Bible 2 India Mobile
[VER] : [PUNJABI]     [PL]  [PB] 
 <<  Philippians 3 >> 

1ਮੁਕਦੀ ਗੱਲ, ਹੇ ਮੇਰੇ ਭਰਾਵੋ, ਪ੍ਰਭੂ ਵਿੱਚ ਅਨੰਦ ਰਹੋ । ਇਹ ਗੱਲਾਂ ਤੁਹਾਨੂੰ ਮੁੜ ਮੁੜ ਲਿਖਣ ਤੋਂ ਮੈਂ ਤਾਂ ਨਹੀਂ ਅੱਕਦਾ ਅਤੇ ਇਹ ਤੁਹਾਡੇ ਲਈ ਬਚਾਓ ਦਾ ਕਾਰਨ ਹੈ ।

2ਕੁੱਤਿਆਂ ਤੋਂ ਸੁਚੇਤ ਰਹੋ । ਕੁਕਰਮੀਆਂ ਤੋਂ ਸੁਚੇਤ ਰਹੋ । ਸੁੰਨਤ ਕਰਨ ਵਾਲਿਆਂ ਤੋਂ ਸੁਚੇਤ ਰਹੋ ।

3ਕਿਉਂ ਜੋ ਸੁੰਨਤੀ ਤਾਂ ਅਸੀਂ ਹਾਂ ਜਿਹੜੇ ਪਰਮੇਸ਼ੁਰ ਦੇ ਆਤਮਾ ਨਾਲ ਭਜਨ ਕਰਦੇ ਹਾਂ ਅਤੇ ਮਸੀਹ ਯਿਸੂ ਦੇ ਉੱਤੇ ਅਭਮਾਨ ਕਰਦੇ ਹਾਂ ਅਤੇ ਸਰੀਰ ਦਾ ਆਸਰਾ ਨਹੀਂ ਰੱਖਦੇ ।

4ਭਾਵੇਂ ਮੈਂ ਸਰੀਰ ਦਾ ਵੀ ਆਸਰਾ ਰੱਖ ਸਕਦਾ । ਜੇ ਹੋਰ ਕੋਈ ਆਪਣੇ ਭਾਣੇ ਸਰੀਰ ਦਾ ਆਸਰਾ ਰੱਖ ਸਕਦਾ ਹੈ ਤਾਂ ਮੈਂ ਵਧੇਰੇ ਕਰ ਸਕਦਾ ਹਾਂ ।

5ਜਨਮ ਤੋਂ ਅੱਠਵੇਂ ਦਿਨ ਦਾ ਸੁੰਨਤ ਕੀਤਾ ਹੋਇਆ ਮੈਂ ਇਸਰਾਏਲ ਦੇ ਵੰਸ਼ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਅਤੇ ਇਬਰਾਨੀਆਂ ਦਾ ਇਬਰਾਨੀ ਹਾਂ । ਬਿਵਸਥਾ ਦੀ ਪੁੱਛੋ ਤਾਂ ਫ਼ਰੀਸੀ ।

6ਅਣਖ ਦੀ ਪੁੱਛੋਂ ਤਾਂ ਕਲੀਸਿਯਾ ਦਾ ਸਤਾਉਣ ਵਾਲਾ । ਬਿਵਸਥਾ ਦੀ ਧਾਰਮਿਕਤਾ ਦੀ ਪੁੱਛੋ ਤਾਂ ਨਿਰਦੋਸ਼ ।

7ਪਰ ਜਿਹੜੀਆਂ ਗੱਲਾਂ ਮੇਰੇ ਲਾਭ ਦੀਆਂ ਸਨ ਮੈਂ ਉਨ੍ਹਾਂ ਨੂੰ ਮਸੀਹ ਦੇ ਕਾਰਨ ਹਾਨੀ ਦੀਆਂ ਸਮਝਿਆ ।

8ਸਗੋਂ ਮਸੀਹ ਯਿਸੂ ਆਪਣੇ ਪ੍ਰਭੂ ਦੇ ਗਿਆਨ ਦੀ ਉੱਤਮਤਾਈ ਦੇ ਕਾਰਨ ਸਾਰਿਆਂ ਗੱਲਾਂ ਨੂੰ ਮੈਂ ਹਾਨੀ ਦੀਆਂ ਹੀ ਸਮਝਦਾ ਹਾਂ ਅਤੇ ਉਹ ਦੀ ਖਾਤਰ ਮੈਂ ਇੰਨ੍ਹਾਂ ਸਭਨਾਂ ਗੱਲਾਂ ਦੀ ਹਾਨ ਝੱਲੀ ਅਤੇ ਉਨ੍ਹਾਂ ਨੂੰ ਕੂੜਾ ਸਮਝਦਾ ਹਾਂ ਜੋ ਮੈਂ ਮਸੀਹ ਨੂੰ ਪਾ ਲਵਾਂ ।

