Bible 2 India Mobile
[VER] : [PUNJABI]     [PL]  [PB] 
 <<  Habakkuk 3 >> 

1ਸ਼ਿਗਯੋਨੋਥ ਉੱਤੇ ਹਬੱਕੂਕ ਨਬੀ ਦੀ ਪ੍ਰਾਰਥਨਾ ।

2ਹੇ ਯਹੋਵਾਹ, ਮੈਂ ਤੇਰੀ ਪ੍ਰਸਿੱਧੀ ਦੇ ਵਿਖੇ ਸੁਣਿਆ, ਅਤੇ ਡਰ ਗਿਆ । ਹੇ ਯਹੋਵਾਹ, ਵਰਤਮਾਨ ਸਮਿਆਂ ਵਿੱਚ ਆਪਣਾ ਕੰਮ ਬਹਾਲ ਕਰ, ਸਾਡੇ ਸਮੇਂ ਵਿੱਚ ਉਹ ਨੂੰ ਪ੍ਰਗਟ ਕਰ, ਆਪਣੇ ਕ੍ਰੋਧ ਵਿੱਚ ਵੀ ਦਯਾ ਨੂੰ ਯਾਦ ਰੱਖ !

3ਪਰਮੇਸ਼ੁਰ ਤੇਮਾਨ ਤੋਂ ਆਇਆ, ਪਵਿੱਤਰ ਪ੍ਰਭੂ ਪਰਾਨ ਦੇ ਪਰਬਤ ਤੋਂ ॥ ਸਲਹ ॥ ਉਹ ਦੀ ਮਹਿਮਾ ਨੇ ਅਕਾਸ਼ ਨੂੰ ਢੱਕਿਆ ਹੋਇਆ ਹੈ, ਅਤੇ ਧਰਤੀ ਉਹ ਦੀ ਉਸਤਤ ਨਾਲ ਭਰਪੂਰ ਹੋਈ ।

4ਉਹ ਦੀ ਸ਼ੋਭਾ ਸੂਰਜ ਦੀ ਰੋਸ਼ਨੀ ਵਰਗੀ ਸੀ, ਉਸ ਦੇ ਹੱਥਾਂ ਵਿੱਚੋਂ ਕਿਰਨਾਂ ਚਮਕਦੀਆਂ ਸਨ, ਅਤੇ ਉੱਥੇ ਉਸ ਦੀ ਸਮਰੱਥਾ ਲੁਕੀ ਹੋਈ ਸੀ ।

5ਉਹ ਦੇ ਅੱਗੇ-ਅੱਗੇ ਬਵਾ ਚੱਲਦੀ ਸੀ, ਅਤੇ ਮਹਾਮਾਰੀ ਉਹ ਦੇ ਪੈਰਾਂ ਦੇ ਪਿੱਛੇ-ਪਿੱਛੇ ਚੱਲਦੀ ਸੀ !

6ਉਹ ਖੜ੍ਹਾ ਹੋ ਗਿਆ ਅਤੇ ਧਰਤੀ ਦਾ ਮਾਪ ਲਿਆ, ਉਸ ਨੇ ਵੇਖਿਆ ਅਤੇ ਕੌਮਾਂ ਕੰਬ ਉੱਠੀਆਂ, ਸਨਾਤਨ ਪਹਾੜ ਢਹਿ ਗਏ, ਅਨਾਦੀ ਟਿੱਲੇ ਝੁੱਕ ਗਏ, ਉਹ ਦੇ ਮਾਰਗ ਸਦੀਪਕਾਲ ਦੇ ਹਨ ।

7ਮੈਂ ਕੂਸ਼ ਦੇ ਤੰਬੂ ਕਸ਼ਟ ਹੇਠ ਵੇਖੇ, ਮਿਦਯਾਨ ਦੇ ਵਸੇਬੇ ਥਰਥਰਾ ਗਏ ।

8ਹੇ ਯਹੋਵਾਹ, ਕੀ ਤੂੰ ਨਦੀਆਂ ਤੋਂ ਗੁੱਸੇ ਹੋਇਆ ? ਕੀ ਤੇਰਾ ਕ੍ਰੋਧ ਨਦੀਆਂ ਉੱਤੇ ਭੜਕਿਆ, ਜਾਂ ਤੇਰਾ ਕਹਿਰ ਸਮੁੰਦਰ ਉੱਤੇ ਸੀ, ਜਦ ਤੂੰ ਆਪਣੇ ਘੋੜਿਆਂ ਉੱਤੇ, ਅਤੇ ਆਪਣੇ ਛੁਡਾਉਣ ਵਾਲੇ ਰਥਾਂ ਉੱਤੇ ਸਵਾਰ ਸੀ ?

