Bible 2 India Mobile
[VER] : [PUNJABI]     [PL]  [PB] 
 <<  Judges 3 >> 

1ਇਸਰਾਏਲੀਆਂ ਵਿੱਚੋਂ ਜਿਹੜੇ ਕਨਾਨ ਦੀਆਂ ਸਾਰੀਆਂ ਲੜਾਈਆਂ ਨੂੰ ਨਹੀਂ ਜਾਣਦੇ ਸਨ, ਉਨ੍ਹਾਂ ਨੂੰ ਪਰਖਣ ਲਈ ਯਹੋਵਾਹ ਨੇ ਇਨ੍ਹਾਂ ਕੌਮਾਂ ਨੂੰ ਦੇਸ਼ ਵਿੱਚ ਰਹਿਣ ਦਿੱਤਾ,

2ਸਿਰਫ਼ ਇਸ ਲਈ ਤਾਂ ਜੋ ਇਸਰਾਏਲੀਆਂ ਦੀਆਂ ਪੀੜ੍ਹੀਆਂ ਨੂੰ ਜਿਨ੍ਹਾਂ ਨੂੰ ਪਹਿਲਾਂ ਲੜਾਈ ਦਾ ਢੰਗ ਨਹੀਂ ਆਉਂਦਾ ਸੀ, ਉਹਨਾਂ ਨੂੰ ਸਿਖਾਵੇ,

3ਅਰਥਾਤ ਫ਼ਲਿਸਤੀਆਂ ਦੇ ਪੰਜ ਅਧਿਕਾਰੀ ਅਤੇ ਸਾਰੇ ਕਨਾਨੀ, ਸੀਦੋਨੀ ਅਤੇ ਹਿੱਵੀ ਜਿਹੜੇ ਲਬਾਨੋਨ ਦੇ ਪਹਾੜ ਵਿੱਚ ਬਆਲ-ਹਰਮੋਨ ਦੇ ਪਹਾੜ ਤੋਂ ਲੈ ਕੇ ਹਮਾਥ ਦੇ ਰਸਤੇ ਤੱਕ ਵੱਸਦੇ ਸਨ ।

4ਇਹ ਇਸ ਲਈ ਰਹੇ ਤਾਂ ਜੋ ਉਨ੍ਹਾਂ ਦੇ ਰਾਹੀਂ ਇਸਰਾਏਲ ਦੀ ਪ੍ਰੀਖਿਆ ਲਈ ਜਾਵੇ ਅਤੇ ਪਤਾ ਲੱਗੇ ਕਿ ਉਹ ਯਹੋਵਾਹ ਦੇ ਹੁਕਮਾਂ ਨੂੰ ਜੋ ਉਸ ਨੇ ਮੂਸਾ ਦੇ ਰਾਹੀਂ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਦਿੱਤੇ ਸਨ, ਮੰਨਣਗੇ ਜਾਂ ਨਹੀਂ ।

5ਇਸ ਲਈ ਇਸਰਾਏਲੀ ਕਨਾਨੀਆਂ, ਹਿੱਤੀਆਂ, ਅਮੋਰੀਆਂ, ਫ਼ਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਦੇ ਵਿਚਕਾਰ ਵੱਸਦੇ ਸਨ

6ਅਤੇ ਉਨ੍ਹਾਂ ਨੇ ਉਹਨਾਂ ਜਾਤੀਆਂ ਦੀਆਂ ਧੀਆਂ ਨਾਲ ਆਪ ਵਿਆਹ ਕੀਤੇ, ਅਤੇ ਆਪਣੀਆਂ ਧੀਆਂ ਉਹਨਾਂ ਦੇ ਪੁੱਤਰਾਂ ਨੂੰ ਦਿੱਤੀਆਂ ਅਤੇ ਉਹਨਾਂ ਦੇ ਦੇਵਤਿਆਂ ਦੀ ਪੂਜਾ ਕਰਨ ਲੱਗੇ ।

7ਇਸ ਤਰ੍ਹਾਂ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਬੁਰਿਆਈ ਕੀਤੀ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਭੁਲਾ ਦਿੱਤਾ ਅਤੇ ਬਆਲ ਦੇਵਤਿਆਂ ਅਤੇ ਅਸੇਰਾਹ ਦੇਵੀਆਂ ਦੀ ਪੂਜਾ ਕਰਨ ਲੱਗੇ ।