9ਅਤੇ ਮੈਂ ਉਸ ਵਿੱਚ ਪਾਇਆ ਜਾਂਵਾਂ, ਅਤੇ ਮੇਰੀ ਆਪਣੀ ਧਾਰਮਿਕਤਾ ਨਾਲ ਨਹੀਂ, ਜਿਹੜਾ ਬਿਵਸਥਾ ਤੋਂ ਹੁੰਦੀ ਹੈ, ਸਗੋਂ ਉਸ ਧਾਰਮਿਕਤਾ ਦੇ ਨਾਲ, ਜੋ ਮਸੀਹ ਉੱਤੇ ਵਿਸ਼ਵਾਸ ਕਰਨ ਤੋਂ ਪ੍ਰਾਪਤ ਹੁੰਦੀ ਹੈ, ਅਤੇ ਉਸ ਧਾਰਮਿਕਤਾ ਨਾਲ ਜੋ ਪਰਮੇਸ਼ੁਰ ਦੀ ਵੱਲੋਂ ਵਿਸ਼ਵਾਸ ਦੇ ਰਾਹੀਂ ਪ੍ਰਾਪਤ ਹੁੰਦੀ ਹੈ ।

10ਤਾਂ ਜੋ ਮੈਂ ਉਹ ਨੂੰ ਅਤੇ ਉਹ ਦੇ ਜੀ ਉੱਠਣ ਦੀ ਸਮਰੱਥਾ ਨੂੰ ਅਤੇ ਉਹ ਦੇ ਦੁੱਖਾਂ ਦੀ ਸਾਂਝ ਨੂੰ ਜਾਣ ਲਵਾਂ ਅਤੇ ਉਹ ਦੀ ਮੌਤ ਦੇ ਸਰੂਪ ਨਾਲ ਮਿਲ ਜਾਂਵਾਂ ।

11ਭਈ ਮੈਂ ਕਿਵੇਂ ਨਾ ਕਿਵੇਂ ਮੁਰਦਿਆਂ ਵਿੱਚੋਂ ਜੀ ਉੱਠਣ ਦੀ ਪਦਵੀ ਤੱਕ ਪਹੁੰਚ ਜਾਂਵਾਂ ।

12ਇਹ ਨਹੀਂ ਕੀ ਮੈਂ ਪਾ ਚੁੱਕਿਆ ਹਾਂ ਜਾਂ ਸਿੱਧ ਹੋ ਚੁੱਕਿਆ ਹਾਂ ਪਰ ਮੈਂ ਓਸ ਨਿਸ਼ਾਨੇ ਪਿੱਛੇ ਚੱਲਿਆ ਜਾਂਦਾ ਹਾਂ ਭਈ ਮੈਂ ਕਿਵੇਂ ਉਸ ਗੱਲ ਨੂੰ ਹੱਥ ਪਾ ਲਵਾਂ, ਜਿਹ ਦੇ ਲਈ ਮਸੀਹ ਯਿਸੂ ਨੇ ਮੈਨੂੰ ਵੀ ਹੱਥ ਪਾਇਆ ਸੀ ।

13ਹੇ ਭਰਾਵੋ ਮੈਂ ਆਪਣੇ ਲਈ ਇਹ ਨਹੀਂ ਸਮਝਦਾ ਜੋ ਮੈਂ ਅਜੇ ਹੱਥ ਪਾ ਲਿਆ ਹੈ ਪਰ ਐਨਾ ਹੈ ਜੋ ਮੈਂ ਪਿਛਲੀਆਂ ਗੱਲਾਂ ਨੂੰ ਭੁੱਲਾ ਕੇ ਅਤੇ ਉਨ੍ਹਾਂ ਗੱਲਾਂ ਲਈ ਜਿਹੜੀਆਂ ਅੱਗੇ ਹਨ ਅਗਾਹਾਂ ਵੱਧ ਕੇ,

14ਨਿਸ਼ਾਨੇ ਵੱਲ ਦੌੜਿਆ ਜਾਂਦਾ ਹਾਂ ਭਈ ਉਸ ਉਪਰਲੇ ਸੱਦੇ ਦਾ ਇਨਾਮ ਲਵਾਂ ਜੋ ਪਰਮੇਸ਼ੁਰ ਦੀ ਵੱਲੋਂ ਮਸੀਹ ਯਿਸੂ ਵਿੱਚ ਹੈ ।

