Bible 2 India Mobile
[VER] : [PUNJABI]     [PL]  [PB] 
 <<  Judges 10 >> 

1ਅਬੀਮਲਕ ਦੇ ਬਾਅਦ ਯਿੱਸਾਕਾਰ ਦੇ ਗੋਤ ਵਿੱਚੋਂ ਤੋਲਾ ਨਾਮਕ ਇੱਕ ਪੁਰਖ, ਜੋ ਦੋਦੋ ਦਾ ਪੋਤਰਾ ਅਤੇ ਪੁਆਹ ਦਾ ਪੁੱਤਰ ਸੀ ਇਸਰਾਏਲ ਦੇ ਬਚਾਉ ਲਈ ਉੱਠਿਆ, ਅਤੇ ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਦੇ ਸ਼ਾਮੀਰ ਨਗਰ ਵਿੱਚ ਰਹਿੰਦਾ ਸੀ ।

2ਉਹ ਤੇਈ ਸਾਲ ਤੱਕ ਇਸਰਾਏਲ ਦਾ ਨਿਆਂ ਕਰਦਾ ਰਿਹਾ । ਫਿਰ ਉਹ ਮਰ ਗਿਆ ਅਤੇ ਸ਼ਾਮੀਰ ਵਿੱਚ ਦੱਬਿਆ ਗਿਆ ।

3ਉਸ ਦੇ ਬਾਅਦ ਗਿਲਆਦੀ ਯਾਈਰ ਉੱਠਿਆ ਅਤੇ ਉਸ ਨੇ ਬਾਈ ਸਾਲ ਤੱਕ ਇਸਰਾਏਲ ਦਾ ਨਿਆਂ ਕੀਤਾ ।

4ਉਸ ਦੇ ਤੀਹ ਪੁੱਤਰ ਸਨ, ਜੋ ਗਧੀਆਂ ਦੇ ਤੀਹ ਬੱਚਿਆਂ ਉੱਤੇ ਸਵਾਰ ਹੁੰਦੇ ਸਨ, ਅਤੇ ਉਨ੍ਹਾਂ ਦੇ ਤੀਹ ਨਗਰ ਵੀ ਸਨ, ਜੋ ਗਿਲਆਦ ਦੇਸ਼ ਵਿੱਚ ਹਨ ਅਤੇ ਜਿਨ੍ਹਾਂ ਦੇ ਨਾਮ ਤੇ ਅੱਜ ਦੇ ਦਿਨ ਤੱਕ ਯਾਈਰ ਦੀਆਂ ਬਸਤੀਆਂ ਹਨ ।

5ਤਦ ਯਾਈਰ ਮਰ ਗਿਆ ਅਤੇ ਕਾਮੋਨ ਵਿੱਚ ਦੱਬਿਆ ਗਿਆ ।

6ਤਦ ਇਸਰਾਏਲੀਆਂ ਨੇ ਫਿਰ ਯਹੋਵਾਹ ਦੇ ਅੱਗੇ ਬੁਰਿਆਈ ਕੀਤੀ ਅਤੇ ਉਹ ਬਆਲਾਂ ਅਤੇ ਅਸ਼ਤਾਰੋਥਾਂ ਅਤੇ ਅਰਾਮ, ਸੈਦਾ, ਮੋਆਬ, ਅੰਮੋਨੀਆਂ, ਅਤੇ ਫ਼ਲਿਸਤੀਆਂ ਦੇ ਦੇਵਤਿਆਂ ਦੀ ਪੂਜਾ ਕਰਨ ਲੱਗੇ, ਅਤੇ ਉਨ੍ਹਾਂ ਨੇ ਯਹੋਵਾਹ ਨੂੰ ਛੱਡ ਦਿੱਤਾ ਅਤੇ ਉਸ ਦੀ ਉਸਤਤ ਨਾ ਕੀਤੀ ।

7ਤਦ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ ਅਤੇ ਉਸ ਨੇ ਉਨ੍ਹਾਂ ਨੂੰ ਫ਼ਲਿਸਤੀਆਂ ਅਤੇ ਅੰਮੋਨੀਆਂ ਦੇ ਹੱਥ ਵਿੱਚ ਕਰ ਦਿੱਤਾ ।

8ਉਨ੍ਹਾਂ ਨੇ ਉਸੇ ਸਾਲ ਇਸਰਾਏਲੀਆਂ ਨੂੰ ਦੁੱਖ ਦਿੱਤਾ ਸਗੋਂ ਸਾਰੇ ਇਸਰਾਏਲੀਆਂ ਨੂੰ ਜੋ ਯਰਦਨ ਪਾਰ ਅਮੋਰੀਆਂ ਦੇ ਦੇਸ਼ ਗਿਲਆਦ ਵਿੱਚ ਰਹਿੰਦੇ ਸਨ, ਅਠਾਰਾਂ ਸਾਲ ਤੱਕ ਬਹੁਤ ਦੁੱਖ ਦਿੰਦੇ ਰਹੇ ।

9ਅਤੇ ਅੰਮੋਨੀਆਂ ਨੇ ਯਰਦਨ ਦੇ ਪਾਰ ਲੰਘ ਕੇ ਯਹੂਦਾਹ ਅਤੇ ਬਿਨਯਾਮੀਨ ਅਤੇ ਇਫ਼ਰਾਈਮ ਦੇ ਗੋਤਾਂ ਨਾਲ ਅਜਿਹੀ ਲੜਾਈ ਕੀਤੀ ਕਿ ਇਸਰਾਏਲੀ ਬਹੁਤ ਹੀ ਮੁਸੀਬਤ ਵਿੱਚ ਪੈ ਗਏ ।

10ਤਦ ਇਸਰਾਏਲੀਆਂ ਨੇ ਯਹੋਵਾਹ ਅੱਗੇ ਚਿੱਲਾ ਕੇ ਕਿਹਾ, "ਅਸੀਂ ਤੇਰੇ ਵਿਰੁੱਧ ਵੱਡਾ ਪਾਪ ਕੀਤਾ ਜੋ ਆਪਣੇ ਪਰਮੇਸ਼ੁਰ ਨੂੰ ਛੱਡ ਕੇ ਬਆਲਾਂ ਦੀ ਪੂਜਾ ਕੀਤੀ !"