9ਤੇਰਾ ਧਣੁਖ ਖੋਲ ਵਿੱਚੋਂ ਕੱਢਿਆ ਗਿਆ, ਤੂੰ ਆਪਣੇ ਦੰਡ ਦੇ ਤੀਰਾਂ ਨੂੰ ਸਹੁੰ ਦੇ ਕੇ ਬੁਲਾਇਆ ॥ ਸਲਹ ॥ ਤੂੰ ਧਰਤੀ ਨੂੰ ਨਦੀਆਂ ਨਾਲ ਚੀਰ ਦਿੱਤਾ ।

10ਪਹਾੜਾਂ ਨੇ ਤੈਨੂੰ ਵੇਖਿਆ, ਉਹ ਘਬਰਾ ਗਏ, ਜ਼ੋਰ ਦਾ ਹੜ੍ਹ ਲੰਘ ਗਿਆ, ਡੁੰਘਿਆਈ ਗਰਜ਼ ਉੱਠੀ ਅਤੇ ਆਪਣੇ ਹੱਥ ਉਤਾਹਾਂ ਉਠਾਏ ।

11ਤੇਰੇ ਤੀਰਾਂ ਦੀ ਚਮਕ ਦੇ ਕਾਰਨ ਜਦ ਉਹ ਚੱਲਦੇ ਸਨ, ਤੇਰੇ ਚਮਕਦਾਰ ਬਰਛੇ ਦੀ ਲਸ਼ਕ ਦੇ ਕਾਰਨ, ਸੂਰਜ ਅਤੇ ਚੰਦ ਆਪਣੇ ਸਥਾਨ ਤੇ ਠਹਿਰ ਗਏ ।

12ਤੂੰ ਕਹਿਰ ਵਿੱਚ ਧਰਤੀ ਉੱਤੋਂ ਲੰਘਿਆ, ਤੂੰ ਕੌਮਾਂ ਨੂੰ ਕ੍ਰੋਧ ਵਿੱਚ ਕੁਚਲ ਦਿੱਤਾ ।

13ਤੂੰ ਆਪਣੀ ਪਰਜਾ ਦੇ ਬਚਾਓ ਲਈ ਨਿਕਲਿਆ, ਆਪਣੇ ਮਸਹ ਕੀਤੇ ਹੋਏ ਦੇ ਬਚਾਓ ਲਈ । ਤੂੰ ਦੁਸ਼ਟ ਦੇ ਘਰਾਣੇ ਦੇ ਮੁਖੀਏ ਨੂੰ ਵੱਢ ਸੁੱਟਿਆ, ਤੂੰ ਗਲੇ ਤੱਕ ਉਸ ਦੀ ਨੀਂਹ ਨੂੰ ਨੰਗਾ ਕੀਤਾ ॥ ਸਲਹ ॥

14ਤੂੰ ਉਸ ਦੇ ਸੂਰਮਿਆਂ ਦੇ ਸਿਰਾਂ ਨੂੰ ਉਨ੍ਹਾਂ ਦੀਆਂ ਆਪਣੀਆਂ ਬਰਛੀਆਂ ਨਾਲ ਹੀ ਵਿੰਨ੍ਹ ਦਿੱਤਾ, ਉਹ ਤੂਫ਼ਾਨ ਵਾਂਗੂੰ ਮੈਨੂੰ ਉਡਾਉਣ ਲਈ ਆਏ, ਅਤੇ ਉਨ੍ਹਾਂ ਦੀ ਤਰ੍ਹਾਂ ਅਨੰਦ ਹੋਏ ਜਿਹੜੇ ਚੁੱਪ-ਚੁਪੀਤੇ ਦੀਨ ਲੋਕਾਂ ਨੂੰ ਨਾਸ਼ ਕਰਨ ਲਈ ਘਾਤ ਲਗਾਉਂਦੇ ਹਨ ।