15ਸੋ ਅਸੀਂ ਜਿੰਨੇ ਸਿਆਣੇ ਹਾਂ ਇਹੋ ਖ਼ਿਆਲ ਰੱਖੀਏ ਅਤੇ ਜੇ ਕਿਸੇ ਗੱਲ ਵਿੱਚ ਤੁਹਾਨੂੰ ਹੋਰ ਤਰ੍ਹਾਂ ਦਾ ਖ਼ਿਆਲ ਹੋਵੇ ਤਾਂ ਪਰਮੇਸ਼ੁਰ ਤੁਹਾਡੇ ਉੱਤੇ ਉਹ ਵੀ ਪਰਗਟ ਕਰ ਦੇਵੇਗਾ ।

16ਪਰ ਜਿੱਥੋਂ ਤੱਕ ਅਸੀਂ ਪਹੁੰਚੇ ਹਾਂ ਉਸੇ ਦੇ ਅਨੁਸਾਰ ਚੱਲੀਏ ।

17ਹੇ ਭਰਾਵੋ, ਤੁਸੀਂ ਰਲ ਕੇ ਮੇਰੀ ਰੀਸ ਕਰੋ ਅਤੇ ਉਨ੍ਹਾਂ ਵੱਲ ਧਿਆਨ ਰੱਖੋ ਜੋ ਇਹੋ ਜਿਹੀ ਚਾਲ ਚਲਦੇ ਹਨ ਜਿਵੇਂ ਅਸੀਂ ਤੁਹਾਡੇ ਲਈ ਨਮੂਨੇ ਹਾਂ ।

18ਕਿਉਂਕਿ ਬਹੁਤੇ ਅਜਿਹੇ ਚੱਲਣ ਵਾਲੇ ਹਨ ਜਿੰਨ੍ਹਾ ਦੀ ਗੱਲ ਕਈ ਵਾਰ ਮੈਂ ਤੁਹਾਡੇ ਨਾਲ ਕੀਤੀ ਹੈ ਅਤੇ ਹੁਣ ਵੀ ਹੰਝੂਆਂ ਨਾਲ ਆਖਦਾ ਹਾਂ ਜੋ ਓਹ ਮਸੀਹ ਦੀ ਸਲੀਬ ਦੇ ਵੈਰੀ ਹਨ ।

19ਜਿਨ੍ਹਾਂ ਦਾ ਅੰਤ ਬਿਨਾਸ ਹੈ, ਜਿਹਨਾਂ ਦਾ ਈਸ਼ਵਰ ਢਿੱਡ ਹੈ, ਜਿਨ੍ਹਾਂ ਦਾ ਘਮੰਡ ਆਪਣੀ ਸ਼ਰਮ ਉੱਤੇ ਹੈ, ਜਿਨ੍ਹਾਂ ਦਾ ਮਨ ਪ੍ਰਿਥਵੀ ਦੀਆਂ ਵਸਤਾਂ ਉੱਤੇ ਲੱਗਿਆ ਹੋਇਆ ਹੈ ।

20ਕਿਉਂ ਜੋ ਅਸੀਂ ਸਵਰਗ ਦੀ ਪਰਜਾ ਹਾਂ ਜਿੱਥੋਂ ਅਸੀਂ ਇੱਕ ਮੁਕਤੀਦਾਤੇ ਅਰਥਾਤ ਪ੍ਰਭੂ ਯਿਸੂ ਮਸੀਹ ਦੀ ਉਡੀਕ ਵੀ ਕਰਦੇ ਹਾਂ ।

21ਜਿਹੜਾ ਆਪਣੀ ਸ਼ਕਤੀ ਦੇ ਅਨੁਸਾਰ ਜਿਹ ਦੇ ਨਾਲ ਉਹ ਸਭਨਾਂ ਵਸਤਾਂ ਨੂੰ ਆਪਣੇ ਵੱਸ ਵਿੱਚ ਕਰ ਸਕਦਾ ਹੈ ਸਾਡੇ ਨਿਮਾਣੇ ਸਰੀਰ ਨੂੰ ਬਦਲ ਕੇ ਆਪਣੇ ਤੇਜ ਦੇ ਸਰੀਰ ਦੀ ਤਰ੍ਹਾਂ ਬਣਾਵੇਗਾ ।


  Share Facebook  |  Share Twitter

 <<  Philippians 3 >> 


Bible2india.com
© 2010-2024
Help
Dual Panel

Laporan Masalah/Saran