11ਯਹੋਵਾਹ ਨੇ ਇਸਰਾਏਲੀਆਂ ਨੂੰ ਕਿਹਾ, "ਕੀ ਮੈਂ ਤੁਹਾਨੂੰ ਮਿਸਰੀਆਂ, ਅਮੋਰੀਆਂ, ਅੰਮੋਨੀਆਂ ਅਤੇ ਫ਼ਲਿਸਤੀਆਂ ਦੇ ਹੱਥੋਂ ਨਹੀਂ ਛੁਡਾਇਆ ?

12ਫਿਰ ਜਦ ਸੀਦੋਨੀਆਂ, ਅਮਾਲੇਕੀਆਂ ਅਤੇ ਮਾਓਨੀਆਂ ਨੇ ਵੀ ਤੁਹਾਨੂੰ ਸਤਾਇਆ ਅਤੇ ਤੁਸੀਂ ਮੇਰੇ ਅੱਗੇ ਦੁਹਾਈ ਦਿੱਤੀ, ਤਦ ਕੀ ਮੈਂ ਉਨ੍ਹਾਂ ਦੇ ਹੱਥਾਂ ਤੋਂ ਵੀ ਤੁਹਾਨੂੰ ਨਹੀਂ ਛੁਡਾਇਆ ?

13ਫਿਰ ਵੀ ਤੁਸੀਂ ਮੈਨੂੰ ਛੱਡ ਕੇ ਪਰਾਏ ਦੇਵਤਿਆਂ ਦੀ ਪੂਜਾ ਕੀਤੀ, ਇਸ ਲਈ ਹੁਣ ਮੈਂ ਤੁਹਾਡਾ ਹੋਰ ਛੁਟਕਾਰਾ ਨਹੀਂ ਕਰਾਂਗਾ ।

14ਤੁਸੀਂ ਜਾਉ ਅਤੇ ਉਨ੍ਹਾਂ ਦੇਵਤਿਆਂ ਦੇ ਅੱਗੇ ਦੁਹਾਈ ਦਿਉ ਜਿਨ੍ਹਾਂ ਨੂੰ ਤੁਸੀਂ ਮੰਨ ਲਿਆ ਹੈ, ਤਾਂ ਜੋ ਉਹ ਹੀ ਤੁਹਾਨੂੰ ਤੁਹਾਡੀ ਮੁਸੀਬਤ ਦੇ ਸਮੇਂ ਛੁਡਾਉਣ !"

15ਫੇਰ ਇਸਰਾਏਲੀਆਂ ਨੇ ਯਹੋਵਾਹ ਨੂੰ ਕਿਹਾ, "ਅਸੀਂ ਪਾਪ ਕੀਤਾ ਹੈ, ਇਸ ਲਈ ਜੋ ਕੁਝ ਤੇਰੀ ਨਜ਼ਰ ਵਿੱਚ ਚੰਗਾ ਹੈ, ਉਹ ਹੀ ਸਾਡੇ ਨਾਲ ਕਰ, ਪਰ ਹੁਣ ਸਾਡਾ ਛੁਟਕਾਰਾ ਕਰ !"

16ਤਦ ਉਨ੍ਹਾਂ ਨੇ ਪਰਾਏ ਦੇਵਤਿਆਂ ਨੂੰ ਆਪਣੇ ਵਿੱਚੋਂ ਕੱਢ ਦਿੱਤਾ ਅਤੇ ਯਹੋਵਾਹ ਦੀ ਉਸਤਤ ਕਰਨ ਲੱਗੇ ਤਾਂ ਉਸ ਦਾ ਮਨ ਇਸਰਾਏਲ ਦੇ ਦੁੱਖ ਨਾਲ ਦੁਖੀ ਹੋਇਆ ।

17ਉਸ ਸਮੇਂ ਅੰਮੋਨੀਆਂ ਨੇ ਇਕੱਠੇ ਹੋ ਕੇ ਗਿਲਆਦ ਵਿੱਚ ਆਪਣੇ ਤੰਬੂ ਲਾਏ ਅਤੇ ਇਸਰਾਏਲੀਆਂ ਨੇ ਵੀ ਇਕੱਠੇ ਹੋ ਕੇ ਮਿਸਫ਼ਾਹ ਵਿੱਚ ਤੰਬੂ ਲਾਏ ।

18ਤਾਂ ਗਿਲਆਦ ਦੇ ਹਾਕਮ ਇੱਕ ਦੂਜੇ ਨੂੰ ਕਹਿਣ ਲੱਗੇ, ਉਹ ਕਿਹੜਾ ਮਨੁੱਖ ਹੈ ਜੋ ਅੰਮੋਨੀਆਂ ਦੇ ਨਾਲ ਲੜਾਈ ਸ਼ੁਰੂ ਕਰੇਗਾ ? ਉਹੋ ਹੀ ਸਾਰੇ ਗਿਲਆਦ ਦੇ ਵਾਸੀਆਂ ਦਾ ਪ੍ਰਧਾਨ ਬਣੇਗਾ ।


  Share Facebook  |  Share Twitter

 <<  Judges 10 >> 


Bible2india.com
© 2010-2024
Help
Dual Panel

Laporan Masalah/Saran