15ਤੂੰ ਆਪਣੇ ਘੋੜਿਆਂ ਨਾਲ ਸਮੁੰਦਰ ਨੂੰ ਲਤਾੜਿਆ, ਅਤੇ ਵੱਡੇ ਪਾਣੀ ਉੱਛਲ ਪਏ ।

16ਮੈਂ ਸੁਣਿਆ ਅਤੇ ਮੇਰਾ ਕਾਲਜਾ ਕੰਬਣ ਲੱਗਾ, ਉਸ ਦੀ ਅਵਾਜ਼ ਤੋਂ ਮੇਰੇ ਬੁੱਲ੍ਹ ਥਰਥਰਾ ਗਏ, ਮੇਰੀਆਂ ਹੱਡੀਆਂ ਸੜਨ ਲੱਗੀਆਂ, ਮੈਂ ਆਪਣੇ ਸਥਾਨ ਤੇ ਖੜ੍ਹਾ-ਖੜ੍ਹਾ ਕੰਬਣ ਲੱਗਾ, ਇਸ ਲਈ ਮੈਂ ਅਰਾਮ ਨਾਲ ਬਿਪਤਾ ਦੇ ਦਿਨ ਨੂੰ ਉਡੀਕਾਂਗਾ, ਭਈ ਉਹ ਉਹਨਾਂ ਲੋਕਾਂ ਉੱਤੇ ਆਵੇ, ਜੋ ਸਾਡੇ ਉੱਤੇ ਚੜ੍ਹਾਈ ਕਰਦੇ ਹਨ ।

17ਭਾਵੇਂ ਹੰਜ਼ੀਰ ਦੇ ਰੁੱਖ ਨਾ ਫਲਣ, ਨਾ ਅੰਗੂਰੀ ਵੇਲਾਂ ਉੱਤੇ ਫਲ ਹੋਵੇ, ਭਾਵੇਂ ਜੈਤੂਨ ਦੇ ਰੁੱਖ ਦੀ ਪੈਦਾਵਾਰ ਘਟੇ, ਅਤੇ ਖੇਤਾਂ ਵਿੱਚ ਅੰਨ ਨਾ ਉਪਜੇ, ਭਾਵੇਂ ਇੱਜੜ ਵਾੜੇ ਵਿੱਚੋਂ ਘੱਟ ਜਾਣ, ਅਤੇ ਖੁਰਲੀਆਂ ਉੱਤੇ ਵੱਗ ਨਾ ਹੋਣ,

18ਤਾਂ ਵੀ ਮੈਂ ਯਹੋਵਾਹ ਵਿੱਚ ਅਨੰਦ ਅਤੇ ਮਗਨ ਹੋਵਾਂਗਾ, ਮੈਂ ਆਪਣੇ ਮੁਕਤੀਦਾਤੇ ਪਰਮੇਸ਼ੁਰ ਵਿੱਚ ਖੁਸ਼ੀ ਮਨਾਵਾਂਗਾ ।

19ਪ੍ਰਭੂ ਯਹੋਵਾਹ ਮੇਰਾ ਬਲ ਹੈ, ਉਹ ਮੇਰੇ ਪੈਰ ਹਰਨੀਆਂ ਵਰਗੇ ਬਣਾਉਂਦਾ ਹੈ, ਅਤੇ ਮੈਨੂੰ ਉੱਚਿਆਈਆਂ ਉੱਤੇ ਤੋਰਦਾ ਹੈ ! (ਸਾਜ ਵਜਾਉਣ ਵਾਲੇ ਲਈ ਮੇਰੇ ਤਾਰ ਵਾਲੇ ਵਾਜਿਆਂ ਉੱਤੇ)


  Share Facebook  |  Share Twitter

 <<  Habakkuk 3 >> 


Bible2india.com
© 2010-2024
Help
Dual Panel

Laporan Masalah/Saran