8ਇਸ ਲਈ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ, ਅਤੇ ਉਸ ਨੇ ਉਨ੍ਹਾਂ ਨੂੰ ਮੇਸੋਪੋਤਾਮੀਆ ਦੇ ਪਾਤਸ਼ਾਹ ਕੂਸ਼ਨ-ਰਿਸ਼ਾਤੈਮ ਦੇ ਹੱਥ ਕਰ ਦਿੱਤਾ ਅਤੇ ਉਹ ਅੱਠ ਸਾਲ ਤੱਕ ਕੂਸ਼ਨ-ਰਿਸ਼ਾਤੈਮ ਦੇ ਗੁਲਾਮ ਰਹੇ ।

9ਫਿਰ ਇਸਰਾਏਲੀਆਂ ਨੇ ਯਹੋਵਾਹ ਅੱਗੇ ਬੇਨਤੀ ਕੀਤੀ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਬਚਾਉਣ ਲਈ ਆਥਨੀਏਲ ਨੂੰ ਚੁਣਿਆ ਅਰਥਾਤ ਕਾਲੇਬ ਦੇ ਛੋਟੇ ਭਰਾ ਕਨਜ਼ ਦੇ ਪੁੱਤਰ ਆਥਨੀਏਲ ਨੂੰ ਜਿਸ ਨੇ ਉਨ੍ਹਾਂ ਨੂੰ ਬਚਾਇਆ ।

10ਯਹੋਵਾਹ ਦਾ ਆਤਮਾ ਆਥਨੀਏਲ ਦੇ ਉੱਤੇ ਆਇਆ ਅਤੇ ਉਹ ਇਸਰਾਏਲ ਦਾ ਨਿਆਂਈ ਬਣਿਆ ਅਤੇ ਲੜਾਈ ਕਰਨ ਨੂੰ ਨਿੱਕਲਿਆ ਅਤੇ ਯਹੋਵਾਹ ਨੇ ਅਰਾਮ ਦੇ ਰਾਜਾ ਕੂਸ਼ਨ-ਰਿਸ਼ਾਤੈਮ ਨੂੰ ਉਸ ਦੇ ਹੱਥ ਵਿੱਚ ਕਰ ਦਿੱਤਾ ਅਤੇ ਉਸ ਦਾ ਹੱਥ ਕੂਸ਼ਨ-ਰਿਸ਼ਾਤੈਮ ਦੇ ਉੱਤੇ ਬਲਵਾਨ ਹੋਇਆ ।

11ਤਦ ਚਾਲੀ ਸਾਲਾਂ ਤੱਕ ਉਸ ਦੇਸ਼ ਵਿੱਚ ਸ਼ਾਂਤੀ ਰਹੀ, ਫਿਰ ਕਨਜ਼ ਦਾ ਪੁੱਤਰ ਆਥਨੀਏਲ ਮਰ ਗਿਆ ।

12ਇਸਰਾਏਲੀਆਂ ਨੇ ਫਿਰ ਯਹੋਵਾਹ ਦੇ ਅੱਗੇ ਬੁਰਿਆਈ ਕੀਤੀ, ਅਤੇ ਯਹੋਵਾਹ ਨੇ ਮੋਆਬ ਦੇ ਰਾਜਾ ਅਗਲੋਨ ਨੂੰ ਇਸਰਾਏਲ ਦੇ ਉੱਤੇ ਪਰਬਲ ਕੀਤਾ, ਕਿਉਂ ਜੋ ਉਨ੍ਹਾਂ ਨੇ ਯਹੋਵਾਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਸੀ ।

13ਇਸ ਲਈ ਉਸ ਨੇ ਅੰਮੋਨੀਆਂ ਅਤੇ ਅਮਾਲੇਕੀਆਂ ਨੂੰ ਆਪਣੇ ਨਾਲ ਮਿਲਾਇਆ ਅਤੇ ਇਸਰਾਏਲ ਉੱਤੇ ਹਮਲਾ ਕੀਤਾ ਅਤੇ ਖ਼ਜੂਰਾਂ ਵਾਲੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ

14ਤਦ ਇਸਰਾਏਲੀ ਅਠਾਰਾਂ ਸਾਲਾਂ ਤੱਕ ਮੋਆਬ ਦੇ ਰਾਜਾ ਅਗਲੋਨ ਦੀ ਸੇਵਾ ਟਹਿਲ ਕਰਦੇ ਰਹੇ ।

15ਫਿਰ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਦੁਹਾਈ ਦਿੱਤੀ ਅਤੇ ਯਹੋਵਾਹ ਨੇ ਉਨ੍ਹਾਂ ਦੇ ਲਈ ਇੱਕ ਬਚਾਉਣ ਵਾਲੇ ਨੂੰ ਅਰਥਾਤ ਬਿਨਯਾਮੀਨ ਗੋਤ ਦੇ ਗੇਰਾ ਦੇ ਪੁੱਤਰ ਏਹੂਦ ਨੂੰ ਜੋ ਖੱਬਾ ਸੀ, ਚੁਣਿਆ ਅਤੇ ਇਸਰਾਏਲੀਆਂ ਨੇ ਉਸ ਦੇ ਹੱਥ ਮੋਆਬ ਦੇ ਰਾਜਾ ਅਗਲੋਨ ਕੋਲ ਨਜ਼ਰਾਨਾ ਭੇਜਿਆ ।

16ਏਹੂਦ ਨੇ ਆਪਣੇ ਲਈ ਇੱਕ ਹੱਥ ਲੰਮੀ ਦੋਧਾਰੀ ਤਲਵਾਰ ਬਣਵਾਈ ਅਤੇ ਉਸ ਨੂੰ ਆਪਣੇ ਕੱਪੜਿਆਂ ਦੇ ਹੇਠ ਸੱਜੇ ਪੱਟ ਨਾਲ ਬੰਨ੍ਹ ਲਿਆ ।

17ਤਦ ਉਹ ਉਸ ਨਜ਼ਰਾਨੇ ਨੂੰ ਮੋਆਬ ਦੇ ਰਾਜਾ ਕੋਲ ਲਿਆਇਆ । ਅਗਲੋਨ ਇੱਕ ਮੋਟੇ ਢਿੱਡ ਵਾਲਾ ਮਨੁੱਖ ਸੀ ।

18ਅਤੇ ਅਜਿਹਾ ਹੋਇਆ ਜਦ ਏਹੂਦ ਨੇ ਨਜ਼ਰਾਨਾ ਉਸ ਨੂੰ ਦੇ ਦਿੱਤਾ ਤਾਂ ਜਿਹੜੇ ਲੋਕ ਨਜ਼ਰਾਨਾ ਚੁੱਕ ਕੇ ਲਿਆਏ ਸਨ, ਉਨ੍ਹਾਂ ਨੂੰ ਉਸ ਨੇ ਭੇਜ ਦਿੱਤਾ ।

19ਪਰ ਉਹ ਆਪ ਪੱਥਰ ਦੀ ਖਾਣ ਕੋਲੋਂ ਜੋ ਗਿਲਗਾਲ ਵਿੱਚ ਹੈ, ਵਾਪਿਸ ਆਇਆ ਅਤੇ ਅਗਲੋਨ ਨੂੰ ਕਿਹਾ, "ਹੇ ਮਹਾਰਾਜ, ਮੇਰੇ ਕੋਲ ਤੁਹਾਡੇ ਲਈ ਇੱਕ ਗੁਪਤ ਸੰਦੇਸ਼ ਹੈ ।" ਅਗਲੋਨ ਨੇ ਕਿਹਾ, "ਥੋੜੀ ਦੇਰ ਲਈ ਬਾਹਰ ਜਾਉ ।" ਤਦ ਜਿਹੜੇ ਉਸ ਦੇ ਆਲੇ ਦੁਆਲੇ ਖੜ੍ਹੇ ਸਨ, ਸਭ ਬਾਹਰ ਨਿੱਕਲ ਗਏ ।

20ਤਦ ਏਹੂਦ ਉਸ ਦੇ ਕੋਲ ਆਇਆ, ਉਸ ਵੇਲੇ ਉਹ ਹਵਾਦਾਰ ਚੁਬਾਰੇ ਵਿੱਚ ਜੋ ਸਿਰਫ਼ ਉਸ ਦੇ ਲਈ ਸੀ, ਬੈਠਿਆ ਹੋਇਆ ਸੀ । ਫਿਰ ਏਹੂਦ ਨੇ ਕਿਹਾ, "ਤੁਹਾਡੇ ਲਈ ਮੇਰੇ ਕੋਲ ਪਰਮੇਸ਼ੁਰ ਦੀ ਵੱਲੋਂ ਇੱਕ ਸੰਦੇਸ਼ ਹੈ ।" ਤਦ ਉਹ ਗੱਦੀ ਉੱਤੋਂ ਉੱਠ ਕੇ ਖੜ੍ਹਾ ਹੋ ਗਿਆ ।

