Bible 2 India Mobile
[VER] : [PUNJABI]     [PL]  [PB] 
 <<  Judges 17 >> 

1ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਮੀਕਾਹ ਨਾਮ ਦਾ ਇੱਕ ਮਨੁੱਖ ਸੀ ।

2ਉਸ ਨੇ ਆਪਣੀ ਮਾਂ ਨੂੰ ਕਿਹਾ, "ਉਹ ਗਿਆਰਾਂ ਸੌ ਚਾਂਦੀ ਦੇ ਸਿੱਕੇ ਜੋ ਤੇਰੇ ਤੋਂ ਲਏ ਗਏ ਸਨ, ਜਿਨ੍ਹਾਂ ਦੇ ਕਾਰਨ ਮੈਂ ਤੈਨੂੰ ਸਰਾਪ ਦਿੰਦੇ ਸੁਣਿਆ, ਵੇਖ ਉਹ ਚਾਂਦੀ ਮੇਰੇ ਕੋਲ ਹੈ, ਮੈਂ ਹੀ ਉਹ ਲੈ ਲਈ ਸੀ ।" ਉਸ ਦੀ ਮਾਂ ਨੇ ਕਿਹਾ, "ਹੇ ਮੇਰੇ ਪੁੱਤਰ ! ਯਹੋਵਾਹ ਤੈਨੂੰ ਅਸੀਸ ਦੇਵੇ ।

3ਅਤੇ ਜਦ ਉਸ ਨੇ ਉਹ ਗਿਆਰਾਂ ਸੌ ਚਾਂਦੀ ਦੇ ਸਿੱਕੇ ਆਪਣੀ ਮਾਂ ਨੂੰ ਮੋੜ ਦਿੱਤੇ ਤਾਂ ਉਸ ਦੀ ਮਾਂ ਨੇ ਕਿਹਾ, "ਮੈਂ ਇਹ ਚਾਂਦੀ ਆਪਣੇ ਪੁੱਤਰ ਦੇ ਕਾਰਨ ਯਹੋਵਾਹ ਨੂੰ ਅਰਪਣ ਕਰਦੀ ਹਾਂ ਤਾਂ ਜੋ ਉਹ ਇਸ ਨਾਲ ਇੱਕ ਘੜ੍ਹੀ ਹੋਈ ਅਤੇ ਇੱਕ ਢਾਲੀ ਹੋਈ ਮੂਰਤ ਬਣਾਵੇ । ਇਸ ਲਈ ਹੁਣ ਮੈਂ ਇਹ ਤੈਨੂੰ ਮੋੜ ਦਿੰਦੀ ਹਾਂ ।"

4ਜਦ ਉਸ ਨੇ ਉਹ ਰੁਪਏ ਆਪਣੀ ਮਾਂ ਨੂੰ ਮੋੜ ਦਿੱਤੇ, ਤਾਂ ਉਸ ਦੀ ਮਾਂ ਨੇ ਦੋ ਸੌ ਸਿੱਕੇ ਲੈ ਕੇ ਢਾਲਣ ਵਾਲੇ ਨੂੰ ਦਿੱਤੇ ਅਤੇ ਉਸ ਨੇ ਉਨ੍ਹਾਂ ਨਾਲ ਇੱਕ ਘੜ੍ਹੀ ਹੋਈ ਅਤੇ ਇੱਕ ਢਾਲੀ ਹੋਈ ਮੂਰਤ ਬਣਾਈ, ਅਤੇ ਉਹ ਮੀਕਾਹ ਦੇ ਘਰ ਵਿੱਚ ਰਹੀ ।

5ਉਸ ਮਨੁੱਖ ਮੀਕਾਹ ਕੋਲ ਇੱਕ ਮੰਦਰ ਸੀ, ਤਦ ਉਸ ਨੇ ਇੱਕ ਏਫ਼ੋਦ ਅਤੇ ਤਿਰਾਫ਼ੀਮ ਅਰਥਾਤ ਘਰੇਲੂ ਦੇਵਤਾ ਬਣਵਾਏ ਅਤੇ ਆਪਣੇ ਪੁੱਤਰਾਂ ਵਿੱਚੋਂ ਇੱਕ ਨੂੰ ਆਪਣਾ ਪੁਰੋਹਿਤ ਠਹਿਰਾਇਆ ।

6ਉਨ੍ਹਾਂ ਦਿਨਾਂ ਵਿੱਚ ਇਸਰਾਏਲ ਦਾ ਕੋਈ ਰਾਜਾ ਨਹੀਂ ਸੀ । ਜਿਸ ਕਿਸੇ ਨੂੰ ਜੋ ਠੀਕ ਲੱਗਦਾ ਸੀ, ਉਹ ਉਹੀ ਕਰਦਾ ਸੀ ।

