦੇ ਲੋਕਾਂ ਦੀ ਸਾਰੀ ਬੁਰਿਆਈ ਵੀ ਪਰਮੇਸ਼ੁਰ ਨੇ ਉਨ੍ਹਾਂ ਦੇ ਸਿਰਾਂ ਉੱਤੇ ਪਾਈ ਅਤੇ ਯਰੁੱਬਆਲ ਦੇ ਪੁੱਤਰ ਯੋਥਾਮ ਦਾ ਸਰਾਪ ਉਨ੍ਹਾਂ ਉੱਤੇ ਆ ਪਿਆ ।


  Share Facebook  |  Share Twitter

 <<  Judges 9 >> 


Bible2india.com
© 2010-2024
Help
Dual Panel

Laporan Masalah/Saran