21ਤਦ ਏਹੂਦ ਨੇ ਆਪਣਾ ਖੱਬਾ ਹੱਥ ਵਧਾਇਆ ਅਤੇ ਆਪਣੇ ਸੱਜੇ ਪੱਟ ਉੱਤੋਂ ਤਲਵਾਰ ਫੜ ਕੇ ਉਸ ਦੇ ਢਿੱਡ ਦੇ ਵਿੱਚ ਘੁਸਾ ਦਿੱਤੀ ।

22ਅਤੇ ਤਲਵਾਰ ਦੇ ਨਾਲ ਦਸਤਾ ਵੀ ਉਸ ਦੇ ਢਿੱਡ ਵਿੱਚ ਧਸ ਗਿਆ ਅਤੇ ਤਲਵਾਰ ਚਰਬੀ ਦੇ ਵਿੱਚ ਜਾ ਕੇ ਖੁੱਭ ਗਈ ਕਿਉਂ ਜੋ ਉਸ ਨੇ ਤਲਵਾਰ ਨੂੰ ਉਹ ਦੇ ਢਿੱਡ ਵਿੱਚੋਂ ਨਹੀਂ ਕੱਢਿਆ ਸਗੋਂ ਤਲਵਾਰ ਉਸ ਦੇ ਆਰ-ਪਾਰ ਨਿੱਕਲ ਗਈ ਅਤੇ ਚਰਬੀ ਨੇ ਉਸ ਨੂੰ ਢੱਕ ਲਿਆ ।

23ਤਦ ਏਹੂਦ ਨੇ ਬਾਹਰ ਵਿਹੜੇ ਵਿੱਚ ਆ ਕੇ ਚੁਬਾਰੇ ਦਾ ਦਰਵਾਜਾ ਆਪਣੇ ਪਿੱਛੇ ਬੰਦ ਕੀਤਾ ਅਤੇ ਤਾਲਾ ਲਗਾ ਦਿੱਤਾ ।

24ਜਦ ਉਹ ਨਿੱਕਲ ਗਿਆ ਤਾਂ ਅਗਲੋਨ ਦੇ ਸੇਵਕ ਆਏ ਅਤੇ ਜਦੋਂ ਉਨ੍ਹਾਂ ਨੇ ਵੇਖਿਆ ਕਿ ਚੁਬਾਰੇ ਦੇ ਦਰਵਾਜੇ ਬੰਦ ਸਨ ਤਾਂ ਉਨ੍ਹਾਂ ਨੇ ਕਿਹਾ, "ਉਹ ਹਵਾਦਾਰ ਚੁਬਾਰੇ ਦੀ ਅੰਦਰਲੀ ਕੋਠੜੀ ਵਿੱਚ ਪਖ਼ਾਨੇ ਵਿੱਚ ਬੈਠਾ ਹੋਵੇਗਾ ।"

25ਅਤੇ ਉਹ ਬਹੁਤ ਦੇਰ ਤੱਕ ਉਸ ਦੀ ਉਡੀਕ ਕਰਦੇ ਰਹੇ, ਇੱਥੋਂ ਤੱਕ ਕਿ ਉਹ ਸ਼ਰਮਿੰਦੇ ਹੋਏ ਅਤੇ ਜਦੋਂ ਉਨ੍ਹਾਂ ਨੇ ਵੇਖਿਆ ਕਿ ਉਹ ਚੁਬਾਰੇ ਦਾ ਦਰਵਾਜ਼ਾ ਨਹੀਂ ਖੋਲ੍ਹਦਾ ਤਾਂ ਉਨ੍ਹਾਂ ਨੇ ਆਪ ਹੀ ਚਾਬੀ ਲਾ ਕੇ ਦਰਵਾਜ਼ਾ ਖੋਲ੍ਹਿਆ ਅਤੇ ਵੇਖੋ, ਉਨ੍ਹਾਂ ਦਾ ਸੁਆਮੀ ਧਰਤੀ ਉੱਤੇ ਮਰਿਆ ਪਿਆ ਸੀ !