7ਬੈਤਲਹਮ-ਯਹੂਦਾਹ ਦਾ ਰਹਿਣ ਵਾਲਾ ਇੱਕ ਜੁਆਨ ਲੇਵੀ, ਯਹੂਦਾਹ ਦੇ ਗੋਤ ਵਿੱਚ ਪਰਦੇਸੀ ਹੋ ਕੇ ਰਹਿੰਦਾ ਸੀ ।

8ਇਹ ਮਨੁੱਖ ਬੈਤਲਹਮ-ਯਹੂਦਾਹ ਤੋਂ ਇਸ ਲਈ ਨਿੱਕਲਿਆ ਸੀ ਕਿ ਜਿੱਥੇ ਟਿਕਾਣਾ ਮਿਲੇ ਉੱਥੇ ਜਾ ਕੇ ਰਹੇ । ਉਹ ਚਲਦੇ-ਚਲਦੇ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਮੀਕਾਹ ਦੇ ਘਰ ਪਹੁੰਚ ਗਿਆ ।

9ਮੀਕਾਹ ਨੇ ਉਸ ਨੂੰ ਪੁੱਛਿਆ, "ਤੂੰ ਕਿੱਥੋਂ ਆਇਆ ਹੈਂ ? " ਉਸ ਨੇ ਉਹ ਨੂੰ ਕਿਹਾ, "ਮੈਂ ਬੈਤਲਹਮ-ਯਹੂਦਾਹ ਦਾ ਰਹਿਣ ਵਾਲਾ ਇੱਕ ਲੇਵੀ ਹਾਂ, ਅਤੇ ਇਸ ਲਈ ਤੁਰਿਆ ਹਾਂ ਕਿ ਜਿੱਥੇ ਕਿਤੇ ਟਿਕਾਣਾ ਮਿਲੇ ਉੱਥੇ ਜਾ ਕੇ ਰਹਾਂ ।"

10ਮੀਕਾਹ ਨੇ ਉਸ ਨੂੰ ਕਿਹਾ, "ਮੇਰੇ ਕੋਲ ਰਹਿ ਅਤੇ ਮੇਰਾ ਪਿਤਾ ਅਤੇ ਪੁਰੋਹਿਤ ਬਣ, ਅਤੇ ਮੈਂ ਤੈਨੂੰ ਹਰ ਸਾਲ ਚਾਂਦੀ ਦੇ ਦਸ ਸਿੱਕੇ, ਅਤੇ ਇੱਕ ਜੋੜੀ ਕੱਪੜੇ ਅਤੇ ਭੋਜਨ ਵੀ ਦਿਆਂਗਾ ।

11ਤਾਂ ਉਹ ਲੇਵੀ ਮੀਕਾਹ ਨਾਲ ਰਹਿਣ ਲਈ ਤਿਆਰ ਹੋ ਗਿਆ ਅਤੇ ਉਹ ਜੁਆਨ ਉਸਦੇ ਨਾਲ ਉਸਦੇ ਪੁੱਤਰਾਂ ਵਰਗਾ ਬਣ ਕੇ ਰਿਹਾ ।

12ਤਾਂ ਮੀਕਾਹ ਨੇ ਉਸ ਲੇਵੀ ਨੂੰ ਨਿਯੁਕਤ ਕੀਤਾ ਅਤੇ ਉਹ ਜੁਆਨ ਉਸ ਦਾ ਪੁਰੋਹਿਤ ਬਣ ਕੇ ਮੀਕਾਹ ਦੇ ਘਰ ਵਿੱਚ ਰਹਿਣ ਲੱਗਾ ।

13ਤਦ ਮੀਕਾਹ ਨੇ ਕਿਹਾ, "ਹੁਣ ਮੈਂ ਜਾਣਦਾ ਹਾਂ ਕਿ ਯਹੋਵਾਹ ਮੇਰਾ ਭਲਾ ਕਰੇਗਾ, ਕਿਉਂ ਜੋ ਮੈਂ ਇੱਕ ਲੇਵੀ ਨੂੰ ਆਪਣਾ ਪੁਰੋਹਿਤ ਬਣਾਇਆ ਹੈ ।"


  Share Facebook  |  Share Twitter

 <<  Judges 17 >> 


Bible2india.com
© 2010-2024
Help
Dual Panel

Laporan Masalah/Saran