26ਉਨ੍ਹਾਂ ਦੇ ਉਡੀਕਣ ਦੇ ਸਮੇਂ ਵਿੱਚ ਏਹੂਦ ਭੱਜ ਗਿਆ ਅਤੇ ਪੱਥਰ ਦੀ ਖਾਣ ਤੋਂ ਪਾਰ ਲੰਘ ਗਿਆ ਅਤੇ ਸਈਰਾਹ ਦੇ ਵਿੱਚ ਜਾ ਕੇ ਬਚ ਗਿਆ ।

27ਫਿਰ ਅਜਿਹਾ ਹੋਇਆ ਕਿ ਜਦੋਂ ਉਹ ਉੱਥੇ ਪਹੁੰਚਿਆ ਤਾਂ ਉਸ ਨੇ ਇਫ਼ਰਾਈਮ ਦੇ ਪਹਾੜ ਉੱਤੇ ਤੁਰ੍ਹੀ ਵਜਾਈ ਤਾਂ ਇਸਰਾਏਲੀ ਉਸ ਨੇ ਨਾਲ ਪਹਾੜ ਤੋਂ ਉਤਰ ਆਏ ਅਤੇ ਉਹ ਉਨ੍ਹਾਂ ਦੇ ਅੱਗੇ-ਅੱਗੇ ਤੁਰਿਆ ।

28ਉਸ ਨੇ ਉਨ੍ਹਾਂ ਨੂੰ ਕਿਹਾ, "ਮੇਰੇ ਪਿੱਛੇ-ਪਿੱਛੇ ਆਓ ਕਿਉਂ ਜੋ ਯਹੋਵਾਹ ਨੇ ਤੁਹਾਡੇ ਮੋਆਬੀ ਵੈਰੀਆਂ ਨੂੰ ਤੁਹਾਡੇ ਹੱਥ ਵਿੱਚ ਕਰ ਦਿੱਤਾ ਹੈ ।" ਤਦ ਉਹ ਉਸ ਦੇ ਪਿੱਛੇ ਉੱਤਰੇ ਅਤੇ ਯਰਦਨ ਦੇ ਕਿਨਾਰਿਆਂ ਨੂੰ ਜੋ ਮੋਆਬ ਦੀ ਵੱਲ ਸਨ, ਕਬਜ਼ਾ ਕਰ ਲਿਆ ਅਤੇ ਇੱਕ ਨੂੰ ਵੀ ਪਾਰ ਨਾ ਲੰਘਣ ਦਿੱਤਾ ।

29ਉਸ ਸਮੇਂ ਉਨ੍ਹਾਂ ਨੇ ਮੋਆਬ ਦੇ ਲਗਭਗ ਦਸ ਹਜ਼ਾਰ ਮਨੁੱਖ ਮਾਰ ਦਿੱਤੇ, ਉਹ ਸਾਰੇ ਬਲਵੰਤ ਅਤੇ ਤਕੜੇ ਲੋਕ ਸਨ ਅਤੇ ਉਨ੍ਹਾਂ ਵਿੱਚੋਂ ਇੱਕ ਵੀ ਨਾ ਬਚਿਆ ।

30ਇਸ ਤਰ੍ਹਾਂ ਉਸ ਦਿਨ ਮੋਆਬ ਇਸਰਾਏਲ ਦੇ ਹੱਥ ਵਿੱਚ ਆ ਗਿਆ ਅਤੇ ਅੱਸੀ ਸਾਲਾਂ ਤੱਕ ਉਸ ਦੇਸ਼ ਵਿੱਚ ਸ਼ਾਂਤੀ ਬਣੀ ਰਹੀ ।

31ਏਹੂਦ ਤੋਂ ਬਾਅਦ ਅਨਾਥ ਦਾ ਪੁੱਤਰ ਸ਼ਮਗਰ ਉੱਠਿਆ ਅਤੇ ਉਸ ਨੇ ਫ਼ਲਿਸਤੀਆਂ ਵਿੱਚੋਂ ਛੇ ਸੌ ਮਨੁੱਖਾਂ ਨੂੰ ਬਲ਼ਦ ਦੀ ਆਰ ਨਾਲ ਮਾਰਿਆ, ਇਸ ਤਰ੍ਹਾਂ ਉਸ ਨੇ ਵੀ ਇਸਰਾਏਲ ਨੂੰ ਬਚਾਇਆ ।


  Share Facebook  |  Share Twitter

 <<  Judges 3 >> 


Bible2india.com
© 2010-2024
Help
Dual Panel

Laporan Masalah/Saran